Loading Now

ਇਤਿਹਾਸ ਦੇ ਪੰਨਿਆਂ ਤੋਂ ਪਾਰ: ਪਿੰਡੇ ਹੰਢਾਈ ਵੰਡ ਦੀ ਪੀੜ

ਇਤਿਹਾਸ ਦੇ ਪੰਨਿਆਂ ਤੋਂ ਪਾਰ: ਪਿੰਡੇ ਹੰਢਾਈ ਵੰਡ ਦੀ ਪੀੜ

ਇਤਿਹਾਸ ਦੇ ਅੰਕੜਿਆਂ, ਸਰਕਾਰੀ ਦਸਤਾਵੇਜ਼ਾਂ ਅਤੇ ਕਿਤਾਬਾਂ ਤੋਂ ਪਰ੍ਹੇ ਵੰਡ ਦਾ ਅਸਲ ਅਹਿਸਾਸ ਉਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਵੱਸਿਆ ਹੋਇਆ ਹੈ, ਜਿਨ੍ਹਾਂ ਨੇ ਇਸ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਜਾਂ ਆਪਣੀਆਂ ਅੱਖਾਂ ਨਾਲ ਦੇਖਿਆ। ਅੱਜ ਉਸ ਪੀੜ੍ਹੀ ਵਿੱਚੋਂ ਬਹੁਤ ਥੋੜ੍ਹੇ ਲੋਕ ਹੀ ਸਾਡੇ ਵਿੱਚ ਹਨ। ਆਪਣੇ ਜੀਵਨ ਦੇ ਆਖ਼ਰੀ ਪੜਾਅ ਵਿੱਚੋਂ ਗੁਜ਼ਰਦੇ ਹੋਏ ਬਜ਼ੁਰਗ ਲਗਪਗ ਅੱਠ ਦਹਾਕਿਆਂ ਬਾਅਦ ਵੀ ਉਸ ਸਮੇਂ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ ਜਿਵੇਂ ਕੱਲ੍ਹ ਦੀ ਗੱਲ ਹੋਵੇ। ਜਿਉਂ ਹੀ 1947 ਦਾ ਜ਼ਿਕਰ ਆਉਂਦਾ ਹੈ, ਉਨ੍ਹਾਂ ਦੀਆਂ ਅੱਖਾਂ ਵਿੱਚ ਅਚਾਨਕ ਇੱਕ ਵੱਖਰੀ ਹੀ ਟੀਸ ਉੱਭਰ ਆਉਂਦੀ ਹੈ। ਦਿਲ ਵਿੱਚ ਦੱਬੀਆਂ ਯਾਦਾਂ ਇੱਕ-ਇੱਕ ਕਰਕੇ ਬਾਹਰ ਆਉਣ ਲੱਗਦੀਆਂ ਹਨ। ਇਹ ਉਨ੍ਹਾਂ ਵਿੱਚੋਂ ਕੁਝ ਆਮ ਲੋਕਾਂ ਦੀ ਦਾਸਤਾਨ ਹੈ, ਜਿਨ੍ਹਾਂ ਨੇ ਇਤਿਹਾਸ ਲਿਖਿਆ ਤਾਂ ਨਹੀਂ ਪਰ ਇਤਿਹਾਸ ਨੂੰ ਆਪਣੇ ਹੱਡੀਂ ਹੰਢਾਇਆ ਜ਼ਰੂਰ ਹੈ।

ਨਾਭੇ ਦਾ ਪਿੰਡ ਮੈਹਸ ਵੰਡ ਦੀਆਂ ਅਨੇਕਾਂ ਕਹਾਣੀਆਂ ਦਾ ਗਵਾਹ ਹੈ। ਪਿੰਡ ਦਾ ਜੰਮਪਲ 95 ਸਾਲਾ ਬੰਤ ਰਾਮ ਦੱਸਦਾ ਹੈ, ‘‘ਸਾਡਾ ਪਿੰਡ ਤਾਂ ਮੁਸਲਮਾਨਾਂ ਦਾ ਸੀ, ਪਰ ਇਸ ਦਾ ਨਾਂ ਮਹੇਸ਼ ਨਗਰ ਹੋਇਆ ਕਰਦਾ ਸੀ।’’ ਉਸ ਨੇ ਦੱਸਿਆ ਕਿ ਰਿਆਸਤਾਂ ਦੇ ਰਿਕਾਰਡ ਵਿੱਚ ਵੀ ਇਹ ਭਗਵਾਨ ਸ਼ਿਵ ਸ਼ੰਕਰ ਦੇ ਨਾਂ ‘ਮਹੇਸ਼’ ਵਜੋਂ ਜਾਣਿਆ ਜਾਂਦਾ ਸੀ, ਪਰ ਬੰਤ ਰਾਮ ਦੇ ਜਨਮ ਤੋਂ ਪਹਿਲਾਂ ਹੀ ਇਸ ਨੂੰ ਮੈਹਸ ਕਿਹਾ ਜਾਣ ਲੱਗਾ ਸੀ। ਉਸ ਨੇ ਦੱਸਿਆ, ‘‘ਪਿੰਡ ਵਿੱਚ ਛੇ-ਸੱਤ ਹੀ ਹਿੰਦੂ ਪਰਿਵਾਰ ਸਨ। ਮੇਰੇ ਸਭ ਤੋਂ ਪਿਆਰੇ ਦੋਸਤ ਅਜੀਲ, ਸੀਤਾਰ, ਗ਼ਨੀ ਅਤੇ ਹੋਰ ਕਈ ਮੁਸਲਮਾਨ ਸਨ। ਅਸੀਂ ਇਕੱਠੇ ਖੇਡੇ, ਇਕੱਠੇ ਵੱਡੇ ਹੋਏ। ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਸਰਹੱਦ ਦੀ ਲਕੀਰ ਖਿੱਚੀ ਜਾਵੇਗੀ ਅਤੇ ਅਸੀਂ ਹਮੇਸ਼ਾ ਲਈ ਵੱਖ ਹੋ ਜਾਵਾਂਗੇ।’’

ਪਹਿਲਾਂ ਕਿਸੇ ਨੂੰ ਕੋਈ ਡਰ ਨਹੀਂ ਸੀ

ਬੰਤ ਰਾਮ ਦੱਸਦਾ ਹੈ, “ਜਦੋਂ ਵੰਡ ਦੀਆਂ ਗੱਲਾਂ ਸ਼ੁਰੂ ਹੋਈਆਂ ਤਾਂ ਵੀ ਸਾਡੇ ਪਿੰਡ ਵਿੱਚ ਕਿਸੇ ਦੇ ਮਨ ’ਚ ਕੋਈ ਖ਼ਾਸ ਡਰ ਨਹੀਂ ਸੀ। ਲੋਕ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਲੱਗੇ ਰਹਿੰਦੇ ਸਨ। ਉਸ ਸਮੇਂ ਪਿੰਡ ਵਿੱਚ ਮੁਰੱਬਾਬੰਦੀ ਚੱਲ ਰਹੀ ਸੀ। ਕਦੇ-ਕਦੇ ਇੱਕ ਟੋਲੀ ਸਵੇਰੇ-ਸਵੇਰੇ ਪਿੰਡ ਵਿੱਚ ਆਉਂਦੀ ਅਤੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾ ਕੇ ਚਲੀ ਜਾਂਦੀ, ਪਰ ਪਿੰਡ ਵਾਲਿਆਂ ਨੇ ਇਸ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਫਿਰ ਪਾਕਿਸਤਾਨ ਤੋਂ ਵੱਢ-ਟੁੱਕ ਅਤੇ ਕਤਲੇਆਮ ਦੀਆਂ ਖ਼ਬਰਾਂ ਆਉਣ ਲੱਗੀਆਂ ਤਾਂ ਸਾਡੇ ਪਿੰਡ ਵਿੱਚ ਵੀ ਫ਼ਿਕਰਾਂ ਖੜ੍ਹੀਆਂ ਹੋਣ ਲੱਗੀਆਂ। ਕਿਸੇ ਨੂੰ ਵੀ ਮਾਹੌਲ ਦੀ ਕਰਵਟ ਸਮਝ ਨਹੀਂ ਸੀ ਆ ਰਹੀ। ਕੁਝ ਹੀ ਦਿਨਾਂ ਬਾਅਦ ਸਾਡੇ ਪਿੰਡ ਵਿੱਚੋਂ ਲੰਘਦੀ ਨਹਿਰ ਵਿੱਚ ਉੱਪਰਲੇ ਇਲਾਕਿਆਂ ਤੋਂ ਲਾਸ਼ਾਂ ਤੈਰਦੀਆਂ ਆਉਣ ਲੱਗੀਆਂ, ਜਿਸ ਮਗਰੋਂ ਪਿੰਡ ਵਿੱਚ ਡਰ ਦਾ ਮਾਹੌਲ ਬਣ ਗਿਆ। ਉਹ ਮੰਜ਼ਰ ਅੱਜ ਵੀ ਮੇਰੀਆਂ ਅੱਖਾਂ ਸਾਹਮਣੇ ਆ ਖੜੋਂਦਾ ਹੈ। ਪਿੰਡ ਦੇ ਦਰਵਾਜ਼ਿਆਂ ’ਤੇ ਅਤੇ ਨਹਿਰ ਕੋਲ ਪਹਿਰੇ ਲੱਗਦੇ। ਰਾਤ ਭਰ ਲੋਕ ਜਾਗ ਕੇ ਨਿਗਰਾਨੀ ਕਰਦੇ। ਡਰ ਸਿਰਫ਼ ਮੁਸਲਮਾਨਾਂ ਨੂੰ ਨਹੀਂ ਸੀ, ਹਿੰਦੂ ਵੀ ਡਰੇ ਹੋਏ ਸਨ, ਖ਼ਾਸ ਕਰਕੇ ਮੋਨੇ ਹਿੰਦੂ ਜਿਨ੍ਹਾਂ ਨੂੰ ਮੁਸਲਮਾਨਾਂ ਵਿੱਚੋਂ ਪਛਾਣਨਾ ਔਖਾ ਸੀ। ਇਹ ਡਰ ਆਪਣੇ ਪਿੰਡ ਤੋਂ ਨਹੀਂ ਸਗੋਂ ਬਾਹਰੋਂ ਆ ਰਹੀਆਂ ਖ਼ਬਰਾਂ ਕਰਕੇ ਸੀ।

ਲੋਕਾਂ ਨੂੰ ਲੱਗਦਾ ਸੀ ਕਿ ਕਿਤੇ ਬਾਹਰੋਂ ਹਿੰਸਕ ਭੀੜ ਨਾ ਆ ਜਾਵੇ। ਪਿੰਡ ਦੇ ਹਿੰਦੂ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਹਿੰਦੂ ਆਬਾਦੀ ਵਾਲੇ ਪਿੰਡਾਂ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ। ਪਿੰਡ ਦੇ ਮੁਸਲਮਾਨ, ਹਿੰਦੂ ਪਰਿਵਾਰਾਂ ਦੀਆਂ ਮਿੰਨਤਾਂ ਕਰਦੇ ਕਿ ਉਹ ਪਿੰਡ ਛੱਡ ਕੇ ਨਾ ਜਾਣ। ਉਨ੍ਹਾਂ ਨੂੰ ਡਰ ਸੀ ਕਿ ਕਿਤੇ ਇਹ ਗੱਲ ਨਾ ਫੈਲ ਜਾਵੇ ਕਿ ਮੈਹਸ ਦੇ ਮੁਸਲਮਾਨਾਂ ਨੇ ਪਿੰਡ ਵਿੱਚੋਂ ਹਿੰਦੂ ਭਜਾ ਦਿੱਤੇ ਹਨ। ਮੈਂ ਪੰਡਿਤ ਪਰਿਵਾਰ ਤੋਂ ਹਾਂ। ਮੈਨੂੰ ਵੀ ਮਾਪਿਆਂ ਨੇ ਨਦਾਮਪੁਰ ਪਿੰਡ ਭੇਜ ਦਿੱਤਾ। ਮੈਨੂੰ ਯਾਦ ਹੈ ਕਿ ਉਸ ਸਮੇਂ ਇਹ ਖ਼ਬਰ ਫੈਲੀ ਕਿ ਕਿਸੇ ਨੇ ਪਟਿਆਲਾ ਦੇ ਮਹਾਰਾਜਾ ਉੱਤੇ ਹਮਲਾ ਕੀਤਾ ਹੈ। ਉਸ ਘਟਨਾ ਨੇ ਜਿਵੇਂ ਅੱਗ ਵਿੱਚ ਘਿਉ ਦਾ ਕੰਮ ਕੀਤਾ। ਬਾਅਦ ਵਿੱਚ ਪਿੰਡ ਉੱਤੇ ਹਮਲਾ ਹੋਇਆ। ਮੇਰੇ ਮਾਪਿਆਂ ਨੇ ਦੱਸਿਆ ਕਿ ਹਜ਼ਾਰਾਂ ਲੋਕ ਮਾਰੇ ਗਏ। ਪਿੰਡ ਵਿੱਚ ਵੱਡੀ ਮਸਜਿਦ ਨੂੰ ਨਮਾਜ਼ ਤੋਂ ਬਾਅਦ ਘੇਰ ਲਿਆ ਗਿਆ। ਬਹੁਤ ਥੋੜ੍ਹੇ ਲੋਕ ਹੀ ਜਿਊਂਦੇ ਪਾਕਿਸਤਾਨ ਪਹੁੰਚ ਸਕੇ।

ਫਿਰ ਨਾਭੇ ਦੇ ਮਹਾਰਾਜੇ ਦੇ ਸਿਪਾਹੀ ਪਹੁੰਚ ਗਏ ਅਤੇ ਪਿੰਡ ਨੂੰ ਕੈਂਪ ਵਿੱਚ ਤਬਦੀਲ ਕਰ ਦਿੱਤਾ ਗਿਆ। ਜ਼ਖ਼ਮੀਆਂ ਦਾ ਇਲਾਜ ਕਰਵਾਇਆ ਗਿਆ। ਕਈ ਮੁਸਲਮਾਨਾਂ ਨੇ ਭੱਜ ਕੇ ਹੋਰ ਪਿੰਡਾਂ ਵਿੱਚ ਪਨਾਹ ਲਈ। ਬਥੇਰੇ ਹਿੰਦੂ ਤੇ ਸਿੱਖ ਪਰਿਵਾਰਾਂ ਨੇ ਮਾਹੌਲ ਠੀਕ ਹੋਣ ਤੱਕ ਉਨ੍ਹਾਂ ਨੂੰ ਪਨਾਹ ਦਿੱਤੀ। ਇਸ ਘਟਨਾ ਤੋਂ ਬਾਅਦ ਮੈਂ ਆਪਣੇ ਦੋਸਤਾਂ ਅਜੀਲ, ਗ਼ੁਲਾਮ ਨਬੀ ਅਤੇ ਗ਼ਨੀ ਨੂੰ ਕਦੇ ਨਾ ਮਿਲ ਸਕਿਆ। ਮੇਰੇ ਦੋਸਤ ਸੀਤਾਰ ਦੀ ਮੌਤ ਤਾਂ ਪਿੰਡ ਵਿੱਚ ਹੀ ਹੋ ਗਈ ਸੀ। ਸਿਪਾਹੀਆਂ ਨੇ ਲੋਕਾਂ ਦੀ ਮਦਦ ਨਾਲ ਆਸ-ਪਾਸ ਦੀਆਂ ਜ਼ਮੀਨਾਂ ਵਿੱਚ ਕਬਰਾਂ ਪੁੱਟ ਕੇ ਲਾਸ਼ਾਂ ਦੱਬੀਆਂ। ਫਿਰ ਕੈਂਪ ਤੋਂ ਮਿਲਟਰੀ ਦੀ ਦੇਖ-ਰੇਖ ਹੇਠ ਇੱਥੋਂ ਮੁਸਲਮਾਨਾਂ ਨੂੰ ਸੁਰੱਖਿਅਤ ਪਾਕਿਸਤਾਨ ਪਹੁੰਚਾਇਆ ਜਾਣ ਲੱਗਿਆ। ਵਕਤ ਲੰਘਦਾ ਗਿਆ। ਤਕਰੀਬਨ ਤੀਹ ਸਾਲ ਪਹਿਲਾਂ ਪਾਕਿਸਤਾਨ ਤੋਂ ਇੱਕ ਪਰਿਵਾਰ ਸਾਡੇ ਪਿੰਡ ਆਇਆ। ਉਹ ਪਾਕਿਸਤਾਨ ਵਿੱਚ ਤਹਿਸੀਲਦਾਰ ਸੀ ਅਤੇ ਕਹਿੰਦੇ ਸਨ ਕਿ ਉਨ੍ਹਾਂ ਦੇ ਵੱਡੇ ਮੈਹਸ ਤੋਂ ਹੀ ਗਏ ਸਨ। ਉਹ ਮੇਰੇ ਨਾਲ ਵੀ ਮਿਲੇ।

ਬੰਤ ਰਾਮ ਦੇ ਨੌਜਵਾਨ ਗੁਆਂਢੀ ਮਾਸਟਰ ਗੁਰਪ੍ਰੀਤ ਸਿੰਘ ਨੇ ਯੂਟਿਊਬ ’ਤੇ ਇੱਕ ਪਾਕਿਸਤਾਨੀ ਦੀ ਵੀਡੀਓ ਵੀ ਦਿਖਾਈ, ਜੋ ਚਾਰ ਸਾਲ ਪਹਿਲਾਂ ਬਣਾਈ ਗਈ ਹੈ ਅਤੇ ਕਿਹਾ ਕਿ ਉਸ ਵਿੱਚ ਸਾਡੇ ਪਿੰਡੋਂ ਉੱਜੜਿਆ ਇੱਕ ਸ਼ਖ਼ਸ ਪਿੰਡ ਮੈਹਸ ਦਾ ਵਰਣਨ ਕਰ ਰਿਹਾ ਹੈ। ਉਸ ਨੇ ਵੀ ਬੰਤ ਰਾਮ ਵੱਲੋਂ ਦੱਸੇ ਗਏ ਹਮਲੇ ਨੂੰ ਵਿਸਤਾਰ ਵਿੱਚ ਬਿਆਨ ਕੀਤਾ ਹੈ। ਬੰਤ ਰਾਮ ਨੇ ਕਿਹਾ, “ਅੱਜ ਮੇਰੀ ਉਮਰ ਪਚਾਨਵੇਂ ਸਾਲ ਹੈ। ਜੇਕਰ ਮੇਰੀ ਇੱਕ ਨਸੀਹਤ ਮੰਨ ਸਕੋ ਤਾਂ ਸਿਆਸਤ ਦੀ ਫ਼ਿਰਕੂ ਖੇਡ ਨੂੰ ਆਪਣੇ ਮਨ ਵਿੱਚ ਜ਼ਰਾ ਵੀ ਸਿਰ ਨਾ ਚੁੱਕਣ ਦਿਓ। ਅਸੀਂ ਫ਼ਿਰਕਾਪ੍ਰਸਤੀ ਦੇ ਨਤੀਜਿਆਂ ਦੇ ਗਵਾਹ ਹਾਂ ਕਿ ਕਿਵੇਂ ਹਰ ਪ੍ਰਕਾਰ ਦੀ ਬਦੀ ਐਸੇ ਮਾਹੌਲ ਵਿੱਚ ਉੱਠ ਖੜ੍ਹੀ ਹੁੰਦੀ ਹੈ ਅਤੇ ਸਿਆਸਤਦਾਨ ਆਪਣਾ ਲਾਹਾ ਲੈ ਜਾਂਦੇ ਹਨ।

ਬੇਭਰੋਸਗੀ ਦਾ ਮਾਹੌਲ

ਵੰਡ ਵੇਲੇ ਸਵਰਨ ਕੌਰ ਦੀ ਉਮਰ ਪੰਦਰਾਂ ਸਾਲ ਸੀ। ਉਸ ਨੇ ਦੱਸਿਆ, “ਸਾਡਾ ਪਿੰਡ ਗੁੱਜਰਾਂਵਾਲਾ ਜ਼ਿਲ੍ਹੇ ’ਚ ਤਮੌਲੀ ਸੀ। ਮੇਰੇ ਪਿਤਾ 1940 ਵਿੱਚ ਹੀ ਚਲਾਣਾ ਕਰ ਗਏ ਸਨ। ਮੇਰੇ ਭਰਾ ਉਦੋਂ ਬਹੁਤ ਛੋਟੇ ਸਨ, ਇਸ ਕਰਕੇ ਸੱਤ ਸਾਲ ਖੇਤੀ ਵੀ ਢੰਗ ਨਾਲ ਨਹੀਂ ਹੋ ਸਕੀ। 1947 ਵਿੱਚ ਪਹਿਲੀ ਵਾਰ ਸਾਡੀਆਂ ਆਪਣੀਆਂ ਫ਼ਸਲਾਂ ਘਰ ਆਈਆਂ ਸਨ। ਸਾਨੂੰ ਲੱਗਿਆ ਸੀ ਕਿ ਹੁਣ ਦਿਨ ਬਦਲਣਗੇ, ਪਰ ਕਿਸਮਤ ’ਚ ਕੁਝ ਹੋਰ ਹੀ ਲਿਖਿਆ ਸੀ। ਸਾਨੂੰ ਕਦੇ ਇਹ ਖ਼ਿਆਲ ਵੀ ਨਹੀਂ ਸੀ ਆਇਆ ਕਿ ਅਸੀਂ ਆਪਣਾ ਘਰ ਹਮੇਸ਼ਾ ਲਈ ਛੱਡ ਕੇ ਜਾ ਰਹੇ ਹਾਂ। ਸਾਨੂੰ ਤਾਂ ਇਹੀ ਲੱਗਦਾ ਸੀ ਕਿ ਨੇੜਲੇ ਕਿਸੇ ਪਿੰਡ ਵਿੱਚ ਕੁਝ ਦਿਨਾਂ ਲਈ ਜਾ ਰਹੇ ਹਾਂ, ਹਾਲਾਤ ਠੀਕ ਹੋ ਜਾਣਗੇ ਤਾਂ ਮੁੜ ਆਪਣੇ ਘਰ ਆ ਜਾਵਾਂਗੇ ਪਰ ਉਹ ਵਾਪਸੀ ਕਦੇ ਨਾ ਹੋਈ। ਅਸੀਂ ਆਪਣੇ ਪਿੰਡ ਤੋਂ ਵੱਡੇ ਜਥੇ ਨਾਲ ਪੈਦਲ ਨਿਕਲੇ। ਉਹ ਦਿਨ ਅੱਜ ਵੀ ਕਦੇ-ਕਦੇ ਸੁਪਨਿਆਂ ਵਿੱਚ ਆ ਜਾਂਦੇ ਹਨ। ਮੇਰੇ ਤਾਇਆ ਜੀ ਸਾਡੇ ਤੋਂ ਕੁਝ ਪਹਿਲਾਂ ਨਿਕਲੇ ਸਨ। ਪਿੰਡ ਦੇ ਨੇੜੇ ਹੀ ਚੱਕਰਾਲੀ ਵਿਖੇ ਉਨ੍ਹਾਂ ਨੂੰ ਘੇਰ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਉਹ ਖ਼ਬਰ ਸੁਣ ਕੇ ਸਾਡੇ ਦਿਲਾਂ ਵਿੱਚ ਡਰ ਵਸ ਗਿਆ। ਰਸਤੇ ਵਿੱਚ ਕਈ ਵਾਰ ਹਮਲਾਵਰ ਟੋਲੀਆਂ ਸਾਡੇ ਜਥੇ ਵੱਲ ਵਧਦੀਆਂ। ਉਦੋਂ ਸਾਡੇ ਜਥੇ ਦੇ ਮਰਦ ਸਾਰੀਆਂ ਔਰਤਾਂ ਨੂੰ ਵਿਚਕਾਰ ਕਰਕੇ ਚਾਰੇ ਪਾਸੇ ਘੇਰਾ ਬਣਾ ਲੈਂਦੇ। ਸ਼ਾਇਦ ਸਾਡਾ ਜਥਾ ਵੱਡਾ ਹੋਣ ਕਾਰਨ ਉਹ ਅੱਗੇ ਨਹੀਂ ਸਨ ਵਧਦੇ। ਗਾਲ੍ਹਾਂ ਕੱਢਦੇ, ਮਿਹਣੇ ਮਾਰਦੇ ਅਤੇ ਡਰਾ ਕੇ ਮੁੜ ਜਾਂਦੇ। ਸੁਣਨ ਵਿੱਚ ਆਉਂਦਾ ਸੀ ਕਿ ਰੇਲਵੇ ਸਟੇਸ਼ਨਾਂ ਦੇ ਪਾਣੀ ਵਾਲੇ ਟੈਂਕਾਂ ਵਿੱਚ ਜ਼ਹਿਰ ਮਿਲਾਈ ਜਾਂਦੀ ਹੈ।

ਸਾਡਾ ਜਥਾ ਰਾਵੀ ਦਰਿਆ ਦੇ ਕੰਢੇ ਪਹੁੰਚਿਆ। ਫ਼ੈਸਲਾ ਹੋਇਆ ਕਿ ਰਾਤ ਉੱਥੇ ਹੀ ਕੱਟੀ ਜਾਵੇ, ਪਰ ਰਾਤ ਨੂੰ ਦਰਿਆ ਵਿੱਚ ਪਾਣੀ ਚੜ੍ਹ ਗਿਆ, ਹੜ੍ਹ ਆ ਗਿਆ। ਅਸੀਂ ਉੱਥੇ ਹੀ ਫਸ ਗਏ, ਇੱਕ ਦਿਨ, ਦੋ ਦਿਨ, ਤਿੰਨ ਦਿਨ, ਚਾਰ ਦਿਨ। ਸਾਡੇ ਕੋਲ ਖਾਣ ਲਈ ਕੁਝ ਨਹੀਂ ਸੀ ਬਚਿਆ। ਫਿਰ ਇੱਕ ਜਹਾਜ਼ ਲੰਘਿਆ। ਉਸ ਨੇ ਸਾਡੇ ਲਈ ਖਾਣੇ ਦੇ ਗੱਠਰ ਸੁੱਟੇ, ਪਰ ਕਿਸੇ ਨੇ ਉਨ੍ਹਾਂ ਨੂੰ ਹੱਥ ਨਹੀਂ ਲਾਇਆ। ਚਾਰ ਦਿਨਾਂ ਦੀ ਭੁੱਖ ਸੀ, ਪਰ ਡਰ ਉਸ ਤੋਂ ਵੀ ਵੱਧ ਸੀ। ਸਾਨੂੰ ਸ਼ੱਕ ਸੀ ਕਿ ਕਿਤੇ ਇਸ ਵਿੱਚ ਵੀ ਜ਼ਹਿਰ ਨਾ ਹੋਵੇ। ਫਿਰ ਕਿਸੇ ਦੀ ਨਜ਼ਰ ਗੱਠਰ ਨਾਲ ਬੱਝੀ ਇੱਕ ਪਰਚੀ ਉੱਤੇ ਪਈ। ਉਸ ਉੱਤੇ ਲਿਖਿਆ ਸੀ ‘ਹਰਿਮੰਦਰ ਸਾਹਿਬ ਵੱਲੋਂ ਲੰਗਰ ਦੀ ਸੇਵਾ।’ ਉਹ ਸ਼ਬਦ ਪੜ੍ਹ ਕੇ ਜਥੇ ਦੀ ਇੱਕ ਬਜ਼ੁਰਗ ਨੇ ਪਹਿਲਾਂ ਰੋਟੀ ਖਾਧੀ। ਉਸ ਤੋਂ ਬਾਅਦ ਅਸੀਂ ਰੋਟੀ ਖਾਧੀ। ਜਦੋਂ ਪਾਣੀ ਕੁਝ ਹੇਠਾਂ ਉਤਰਿਆ ਤਾਂ ਬੇੜੀਆਂ ਵਿੱਚ ਬੈਠ ਕੇ ਰਾਵੀ ਦਰਿਆ ਪਾਰ ਕੀਤਾ। ਸਾਡੇ ਪਿੰਡ ਦੀਆਂ ਕੁਝ ਸਹੇਲੀਆਂ ਦੂਜੇ ਜਥਿਆਂ ਨਾਲ ਨਿਕਲੀਆਂ ਸਨ। ਉਹ ਕਦੇ ਇੱਥੇ ਨਹੀਂ ਪਹੁੰਚੀਆਂ, ਉਨ੍ਹਾਂ ਦਾ ਕੀ ਬਣਿਆ, ਅੱਜ ਤੱਕ ਕਿਸੇ ਨੂੰ ਨਹੀਂ ਪਤਾ।” ਇੱਥੇ ਸਵਰਨ ਕੌਰ ਕੁਝ ਪਲਾਂ ਲਈ ਚੁੱਪ ਹੋ ਗਈ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪਏ। ਉਹ ਕੁਝ ਕਹਿਣਾ ਚਾਹੁੰਦੀ ਸੀ, ਪਰ ਫਿਰ ਰੁਕ ਗਈ।

ਇੱਕ ਨੌਜਵਾਨ ਨਾਲ ਉਨ੍ਹਾਂ ਕੁੜੀਆਂ ਦੇ ਦੁੱਖਾਂ ਦੀ ਗੱਲ ਕਰਦਿਆਂ ਸ਼ਾਇਦ ਉਹ ਝਿਜਕ ਰਹੀ ਸੀ। ਉਹ ਆਪਣਾ ਦੁਪੱਟਾ ਅੱਖਾਂ ਨਾਲ ਲਾ ਕੇ ਚੁੱਪ ਹੋ ਗਈ। … ਕਈ ਵਾਰ ਚੁੱਪ ਵੀ ਇਤਿਹਾਸ ਦਾ ਸਭ ਤੋਂ ਦਰਦਨਾਕ ਬਿਆਨ ਹੁੰਦਾ ਹੈ। ਸਵਰਨ ਕੌਰ ਨੇ ਅੱਗੇ ਕਿਹਾ, “ਸਮਾਂ ਬੀਤਦਾ ਗਿਆ, ਸਾਡਾ ਪਰਿਵਾਰ ਇੱਥੇ ਵੱਸ ਗਿਆ। ਬੱਚੇ ਹੋਏ ਅਤੇ ਫਿਰ ਪੋਤੇ-ਪੋਤੀਆਂ ਦਾ ਪਰਿਵਾਰ ਬਣ ਗਿਆ। ਬਾਰਾਂ-ਤੇਰਾਂ ਸਾਲ ਪਹਿਲਾਂ ਮੇਰਾ ਭਤੀਜਾ ਪਾਕਿਸਤਾਨ ਵਿੱਚ ਸਾਡੇ ਪੁਰਾਣੇ ਪਿੰਡ ਗਿਆ। ਉਹ ਉੱਥੋਂ ਘਰ ਦੀਆਂ ਤਸਵੀਰਾਂ ਲੈ ਕੇ ਆਇਆ। ਉਸ ਨੇ ਤਸਵੀਰਾਂ ਮੇਰੇ ਸਾਹਮਣੇ ਰੱਖੀਆਂ। ਮੈਂ ਇੱਕ ਨਜ਼ਰ ਮਾਰੀ ਤੇ ਕਿਹਾ ਕਿ ਇਹ ਸਾਡਾ ਹੀ ਘਰ ਹੈ। ਸੱਤ ਦਹਾਕੇ ਬੀਤ ਗਏ ਸਨ, ਪਰ ਆਪਣੇ ਵਿਹੜੇ ਦੀ ਪਛਾਣ ਮੇਰੀਆਂ ਅੱਖਾਂ ਭੁੱਲੀਆਂ ਨਹੀਂ ਸਨ।” ਸਵਰਨ ਕੌਰ ਨੇ ਆਪਣੇ ਜੀਵਨ ਵਿੱਚ ਦੋ ਪੁੱਤਰ, ਚਾਰ ਧੀਆਂ, ਸਤਾਰਾਂ ਪੋਤੇ-ਪੋਤੀਆਂ ਅਤੇ ਉਨ੍ਹਾਂ ਦੇ ਵਿਆਹ ਵੇਖੇ। ਜ਼ਿੰਦਗੀ ਦੇ ਅਨੇਕਾਂ ਦੁੱਖ ਸਹਿਣ ਦੇ ਬਾਵਜੂਦ ਉਹ ਹਮੇਸ਼ਾ ਹੱਸਮੁਖ ਰਹੀ, ਪਰ ਜਦੋਂ ਵੀ 1947 ਦਾ ਜ਼ਿਕਰ ਹੁੰਦਾ ਹੈ, ਉਸ ਦੀ ਆਵਾਜ਼ ਵਿੱਚ ਉਸੇ ਪੰਦਰਾਂ ਸਾਲ ਦੀ ਕੁੜੀ ਵਾਲਾ ਡਰ ਵਾਪਸ ਆ ਜਾਂਦਾ ਹੈ, ਜੋ ਆਪਣੇ ਘਰੋਂ ਇਹ ਸੋਚ ਕੇ ਨਿਕਲੀ ਸੀ ਕਿ ਕੁਝ ਦਿਨਾਂ ਬਾਅਦ ਮੁੜ ਆ ਜਾਵੇਗੀ। ਉਹ ਅੱਠ ਮਹੀਨੇ ਪਹਿਲਾਂ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ।

ਇੱਕ ਦਬੰਗ ਮੁਸਲਮਾਨ ਦੇ ਕਰਜ਼ਦਾਰ

ਮੈਹਸ ਪਿੰਡ ਦਾ ਵੀਰ ਸਿੰਘ ਇੱਕ ਦਬੰਗ ਮੁਸਲਮਾਨ ਨੂੰ ਯਾਦ ਕਰਦਾ ਹੈ। 88 ਸਾਲਾ ਵੀਰ ਸਿੰਘ ਵੰਡ ਵੇਲੇ ਉਮਰ ਵਿੱਚ ਛੋਟਾ ਸੀ, ਪਰ ਕੁਝ ਤਸਵੀਰਾਂ ਅੱਜ ਵੀ ਉਸ ਦੇ ਮਨ ਵਿੱਚ ਵੱਸੀਆਂ ਹੋਈਆਂ ਹਨ। ਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਪਰਿਵਾਰ ਸਿਆਲਕੋਟ ਜ਼ਿਲ੍ਹੇ ਦੀ ਨਾਰੋਵਾਲ ਤਹਿਸੀਲ ਦੇ ਪਿੰਡ ਢਿੱਲੀ ਤੋਂ ਆਇਆ ਹੈ। ਉਸ ਦੀ ਮਾਂ ਉਸ ਵੇਲੇ ਗਰਭਵਤੀ ਸੀ। ਵੀਰ ਸਿੰਘ ਦੱਸਦਾ ਹੈ, “ਘਰ ਵਿੱਚ ਡਰ ਦਾ ਮਾਹੌਲ ਸੀ ਪਰ ਸਾਡੇ ਪਿੰਡ ਵਿੱਚ ਇੱਕ ਦਬੰਗ ਮੁਸਲਮਾਨ ਸੀ, ਜਿਸ ਨੂੰ ਮੈਂ ਮਾਮਾ ਕਹਿ ਕੇ ਬੁਲਾਉਂਦਾ ਸੀ। ਪਿੰਡ ਵਿੱਚ ਉਸ ਦੀ ਪਛਾਣ ਇੱਕ ਬਦਮਾਸ਼ ਵਜੋਂ ਸੀ ਅਤੇ ਲੋਕ ਉਸ ਤੋਂ ਡਰਦੇ ਸਨ, ਪਰ ਜਦੋਂ ਵੰਡ ਦੀ ਅੱਗ ਭੜਕੀ, ਉਹੀ ਬੰਦਾ ਸਾਡੇ ਘਰ ਦੀ ਰੱਖਿਆ ਲਈ ਖੜ੍ਹਾ ਰਿਹਾ। ਉਹ ਲਗਪਗ ਹਰ ਰੋਜ਼ ਸਾਡੇ ਘਰ ਆਉਂਦਾ, ਹਾਲ-ਚਾਲ ਪੁੱਛਦਾ ਅਤੇ ਕਹਿੰਦਾ ਕਿ ਉਸ ਦੇ ਹੁੰਦਿਆਂ ਫ਼ਿਕਰ ਕਰਨ ਦੀ ਲੋੜ ਨਹੀਂ ਹੈ। ਹਾਲਾਂਕਿ ਮੈਂ ਛੋਟਾ ਸੀ ਅਤੇ ਉਸ ਦਾ ਨਾਮ ਮੇਰੇ ਯਾਦ ਨਹੀਂ, ਪਰ ਬੇਬੇ-ਬਾਪੂ ਵੀ ਉਸ ਦਾ ਜ਼ਿਕਰ ਕਰਦੇ ਹੁੰਦੇ ਸਨ। ਉਹ ਇਹ ਯਕੀਨੀ ਬਣਾਉਂਦਾ ਕਿ ਕੋਈ ਸਾਡੇ ਪਰਿਵਾਰ ਵੱਲ ਮਾੜੀ ਨਜ਼ਰ ਨਾਲ ਨਾ ਵੇਖੇ।

ਇਸੇ ਕਰਕੇ ਅਸੀਂ ਆਪਣੇ ਪਿੰਡ ਤੋਂ ਇੱਕ ਮਹੀਨਾ ਦੇਰ ਨਾਲ ਨਿਕਲੇ। ਜੇ ਉਹ ਸਾਡੀ ਢਾਲ ਬਣ ਕੇ ਨਾ ਖੜ੍ਹਦਾ ਤਾਂ ਸ਼ਾਇਦ ਅਸੀਂ ਵੀ ਉਨ੍ਹਾਂ ਹਜ਼ਾਰਾਂ ਲੋਕਾਂ ਵਿੱਚ ਸ਼ਾਮਿਲ ਹੋ ਜਾਂਦੇ, ਜਿਨ੍ਹਾਂ ਦੀਆਂ ਕਹਾਣੀਆਂ ਕਦੇ ਕਿਸੇ ਤੱਕ ਨਹੀਂ ਪਹੁੰਚੀਆਂ। ਫਿਰ ਉਸ ਸਮੇਂ ਨਫ਼ਰਤ ਦੀ ਅੱਗ ਤੇਜ਼ ਹੁੰਦੀ ਗਈ ਅਤੇ ਇੱਕ ਦਿਨ ਦੂਜੇ ਸ਼ਹਿਰ ਗਏ ਮੇਰੇ ਦਾਦੇ ਅਤੇ ਚਾਚੇ ਨੂੰ ਜਿਊਂਦੇ ਸਾੜ ਦਿੱਤਾ ਗਿਆ। ਮੇਰੀ ਚਾਚੀ ਵੀ ਉਸ ਸਮੇਂ ਗਰਭਵਤੀ ਸੀ। ਇਸ ਘਟਨਾ ਤੋਂ ਬਾਅਦ ਮਾਮਾ ਵੀ ਉਸ ਮਾਹੌਲ ਅੱਗੇ ਹਾਰ ਗਿਆ ਅਤੇ ਉਸ ਦੀ ਬੇਵੱਸੀ ਦੇ ਇਜ਼ਹਾਰ ਤੋਂ ਬਾਅਦ ਹੀ ਸਾਡਾ ਪਰਿਵਾਰ ਉੱਥੋਂ ਚੱਲਿਆ। ਮੈਂ ਉਸ ਵੇਲੇ ਬੱਚਾ ਸਾਂ ਅਤੇ ਸ਼ਾਇਦ ਪੂਰੀ ਤਰ੍ਹਾਂ ਸਮਝ ਨਹੀਂ ਸਕਿਆ ਕਿ ਮੇਰੇ ਸਾਹਮਣੇ ਕੀ ਹੋ ਰਿਹਾ ਹੈ, ਪਰ ਅੱਗ ਦੀਆਂ ਉਹ ਲਪਟਾਂ ਅਤੇ ਘਰ ਦੇ ਵੱਡਿਆਂ ਦੀਆਂ ਚੀਕਾਂ ਮੇਰੇ ਨਾਲ ਸਾਰੀ ਉਮਰ ਚੱਲਦੀਆਂ ਰਹੀਆਂ। ਲੋਕ ਹਰ ਸਾਲ 15 ਅਗਸਤ ਨੂੰ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਨ। ਮੈਂ ਵੀ ਖ਼ੁਸ਼ ਹਾਂ ਕਿ ਦੇਸ਼ ਆਜ਼ਾਦ ਹੋਇਆ, ਪਰ ਜਦੋਂ ਲੋਕ ਮੈਨੂੰ ਪੁੱਛਦੇ ਹਨ ਕਿ 1947 ਤੁਹਾਡੇ ਲਈ ਕੀ ਸੀ ਤਾਂ ਮੇਰੇ ਮੂੰਹੋਂ ਇੱਕੋ ਗੱਲ ਨਿਕਲਦੀ ਹੈ ਕਿ ਤੁਹਾਡੇ ਲਈ ਉਹ ਆਜ਼ਾਦੀ ਹੋਵੇਗੀ, ਪਰ ਸਾਡੇ ਲਈ ਤਾਂ ਹੱਲਾ ਸੀ, ਹੱਲਾ।”

ਵੀਰ ਸਿੰਘ ਇਸ ਉਮਰ ਵਿੱਚ ਵੀ ਕਾਫ਼ੀ ਹੱਦ ਤੱਕ ਤੰਦਰੁਸਤ ਹੈ। ਭਾਵੇਂ ਹੁਣ ਉਸ ਤੋਂ ਸਾਈਕਲ ਨਹੀਂ ਚੱਲਦਾ, ਪਰ ਪਿੰਡ ਵਿੱਚ ਖੇਡ ਮੈਦਾਨ ਬਣਾਉਣ ਲਈ ਯਤਨਸ਼ੀਲ ਹੈ। ਉਹ ਕਹਿੰਦਾ ਹੈ, “ਅਸੀਂ ਵੰਡ ਦੇ ਪੀੜਤ ਆਪ ਭਾਵੇਂ ਕਿੰਨੀ ਵੀ ਤੰਗੀ ਵਿੱਚ ਕਿਉਂ ਨਾ ਹੋਈਏ, ਪਰ ਅਸੀਂ ਮਹਿਮਾਨਾਂ ਦੀ ਵਧੀਆ ਆਓਭਗਤ ਅਤੇ ਆਪ ਚੰਗਾ ਪਹਿਨਣ ਤੇ ਚੰਗਾ ਖਾਣ ਨੂੰ ਹਮੇਸ਼ਾ ਤਰਜੀਹ ਦਿੰਦੇ ਹਾਂ। ਤੁਸੀਂ ਪਾਕਿਸਤਾਨ ਤੋਂ ਆਏ ਜ਼ਿਆਦਾਤਰ ਪਰਿਵਾਰਾਂ ਵਿੱਚ ਇਹ ਦੇਖੋਗੇ। ਅਸੀਂ ਆਪਣਾ ਸਭ ਕੁਝ ਗੁਆ ਕੇ ਇਹ ਸਿੱਖਿਆ ਹੈ ਕਿ ਬਾਕੀ ਜੋੜਿਆ ਗਿਆ ਤੁਹਾਡੇ ਕੋਲੋਂ ਕਿਸੇ ਵੀ ਸਮੇਂ ਖੋਹਿਆ ਜਾ ਸਕਦਾ ਹੈ।”

ਪਿੰਡ ਦਾ ਹਰਬੇਲ ਸਿੰਘ ਵੰਡ ਮੌਕੇ 25 ਸਾਲ ਦਾ ਸੀ। ਉਹ ਵੰਡ ਦੇ ਸਮੇਂ ਦਾ ਬਹੁਤਾ ਜ਼ਿਕਰ ਨਹੀਂ ਕਰਦਾ। ਉਹ ਕਹਿੰਦਾ ਹੈ ਕਿ ਉੱਧਰ ਦੀਆਂ ਗੱਲਾਂ ਉੱਧਰ ਰਹਿ ਗਈਆਂ, ਹੁਣ ਉਸ ਸਮੇਂ ਨੂੰ ਉਹ ਯਾਦ ਨਹੀਂ ਕਰਨਾ ਚਾਹੁੰਦਾ। ਬਹੁਤ ਜ਼ੋਰ ਦੇਣ ’ਤੇ ਉਸ ਨੇ ਦੱਸਿਆ ਕਿ ਉਹ ਗੁੱਜਰਾਂਵਾਲਾ ਜ਼ਿਲ੍ਹੇ ਦੇ ਢੱਲਾ ਪਿੰਡ ਤੋਂ ਫ਼ੌਜ ਦੀ ਬੱਸ ਨਾਲ ਆਪਣੇ ਪਰਿਵਾਰ ਸਮੇਤ ਆਇਆ ਸੀ। ਉਹ ਆਪਣੇ ਇਲਾਕੇ ਦਾ ਮੰਨਿਆ ਹੋਇਆ ਪਹਿਲਵਾਨ ਸੀ, ਪਰ ਉਹ ਸਭ ਕੁਝ ਉੱਧਰ ਹੀ ਰਹਿ ਗਿਆ। ਉਸ ਦਾ ਇੱਕ ਭਤੀਜਾ ਕਸ਼ਮੀਰ ਸਿੰਘ ਵੀ ਵੰਡ ਮੌਕੇ ਨੌਂ ਸਾਲ ਦਾ ਸੀ। ਉਹ ਪਿੰਡ ਤੋਂ ਬਾਹਰ ਗਿਆ ਹੋਇਆ ਸੀ, ਜਿਸ ਕਾਰਨ ਉਸ ਨਾਲ ਮੁਲਾਕਾਤ ਨਾ ਹੋ ਸਕੀ। ਨਾਭੇ ਦੇ ਹੋਰ ਵੀ ਕਈ ਪਿੰਡ ਹਨ, ਜਿੱਥੇ ਉਜਾੜੇ ਦੇ ਮਾਰੇ ਲੋਕਾਂ ਦੀ ਵੱਸੋਂ ਹੈ। ਪਾਕਿਸਤਾਨ ਵਿੱਚ ਜੰਮੇ ਬਲਕਾਰ ਸਿੰਘ, ਸਵਰਨ ਸਿੰਘ ਅਤੇ ਮਾਨ ਕੌਰ ਨਾਲ ਪਿੰਡ ਫ਼ੈਜ਼ਗੜ੍ਹ ਵਿੱਚ ਮੁਲਾਕਾਤ ਹੋਈ।

ਹੌਲੀ ਹੁੰਦੀ ਰੇਲ ਅਚਾਨਕ ਤੇਜ਼ ਹੋ ਗਈ ਅਤੇ ਸੈਂਕੜੇ ਲੋਕ ਮੇਰੀਆਂ ਅੱਖਾਂ ਅੱਗੇ ਮਾਰੇ ਗਏ

ਬਲਕਾਰ ਸਿੰਘ ਵੰਡ ਮੌਕੇ ਵੀਹ ਸਾਲ ਦਾ ਸੀ। ਉਹ ਸ਼ੇਖੂਪੁਰਾ ਦੇ ਪਿੰਡ ਵਰਨ ਤੋਂ ਆਇਆ ਸੀ। ਉਸ ਨੇ ਦੱਸਿਆ, “ਉਸ ਸਮੇਂ ਪੜ੍ਹੇ-ਲਿਖੇ ਅਤੇ ਸਰਮਾਏਦਾਰ ਲੋਕਾਂ ਨੇ ਤਾਂ ਸਮੇਂ ਨੂੰ ਪਹਿਲਾਂ ਹੀ ਭਾਂਪ ਲਿਆ ਸੀ ਅਤੇ ਉਹ ਮਾਹੌਲ ਖ਼ਰਾਬ ਹੋਣ ਤੋਂ ਪਹਿਲਾਂ ਹੀ ਚੱਲ ਪਏ ਸਨ, ਪਰ ਸਾਡੇ ਵਰਗੇ ਪੜ੍ਹਾਈ-ਲਿਖਾਈ ਤੋਂ ਸੱਖਣੇ ਇਹੀ ਸੋਚਦੇ ਰਹੇ ਕਿ ਇਹ ਦੌਰ ਕੁਝ ਦਿਨਾਂ ਵਿੱਚ ਹੀ ਗੁਜ਼ਰ ਜਾਵੇਗਾ। ਆਖ਼ਰ ਪਿੰਡ ਵਾਸੀਆਂ ਨੇ ਪਿੱਛੋਂ ਆ ਰਹੇ ਇੱਕ ਵੱਡੇ ਜਥੇ ਨਾਲ ਤੁਰਨ ਦਾ ਫ਼ੈਸਲਾ ਕਰ ਲਿਆ। ਅਸੀਂ ਸ਼ੇਖੂਪੁਰਾ ਸਟੇਸ਼ਨ ਪਹੁੰਚੇ ਤਾਂ ਉੱਥੇ ਅਨੇਕਾਂ ਲਾਸ਼ਾਂ ਦੇਖ ਕੇ ਸਭ ਦੀ ਰੂਹ ਕੰਬ ਗਈ। ਕਿਸੇ ਨੇ ਦੱਸਿਆ ਕਿ ਜੇ ਰਾਤ ਸਟੇਸ਼ਨ ’ਤੇ ਰੁਕੇ ਤਾਂ ਮੌਤ ਨਿਸ਼ਚਿਤ ਹੈ, ਭਾਵੇਂ ਅਗਲੀ ਮਾਲ ਗੱਡੀ ਚੜ੍ਹ ਕੇ ਲੰਘ ਜਾਓ, ਪਰ ਸਟੇਸ਼ਨ ਉੱਪਰ ਨਹੀਂ ਰੁਕਣਾ। ਸਟੇਸ਼ਨ ’ਤੇ ਹਜ਼ਾਰਾਂ ਲੋਕ ਬੇਸਬਰੀ ਨਾਲ ਅਗਲੀ ਰੇਲ ਦਾ ਇੰਤਜ਼ਾਰ ਕਰ ਰਹੇ ਸਨ।

ਘੰਟਿਆਂ ਮਗਰੋਂ ਇੱਕ ਟਰੇਨ ਸਟੇਸ਼ਨ ਕੋਲ ਆਉਂਦੇ ਹੋਏ ਹੌਲੀ ਹੋ ਰਹੀ ਸੀ ਅਤੇ ਸੈਂਕੜੇ ਲੋਕ ਇੱਕ-ਦੂਜੇ ਤੋਂ ਪਹਿਲਾਂ ਗੱਡੀ ਵਿੱਚ ਚੜ੍ਹਨ ਲਈ ਉਸ ਵੱਲ ਭੱਜੇ। ਅਚਾਨਕ ਪਤਾ ਨਹੀਂ ਕੀ ਹੋਇਆ ਕਿ ਟਰੇਨ ਤੇਜ਼ ਹੋ ਗਈ। ਟਰੇਨ ਅੰਦਰੋਂ ਪਾਕਿਸਤਾਨੀ ਫ਼ੌਜ ਨੇ ਗੋਲੀ ਵੀ ਚਲਾ ਦਿੱਤੀ। ਮੇਰੀਆਂ ਅੱਖਾਂ ਸਾਹਮਣੇ ਸੈਂਕੜੇ ਲੋਕ ਗੋਲੀ ਨਾਲ ਜਾਂ ਟਰੇਨ ਹੇਠਾਂ ਆ ਕੇ ਮਾਰੇ ਗਏ। ਸਟੇਸ਼ਨ ਉੱਪਰ ਚੀਕ-ਚਿਹਾੜਾ ਮੱਚ ਗਿਆ। ਫਿਰ ਇੱਕ ਟਰੇਨ ਅੰਮ੍ਰਿਤਸਰ ਵੱਲੋਂ ਆਈ, ਜਿਸ ਵਿੱਚ ਮੁਸਲਮਾਨਾਂ ਦੀਆਂ ਲਾਸ਼ਾਂ ਸਨ ਅਤੇ ਬਹੁਤ ਸਾਰੇ ਲੋਕ ਜ਼ਖ਼ਮੀ ਸਨ। ਉਨ੍ਹਾਂ ਦਿਨਾਂ ਵਿੱਚ ਹਰ ਪਾਸੇ ਕਤਲੋਗਾਰਤ ਇੰਨੀ ਆਮ ਸੀ ਕਿ ਅੱਖਾਂ ਵੀ ਸਖ਼ਤ ਹੋ ਗਈਆਂ ਸਨ, ਉਹ ਲਾਸ਼ ਦੇਖ ਕੇ ਦੋ ਪਲ ਲਈ ਵੀ ਬੰਦ ਨਹੀਂ ਹੁੰਦੀਆਂ ਸਨ। ਕੁਝ ਸਮੇਂ ਬਾਅਦ ਇੱਕ ਮਾਲ ਗੱਡੀ ਦੇ ਆਉਣ ਦਾ ਐਲਾਨ ਹੋਇਆ। ਲੋਕ ਉਸ ਵਿੱਚ ਵੀ ਚੜ੍ਹਨ ਦੀ ਤਿਆਰੀ ਖਿੱਚ ਰਹੇ ਸਨ ਕਿ ਇੰਨੇ ਨੂੰ ਫ਼ੌਜ ਆ ਗਈ ਅਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਸੱਚਾ ਸੌਦਾ ਵਿਖੇ ਕੈਂਪ ਲਗਾ ਦਿੱਤਾ।”

ਬਲਕਾਰ ਸਿੰਘ ਆਪਣੇ ਪਰਿਵਾਰ ਅਤੇ ਜਥੇ ਨਾਲ ਉੱਥੇ ਮਹੀਨੇ ਦੇ ਕਰੀਬ ਰਿਹਾ। ਉਸ ਨੇ ਦੱਸਿਆ ਕਿ ਕੈਂਪ ਉੱਪਰ ਵੀ ਕਈ ਵਾਰ ਹਮਲੇ ਹੋਏ, ਪਰ ਫਿਰ ਵੀ ਫ਼ੌਜ ਨੇ ਵੱਡੀ ਗਿਣਤੀ ਲੋਕਾਂ ਨੂੰ ਸੁਰੱਖਿਅਤ ਕੱਢਣ ਵਿੱਚ ਸਫ਼ਲਤਾ ਹਾਸਲ ਕੀਤੀ। ਬਲਕਾਰ ਸਿੰਘ ਨੇ ਦੱਸਿਆ ਕਿ ਭਾਵੇਂ ਉਸ ਦੇ ਪਰਿਵਾਰ ਦੇ ਕਿਸੇ ਜੀਅ ਦਾ ਨੁਕਸਾਨ ਨਾ ਹੋਇਆ ਪਰ ਉਹ ਦ੍ਰਿਸ਼ ਅੱਜ ਵੀ ਉਸ ਦੀਆਂ ਅੱਖਾਂ ਵਿੱਚ ਡਰਾਉਣੇ ਸੁਪਨੇ ਵਾਂਗ ਚੱਲਦੇ ਹਨ। ਬਲਕਾਰ ਸਿੰਘ ਨੇ ਕਿਹਾ, “ਹਾਲਾਂਕਿ ਉਸ ਸਮੇਂ ਕਿਸੇ ਪਾਸੇ ਕੋਈ ਉਮੀਦ ਨਹੀਂ ਸੀ, ਸਰਕਾਰਾਂ ਦਾ ਤਾਂ ਪਤਾ ਹੀ ਨਹੀਂ ਸੀ, ਬਸ ਮਨ ਇਸੇ ਗੱਲ ਨਾਲ ਤਕੜਾ ਰਿਹਾ ਕਿ ਅਸੀਂ ਇਕੱਲੇ ਨਹੀਂ ਸੀ। ਮਨ ਵਿੱਚ ਇਹੀ ਸੀ ਕਿ ਜੋ ਜਥੇ ਨਾਲ ਬਣੂਗਾ, ਉਹ ਆਪਣੇ ਨਾਲ ਜਾਂ ਪਰਿਵਾਰ ਨਾਲ ਬਣ ਜਾਵੇਗਾ।” ਬਲਕਾਰ ਸਿੰਘ ਨੂੰ ਇੱਥੇ ਇੱਕ ਕਿੱਲਾ ਜ਼ਮੀਨ ਅਲਾਟ ਹੋਈ। ਉਸ ਨੇ ਸਖ਼ਤ ਮਿਹਨਤ ਕਰਦਿਆਂ ਆਪਣੇ ਅੱਠ ਬੱਚਿਆਂ ਦੀ ਜ਼ਿੰਮੇਵਾਰੀ ਪੂਰੀ ਕੀਤੀ ਅਤੇ 14 ਕਿੱਲੇ ਜ਼ਮੀਨ ਜੋੜੀ। ਲਗਪਗ ਸੌ ਸਾਲਾ ਬਲਕਾਰ ਸਿੰਘ ਨੇ ਖ਼ਾਲੀ ਪਏ ਮੋਟੇ ਗੱਦਿਆਂ ਵਾਲੇ ਡਬਲ ਬੈੱਡ ਨਾਲ ਲੱਗੇ ਮੰਜੇ ਤੋਂ ਉੱਠ ਕੇ ਕਿਹਾ, “ਮੈਂ ਇੰਨੇ ਔਖੇ ਸਮਿਆਂ ਵਿੱਚ ਨਹੀਂ ਡੋਲਿਆ ਅਤੇ ਅਜੇ ਵੀ ਸਰੀਰਕ ਤੌਰ ’ਤੇ ਨਾ ਡਿੱਗਦਾ, ਜੇਕਰ ਮੇਰਾ ਛੋਟਾ ਪੋਤਾ ਘਰੋਂ ਅਲੱਗ ਨਾ ਹੁੰਦਾ। ਅਸੀਂ ਜੇ ਮੇਰਾ-ਮੇਰਾ ਦਾ ਖ਼ਿਆਲ ਕਰਦੇ ਤਾਂ ਕਦੋਂ ਦੇ ਰੁਲ ਜਾਂਦੇ। ਸਾਡੇ ਪਿੰਡ ਇੱਕ-ਦੂਜੇ ਦੀ ਬਾਂਹ ਫੜ ਕੇ ਹੀ ਖੜ੍ਹੇ ਹੋਏ ਹਨ।

ਇਸੇ ਪਿੰਡ ਵਿੱਚ ਸਵਰਨ ਸਿੰਘ ਅਤੇ ਉਸ ਦੀ ਪਤਨੀ ਮਾਨ ਕੌਰ ਨਾਲ ਵੀ ਮੁਲਾਕਾਤ ਹੋਈ। ਇਹ ਦੋਵੇਂ ਵੰਡ ਮੌਕੇ ਪੰਜ-ਛੇ ਸਾਲ ਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਕੁਝ ਯਾਦ ਨਹੀਂ। ਸਵਰਨ ਸਿੰਘ ਦੇ ਪਿਤਾ ਗੁੱਜਰਾਂਵਾਲਾ ਦੇ ਰੱਤਾ ਗੁਰਾਇਆ ਤੋਂ ਸਨ, ਪਰ ਉਹ ਆਪ ਜ਼ਿਆਦਾਤਰ ਆਪਣੇ ਨਾਨਕੇ ਪਿੰਡ ਵਰਨ ਹੀ ਰਿਹਾ। ਉਸ ਦੀ ਪਤਨੀ ਮਾਨ ਕੌਰ ਵੀ ਵਰਨ ਪਿੰਡ ਦੇ ਵੱਡੇ ਜ਼ਿਮੀਂਦਾਰ ਦੀ ਧੀ ਹੈ। ਉਸ ਨੇ ਦੱਸਿਆ, “ਮੇਰੇ ਪਿਤਾ ਕੋਲ ਪੰਜ ਮੁਰੱਬੇ ਜ਼ਮੀਨ ਸੀ। ਮਾਹੌਲ ਖ਼ਰਾਬ ਹੋਣ ’ਤੇ ਸਾਡਾ ਇੱਕ ਰਿਸ਼ਤੇਦਾਰ ਸਾਨੂੰ ਇੱਧਰ ਲੈ ਆਇਆ ਅਤੇ ਜ਼ਮੀਨ ਦਾ ਆਪ ਮੁਖ਼ਤਿਆਰ ਬਣ ਗਿਆ।” ਵਿਆਹ ਮੌਕੇ ਸਵਰਨ ਸਿੰਘ ਅਤੇ ਮਾਨ ਕੌਰ ਕੋਲ ਕੋਈ ਜ਼ਮੀਨ ਨਹੀਂ ਸੀ ਅਤੇ ਠੇਕੇ ’ਤੇ ਹੀ ਜ਼ਮੀਨ ਲੈ ਕੇ ਉਨ੍ਹਾਂ ਨੇ ਲੰਮਾ ਸਮਾਂ ਖੇਤੀ ਕਰਕੇ 10 ਏਕੜ ਜ਼ਮੀਨ ਜੋੜੀ।

Share this content:

Post Comment