ਹੈਮਿਲਟਨ ਸਿਵਿਕ ਅਵਾਰਡ ; ਨਿਸਵਾਰਥ ਭਾਈਚਾਰਕ ਸੇਵਾ ਅਤੇ ਸਮਾਜਿਕ ਸਾਂਝ ਦੀ ਪ੍ਰੇਰਨਾਦਾਇਕ ਮਿਸਾਲ!
*ਵਾਈਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਟਰੱਸਟ ਨੂੰ ਮੇਅਰ ਟਿਮ ਮੈਕਇੰਡੋ ਨੇ ਵਿਸ਼ੇਸ਼ ਸਮਾਰੋਹ ਦੌਰਾਨ ਟਰੱਸਟ ਟੀਮ ਨੂੰ ਸੌਂਪਿਆ ਵੱਕਾਰੀ ਸਨਮਾਨ ਪੱਤਰ
– ਸਿਹਤ, ਸੱਭਿਆਚਾਰ ਅਤੇ ਸਮਾਜਿਕ ਭਲਾਈ ਦੇ ਖੇਤਰ ਵਿੱਚ ਬੇਮਿਸਾਲ ਯੋਗਦਾਨ ਲਈ ਮਿਲਿਆ ਮਾਣ
ਔਕਲੈਂਡ, 12 ਅਗਸਤ 2026 (ਹਰਜਿੰਦਰ ਸਿੰਘ ਬਸਿਆਲਾ) – ‘ਹੈਮਿਲਟਨ ਸਿਵਿਕ ਅਵਾਰਡ’ ਹੈਮਿਲਟਨ ਸਿਟੀ ਕੌਂਸਲ ਵੱਲੋਂ ਸ਼ਹਿਰ ਦੀ ਬਿਹਤਰੀ, ਨਿਸਵਾਰਥ ਭਾਈਚਾਰਕ ਸੇਵਾ, ਸਿਹਤ ਅਤੇ ਸਮਾਜਿਕ ਭਲਾਈ ਲਈ ਦਿੱਤਾ ਜਾਣ ਵਾਲਾ ਇੱਕ ਬਹੁਤ ਹੀ ਵੱਕਾਰੀ ਸਨਮਾਨ ਹੈ। ਇਸ ਪੁਰਸਕਾਰ ਦਾ ਮੁੱਖ ਮਨੋਰਥ ਉਨ੍ਹਾਂ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਲਗਾਤਾਰ ਸੇਵਾਵਾਂ ਨੂੰ ਮਾਨਤਾ ਦੇਣਾ ਹੈ ਜੋ ਸ਼ਹਿਰ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਕਾਰਜਸ਼ੀਲ ਹਨ। ਇਸੇ ਲੜੀ ਤਹਿਤ 11 ਅਗਸਤ 2026 ਨੂੰ ਹੈਮਿਲਟਨ ਗਾਰਡਨਜ਼ ਪੈਵੇਲੀਅਨ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਦੌਰਾਨ ‘ਵਾਈਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ’ ਨੂੰ ਸਿਹਤ ਅਤੇ ਤੰਦਰੁਸਤੀ ਦੇ ਖੇਤਰ ਵਿੱਚ ਬੇਮਿਸਾਲ ਯੋਗਦਾਨ ਬਦਲੇ ‘ਹੈਮਿਲਟਨ ਸਿਵਿਕ ਅਵਾਰਡ’ ਨਾਲ ਨਵਾਜਿਆ ਗਿਆ।
ਇਹ ਪੁਰਸਕਾਰ ਹੈਮਿਲਟਨ ਦੇ ਮੇਅਰ ਟਿਮ ਮੈਕਇੰਡੋ ਦੁਆਰਾ ਸਥਾਨਕ ਕੌਂਸਲਰਾਂ, ਸੰਸਦ ਮੈਂਬਰਾਂ ਅਤੇ ਪ੍ਰਮੁੱਖ ਭਾਈਚਾਰਕ ਆਗੂਆਂ ਦੀ ਮੌਜੂਦਗੀ ਵਿੱਚ ਟਰੱਸਟ ਦੇ ਵਫ਼ਦ ਨੂੰ ਭੇਂਟ ਕੀਤਾ ਗਿਆ। ਟਰੱਸਟ ਵੱਲੋਂ ਸਥਾਪਨਾ ਤੋਂ ਲੈ ਕੇ ਹੀ ਖੂਨਦਾਨ ਕੈਂਪਾਂ ਦੇ ਆਯੋਜਨ, ਵਾਤਾਵਰਣ ਦੀ ਸੰਭਾਲ ਲਈ ਰੁੱਖ ਲਗਾਉਣ ਦੀਆਂ ਮੁਹਿੰਮਾਂ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਨੌਜਵਾਨਾਂ ਨੂੰ ਵਿਰਾਸਤ ਨਾਲ ਜੋੜਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਸਮਾਰੋਹ ਵਿੱਚ ਟਰੱਸਟ ਦੀ ਨੁਮਾਇੰਦਗੀ ਪ੍ਰਧਾਨ ਜਰਨੈਲ ਸਿੰਘ ਰਾਹੋਂ, ਜਸਵਿੰਦਰ ਕੌਰ ਰਾਹੋਂ, ਰਣਜੀਤ ਬੋਪਾਰਾਏ, ਕਰਮਜੀਤ ਬੋਪਾਰਾਏ, ਅਤੁਲ ਸ਼ਰਮਾ, ਹਰਗੁੰਜੀਤ ਸਿੰਘ, ਮੁਕੇਸ਼ ਬੱਗਾ, ਜਤਿੰਦਰ ਸਿੰਘ, ਬਿੰਨੇਦੀਪ ਸਿੰਘ ਅਤੇ ਅਮਨ ਸਾਢਲ ਨੇ ਕੀਤੀ। ਟਰੱਸਟ ਦੇ ਪ੍ਰਬੰਧਕਾਂ ਨੇ ਇਸ ਸਨਮਾਨ ਨੂੰ ਸਮੁੱਚੀ ਟੀਮ, ਵਲੰਟੀਅਰਾਂ, ਸਮਰਥਕਾਂ ਅਤੇ ਸਪਾਂਸਰਾਂ ਦੀ ਸਾਂਝੀ ਮਿਹਨਤ ਦਾ ਨਤੀਜਾ ਦੱਸਦਿਆਂ ਹੈਮਿਲਟਨ ਸਿਟੀ ਕੌਂਸਲ ਅਤੇ ਸਮੁੱਚੇ ਭਾਈਚਾਰੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਅਵਾਰਡ ਉਨ੍ਹਾਂ ਲਈ ਮੰਜ਼ਿਲ ਨਹੀਂ ਸਗੋਂ ਭਵਿੱਖ ਵਿੱਚ ਭਾਈਚਾਰੇ ਦੀ ਹੋਰ ਉਤਸ਼ਾਹ ਨਾਲ ਸੇਵਾ ਕਰਨ ਲਈ ਇੱਕ ਵੱਡੀ ਪ੍ਰੇਰਨਾ ਹੈ।
Share this content:



Post Comment