Loading Now

ਵੱਡੇ ਬਾਬੂਆਂ ਦੇ ਸੇਵਾਦਾਰਾਂ ਦਾ ਜਲਵਾ

ਵੱਡੇ ਬਾਬੂਆਂ ਦੇ ਸੇਵਾਦਾਰਾਂ ਦਾ ਜਲਵਾ

ਬਚਪਨ ਵਿਚ ਅਸੀਂ ਸਾਰਿਆਂ ਨੇ ਬਾਜ਼ੀਗਰ ਦੀ ਬਾਜ਼ੀ ਦੇਖੀ ਹੈ, ਸਾਡੇ ਮਾਲਵੇ ’ਚ ਤਾਂ ਅੱਜ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਜਾਂਦੀ ਹੈ। ਇਸ ’ਚ ਬਾਜ਼ੀਗਰ ਉਚਾਈ ’ਤੇ ਲੱਗੀ ਨੁਕੀਲੀ ਚੀਜ਼ ਦੇ ਉਪਰੋਂ ਛਾਲ ਲਗਾਉਂਦਾ ਹੈ, ਜ਼ਰਾ ਜਿੰਨੀ ਅਣਗਹਿਲੀ ਉਸ ਕਲਾਕਾਰ ਦੀ ਜਾਨ ਲੈਣ ਦੇ ਸਮਰੱਥ ਹੁੰਦੀ ਹੈ। ਹੁਣ ਜੁੜ੍ਹਦੀ ਗੱਲ ਸਰਕਾਰੀ ਨੌਕਰੀ ਦੀ ਵੀ ਕਰ ਲਈਏ। ਮੈਨੂੰ ਲੱਗਦਾ ਹੈ ਕਿ ਇਹ ਵੀ ਬਾਜ਼ੀਗਰ ਦੇ ਕਰਤੱਬ ਵਾਂਗ ਹੀ ਹੈ। ਨੌਕਰੀ ਪ੍ਰਾਪਤੀ ਦੀ ਤਿਆਰੀ ’ਚ ਦਿਨ ਰਾਤ ਖਪਣਾ, ਟੈਸਟ ਪਾਸ ਕਰਨੇ, ਇੰਟਰਵਿਊ ਦੇ ਦੌਰ ’ਚ ਦਿਲ ਦੇ ਧੁੜਕੂ ਚੈਨ ਨਹੀਂ ਲੈਣ ਦਿੰਦੇ। ਜਿਵੇਂ ਕਿਵੇਂ ਨੌਕਰੀ ਦਾ ਨਿਯੁਕਤੀ ਪੱਤਰ ਮਿਲ ਜਾਂਦਾ ਹੈ।

ਅਸਲ ਕਰਤੱਬ ਹੁਣ ਸ਼ੁਰੂ ਹੁੰਦੇ ਹਨ। ਨੌਕਰੀ ਜੁਆਨਿੰਗ ਤੋਂ ਪਹਿਲਾਂ ਆਪਣੀ ਸਰੀਰਕ ਤੰਦਰੁਸਤੀ ਨੂੰ ਸਰਕਾਰੀ ਕਾਗਜ਼ ’ਤੇ ਲਿਖਾਉਣ ਮਤਲਬ ਮੈਡੀਕਲ ਕਰਵਾਉਣ ਲਈ ਜੋ ਹਾਲਤ ਪਤਲੀ ਹੁੰਦੀ ਹੈ, ਉਸ ਨੂੰ ਦੇਖ ਮੂੰਹੋਂ ਰੱਬ-ਰੱਬ ਨਿਕਲਦਾ ਹੈ। ਕਦੇ ਲੈਬੋਰੇਟਰੀ ਵਾਲੇ ਨਹੀਂ ਮਿਲਦੇ, ਕਦੇ ਈਸੀਜੀ ਵਾਲੇ ਵੱਢੂ ਖਾਊਂ ਕਰੀ ਜਾਂਦੇ ਹਨ। ਐਕਸਰੇ ਦੀ ਲਾਈਨ ’ਚ ਖੜ੍ਹ ਕੇ ਵਾਰੀ ਨੇੜੇ ਪੁੱਜਦੇ ਹੀ ਐਕਸਰੇ ਫ਼ਿਲਮਾਂ ਸਵੇਰੇ 11 ਵਜੇ ਹੀ ਖ਼ਤਮ ਹੋ ਜਾਂਦੀਆਂ ਹਨ। ਔਖੇ-ਸੌਖੇ ਟੈਸਟ ਹੋ ਜਾਣ, ਸਪੈਸ਼ਲਿਸਟ ਡਾਕਟਰ ਸੀਟ ਤੋਂ ਉੱਠ ਜਾਂਦੇ ਹਨ, ਉਸੇ ਦਿਨ ਕੰਮ ਕਰ ਦੇਣ ਇਹ ਸੁਭਾਗ ਸਾਰਿਆਂ ਨੂੰ ਨਹੀਂ ਮਿਲਦਾ। ਤਰਲੇ ਕਰ ਕੇ ਅਗਰ ਇਹ ਕੰਮ ਹੋ ਜਾਵੇ ਤਾਂ ਉੱਚ ਅਧਿਕਾਰੀ ਸਾਰਾ ਦਿਨ ਮੀਟਿੰਗ ’ਚ ਵਿਅਸਤ ਰਹਿੰਦੇ ਹਨ। ਕੰਮ ਲਈ ਰੱਖੇ ਖ਼ਾਸ ਦਿਨਾਂ ਦਾ ਰਾਗ ਅਲਾਪਦੇ ਹਨ, ਜੋ ਦਿਨ ਕੰਮ ਲਈ ਨਿਯਤ ਹੁੰਦਾ ਉਸ ਦਿਨ ਟੈਸਟ ਨਹੀਂ ਹੁੰਦੇ, ਟੈਸਟ ਹੋ ਜਾਣ ਰਿਪੋਰਟਾਂ ਨਹੀਂ ਮਿਲਦੀਆਂ।

ਕਤਾਰ ’ਚ ਖੜ੍ਹਿਆਂ ਦੀਆਂ ਲੱਤਾਂ ‘ਭੂਆ ਭੂਆ’ ਕਹਿਣ ਲੱਗਦੀਆਂ ਹਨ। ਸਭ ਤੋਂ ਘਿਨੌਣੀ ਗੱਲ ਸਮਰੱਥ ਅਧਿਕਾਰੀ ਦਫ਼ਤਰ ’ਚ ਚਾਹੇ ਵਿਹਲਾ ਹੀ ਬੈਠਾ ਹੋਵੇ ਬਾਹਰ ਬੈਠਾ ਸੇਵਾਦਾਰ ਦਹਿਲੀਜ਼ ਨਹੀਂ ਲੰਘਣ ਦਿੰਦਾ। ਕੰਮ ਲਟਕਦੇ ਰਹਿੰਦੇ ਹਨ, ਇਸ ਖੱਜਲ ਖੁਆਰੀ ਤੋ ਬਚਣ ਲਈ ਲੋਕ ਬਾਬੂਆਂ ਅੱਗੇ ਹੋਰ ਤਾਂ ਹੋਰ ਸਭ ਤੋਂ ਪਹਿਲਾਂ ਇਹਨਾਂ ਅੱਗੇ ਜੇਬ ਢਿੱਲ੍ਹੀ ਕਰਨ ਨੂੰ ਮਜਬੂਰ ਹੋ ਜਾਂਦੇ ਹਨ। ਭ੍ਰਿਸ਼ਟਾਚਾਰ ਨੂੰ ਇਹ ਚਾਹ ਪਾਣੀ ਆਖ ਬੁਲਾਉਂਦੇ ਹਨ। ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਣ ਸਮੇਂ ਚੁਟਕਲਾ ਮਾਹਿਰ ਮੁੱਖ ਸੇਵਕ ਜੀ ਬਦਲੀਆਂ ਦੇ ਸਬੰਧ ’ਚ ਅਕਸਰ ਟਿੱਚਰ ਕਰਦੇ ਦੇਖੇ ਗਏ। 70-80 ਕਿ.ਮੀ. ਦੂਰ ਨੌਕਰੀ ਦੇ ਕੇ ਸਰਕਾਰ ਮੁਲਾਜ਼ਮ ਤੋ ਚੰਗੇਰੀ ਸੇਵਾ ਦੀ ਆਸ ਕਿਵੇਂ ਰੱਖ ਸਕਦੀ ਹੈ। ਜਾਣਬੁੱਝ ਕੇ ਦੂਰ ਪੋਸਟਿੰਗ ਕੀਤੀ ਜਾਂਦੀ ਹੈ ਤਾਂ ਜੋ ਬਾਬੂ ਆਪਣੇ ਅਧਿਕਾਰ ਦੀ ਵਰਤੋ ਕਰਕੇ ਛਿੱਲੜ ਕਮਾ ਸਕਣ। ਭ੍ਰਿਸ਼ਟਾਚਾਰ ਖ਼ਾਤਮੇ ਦਾ ਰੌਲਾ ਪਾਉਣ ਨਾਲ ਇਹ ਕਦੇ ਖ਼ਤਮ ਨਹੀਂ ਹੋਣਾ, ਪ੍ਰਕਿਰਿਆਵਾਂ ਨੂੰ ਸੁਖਾਲਾ ਬਣਾ ਕੇ ਹੀ ਕੁਝ ਸੁਧਾਰ ਸੰਭਵ ਹੈ। ਦੂਜੀ ਗੱਲ ਸਰਕਾਰ ਨੌਕਰੀ ਦੇ ਕੇ (ਉਹ ਵੀ ਠੇਕਾ ਪ੍ਰਬੰਧ ਅਧੀਨ ਜਾਂ ਪ੍ਰੋਬਸ਼ਨ ਪੀਰੀਅਡ ਦਾ ਸ਼ੋਸ਼ਣ ਕਾਲ) ਅਹਿਸਾਨ ਕਿਉਂ ਜਿਤਾਉਂਦੀ ਹੈ। ਔਖੀਆਂ ਤੇ ਮਹਿੰਗੀਆਂ ਪੜ੍ਹਾਈਆਂ ਦੇ ਸਾਹਮਣੇ ਇਹ ਤੁੱਛ ਤਨਖ਼ਾਹ ਵਾਲੀਆਂ ਨੌਕਰੀਆਂ ਉਮੀਦਵਾਰਾਂ ਦਾ ਮੂੰਹ ਚਿੜ੍ਹਾਉਦੀਆਂ ਹਨ। ਰਹਿਣ-ਸਹਿਣ ਤੇ ਆਉਣ ਜਾਣ ਦੇ ਖ਼ਰਚੇ ਕਿਵੇਂ ਪੂਰਨੇ ਹਨ, ਇਸ ਬਾਬਤ ਖਾਮੋਸ਼ੀ ਹੈ।

ਇੱਥੇ ਇਕ ਗੱਲ ਜ਼ਿਕਰਯੋਗ ਹੈ ਕਿ ਸਾਲ 2022 ’ਚ ਕਰਨਾਟਕ ਦੇ ਨੌਜਵਾਨਾਂ ਦਾ ਆਪਣੇ ਖੂਨ ਨਾਲ ਲਿਖਿਆ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਪੱਤਰ ਸਾਡੇ ਸਿਸਟਮ ਦੇ ਪਾਜ ਉਧੇੜਦਾ ਹੈ, ਉਨ੍ਹਾਂ ਕਿਹਾ ਹੈ ਕਿ ਜਾਂ ਤੇ ਸਾਨੂੰ ਨੌਕਰੀ ਦਿਉ ਨਹੀਂ ਤੇ ਅਸੀਂ ਅੱਤਵਾਦੀ ਬਣ ਜਾਵਾਂਗੇ। ਮੈਂ ਉਨ੍ਹਾਂ ਨੌਜਵਾਨਾਂ ਦੇ ਅਤਵਾਦੀ ਬਣਨ ਦੇ ਤੱਥ ਨਾਲ ਸਹਿਮਤ ਨਹੀ ਹਾਂ, ਸੰਘਰਸ਼ ਦੇ ਰਾਹ ਅਖਤਿਆਰ ਕਰਨ ਦਾ ਹਾਮੀ ਹਾਂ। ਇਸ ਅਸੰਤੋਸ਼ ਨੂੰ ਠੱਲ੍ਹ ਪਾਉਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਦੇਸ਼ ਨੂੰ ਲੈ ਡੁੱਬੇਗਾ। ਸਰਕਾਰੀ ਨੌਕਰੀ ’ਚ ਆਉਣ ਤੋਂ ਪਹਿਲਾਂ ਅਤੇ ਹੁਣ ਮੇਰੇ ਵਿਚਾਰਾਂ ’ਚ ਬਹੁਤ ਪਰਿਵਰਤਨ ਆਇਆ ਹੈ। ਪਹਿਲਾਂ ਮੈਂ ਦਫ਼ਤਰ ਦੇ ਅੰਦਰ ਵੱਡਾ ਬਾਬੂ ਬਣ ਕੇ ਘੰਟੀ ਮਾਰਨ ਵਾਲੇ ਹੱਥ ਦਾ ਸਮਰਥਕ ਸਾਂ ਪਰ ਹੁਣ ਉਸ ਘੰਟੀ ਨੂੰ ਸੁਣਨ ਵਾਲੇ ਕੰਨਾਂ ਦਾ, ਜੋ ਸਾਬ੍ਹ ਦੇ ਦਫ਼ਤਰ ਅੱਗੇ ਲੱਗੇ ਸਟੂਲ ’ਤੇ ਬੈਠਦੇ ਹਨ।

ਇਨ੍ਹਾਂ ਕੰਨਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਸਿਰਫ਼ ਸਾਹਬ ਦੀ ਘੰਟੀ ਜਾਂ ਵੀਆਈਪੀਜ਼ ਦੇ ਖਰਵੇਂ ਬੋਲ ਹੀ ਸੁਣ ਸਕਦੇ ਹਨ, ਆਮ ਜਨਤਾ ਦੇ ਤਰਲਿਆਂ ਹੇਠ ਦੱਬੀ ਜ਼ੁਬਾਨ ਦੇ ਬੇਹੱਦ ਸਤਿਕਾਰਤ ਤੇ ਮਿੱਠੜੇ ਬੋਲ ਇਨ੍ਹਾਂ ਦੇ ਕੰਨਾਂ ਦੇ ਪਰਦਿਆਂ ਤੱਕ ਪਹੁੰਚਣ ਤੋ ਪਹਿਲਾਂ ਹੀ ਤਹਿਸ-ਨਹਿਸ ਹੋ ਜਾਂਦੇ ਹਨ। ਦਫ਼ਤਰ ਦੇ ਬਾਹਰ ਬੈਠੇ ਇਹਨਾਂ ਕੰਨਾਂ ਨੂੰ ਆਪਣੀ ਫ਼ਰਿਆਦ ਸਾਹਬ ਤੱਕ ਪਹੁੰਚਾਉਣ ਲਈ, ਫ਼ਰਿਆਦੀ ਜੇਬ ਢਿੱਲ੍ਹੀ ਕਰਕੇ ਇਨ੍ਹਾਂ ਕੰਨਾਂ ਦੇ ਹੱਥਾਂ ਦੇ ਜ਼ਰੀਏ ਜੇਬ ਗਰਮ ਕਰਦਾ ਹੈ। ਫ਼ਿਰ ਜਾ ਕੇ ਸਾਹਬ ਤੱਕ ਫ਼ਰਿਆਦੀ ਦੇ ਪੈਰ ਪੁੱਜਦੇ ਹਨ ਪਰ ਜ਼ੁਬਾਨ ਖੁੱਲ੍ਹਣ ਤੋਂ ਪਹਿਲਾਂ ਹੀ ਸਾਹਬ ਬੇਰੰਗ ਚਿੱਠੀ ਵਾਂਗ ਬੇਨਤੀ ਕਰਤਾ ਨੂੰ ਵਾਪਸ ਘੱਲ ਦਿੰਦਾ ਹੈ।

ਦਿਨ ਰਾਤ ਡਾਕਟਰੀ ਪੜ੍ਹ ਕੇ, ਟੈਸਟਾਂ ਦੀਆਂ ਫ਼ੀਸਾਂ ਭਰਕੇ, ਖੱਜਲ ਖੁਆਰ ਹੋ ਕੇ ਤੇ ਫਿਰ ਟੈਸਟ ਪਾਸ ਕਰ ਕੇ ਘਰੋਂ ਦੂਰ ਦੁਰਾਡੇ ਦੀ ਪੋਸਟਿੰਗ। ਬਾਬੂ ਜਾਣਬੁੱਝ ਕੇ ਅਜਿਹਾ ਕਰਦੇ ਹਨ ਤਾਂ ਕਿ ਭ੍ਰਿਸ਼ਟਾਚਾਰ ਦਾ ਦਰਵਾਜ਼ਾ ਖੁੱਲ੍ਹਾ ਰਹੇ। ਆਪਣੇ ਬਲਬੂਤੇ ’ਤੇ ਦਿਨ ਰਾਤ ਕਿਤਾਬਾਂ ਘੋਟ ਕੇ ਪੀਣ ਵਾਲਾ, ਅੱਖਾਂ ਦੇ ਚਿਰਾਗ ਮੱਧਮ ਕਰਨ ਵਾਲਾ, ਇਹ ਮਿਹਨਤੀ ਉਮੀਦਵਾਰ ਜਿਸ ਨੇ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦਾ ਜ਼ਰੀਆ ਬਣਨਾ ਸੀ, ਉਹ ਰੋਜ਼ ਘਰ ਦੇ ਨਜ਼ਦੀਕ ਪਏ ਸਿਹਤ ਕੇਂਦਰਾਂ ’ਚ ਤਬਦੀਲ ਹੋਣ ਲਈ ਨੇਤਾਵਾਂ, ਬਾਬੂਆਂ ਦੀ ‘ਜੀ ਹਜ਼ੂਰੀ’ ਕਰਨ ਲਈ ਮਜਬੂਰ ਹੋ ਜਾਂਦਾ ਹੈ। ਲੋਕਾਈ ਦੀ ਸਿਹਤ ਗਈ ਤੇਲ ਲੈਣ। ਇਹ ਵਰਤਾਰੇ ਦੇਖ ਇਹ ਸੋਚਣ ਲਈ ਮਜਬੂਰ ਹੋ ਹੀ ਜਾਂਦਾ ਹੈ ਕਿ ਕੀ ਫ਼ਾਇਦਾ ਹੋਇਆ ਰਾਤਾਂ ਜਾਗ ਕੇ ਮਿਹਨਤ ਦਾ, ਜਦ ਹੱਥ ਹੀ ਬੰਨ੍ਹਣੇ ਹਨ ਇਨ੍ਹਾਂ ਬਾਬੂਆਂ, ਕਲਰਕਾਂ, ਚਪੜਾਸੀਆਂ ਦੇ ਅੱਗੇ।

Share this content:

Post Comment