ਅੰਬੇਡਕਰ ਦੇ ਬੁੱਤ ਦੀ ਬੇਅਦਬੀ ਖ਼ਿਲਾਫ਼ ਪ੍ਰਦਰਸ਼ਨ
ਲੁਧਿਆਣਾ, 14 ਸਤੰਬਰ – ਲੁਧਿਆਣਾ ਵਿੱਚ ਪਿਛਲੇ ਦਿਨੀਂ ਡਾ. ਬੀ ਆਰ ਅੰਬੇਡਕਰ ਦੇ ਬੁੱਤ ਦੀ ਕੀਤੀ ਗਈ ਬੇਅਦਬੀ ਦੇ ਰੋਸ ਵਜੋਂ ਕਸਬਾ ਅਲਾਵਲਪੁਰ ਵਿੱਚ ਐੱਸ ਸੀ ਸਮਾਜ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੁੱਤ ਦੀ ਬੇਅਦਬੀ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਮੁਕੱਦਰ ਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਵਿੱਚ ਫੇਲ੍ਹ ਸਾਬਤ ਹੋਈ ਹੈ।
ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਦੇ ਬੁੱਤ ਦਾ ਨਿਰਾਦਰ ਕਰਨਾ ਬੇਹੱਦ ਗੰਭੀਰ ਮਾਮਲਾ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮੁਕੱਦਰ ਲਾਲ ਨੇ ਮੰਗ ਕੀਤੀ ਕਿ ਭਵਿੱਖ ਵਿੱਚ ਜੇ ਕੋਈ ਵਿਅਕਤੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਦਾ ਹੈ ਤਾਂ ਉਸ ਖ਼ਿਲਾਫ਼ ਦੇਸ਼-ਧ੍ਰੋਹ ਸਮੇਤ ਸਖ਼ਤ ਤੋਂ ਸਖ਼ਤ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕੌਂਸਲਰ ਮੁਕੱਦਰ ਲਾਲ, ਬ੍ਰਿਜ ਭੂਸ਼ਣ, ਸੰਜੀਵ ਖੋਸਲਾ, ਸੋਨੂ, ਸ਼ਿਵ ਕੁਮਾਰ, ਟੋਨੀ, ਅਸ਼ੋਕ ਕੁਮਾਰ, ਨਰੇਸ਼ ਕੁਮਾਰ ਵਿਸ਼ਾਲ, ਸੰਜੀਵ, ਰਕੇਸ਼ ਕੁਮਾਰ ਅਤੇ ਵਿੱਕੀ ਬੰਗਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।
Share this content:



Post Comment