ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਹੋਣਗੇ ਹਵਾਈ ਸੈਨਾ ਦੇ ਨਵੇਂ ਉਪ ਮੁਖੀ
ਨਵੀਂ ਦਿੱਲੀ- 31 ਅਕਤੂਬਰ ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਨੂੰ ਭਾਰਤੀ ਹਵਾਈ ਸੈਨਾ (IAF) ਦਾ ਉਪ-ਮੁਖੀ ਨਿਯੁਕਤ ਕੀਤਾ ਗਿਆ ਹੈ। ਉਹ ਐਤਵਾਰ ਤੋਂ ਆਪਣਾ ਅਹੁਦਾ ਸੰਭਾਲਣਗੇ। ਫਿਲਹਾਲ ਉਹ ਈਸਟਰਨ ਏਅਰ ਕਮਾਂਡ ਦੇ ਏਅਰ ਆਫਿਸਰ ਕਮਾਂਡਿੰਗ-ਇਨ-ਚੀਫ਼ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਏਅਰ ਮਾਰਸ਼ਲ ਵਾਲੀਆ, ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਦੀ ਥਾਂ ਉਪ-ਮੁਖੀ (ਵਾਈਸ ਚੀਫ਼ ਆਫ਼ ਦ ਏਅਰ ਸਟਾਫ਼) ਦਾ ਅਹੁਦਾ ਸੰਭਾਲਣਗੇ। ਏਅਰ ਮਾਰਸ਼ਲ ਦੀਕਸ਼ਿਤ ਸ਼ਨੀਵਾਰ ਨੂੰ ਭਾਰਤੀ ਹਵਾਈ ਸੈਨਾ ਦੇ 29ਵੇਂ ਮੁਖੀ ਬਣਨਗੇ।
ਏਅਰ ਮਾਰਸ਼ਲ ਇੰਦਰਪਾਲ ਸਿੰਘ IAF ਦੇ ਉਪ-ਮੁਖੀ ਨਿਯੁਕਤ
ਲਗਪਗ ਚਾਰ ਦਹਾਕਿਆਂ ਦੇ ਆਪਣੇ ਕਰੀਅਰ ਦੌਰਾਨ ਇੰਦਰਪਾਲ ਸਿੰਘ ਨੇ ਕਈ ਕਮਾਂਡ ਅਤੇ ਸਟਾਫ਼ ਅਹੁਦਿਆਂ ‘ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਇੱਕ ਫਰੰਟਲਾਈਨ ਫਾਈਟਰ ਸਕੁਐਡਰਨ ਅਤੇ ‘ਟੈਕਟਿਕਸ ਐਂਡ ਏਅਰ ਕੌਂਬੈਟ ਡਿਵੈਲਪਮੈਂਟ ਐਸਟੈਬਲਿਸ਼ਮੈਂਟ’ (TACDE) ਦੀ ਕਮਾਂਡ ਸੰਭਾਲੀ ਹੈ। ਇਸ ਤੋਂ ਇਲਾਵਾ ਉਹ ਬਰੇਲੀ ਸਥਿਤ ਏਅਰ ਫੋਰਸ ਸਟੇਸ਼ਨ ਦੇ ਏਅਰ ਆਫਿਸਰ ਕਮਾਂਡਿੰਗ ਵੀ ਰਹਿ ਚੁੱਕੇ ਹਨ।
ਇੰਦਰਪਾਲ ਸਿੰਘ ਵਾਲੀਆ ਨੇ ਭਾਰਤੀ ਹਵਾਈ ਸੈਨਾ ਦੇ ਕਈ ਲੜਾਕੂ ਜਹਾਜ਼ ਉਡਾਏ ਹਨ। ਇਨ੍ਹਾਂ ਵਿੱਚ ਮਿਗ-21, ਮਿਗ-23, ਮਿਗ-27, ਜੈਗੁਆਰ ਅਤੇ ਸੁਖੋਈ-30 MKI ਦੇ ਵੱਖ-ਵੱਖ ਵਰਜ਼ਨ ਸ਼ਾਮਲ ਹਨ।
ਕੌਣ ਹਨ ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ?
ਉਹ ਨੈਸ਼ਨਲ ਡਿਫੈਂਸ ਅਕੈਡਮੀ (NDA) ਦੇ ਸਾਬਕਾ ਵਿਦਿਆਰਥੀ ਹਨ ਅਤੇ 11 ਜੂਨ 1988 ਨੂੰ ਭਾਰਤੀ ਹਵਾਈ ਸੈਨਾ ਦੀ ਫਾਈਟਰ ਸਟ੍ਰੀਮ ਵਿੱਚ ਕਮਿਸ਼ਨ ਹੋਏ ਸਨ। ਉਨ੍ਹਾਂ ਨੇ ਬ੍ਰਿਟੇਨ ਵਿੱਚ ‘ਐਡਵਾਂਸਡ ਕਮਾਂਡ ਐਂਡ ਸਟਾਫ਼ ਕੋਰਸ’ ਅਤੇ ਬੰਗਲਾਦੇਸ਼ ਵਿੱਚ ‘ਨੈਸ਼ਨਲ ਡਿਫੈਂਸ ਕੋਰਸ’ (NDC) ਪੂਰਾ ਕੀਤਾ ਹੈ।
Share this content:



Post Comment