ਅਪਰਾਧ: ਏਅਰਪੋਰਟ ਉਤੇ ਵੀ..ਕਸਟਮ ਅਫ਼ਸਰਾਂ ’ਤੇ ਹਮਲਾ
*ਔਕਲੈਂਡ ਏਅਰਪੋਰਟ ਤੇ 5 ਮਿਲੀਅਨ ਡਾਲਰ ਦੀ ਮੈਥਾਮਫੇਟਾਮਾਈਨ ਸਮੇਤ ਬ੍ਰਿਟਿਸ਼ ਨਾਗਰਿਕ ਗ੍ਰਿਫ਼ਤਾਰ-ਭੱਜਣ ਦੀ ਕੀਤੀ ਕੋਸ਼ਿਸ਼
*ਜ਼ਖਮੀ ਹੋਏ ਦੋਵੇਂ ਕਸਟਮ ਅਫ਼ਸਰਾਂ ਦਾ ਇਲਾਜ ਕਰਵਾਇਆ ਗਿਆ
ਔਕਲੈਂਡ, 08 ਸਤੰਬਰ 2026 (ਹਰਜਿੰਦਰ ਸਿੰਘ ਬਸਿਆਲਾ) – ਔਕਲੈਂਡ ਏਅਰਪੋਰਟ ਤੇ ਕਸਟਮ ਵਿਭਾਗ ਨੇ ਇੱਕ ਬ੍ਰਿਟਿਸ਼ ਨਾਗਰਿਕ ਨੂੰ ਲਗਭਗ 16.8 ਕਿਲੋਗ੍ਰਾਮ ਮੈਥਾਮਫੇਟਾਮਾਈਨ ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਅਤੇ ਦੋ ਅਫ਼ਸਰਾਂ ’ਤੇ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। 4 ਸਤੰਬਰ 2026 ਨੂੰ ਨਿਊਯਾਰਕ ਤੋਂ ਪਹੁੰਚੇ 24 ਸਾਲਾ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਜਾਂਚ ਲਈ ਰੋਕਿਆ ਗਿਆ ਸੀ। ਸਾਮਾਨ ਦੀ ਤਲਾਸ਼ੀ ਦੌਰਾਨ ਉਸ ਦੇ ਬੈਗ ਵਿੱਚੋਂ ਨੌਂ ਵੈਕਿਊਮ ਸੀਲਬੰਦ ਪੈਕੇਟ ਮਿਲੇ, ਜਿਨ੍ਹਾਂ ਵਿੱਚ 5 ਮਿਲੀਅਨ ਨਿਊਜ਼ੀਲੈਂਡ ਡਾਲਰ ਦੀ ਕੀਮਤ ਦੀ ਮੈਥਾਮਫੇਟਾਮਾਈਨ ਮੌਜੂਦ ਸੀ। ਇਸ ਵੱਡੀ ਬਰਾਮਦਗੀ ਨਾਲ ਸਮਾਜ ਵਿੱਚ 17.6 ਮਿਲੀਅਨ ਡਾਲਰ ਦੇ ਹੋਣ ਵਾਲੇ ਆਰਥਿਕ ਅਤੇ ਸਮਾਜਿਕ ਨੁਕਸਾਨ ਨੂੰ ਰੋਕ ਲਿਆ ਗਿਆ ਹੈ।
ਤਲਾਸ਼ੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਰੋਕੇ ਜਾਣ ਤੇ ਉਸ ਨੇ ਇੱਕ ਕਸਟਮ ਅਫ਼ਸਰ ਨੂੰ ਮੁੱਕਾ ਮਾਰ ਦਿੱਤਾ। ਕਾਬੂ ਪਾਉਣ ਦੀ ਕੋਸ਼ਿਸ਼ ਦੌਰਾਨ ਉਸ ਨੇ ਦੂਜੇ ਅਫ਼ਸਰ ’ਤੇ ਵੀ ਹਮਲਾ ਕੀਤਾ ਪਰ ਪੁਲਿਸ ਅਤੇ ਪ੍ਰਾਇਮਰੀ ਇੰਡਸਟਰੀਜ਼ ਮੰਤਰਾਲੇ ਦੀ ਮਦਦ ਨਾਲ ਉਸ ਨੂੰ ਤੁਰੰਤ ਦਬੋਚ ਲਿਆ ਗਿਆ। ਜ਼ਖਮੀ ਹੋਏ ਦੋਵੇਂ ਕਸਟਮ ਅਫ਼ਸਰਾਂ ਦਾ ਇਲਾਜ ਕਰਵਾਇਆ ਗਿਆ ਹੈ। ਦੋਸ਼ੀ ਨੂੰ 22 ਸਤੰਬਰ 2026 ਨੂੰ ਮਾਨੂਕਾਊ ਡਿਸਟ੍ਰਿਕਟ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਕਸਟਮ ਅਸਿਸਟੈਂਟ ਕੰਪਟਰੋਲਰ ਕ੍ਰੇਗ ਚਿੱਟੀ ਨੇ ਕਿਹਾ ਕਿ ਇਹ ਘਟਨਾ ਫਰੰਟਲਾਈਨ ਅਫ਼ਸਰਾਂ ਦੀਆਂ ਚੁਣੌਤੀਆਂ ਅਤੇ ਖਤਰਿਆਂ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਅਫ਼ਸਰਾਂ ’ਤੇ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਹ ਜਨਤਾ ਨੂੰ ਨਸ਼ਾ ਤਸਕਰੀ ਦੀ ਸੂਚਨਾ ਗੁਪਤ ਤੌਰ ’ਤੇ 0800 937 768 ’ਤੇ ਦੇਣ ਦੀ ਅਪੀਲ ਕਰਦੇ ਹਨ।
Share this content:



Post Comment