ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਫੋਟੋਗ੍ਰਾਫਰ ਹਰਭਜਨ ਬਾਜਵਾ ਦਾ 85 ਸਾਲ ਦੀ ਉਮਰ ‘ਚ ਦਿਹਾਂਤ; ਸਾਹਿਤਕ ਜਗਤ ‘ਚ ਸ਼ੋਕ ਦੀ ਲਹਿਰ
ਫਗਵਾੜਾ, 12 ਸਤੰਬਰ (ਏ.ਡੀ.ਪੀ ਨਿਊਜ਼)- ਪੰਜਾਬ ਦੇ ਮਹਾਨ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫੋਟੋਗ੍ਰਾਫਰ ਹਰਭਜਨ ਸਿੰਘ ਬਾਜਵਾ (85) ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਬਟਾਲਾ ਵਿਖੇ ਰਹਿ ਰਹੇ ਸਨ। ਉਹਨਾਂ ਦੇ ਅਚਾਨਕ ਚਲੇ ਜਾਣ ਨਾਲ ਪੰਜਾਬੀ ਸਾਹਿਤਕ ਅਤੇ ਕਲਾ ਜਗਤ ਵਿੱਚ ਗਹਿਰੇ ਦੁੱਖ ਦੀ ਲਹਿਰ ਦੌੜ ਗਈ ਹੈ। ਹਰਭਜਨ ਸਿੰਘ ਬਾਜਵਾ ਨੇ ਆਪਣੀ ਕੈਮਰਾ ਕਲਾ ਦੇ ਜ਼ਰੀਏ ਪੰਜਾਬੀ ਸਾਹਿਤ, ਵੱਖ-ਵੱਖ ਲੇਖਕ ਸਮਾਗਮਾਂ, ਅੰਤਰਰਾਸ਼ਟਰੀ ਕਾਨਫਰੰਸਾਂ ਅਤੇ ਪ੍ਰਮੁੱਖ ਲੇਖਕਾਂ ਦੀਆਂ ਇਤਿਹਾਸਕ ਤਸਵੀਰਾਂ ਦਾ ਇੱਕ ਬਹੁਤ ਵੱਡਾ ਤੇ ਅਨਮੋਲ ਖਜ਼ਾਨਾ (ਜ਼ਖੀਰਾ) ਤਿਆਰ ਕੀਤਾ ਸੀ। ਉਹ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦੇ ਵਿੱਚ ਬੇਹੱਦ ਹਰਮਨਪਿਆਰੇ ਸਨ। ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਲੇਖਕਾਂ ਅਤੇ ਸੱਭਿਆਚਾਰਕ ਸ਼ਖਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਹਰਭਜਨ ਬਾਜਵਾ ਕੇਵਲ ਪੰਜਾਬ ਦੇ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਫੋਟੋਗ੍ਰਾਫਰ ਸਨ। ਉਨ੍ਹਾਂ ਨੇ ਆਪਣੀ ਕਲਾ ਦੇ ਜ਼ਰੀਏ ਪੰਜਾਬੀ ਸਾਹਿਤਕ ਇਤਿਹਾਸ ਨੂੰ ਕੈਮਰੇ ਦੀ ਅੱਖ ‘ਚ ਸੰਭਾਲਣ ਦਾ ਅਹਿਮ ਕਾਰਜ ਕੀਤਾ ਹੈ। ਹੋਰ ਪ੍ਰਮੁੱਖ ਸ਼ਖਸੀਅਤਾਂ ਜਿਹਨਾਂ ਵਿੱਚ ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ, ਬਲਦੇਵ ਕੋਮਲ ਅਤੇ ਹੋਰ ਕਈ ਨਾਮਵਰ ਪੰਜਾਬੀ ਲੇਖਕਾਂ ਤੇ ਬੁੱਧੀਜੀਵੀਆਂ ਨੇ ਹਰਭਜਨ ਬਾਜਵਾ ਦੇ ਅਕਾਲ ਚਲਾਣੇ ‘ਤੇ ਪਰਿਵਾਰ ਨਾਲ ਸੰਵੇਦਨਾ ਤੇ ਦੁੱਖ ਪ੍ਰਗਟਾਇਆ। ਸਾਹਿਤਕ ਜਗਤ ਨੇ ਉਨ੍ਹਾਂ ਦੇ ਦਿਹਾਂਤ ਨੂੰ ਪੰਜਾਬੀ ਕਲਾ ਅਤੇ ਸਾਹਿਤਕ ਇਤਿਹਾਸਕਾਰੀ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।
Share this content:



Post Comment