Loading Now

ਪੰਜਾਬੀ ਸਿਨੇਮਾ ਦੀ ਪਹਿਲੀ ਸੁਪਰਹਿੱਟ ਫਿਲਮ ‘ਲੱਛੀ’

ਪੰਜਾਬੀ ਸਿਨੇਮਾ ਦੀ ਪਹਿਲੀ ਸੁਪਰਹਿੱਟ ਫਿਲਮ ‘ਲੱਛੀ’

ਪੰਜਾਬੀ ਫਿਲਮ ‘ਲੱਛੀ’ ਨੂੰ ਵੰਡ ਤੋਂ ਬਾਅਦ ਭਾਰਤੀ ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਪਹਿਲੀ ਬਲਾਕਬਸਟਰ ਫਿਲਮ ਹੋਣ ਦਾ ਮਾਣ ਹਾਸਲ ਹੈ। 1949 ਵਿੱਚ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਵਿੱਚ ਇਕੱਠਿਆਂ ਫਿਲਮੀ ਪਰਦੇ ਦਾ ਸ਼ਿੰਗਾਰ ਬਣੀ ਇਸ ਕਾਮੇਡੀ-ਡਰਾਮਾ ਫਿਲਮ ਦੇ ਬਿਹਤਰੀਨ ਸੰਗੀਤ ਨੇ ਇਸ ਦੀ ਕਾਮਯਾਬੀ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਚੜ੍ਹਦੇ ਪੰਜਾਬ ਦੇ ਪੰਜਾਬੀ ਸਿਨੇਮਾ ਨੂੰ ਮੁੜ ਤੋਂ ਪੈਰਾਂ ਸਿਰ ਕਰਨ ਵਾਲੀ ਇਸ ਫਿਲਮ ਦੀ ਕਾਮਯਾਬੀ ਨੇ ਜੋ ਇਤਿਹਾਸ ਰਚਿਆ ਉਸ ਦੇ ਚਰਚੇ ਅੱਜ ਵੀ ਹੁੰਦੇ ਹਨ। ਫਿਲਮ ‘ਲੱਛੀ’ ਵਿੱਚ ਬੌਲੀਵੁੱਡ ਦੀਆਂ ਮਸ਼ਹੂਰ ਗਾਇਕਾਵਾਂ ਲਤਾ ਮੰਗੇਸ਼ਕਰ, ਆਸ਼ਾ ਭੌਸਲੇ ਅਤੇ ਸ਼ਮਸ਼ਾਦ ਬੇਗ਼ਮ ਨੇ ਪਹਿਲੀ ਵਾਰ ਇਕੱਠਿਆਂ ਕਿਸੇ ਪੰਜਾਬੀ ਫਿਲਮ ਲਈ ਗੀਤ ਰਿਕਾਰਡ ਕਰਵਾਏ ਸਨ।

ਸਾਲ 1947 ਤੋਂ ਬਾਅਦ ਲਾਹੌਰ ਫਿਲਮ ਇੰਡਸਟਰੀ ਤੋਂ ਹਿਜਰਤ ਕਰਕੇ ਜਿੰਨੇ ਵੀ ਫਿਲਮੀ ਕਲਾਕਾਰ, ਤਕਨੀਸ਼ੀਅਨ ਅਤੇ ਨਿਰਮਾਤਾ ਨਿਰਦੇਸ਼ਕ ਭਾਰਤ ਆਏ ਉਹ ਸਾਰੇ ਫਿਲਮ ਨਗਰੀ ਮੁੰਬਈ ਜਾ ਵੱਸੇ। ਇਨ੍ਹਾਂ ਵਿੱਚ ਇਸ ਫਿਲਮ ਦੇ ਨਿਰਮਾਤਾ ਮੁਲਕ ਰਾਜ ਭਾਖੜੀ ਅਤੇ ਲੇਖ ਰਾਜ ਭਾਖੜੀ ਵੀ ਸ਼ਾਮਲ ਸਨ। ਉਨ੍ਹਾਂ ਨੂੰ ਭਾਰਤੀ ਸਿਨੇਮਾ ਵਿੱਚ ‘ਭਾਖੜੀ ਭਰਾ’ ਵਜੋਂ ਜਾਣਿਆ ਜਾਂਦਾ ਹੈ ਅਤੇ ਜਿਨ੍ਹਾਂ ਦਾ ਹਿੰਦੀ ਅਤੇ ਖ਼ਾਸ ਕਰਕੇ ਪੰਜਾਬੀ ਸਿਨੇਮਾ ਦੇ ਸ਼ੁਰੂਆਤੀ ਦੌਰ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਲਾਹੌਰ ਫਿਲਮ ਇੰਡਸਟਰੀ ਤੋਂ ਜਿੰਨੇ ਵੀ ਕਲਾਕਾਰ ਮੁੰਬਈ ਫਿਲਮ ਇੰਡਸਟਰੀ ਵਿੱਚ ਆਏ ਉਨ੍ਹਾਂ ਸਾਰਿਆਂ ਨੂੰ ਫਿਲਮਾਂ ਵਿੱਚ ਕੰਮ ਲੈਣ ਲਈ ਕਾਫ਼ੀ ਜੱਦੋ ਜਹਿਦ ਕਰਨੀ ਪਈ। ਇਸ ਫਿਲਮ ਦੇ ਕਈ ਕਲਾਕਾਰ ਲਾਹੌਰ ਤੋਂ ਹਿਜਰਤ ਕਰ ਕੇ ਮੁੰਬਈ ਫਿਲਮ ਨਗਰੀ ਵਿੱਚ ਆਏ ਸਨ, ਜਿਨ੍ਹਾਂ ਵਿੱਚ ਫਿਲਮ ਦਾ ਹੀਰੋ ਵਾਸਤੀ, ਹੀਰੋਇਨ ਮਨੋਰਮਾ, ਮਜ਼ਾਹੀਆ ਅਦਾਕਾਰ ਮਜਨੂੰ ਅਤੇ ਨਾਮਵਰ ਅਦਾਕਾਰ ਓਮ ਪ੍ਰਕਾਸ਼ ਸ਼ਾਮਲ ਹਨ।

ਫਿਲਮ ਦੀ ਕਹਾਣੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਪੇਂਡੂ ਪੰਜਾਬੀ ਪਿਛੋਕੜ, ਉਨ੍ਹਾਂ ਦੇ ਰਹਿਣ ਸਹਿਣ, ਉਨ੍ਹਾਂ ਦੇ ਹਾਸੇ ਠੱਠੇ ਤੇ ਸਾਦਗੀ ਨੂੰ ਪੇਸ਼ ਕਰਦੀ ਹੈ ਜਿਸ ਵਿੱਚ ਫਿਲਮ ਦਾ ਨਾਇਕ ਭੋਲਾ (ਅਦਾਕਾਰ ਵਾਸਤੀ) ਹੈ। ਉਹ ਇੱਕ ਸਾਦਾ ਅਤੇ ਬਹੁਤ ਹੀ ਮਾਸੂਮ ਨੌਜਵਾਨ ਹੈ ਜੋ ਆਪਣੇ ਪਿਤਾ ਦੀ ਅਚਾਨਕ ਮੌਤ ਤੋਂ ਬਾਅਦ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਵਿਰਾਸਤ ਵਿੱਚ ਪ੍ਰਾਪਤ ਕਰਦਾ ਹੈ ਅਤੇ ਆਪਣੇ ਪਿਤਾ ਦੀ ਆਖਰੀ ਇੱਛਾ ਨੂੰ ਪੂਰਾ ਕਰਨ ਲਈ ਬਹੁਤ ਦ੍ਰਿੜ ਹੈ। ਉਸ ਦੇ ਪਿਤਾ ਦੀ ਖਾਹਿਸ਼ ਸੀ ਕਿ ਉਹ ਆਪਣੇ ਲਈ ਇੱਕ ਢੁੱਕਵੀਂ ਕੁੜੀ ਲੱਭੇ ਅਤੇ ਉਸ ਨਾਲ ਵਿਆਹ ਕਰਵਾ ਕੇ ਆਪਣੇ ਗ੍ਰਹਿਸਤੀ ਜੀਵਨ ਨੂੰ ਅੱਗੇ ਤੋਰੇ, ਪਰ ਭੋਲੇ ਦੀ ਸਾਦਗੀ ਉਸ ਦੇ ਵਿਆਹ ਵਿੱਚ ਅੜਚਣ ਪਾਉਂਦੀ ਹੈ। ਭੋਲੇ ਦਾ ਇੱਕ ਜਿਗਰੀ ਯਾਰ ਮੱਖਣ (ਅਦਾਕਾਰ ਮਜਨੂੰ) ਹੈ ਜੋ ਉਸ ਨੂੰ ਉਸ ਦੀ ਵਹੁਟੀ ਲੱਭਣ ਵਿੱਚ ਮਦਦ ਕਰਨ ਲਈ ਅੱਗੇ ਆਉਂਦਾ ਹੈ। ਦੋਵੇਂ ਦੋਸਤ ਕੁੜੀ ਦੀ ਭਾਲ ਵਿੱਚ ਇੱਕ ਪਿੰਡ ਵਿੱਚ ਪਹੁੰਚ ਜਾਂਦੇ ਹਨ ਜਿੱਥੇ ਉਨ੍ਹਾਂ ਦਾ ਸਾਹਮਣਾ ਇੱਕ ਸੋਹਣੀ ਸੁਨੱਖੀ, ਮਨਮੋਹਕ ਅਤੇ ਜੋਸ਼ੀਲੀ ਕੁੜੀ ਲੱਛੀ (ਅਦਾਕਾਰਾ ਮਨੋਰਮਾ) ਨਾਲ ਹੁੰਦਾ ਹੈ ਜਿਸ ਨਾਲ ਪਹਿਲਾਂ ਤਾਂ ਭੋਲੇ ਦੀ ਨੋਕ ਝੋਕ ਹੁੰਦੀ ਹੈ, ਪਰ ਬਾਅਦ ਵਿੱਚ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ। ਫਿਲਮ ਵਿੱਚ ਬਹੁਤ ਸਾਰੀ ਕਾਮੇਡੀ ਹੈ। ਘਟਨਾਵਾਂ ਤੇਜ਼ੀ ਨਾਲ ਵਾਪਰਦੀਆਂ ਹਨ, ਬਹੁਤ ਸਾਰਾ ਰੁਮਾਂਸ, ਗ਼ਲਤਫਹਿਮੀਆਂ, ਪਰਿਵਾਰਕ ਨਾਟਕ ਅਤੇ ਰਵਾਇਤੀ ਸਮਾਜਿਕ ਰੁਕਾਵਟਾਂ ਤੋਂ ਬਾਅਦ ਅਖੀਰ ਨਾਇਕ ਭੋਲੇ ਅਤੇ ਨਾਇਕਾ ਲੱਛੀ ਦੇ ਮਿਲਾਪ ਨਾਲ ਫਿਲਮ ਸਮਾਪਤ ਹੋ ਜਾਂਦੀ ਹੈ।

ਕੁਲਦੀਪ ਪਿਕਚਰਜ਼ ਲਿਮਟਿਡ, ਬੰਬੇ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਸਨ ਲੇਖ ਰਾਜ ਭਾਖੜੀ ਅਤੇ ਕੁਲਦੀਪ ਸਹਿਗਲ। ਰਾਜਿੰਦਰ ਸ਼ਰਮਾ ਦੀ ਨਿਰਦੇਸ਼ਨਾ ਵਿੱਚ ਬਣੀ ਇਸ ਫਿਲਮ ਦੇ ਸੰਗੀਤਕਾਰ ਸਨ ਹੰਸ ਰਾਜ ਬਹਿਲ ਅਤੇ ਫਿਲਮ ਦੇ ਗੀਤ ਲਿਖੇ ਸਨ ਮੁਲਕ ਰਾਜ ਭਾਖੜੀ, ਵਰਮਾ ਮਲਿਕ ਅਤੇ ਨਾਜ਼ਿਮ ਪਾਣੀਪਤੀ ਨੇ। ਫਿਲਮ ਵਿੱਚ ਅਦਾਕਾਰ ਵਾਸਤੀ ਅਤੇ ਅਦਾਕਾਰਾ ਮਨੋਰਮਾ ਨੇ ਮੁੱਖ ਕਿਰਦਾਰ ਨਿਭਾਏ ਹਨ ਅਤੇ ਬਾਕੀ ਅਦਾਕਾਰਾ ਵਿੱਚ ਸ਼ਾਮਲ ਹਨ ਓਮ ਪ੍ਰਕਾਸ਼, ਮਜਨੂੰ, ਰਣਧੀਰ, ਭਾਗ ਸਿੰਘ, ਕੁੱਕੂ, ਸ਼ਾਂਤੀ ਮਧੋਕ, ਉਰਵਸ਼ੀ ਅਤੇ ਰਮੇਸ਼ ਠਾਕੁਰ। ਫਿਲਮ ਦੇ ਜੇਕਰ ਸੰਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕੁੱਲ 11 ਗੀਤ ਸ਼ਾਮਲ ਹਨ, ਜਿਨ੍ਹਾਂ ਵਿੱਚ ‘ਓ ਹਾੜ੍ਹਾ ਵੇ ਚੰਨਾ ਯਾਦ ਸਾਨੂੰ ਤੇਰੀ ਆਏ’ (ਲਤਾ ਮੰਗੇਸ਼ਕਰ), ‘ਤੂੰਬਾ ਵੱਜਦਾ ਈ ਨਾ ਤਾਰ ਬਿਨਾਂ (ਮੁਹੰਮਦ ਰਫ਼ੀ ਅਤੇ ਲਤਾ ਮੰਗੇਸ਼ਕਰ), ‘ਨਾਲੇ ਲੰਮੀ ਤੇ ਨਾਲੇ ਕਾਲੀ ਹਾਏ ਵੇ ਚੰਨਾ’ (ਲਤਾ ਮੰਗੇਸ਼ਕਰ), ‘ਦੋ ਮਿਲਦੇ ਹੋਏ ਦਿਲਾਂ ਨੂੰ ਬੇਦਰਦ ਜ਼ਮਾਨਾ’ (ਲਤਾ ਮੰਗੇਸ਼ਕਰ), ‘ਮੇਰੀ ਲੱਗਦੀ ਕਿਸੇ ਨਾ ਵੇਖੀ ਤੇ ਟੁੱਟਦੀ ਨੂੰ ਜੱਗ ਜਾਣਦਾ’ (ਸ਼ਮਸ਼ਾਦ ਬੇਗ਼ਮ), ‘ਕਾਲੀ ਕੰਘੀ ਨਾਲ ਕਾਲੇ ਵਾਲ’ (ਮੁਹੰਮਦ ਰਫ਼ੀ ਅਤੇ ਲਤਾ ਮੰਗੇਸ਼ਕਰ), ‘ਹਮਨੇ ਤੇਰੇ ਨਾਲ ਪਿਆਰ ਪਾ ਲੀਆ’ (ਮੁਹੰਮਦ ਰਫ਼ੀ ਅਤੇ ਲਤਾ ਮੰਗੇਸ਼ਕਰ), ‘ਸ਼ਰਾਬ-ਏ-ਇਸ਼ਕ ਜਾਤੀ ਹੈ ਪਿਲਾਈ’ (ਕੱਵਾਲੀ-ਲਤਾ ਮੰਗੇਸ਼ਕਰ, ਗੀਤਾ ਰਾਏ ਅਤੇ ਸਾਥਣਾਂ), ‘ਕਦੀ ਭੁੱਲ ਚੁੱਕ ਕੇ ਬੀਬਾ’ (ਆਸ਼ਾ ਭੌਸਲੇ), ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ’ (ਮੁਹੰਮਦ ਰਫ਼ੀ), ‘‘ਦਿਲ ਲੈ ਗਿਆ ਕੋਈ ਰੱਬ ਜੀ’ (ਮੁਹੰਮਦ ਰਫ਼ੀ ਅਤੇ ਐੱਸ ਬਲਬੀਰ)।

ਬਿਹਤਰੀਨ ਕਹਾਣੀ, ਮਧੁਰ ਸੰਗੀਤ ਅਤੇ ਸ਼ਾਨਦਾਰ ਅਦਾਕਾਰੀ ਨਾਲ ਸਜੀ ਆਰੰਭਿਕ ਪੰਜਾਬੀ ਸਿਨੇਮਾ ਦੀ ਇਹ ਇੱਕ ਅਜਿਹੀ ਫਿਲਮ ਹੈ ਜਿਸ ਦਾ ਮੌਜੂਦਾ ਸਮੇਂ ਵਿੱਚ ਕੋਈ ਪ੍ਰਿੰਟ ਮੌਜੂਦ ਨਹੀਂ ਹੈ ਜਿਸ ਕਰਕੇ ਸਿਨੇਮਾ ਪ੍ਰੇਮੀ ਇਸ ਬਿਹਤਰੀਨ ਫਿਲਮ ਨੂੰ ਦੇਖਣ ਤੋਂ ਸਦਾ ਲਈ ਵਾਂਝੇ ਹੋ ਗਏ ਹਨ, ਪਰ ਇਸ ਫਿਲਮ ਦੇ ਗੀਤ ਅੱਜ ਵੀ ਪੁਰਾਣੇ ਤਵਿਆ ਰਾਹੀਂ ਅਤੇ ਯੂਟਿਊਬ ਰਾਹੀਂ ਸੁਣੇ ਜਾ ਸਕਦੇ ਹਨ।

Share this content:

Post Comment