ਸਿੱਖਿਆ ਪ੍ਰਣਾਲੀ ਨੌਜਵਾਨ ਪੀੜ੍ਹੀ ਨੂੰ ਅਸਫ਼ਲ ਕਰ ਰਿਹੈ: ਰਾਹੁਲ ਗਾਂਧੀ
ਨਵੀਂ ਦਿੱਲੀ, 12 ਸਤੰਬਰ – ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ਦੀ ਸਿੱਖਿਆ ਪ੍ਰਣਾਲੀ ਉਸੇ ਪੀੜ੍ਹੀ ਨੂੰ ਅਸਫਲ ਕਰ ਰਹੀ ਹੈ ਜਿਸ ਨੂੰ ਇਸ ਨੇ ਉੱਪਰ ਚੁੱਕਣਾ ਸੀ। ਉਨ੍ਹਾਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਹ ਦੱਸਣ ਲਈ ਵੀ ਕਿਹਾ ਕਿ ਉਨ੍ਹਾਂ ਨੇ ਇਸ ਵਿੱਚੋਂ ਉਮੀਦ ਕਿਉਂ ਗੁਆ ਦਿੱਤੀ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਨੂੰ ਠੀਕ ਕਰਨ ਦੀ ਸ਼ੁਰੂਆਤ ਉਨ੍ਹਾਂ ਲੋਕਾਂ ਦੀ ਗੱਲ ਸੁਣਨ ਤੋਂ ਹੁੰਦੀ ਹੈ ਜੋ ਇਸ ਦੀਆਂ ਅਸਫਲਤਾਵਾਂ ਦਾ ਹਰ ਰੋਜ਼ ਅਨੁਭਵ ਕਰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਹੈ ਕਿ ਸਿਸਟਮ ਨੂੰ ਬਦਲਣ ਲਈ ਦੇਸ਼ ਦੇ ਹਰੇਕ ਵਿਦਿਆਰਥੀ ਦੀ ਆਵਾਜ਼ ਸੁਣਨੀ ਜ਼ਰੂਰੀ ਹੈ।
ਗਾਂਧੀ ਨੇ ‘ਐਕਸ’ ਉੱਤੇ ਕਿਹਾ, ‘‘ਭਾਰਤ ਦੀ ਸਿੱਖਿਆ ਪ੍ਰਣਾਲੀ ਉਸੇ ਪੀੜ੍ਹੀ ਨੂੰ ਅਸਫਲ ਕਰ ਰਹੀ ਹੈ ਜਿਸ ਨੂੰ ਇਸ ਨੇ ਉੱਪਰ ਚੁੱਕਣਾ ਸੀ। ਪੇਪਰ ਲੀਕ ਹੋਣਾ, ਫੀਸਾਂ ਬਹੁਤ ਜ਼ਿਆਦਾ ਹੋਣਾ, ਖ਼ਰਾਬ ਬੁਨਿਆਦੀ ਢਾਂਚਾ। ਲੱਖਾਂ ਨੌਜਵਾਨ ਭਾਰਤੀ ਇਮਾਨਦਾਰੀ ਨਾਲ ਕੰਮ ਕਰਦੇ ਹਨ ਅਤੇ ਫਿਰ ਵੀ ਸਿਸਟਮ ਉਨ੍ਹਾਂ ਨੂੰ ਨਿਰਾਸ਼ ਕਰਦਾ ਹੈ।’’ ਉਨ੍ਹਾਂ ਕਿਹਾ, ‘‘ਇਸ ਨੂੰ ਠੀਕ ਕਰਨ ਦੀ ਸ਼ੁਰੂਆਤ ਉਨ੍ਹਾਂ ਲੋਕਾਂ ਦੀ ਗੱਲ ਸੁਣਨ ਤੋਂ ਹੁੰਦੀ ਹੈ ਜੋ ਇਸ ਦੀਆਂ ਅਸਫਲਤਾਵਾਂ ਨਾਲ ਰੋਜ਼ਾਨਾ ਜੂਝਦੇ ਹਨ। ਵਿਦਿਆਰਥੀਓਂ, ਮਾਪਿਓ, ਅਧਿਆਪਕੋ, ਮੈਨੂੰ ਦੱਸੋ: ਤੁਹਾਨੂੰ ਸਿੱਖਿਆ ਪ੍ਰਣਾਲੀ ਤੋਂ ਕੋਈ ਉਮੀਦ ਕਿਉਂ ਨਹੀਂ ਰਹੀ? ਗਾਂਧੀ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਆਪਣੇ ਤਜਰਬੇ, ਸਬੂਤ ਅਤੇ ਵਿਚਾਰ ਔਨਲਾਈਨ ਲਿੰਕ ’ਤੇ ਸਾਂਝੇ ਕਰਨ ਲਈ ਕਿਹਾ ਜੋ ਉਨ੍ਹਾਂ ਨੇ ਸਾਂਝਾ ਕੀਤਾ ਸੀ। ਗਾਂਧੀ ਨੇ ਹੋਰ ਕਿਹਾ, ‘‘ਅਸੀਂ ਸਾਰੇ ਮਿਲ ਕੇ ਉਮੀਦ ਨੂੰ ਵਾਪਸ ਲੈ ਕੇ ਆਵਾਂਗੇ।’’
Share this content:



Post Comment