ਅੰਮ੍ਰਿਤਸਰ ਵਿੱਚ ਹੋਏ 31ਵੇਂ ਹਿੰਦ-ਪਾਕਿ ਸੰਮੇਲਨ ਦਾ ਐਲਾਨਨਾਮਾ

ਭਾਰਤ ਤੇ ਪਾਕਿਸਤਾਨ ਦੇ 80ਵੇਂ ਆਜ਼ਾਦੀ ਦਿਵਸ ‘ਤੇ ਅਸੀਂ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਵਧਾਈ ਦਿੰਦੇ ਹਾਂ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ। ਇਸ ਇਤਿਹਾਸਕ ਅਵਸਰ ‘ਤੇ ਅਸੀਂ ਉਨ੍ਹਾਂ ਸਮੂਹ ਦੇਸ਼ ਭਗਤਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਜਿਨ੍ਹਾਂ ਨੇ ਤਨ, ਮਨ ਤੇ ਧਨ ਨਾਲ ਕੁਰਬਾਨੀਆਂ ਕਰਕੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਲੋਕਾਂ ਨੂੰ ਬਰਤਾਨਵੀ ਸਾਮਰਾਜ ਤੋਂ ਆਜ਼ਾਦੀ ਦੁਆਈ। ਇਸ ਦੇ ਨਾਲ ਹੀ ਅਸੀਂ ਉਪ-ਮਹਾਂਦੀਪ ਦੀ 1947 ਵਿਚ ਹੋਈ ਵੰਡ ਦੌਰਾਨ ਫ਼ਿਰਕੂ ਹਿੰਸਾ ਵਿਚ ਮਾਰੇ ਗਏ 10 ਲੱਖ ਲੋਕਾਂ ਨੂੰ ਵੀ ਆਪਣੀ ਸ਼ਰਧਾਂਜਲੀ ਭੇਟ ਕਰਦੇ ਹਾਂ। ਇਸ ਅਵਸਰ ‘ਤੇ ਅਸੀਂ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਦੀਆਂ ਸਰਕਾਰਾਂ ਸਾਹਮਣੇ ਹੇਠ ਦਰਜ ਮੰਗਾਂ ਰੱਖਣੀਆਂ ਚਾਹੁੰਦੇ ਹਾਂ :
1. ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਆਪਸੀ ਸੰਬੰਧਾਂ ਦੀ ਅਜੋਕੀ ਸਥਿਤੀ ‘ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਅਸੀਂ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਸੀ ਸੰਬੰਧ ਸੁਧਾਰਨ ਅਤੇ ਵਿਵਾਦ ਵਾਲੇ ਸਾਰੇ ਮਸਲਿਆਂ ਦੇ ਹੱਲ ਲਈ ਤੁਰੰਤ ਗੱਲਬਾਤ ਆਰੰਭ ਕਰਨ। ਆਪਸੀ ਤਣਾਅ ਵਧਾ ਕੇ ਇਸ ਖਿੱਤੇ ਨੂੰ ਇਕ ਹੋਰ ਲੰਮੀ ਜੰਗ ਵੱਲ ਧੱਕਣ ਤੋਂ ਸੰਕੋਚ ਕੀਤਾ ਜਾਵੇ। ਇਸ ਦੇ ਨਾਲ ਹੀ ਅਸੀਂ ਪਾਕਿਸਤਾਨ ਦੀ ਸਰਕਾਰ ਤੋਂ ਇਹ ਵੀ ਮੰਗ ਕਰਦੇ ਹਾਂ ਕਿ ਉਹ ਕਿਸੇ ਵੀ ਰੂਪ ਵਿਚ ਭਾਰਤ ਵਿਰੋਧੀ ਦਹਿਸ਼ਤਗਰਦ ਤਨਜੀਮਾਂ ਦੀ ਮਦਦ ਨਾ ਕਰੇ, ਪਾਕਿਸਤਾਨ ਦੀ, ਧਰਤੀ ਦੀ ਵਰਤੋਂ ਕਰਕੇ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਭਾਰਤ ਨੂੰ ਤੱਸਕਰੀ ਕਰਨ ਵਾਲੇ ਅਨਸਰਾਂ ‘ਤੇ ਸਖਤੀ ਨਾਲ ਰੋਕ ਲਾਈ ਜਾਵੇ।
2. ਅਸੀਂ ਉਪਰੋਕਤ ਤਿੰਨਾਂ ਦੇਸ਼ਾਂ ਵਿਚ ਘੱਟ ਗਿਣਤੀਆਂ ‘ਤੇ ਵੱਧ ਰਹੇ ਹਮਲਿਆਂ ਅਤੇ ਜਬਰੀ ਧਰਮ ਪਰਿਵਰਤਨ ਦੀਆਂ ਗੰਭੀਰ ਘਟਨਾਵਾਂ ‘ਤੇ ਵੀ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਅਜਿਹੇ ਵਰਤਾਰੇ ਦੀ ਸਖ਼ਤ ਆਲੋਚਨਾ ਕਰਦੇ ਹਾਂ ਅਤੇ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ 1950 ਵਿਚ ਨਵੀਂ ਦਿੱਲੀ ਵਿਚ ਹੋਏ ਨਹਿਰੂ – ਲਿਆਕਤ ਅਲੀ ਸਮਝੌਤੇ ਦੀ ਭਾਵਨਾ ਦੇ ਅਨੁਸਾਰ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਵਿਚ ਘੱਟ ਗਿਣਤੀਆਂ ਦੀ ਜਾਨ-ਮਾਲ ਦੀ ਪੂਰੀ-ਪੂਰੀ ਰੱਖਿਆ ਕੀਤੀ ਜਾਵੇ ਅਤੇ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿਚ ਉਨ੍ਹਾਂ ਨਾਲ ਵਿਤਕਰਾ ਨਾ ਕੀਤਾ ਜਾਵੇ।

3. ਅਸੀਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਤੋਂ ਇਹ ਵੀ ਮੰਗ ਕਰਦੇ ਹਾਂ ਕਿ ਅਟਾਰੀ ਤੇ ਵਾਹਗਾ ਦੀ ਸਰਹੱਦ ਨੂੰ ਵਪਾਰ ਅਤੇ ਲੋਕਾਂ ਦੀ ਆਵਾਜਾਈ ਲਈ ਮੁੜ ਤੋਂ ਖੋਲ੍ਹਿਆ ਜਾਵੇ। ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਲੋਕ ਇਕ ਜਾਂ ਦੂਜੇ ਦੇਸ਼ ਦੀ ਯਾਤਰਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀਜ਼ੇ ਦੇਣ ਦਾ ਸਿਲਸਿਲਾ ਮੁੜ ਤੋਂ ਆਰੰਭ ਕੀਤਾ ਜਾਵੇ। ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਸਿੱਖ ਸ਼ਰਧਾਲੂਆਂ ਲਈ ਮੁੜ ਤੋਂ ਖੋਲ੍ਹਿਆ ਜਾਵੇ ਤਾਂ ਕਿ ਉਹ ਉਥੇ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ।
4. ਭਾਰਤ ਤੇ ਪਾਕਿਸਤਾਨ ਦੇ 80ਵੇਂ ਆਜ਼ਾਦੀ ਦਿਵਸ ਨੂੰ ਮੁੱਖ ਰੱਖ ਕੇ ਅਗਲੇ ਆਜ਼ਾਦੀ ਦਿਵਸ ਤੱਕ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਲਈ ਅਸਾਨ ਵੀਜ਼ਾ ਨੀਤੀ ਸ਼ੁਰੂ ਕੀਤੀ ਜਾਵੇ, ਜਿਨ੍ਹਾਂ ਨੂੰ 1947 ਵਿਚ ਸਰਹੱਦਾਂ ਦੇ ਆਰ-ਪਾਰ ਹਿਜ਼ਰਤ ਕਰਨੀ ਪਈ ਸੀ, ਤਾਂ ਜੋ ਉਹ ਆਪਣੇ ਜਾਂ ਆਪਣੇ ਬਜ਼ੁਰਗਾਂ ਦੇ ਪਿੰਡਾਂ ਤੇ ਸ਼ਹਿਰਾਂ ਨੂੰ ਇਕ ਵਾਰ ਮੁੜ ਤੋਂ ਦੇਖ ਸਕਣ। ਇਸ ਨਾਲ ਆਪਸੀ ਸੰਬੰਧ ਸੁਧਾਰਨ ਵਿਚ ਵੱਡੀ ਮਦਦ ਮਿਲ ਸਕਦੀ ਹੈ।
5. ਅਸੀਂ ਭਾਰਤ ਦੀ ਸਰਕਾਰ ਤੋਂ ਇਹ ਵੀ ਮੰਗ ਕਰਦੇ ਹਾਂ ਕਿ ਪਹਿਲਗਾਮ ਦੇ ਘਟਨਾਕ੍ਰਮ ਤੋਂ ਬਾਅਦ ਮੁਲਤਵੀ ਕੀਤੇ ਗਏ ਸਿੰਧ ਜਲ ਸਮਝੌਤੇ ਨੂੰ ਮੁੜ ਬਹਾਲ ਕੀਤਾ ਜਾਏ, ਕਿਉਂਕਿ ਪਾਕਿਸਤਾਨ ਦੇ ਲੋਕ ਆਪਣੀਆਂ ਪਾਣੀ ਦੀਆਂ 80 ਫ਼ੀਸਦੀ ਲੋੜਾਂ ਸਿੰਧ, ਜਿਹਲਮ ਤੇ ਚਨਾਬ ਦੇ ਦਰਿਆਵਾਂ ਤੋਂ ਪੂਰੀਆਂ ਕਰਦੇ ਹਨ। ਸਮੇਂ ਦੇ ਬੀਤਣ ਨਾਲ ਇਸ ਸੰਬੰਧੀ ਪੈਦਾ ਹੋਈਆਂ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੁਵੱਲੀ ਗੱਲਬਾਤ ਰਾਹੀਂ ਸੁਲਝਾਇਆ ਜਾਵੇ।
6. ਅਟਾਰੀ – ਵਾਹਗਾ ਤੇ ਭਾਰਤ – ਬੰਗਲਾਦੇਸ਼ ਦੀ ਸਰਹੱਦ ‘ਤੇ ਦੇਸ਼ ਦੀ ਵੰਡ ਸਮੇਂ ਮਾਰੇ ਗਏ 10 ਲੱਖ ਲੋਕਾਂ ਦੀ ਯਾਦ ਵਿਚ ਕ੍ਰਮਵਾਰ ਦੋ ‘ਪੀਸ ਪਾਰਕ’ ਬਣਾਏ ਜਾਣ, ਜਿਥੇ ਤਿੰਨੇ ਦੇਸ਼ਾਂ ਦੇ ਲੋਕ ਉਨ੍ਹਾਂ ਨੂੰ ਸਮੇਂ-ਸਮੇਂ ਆਪਣੀਆਂ ਸ਼ਰਧਾਂਜਲੀਆਂ ਭੇਟ ਕਰ ਸਕਣ।

7. ਭਾਰਤ-ਪਾਕਿਸਤਾਨ ਦਰਮਿਆਨ ਅਮਨ ਤੇ ਦੋਸਤੀ ਲਈ ਕੰਮ ਕਰਨ ਵਾਲੇ ਸੰਗਠਨਾਂ, ਕਲਾਕਾਰਾਂ ਤੇ ਪੱਤਰਕਾਰਾਂ ਤੇ ਬੁੱਧੀਜੀਵੀਆਂ ਨੂੰ ਖੁੱਲ੍ਹ-ਦਿਲੀ ਨਾਲ ਸਰਹੱਦਾਂ ਦੇ ਆਰ-ਪਾਰ ਜਾਣ ਆਉਣ ਲਈ ਸਰਕਾਰਾਂ ਵਲੋਂ ਵੀਜ਼ੇ ਦਿੱਤੇ ਜਾਣ ਤਾਂ ਜੋ ਉਹ ਅਮਨ ਤੇ ਸ਼ਾਂਤੀ ਲਈ ਮਾਹੌਲ ਬਣਾਉਣ ਵਿਚ ਆਪਣਾ ਯੋਗਦਾਨ ਪਾ ਸਕਣ।
ਆਖਿਰ ਵਿਚ ਅਸੀਂ ਦੇਸ਼-ਵਿਦੇਸ਼ ਵਿਚ ਵਸਦੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਿਛਲੇ 30 ਸਾਲਾਂ ਵਿਚ ਸਾਡੀਆਂ ਜਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰੀਸਰਚ ਅਕਾਦਮੀ ਅੰਮ੍ਰਿਤਸਰ, ਪਾਕਿਸਤਾਨ-ਇੰਡੀਆ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕ੍ਰੇਸੀ, ਸਾਫਮਾ ਤੇ ਸਰਬੱਤ ਦਾ ਭਲਾ ਟਰੱਸਟ ਨੂੰ ਭਾਰਤ ਤੇ ਪਾਕਿਸਤਾਨ ਦਰਮਿਆਨ ਅਮਨ ਤੇ ਦੋਸਤੀ ਵਾਲਾ ਮਾਹੌਲ ਸਿਰਜਣ ਲਈ ਅਤੇ ਅਟਾਰੀ-ਵਾਹਗੇ ਦੀ ਸਰਹੱਦ ‘ਤੇ ਮੋਮਬੱਤੀਆਂ ਜਗਾਉਣ ਲਈ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ।
Share this content:


Post Comment