ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਵਿੱਚ ਕਰੀਬ 500 ਕਰੋੜ ਰੁਪਏ ਦੇ ਘਪਲੇ- ਪਰਗਟ ਸਿੰਘ
ਜਲੰਧਰ: ਸਾਬਕਾ ਸਿੱਖਿਆ ਮੰਤਰੀ ਅਤੇ ਵਿਧਾਇਕ ਪਰਗਟ ਸਿੰਘ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਵਿੱਚ ਕਰੀਬ 500 ਕਰੋੜ ਰੁਪਏ ਦੇ ਘਪਲੇ ਹੋਣ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਮਸ਼ੀਨਾਂ ਦੀ ਖਰੀਦ, ਉਸਾਰੀ ਦੇ ਕੰਮ, ਉੱਚ ਅਹੁਦਿਆਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਭਰਤੀਆਂ ਅਤੇ ਵਾਈਸ ਚਾਂਸਲਰ ਦੀ ਨਿਯੁਕਤੀ ਸਮੇਤ ਯੂਨੀਵਰਸਿਟੀ ਦੇ ਹਰ ਵਿਭਾਗ ਵਿੱਚ ਕਥਿਤ ਘਪਲੇ ਹੋ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਰਐੱਸਐੱਸ ਪਿਛੋਕੜ ਵਾਲੇ ਵੀਸੀ ਰਾਜੀਵ ਸੂਦ ਨੂੰ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਦਦ ਨਾਲ ਯੂਨੀਵਰਸਿਟੀ ਵਿੱਚ ਫਿੱਟ ਕਰਵਾਇਆ। ਪਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਾਉਣ ਤੋਂ ਬਾਅਦ ਯੂਨੀਵਰਸਿਟੀ ਵਿੱਚ 200 ਤੋਂ ਵੱਧ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਜਲੰਧਰ ਕਾਂਗਰਸ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਰਗਟ ਸਿੰਘ ਨੇ ਕਈ ਦਸਤਾਵੇਜ਼ ਵੀ ਪੇਸ਼ ਕੀਤੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨ੍ਹਾਂ ਘਪਲਿਆਂ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਆਮ ਆਦਮੀ ਪਾਰਟੀ ਭਾਜਪਾ ਦੀ ਬੀ-ਟੀਮ ਨਹੀਂ ਹੈ ਤਾਂ ਯੂਨੀਵਰਸਿਟੀ ਵਿੱਚ ਚੱਲ ਰਹੇ ਸਾਰੇ ਮਾਮਲਿਆਂ ਦੀ ਪੂਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ, ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਜਾਂਚ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕੀਤੀ ਜਾਵੇ।
ਇਸ ਮੌਕੇ ਯੂਨੀਵਰਸਿਟੀ ਵਿੱਚ 10 ਸਾਲ ਤੱਕ ਸੇਵਾਵਾਂ ਨਿਭਾ ਚੁੱਕੇ ਕੈਂਸਰ ਸਪੈਸ਼ਲਿਸਟ ਡਾ. ਮਨਜੀਤ ਸਿੰਘ ਨੇ ਵੀ ਕਥਿਤ ਘਪਲਿਆਂ ਦਾ ਖੁਲਾਸਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਆਨਲਾਈਨ ਸ਼ਿਕਾਇਤਾਂ ਤੋਂ ਬਾਅਦ ਜਦੋਂ ਵਿਜੀਲੈਂਸ ਟੀਮ ਯੂਨੀਵਰਸਿਟੀ ਪਹੁੰਚੀ ਤਾਂ ਉੱਥੋਂ ਦੇ ਵਿਧਾਇਕ ਨੇ ਉਨ੍ਹਾਂ ਨੂੰ ਅੰਦਰ ਤੱਕ ਨਹੀਂ ਜਾਣ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਮੁੱਖ ਮੰਤਰੀ ਦੀ ਨੱਕ ਹੇਠਾਂ ਹੋ ਰਿਹਾ ਹੈ।
ਪਰਗਟ ਸਿੰਘ ਨੇ ਦੋਸ਼ ਲਾਇਆ ਕਿ ਵੀਸੀ ਰਾਜੀਵ ਸੂਦ ਨੇ 100 ਕਰੋੜ ਰੁਪਏ ਤੋਂ ਵੱਧ ਦੇ ਕੰਮ ਇੱਕ ਨਿੱਜੀ ਕੰਪਨੀ ਨੂੰ ਬਿਨਾਂ ਟੈਂਡਰ ਦੇ ਅਲਾਟ ਕਰ ਦਿੱਤੇ। ਉਨ੍ਹਾਂ ਕਿਹਾ ਕਿ ਕੇਵਲ 25 ਤੋਂ 30 ਫੀਸਦੀ ਕੰਮ ਹੋਣ ਦੇ ਬਾਵਜੂਦ ਕੰਪਨੀ ਨੂੰ ਪੂਰੇ 100 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ।
ਉਨ੍ਹਾਂ ਦਾਅਵਾ ਕੀਤਾ ਕਿ 55 ਕਰੋੜ ਰੁਪਏ ਦੀ ਇੱਕ ਸਕੈਨ ਮਸ਼ੀਨ, ਜਿਸ ਦੀ ਬਾਜ਼ਾਰ ਵਿੱਚ ਕੀਮਤ ਕਰੀਬ 35 ਕਰੋੜ ਰੁਪਏ ਹੈ, ਖਰੀਦੀ ਗਈ ਪਰ ਇੱਕ ਸਾਲ ਬਾਅਦ ਵੀ ਉਹ ਸਥਾਪਤ ਨਹੀਂ ਹੋਈ ਅਤੇ ਉਸ ਦੀ ਅਦਾਇਗੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ।
ਪਰਗਟ ਸਿੰਘ ਨੇ ਕਿਹਾ ਕਿ ਪੀਜੀਆਈ ਨੇ ਜੋ ਐਮਆਰਆਈ ਮਸ਼ੀਨ 19 ਕਰੋੜ ਰੁਪਏ ਵਿੱਚ ਖਰੀਦੀ, ਉਹੀ ਮਸ਼ੀਨ ਬਾਬਾ ਫ਼ਰੀਦ ਯੂਨੀਵਰਸਿਟੀ ਨੇ 29 ਕਰੋੜ ਰੁਪਏ ਵਿੱਚ ਖਰੀਦੀ। ਉਨ੍ਹਾਂ ਦੋਸ਼ ਲਾਇਆ ਕਿ ਆਈਸੀਯੂ ਦੇ ਕਰੀਬ 80 ਤੋਂ 100 ਬੈੱਡ, ਜਿਨ੍ਹਾਂ ਦੀ ਕੀਮਤ ਲਗਭਗ 1.80 ਲੱਖ ਰੁਪਏ ਪ੍ਰਤੀ ਬੈੱਡ ਸੀ, ਉਹ 4.75 ਲੱਖ ਰੁਪਏ ਪ੍ਰਤੀ ਬੈੱਡ ਦੇ ਹਿਸਾਬ ਨਾਲ ਖਰੀਦੇ ਗਏ ਅਤੇ ਅਜੇ ਤੱਕ ਵਰਤੋਂ ਵਿੱਚ ਵੀ ਨਹੀਂ ਲਿਆਂਦੇ ਗਏ। ਇਸ ਤੋਂ ਇਲਾਵਾ 90 ਲੱਖ ਰੁਪਏ ਦਾ ਐਸਟੀਪੀ ਬਿਨਾਂ ਟੈਂਡਰ ਅਤੇ ਮਨਜ਼ੂਰੀ ਦੇ ਲਗਾਇਆ ਗਿਆ ਅਤੇ ਕਰੀਬ ਦੋ ਕਰੋੜ ਰੁਪਏ ਦੀਆਂ ਕੈਂਸਰ ਦੀਆਂ ਦਵਾਈਆਂ ਕੂੜੇ ਵਿੱਚ ਸੁੱਟ ਦਿੱਤੀਆਂ ਗਈਆਂ।
ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਕਰੀਬੀ ਪ੍ਰਭਦੇਵ ਸਿੰਘ ਬਰਾੜ ਦੀ ਪਤਨੀ ਡਾ. ਬਲਵਿੰਦਰ ਕੌਰ ਬਰਾੜ ਯੂਨੀਵਰਸਿਟੀ ਅਤੇ ਪਟਿਆਲਾ ਕਾਲਜ ਤੋਂ ਇੱਕੋ ਸਮੇਂ ਤਨਖ਼ਾਹ ਲੈਂਦੀ ਰਹੀ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ 60 ਲੱਖ ਰੁਪਏ ਦੀ ਰਿਕਵਰੀ ਦੇ ਹੁਕਮ ਦਿੱਤੇ ਸਨ ਪਰ ਅਜੇ ਤੱਕ ਯੂਨੀਵਰਸਿਟੀ ਨੇ ਇੱਕ ਰੁਪਇਆ ਵੀ ਵਸੂਲ ਨਹੀਂ ਕੀਤਾ।
ਪਰਗਟ ਸਿੰਘ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਮੰਤਰੀਆਂ ਅਤੇ ਆਗੂਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਦਿਵਾਈਆਂ ਹਨ। ਉਨ੍ਹਾਂ ਕੈਬਨਿਟ ਮੰਤਰੀ ਬਲਜੀਤ ਕੌਰ, ਫ਼ਰੀਦਕੋਟ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ, ਮੁਕਤਸਰ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕੌਣੀ, ਫ਼ਰੀਦਕੋਟ ਨਗਰ ਕੌਂਸਲ ਦੇ ਪ੍ਰਧਾਨ ਬੱਬੂ ਆਹੂਜਾ ਅਤੇ ਆਪ ਦੇ ਲੋਕ ਸਭਾ ਇੰਚਾਰਜ ਵਿਜੈ ਛਾਬੜਾ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਵੀ ਲਏ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਅਮਰੀਕ ਸਿੰਘ ਨੂੰ ਸੀਨੀਅਰ ਸਹਾਇਕ ਅਕਾਊਂਟਸ ਦੇ ਉਸ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਜੋ ਅਸਲ ਵਿੱਚ ਮੌਜੂਦ ਹੀ ਨਹੀਂ ਹੈ।
ਕੈਂਸਰ ਸਪੈਸ਼ਲਿਸਟ ਡਾ. ਮਨਜੀਤ ਸਿੰਘ ਨੇ ਵੀ ਯੂਨੀਵਰਸਿਟੀ ਵਿੱਚ ਹੋ ਰਹੇ ਕਥਿਤ ਘਪਲਿਆਂ ਦੀ ਲੰਬੀ ਸੂਚੀ ਪੇਸ਼ ਕਰਦੇ ਹੋਏ ਚੱਲ ਰਹੀਆਂ ਜਾਂਚਾਂ ਨਾਲ ਸਬੰਧਤ ਦਸਤਾਵੇਜ਼ ਅਤੇ ਕੁਝ ਵੀਡੀਓ ਰਿਕਾਰਡਿੰਗ ਵੀ ਦਿਖਾਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਪੂਰੀ ਅਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਅੰਗਦ ਦੱਤਾ ਅਤੇ ਹੋਰ ਆਗੂ ਵੀ ਹਾਜ਼ਰ ਸਨ।
Share this content:

Post Comment