ਪ੍ਰਵਾਸ ਦੇ ਬਦਲਦੇ ਸਮੀਕਰਨ: ਨਵੀਂ ਉਮੀਦ, ਨਵੀਆਂ ਚੁਣੌਤੀਆਂ!
-ਨਿਊਜ਼ੀਲੈਂਡ ਵਿਚ ਸ਼ੁੱਧ ਪ੍ਰਵਾਸ ਵਾਧੇ ’ਚ ਉਛਾਲ, ਜੂਨ 2026 ਤੱਕ 17,600 ਰਿਕਾਰਡ ਕੀਤਾ ਗਿਆ ਸ਼ੁੱਧ ਵਾਧਾ
-ਗੈਰ-ਨਿਊਜ਼ੀਲੈਂਡ ਨਾਗਰਿਕਾਂ ਦੇ ਆਗਮਨ ਨਾਲ ਪ੍ਰਵਾਸ ਅੰਕੜਿਆਂ ਨੂੰ ਮਿਲੀ ਮਜ਼ਬੂਤੀ
-ਕੀਵੀ ਨਾਗਰਿਕਾਂ ਦਾ ਬਾਹਰ ਜਾਣਾ ਜਾਰੀ, ਜ਼ਿਆਦਾਤਰ ਨੇ ਆਸਟਰੇਲੀਆ ਵੱਲ ਕੀਤਾ ਰੁੱਖ
ਔਕਲੈਂਡ, 14 ਅਗਸਤ 2026 (ਹਰਜਿੰਦਰ ਸਿੰਘ ਬਸਿਆਲਾ) – ਵੈਲਿੰਗਟਨ ਤੋਂ ਪ੍ਰਾਪਤ ਤਾਜ਼ਾ ਜਾਣਕਾਰੀ ਅਨੁਸਾਰ, ਨਿਊਜ਼ੀਲੈਂਡ ਦੇ ਅੰਕੜਾ ਵਿਭਾਗ (ਸਟੈਟਸ ਐਨਜ਼ੈਡ) ਵੱਲੋਂ ਜਾਰੀ ਅਨੁਮਾਨਿਤ ਅੰਕੜਿਆਂ ਮੁਤਾਬਕ ਜੂਨ 2026 ਦੇ ਸਾਲ ਦੌਰਾਨ ਦੇਸ਼ ਦੇ ਸ਼ੁੱਧ ਪ੍ਰਵਾਸ ਵਾਧੇ ਵਿਚ ਸੁਧਾਰ ਦੇਖਣ ਨੂੰ ਮਿਲਿਆ ਹੈ। ਪਿਛਲੇ ਸਾਲ ਦੀ ਤੁਲਨਾ ਵਿਚ ਇਸ ਵਾਰ ਪ੍ਰਵਾਸੀਆਂ ਦੇ ਆਗਮਨ ਵਿਚ ਹਲਕਾ ਵਾਧਾ ਅਤੇ ਦੇਸ਼ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵਿਚ ਕਮੀ ਦਰਜ ਕੀਤੀ ਗਈ ਹੈ।
ਮੁੱਖ ਰਿਪੋਰਟ: ਅੰਕੜਾ ਵਿਭਾਗ ਦੇ ਅੰਤਰਰਾਸ਼ਟਰੀ ਪ੍ਰਵਾਸ ਅੰਕੜਾ ਤਰਜਮਾਨ ਡੇਵ ਓ’ਡੋਨੋਵਨ ਨੇ ਦੱਸਿਆ ਕਿ ਜੂਨ 2025 ਸਾਲ ਦੇ 10,300 ਦੇ ਸ਼ੁੱਧ ਵਾਧੇ ਦੇ ਮੁਕਾਬਲੇ ਜੂਨ 2026 ਸਾਲ ਵਿਚ ਇਹ ਅੰਕੜਾ 17,600 ਤੱਕ ਪਹੁੰਚ ਗਿਆ ਹੈ। ਇਸ ਵਾਧੇ ਦਾ ਮੁੱਖ ਕਾਰਨ ਪ੍ਰਵਾਸੀਆਂ ਦੇ ਬਾਹਰ ਜਾਣ ਵਿਚ 5 ਫੀਸਦੀ ਦੀ ਗਿਰਾਵਟ ਅਤੇ ਆਉਣ ਵਾਲਿਆਂ ਵਿਚ 1 ਫੀਸਦੀ ਦਾ ਵਾਧਾ ਹੈ। ਜੂਨ 2026 ਦੇ ਸਾਲ ਦੌਰਾਨ ਕੁੱਲ 130,700 ਪ੍ਰਵਾਸੀ ਨਿਊਜ਼ੀਲੈਂਡ ਆਏ, ਜਦੋਂ ਕਿ 113,100 ਲੋਕ ਦੇਸ਼ ਤੋਂ ਬਾਹਰ ਗਏ। ਇਸ ਦੇ ਮੁਕਾਬਲੇ ਜੂਨ 2025 ਵਿਚ 129,100 ਲੋਕ ਆਏ ਸਨ ਅਤੇ 118,800 ਬਾਹਰ ਗਏ ਸਨ। ਜੇਕਰ 2002 ਤੋਂ 2025 ਤੱਕ ਦੇ ਲੰਬੇ ਸਮੇਂ ਦੀ ਔਸਤ ਦੇਖੀ ਜਾਵੇ ਤਾਂ ਸਾਲਾਨਾ 122,700 ਪ੍ਰਵਾਸੀ ਆਉਂਦੇ ਸਨ, 91,500 ਬਾਹਰ ਜਾਂਦੇ ਸਨ ਅਤੇ ਸ਼ੁੱਧ ਵਾਧਾ 31,200 ਦਾ ਰਹਿੰਦਾ ਸੀ। ਪ੍ਰਵਾਸ ਵਿਚ ਆਉਣ ਵਾਲੇ ਇਹ ਬਦਲਾਅ ਆਮ ਤੌਰ ’ਤੇ ਨਿਊਜ਼ੀਲੈਂਡ ਅਤੇ ਬਾਕੀ ਦੁਨੀਆ ਦੇ ਆਰਥਿਕ ਹਾਲਾਤ, ਰੁਜ਼ਗਾਰ ਬਾਜ਼ਾਰ ਅਤੇ ਇਮੀਗ੍ਰੇਸ਼ਨ ਨੀਤੀਆਂ ’ਤੇ ਨਿਰਭਰ ਕਰਦੇ ਹਨ।
ਗੈਰ-ਨਿਊਜ਼ੀਲੈਂਡ ਨਾਗਰਿਕਾਂ ਦਾ ਸ਼ੁੱਧ ਵਾਧਾ: ਜੂਨ 2026 ਦੇ ਸਾਲ ਵਿਚ ਗੈਰ-ਨਿਊਜ਼ੀਲੈਂਡ ਨਾਗਰਿਕਾਂ ਦਾ ਸ਼ੁੱਧ ਪ੍ਰਵਾਸ ਵਾਧਾ 55,300 ਰਿਹਾ, ਜੋ ਕਿ ਜੂਨ 2025 ਦੇ 51,300 ਦੇ ਮੁਕਾਬਲੇ ਜ਼ਿਆਦਾ ਹੈ। ਹਾਲਾਂਕਿ ਅਕਤੂਬਰ 2023 ਵਿਚ ਇਹ ਵਾਧਾ 174,500 ਦਾ ਰਿਕਾਰਡ ਪੱਧਰ ਛੂਹ ਚੁੱਕਾ ਹੈ। 2002 ਤੋਂ 2025 ਤੱਕ ਜੂਨ ਸਾਲਾਂ ਲਈ ਗੈਰ-ਨਿਊਜ਼ੀਲੈਂਡ ਨਾਗਰਿਕਾਂ ਦਾ ਸਾਲਾਨਾ ਔਸਤਨ ਸ਼ੁੱਧ ਵਾਧਾ 50,400 ਰਿਹਾ ਸੀ। ਓ’ਡੋਨੋਵਨ ਅਨੁਸਾਰ ਗੈਰ-ਕੀਵੀ ਨਾਗਰਿਕਾਂ ਵਿਚ ਇਹ ਵਾਧਾ ਦੇਸ਼ ਛੱਡ ਕੇ ਜਾਣ ਵਾਲਿਆਂ ਦੀ ਘਟੀ ਗਿਣਤੀ ਕਰਕੇ ਹੋਇਆ ਹੈ।
ਨਿਊਜ਼ੀਲੈਂਡ ਨਾਗਰਿਕਾਂ ਦਾ ਸ਼ੁੱਧ ਨੁਕਸਾਨ: ਦੂਜੇ ਪਾਸੇ ਨਿਊਜ਼ੀਲੈਂਡ ਦੇ ਆਪਣੇ ਨਾਗਰਿਕਾਂ ਦਾ ਦੇਸ਼ ਛੱਡਣਾ ਜਾਰੀ ਹੈ। ਜੂਨ 2026 ਦੇ ਸਾਲ ਵਿਚ 37,700 ਨਿਊਜ਼ੀਲੈਂਡ ਨਾਗਰਿਕਾਂ ਦਾ ਸ਼ੁੱਧ ਨੁਕਸਾਨ ਦਰਜ ਕੀਤਾ ਗਿਆ, ਜੋ ਕਿ 26,200 ਦੇ ਆਗਮਨ ਅਤੇ 63,900 ਦੇ ਰਵਾਨਗੀ ਦਾ ਨਤੀਜਾ ਹੈ। ਜੂਨ 2025 ਵਿਚ ਇਹ ਨੁਕਸਾਨ 41,000 ਸੀ, ਜਦੋਂ ਕਿ ਅਪ੍ਰੈਲ 2024 ਵਿਚ ਇਹ 45,900 ਦੇ ਰਿਕਾਰਡ ਪੱਧਰ ’ਤੇ ਸੀ। 2002 ਤੋਂ 2025 ਤੱਕ ਦੇ ਸਾਲਾਂ ਲਈ ਨਿਊਜ਼ੀਲੈਂਡ ਨਾਗਰਿਕਾਂ ਦਾ ਸਾਲਾਨਾ ਔਸਤਨ ਸ਼ੁੱਧ ਨੁਕਸਾਨ 19,200 ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਛੱਡ ਕੇ ਜਾਣ ਵਾਲੇ 64 ਫੀਸਦੀ ਨਿਊਜ਼ੀਲੈਂਡ ਨਾਗਰਿਕ ਆਸਟ?ਰੇਲੀਆ ਗਏ ਹਨ, ਜਿਨ੍ਹਾਂ ਵਿਚੋਂ 35 ਫੀਸਦੀ ਲੋਕ ਨਿਊਜ਼ੀਲੈਂਡ ਤੋਂ ਬਾਹਰ ਜਨਮੇ ਸਨ। ਪ੍ਰਵਾਸ ਦੇ ਨਿਯਮ ਅਤੇ ਜਨਸੰਖਿਆ ’ਤੇ ਅਸਰ: ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ 12 ਮਹੀਨਿਆਂ ਦੀ ਮਿਆਦ ਦੇ ਆਧਾਰ ’ਤੇ ਹੀ ਪ੍ਰਵਾਸੀਆਂ ਦਾ ਵਰਗੀਕਰਨ ਕੀਤਾ ਜਾਂਦਾ ਹੈ। ਇਹ ਪ੍ਰਵਾਸ ਨਿਊਜ਼ੀਲੈਂਡ ਦੀ ਕੁੱਲ ਆਬਾਦੀ ਦੇ ਬਦਲਾਅ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਆਬਾਦੀ ਦੇ ਅਨੁਮਾਨਿਤ ਅੰਕੜੇ ਅਗਸਤ ਅਤੇ ਅਕਤੂਬਰ ਮਹੀਨਿਆਂ ਵਿਚ ਜਾਰੀ ਕੀਤੇ ਜਾਣਗੇ।
Share this content:



Post Comment