Loading Now

ਮੇਰੀ ਮਾਂ ਤਾਂ ਰੱਬ ਦੀ ਕਵਿਤਾ/ਕਵਿਤਾ/ਗੁਰਭਜਨ ਗਿੱਲ

ਮੇਰੀ ਮਾਂ ਤਾਂ ਰੱਬ ਦੀ ਕਵਿਤਾ/ਕਵਿਤਾ/ਗੁਰਭਜਨ ਗਿੱਲ

    IMG-20260802-WA0004-243x300 ਮੇਰੀ ਮਾਂ ਤਾਂ ਰੱਬ ਦੀ ਕਵਿਤਾ/ਕਵਿਤਾ/ਗੁਰਭਜਨ ਗਿੱਲਗੁਰਭਜਨ ਸਿੰਘ ਗਿੱਲ ਜੀ ਆਪਣੀ ਮਾਂ ਦੇ ਨਾਲ

ਮੇਰੀ ਮਾਂ ਤਾਂ ਰੱਬ ਦੀ ਕਵਿਤਾ – ਗੁਰਭਜਨ ਗਿੱਲ

ਮੇਰੀ ਮਾਂ ਤਾਂ ਰੱਬ ਦੀ ਕਵਿਤਾ,

ਸਤਰ ਸਤਰ ਸਰਸਬਜ਼ ਬਗ਼ੀਚਾ ।

ਨੂਰੀ ਚਸ਼ਮਾ ਮੋਹ ਮਮਤਾ ਦਾ ।

ਬਾਜ਼ ਨਜ਼ਰ ਸੂਰਜ ਤੋਂ ਅੱਗੇ ।

 

ਮੇਰੇ ਦਿਲ ਦੀ ਧੜਕਣ ਵਿੱਚੋਂ,

ਮੇਰੇ ਹੌਕੇ ਪੁਣ ਲੈਂਦੀ ਹੈ ।

ਮੱਥੇ ਅੰਦਰ ਖੁਭ ਗਏ ਕੰਡੇ,

ਬਿਨ ਦੱਸਿਆ ਹੀ ਚੁਣ ਲੈਂਦੀ ਹੈ ।

 

ਮਾਂ ਦੇ ਪਿਆਰ-ਤਰੌਂਕੇ ਸਦਕਾ

ਹਰ ਪਰਬਤ ਤੇ ਚੜ੍ਹ ਲੈਂਦਾ ਹਾਂ ।

ਸੂਰਜ ਤੀਕ ਪਹੁੰਚਦੀ ਪੌੜੀ,

ਸ਼ਬਦਾਂ ਨਾਲ ਹੀ ਘੜ ਲੈਂਦਾ ਹਾਂ ।

ਵਕਤ-ਦੀਵਾਰ ਤੇ ਜੋ ਵੀ ਲਿਖਦੈ,

ਅੱਖਰ ਅੱਖਰ ਪੜ੍ਹ ਲੈਂਦਾ ਹਾਂ ।

ਹਿੱਕੜੀ ਅੰਦਰ ਜੜ ਲੈਂਦਾ ਹਾਂ ।

 

ਮੇਰੀ ਮਾਂ ਦੇ ਨੈਣਾਂ ਵਿਚ ਸੀ ਅਜਬ ਕੈਮਰਾ ।

ਆਰ ਪਾਰ ਦੀ ਜਾਨਣਹਾਰਾ ।

ਘਰ ਵੜਦੇ ਹੀ ਬੁੱਝ ਲੈਂਦੀ ਸੀ,

ਅੱਜ ਤੇਰਾ ਮਨ ਠੀਕ ਨਹੀਂ ਲੱਗਦਾ ।

 

ਬੁਝਿਐ ਬੁਝਿਐਂ ਕੀ ਹੋਇਆ ਹੈ?

ਲੜ ਕੇ ਆਇਐਂ,

ਜਾਂ ਫਿਰ ਤੈਨੂੰ ਕਿਸੇ ਝਿੜਕਿਆ?

ਮੈਨੂੰ ਦੱਸ ਤੂੰ, ਮੈਂ ਵੇਹਦੀਂ ਆਂ ।

ਕਿਹੜਾ ਮੇਰੇ ਲਾਲ ਬਰਾਬਰ ।

ਇਹ ਹੀ ਭਰਮ ਅਜੇ ਤੱਕ ਜੀਂਦਾ ।

ਨਾਲ ਬਰਾਬਰ ਤੁਰਦਾ ਮੇਰੇ ।

ਮੇਰੀ ਪਿੱਠ ਤੇ ਮੇਰੀ ਮਾਂ ਦਾ ਅਜਬ ਥਾਪੜਾ ।

ਹੌਂਸਲਿਆਂ ਦੀ ਭਰੀ ਪੋਟਲੀ ।

 

ਇਉਂ ਲੱਗਦਾ ਹੈ ਮੇਰੀ ਬੀਬੀ,

ਮੇਰੀ ਮਾਤਾ ਅੰਗ ਸੰਗ ਮੇਰੇ ।

ਕਿਧਰੇ ਗੀਤ ਗ਼ਜ਼ਲ ਵਿੱਚ ਢਲ਼ਦੀ ।

ਬਣ ਜਾਂਦੀ ਹੈ ਕਵਿਤਾ ਆਪੇ ।

ਸ਼ਬਦਾਂ ਅੰਦਰ ਰਸਦੀ ਵੱਸਦੀ,

ਮੇਰੀ ਸੁਣਦੀ, ਆਪਣੀ ਦੱਸਦੀ ।

ਜੀਆਂ ਦੀ ਸੁਖਸਾਂਦ ਜਾਣਦੀ ।

ਧਰਤੀ ਜਿੱਡੇ ਦਰਦ-ਹਾਣ ਦੀ ।

ਦੁੱਖ ਤਕਲੀਫ਼ ਦੀ ਸਿਖ਼ਰ ਦੁਪਹਿਰੇ,

ਮੇਰੇ ਸਿਰ ਤੇ ਹੱਥ ਰੱਖਦੀ ਤੇ ਛਤਰ ਤਾਣਦੀ ।

 

ਮੱਥਾ ਚੁੰਮਦੀ, ਲਾਡ ਲਡਾਉਂਦੀ ।

ਖ਼ੁਦ ਨਾ ਉਹ ਸੁਪਨੇ ਵਿਚ ਆਉਂਦੀ ।

ਹਰ ਸਾਹ ਹਰ ਪਲ ਨਾਲ ਤੁਰਦਿਆਂ,

ਨਿੱਕੀਆਂ ਨਿੱਕੀਆਂ ਝਿੜਕਾਂ ਦੇਂਦੀ ।

ਕਿੱਦਾਂ ਕਿੱਥੇ ਕੀ ਕਰਨਾ ਹੈ,

ਅੱਜ ਤੀਕਰ ਸਭ ਕੁਝ ਸਮਝਾਉਂਦੀ ।

ਬਿੜਕਾਂ ਰੱਖਦੀ, ਕਿੱਥੋਂ ਆਇਆਂ,

ਕਿੱਥੇ ਚੱਲਿਆ, ਦੱਸ ਵੇ ਬੱਲਿਆ?

 

ਬਹੁਤ ਵਾਰ ਮੈਂ ਤੱਕਿਆ ਅੱਖੀਂ,

ਫੁੱਲ ਪੱਤੀਆਂ ਖ਼ੁਸ਼ਬੋਈਆਂ ਅੰਦਰ ।

ਰੂਪ ਅਨੂਪ ਸਰੂਪ ਵਿਹੂਣੀ,

ਕਾਲ-ਮੁਕਤ ਹਸਤੀ ਦੇ ਵਾਂਗੂੰ,

ਗੁਰਘਰ, ਮਸਜਿਦ ਬਣਦੀ ਮੰਦਰ ।

 

ਅੱਜ ਤਾਂ ਉਸਦੀ,

ਮਨ-ਪਰਿਕਰਮਾ ਕਰਦੇ ਕਰਦੇ,

ਰੂਹ ਵਿੱਚ ਜੀਕਣ ਚੰਬਾ ਖਿੜਿਆ ।

ਰੋਮ ਰੋਮ ਝਰਨਾਟ ਛਿੜੀ ਹੈ ।

ਤਰਬ-ਤਰੰਗਾਂ ਕਣ ਕਣ ਅੰਦਰ,

ਸੂਰਜ ਪਹਿਲਾਂ ਨਾਲੋਂ ਰੌਸ਼ਨ ।

ਪੌਣ ਵਜਦ ਵਿੱਚ ਗੀਤ ਸੁਣਾਵੇ ।

 

ਜਿਉਂ ਸ਼ਬਦਾਂ ਤੋਂ ਬਿਨ੍ਹਾਂ ਬਿਨ੍ਹਾਂ ਹੀ,

ਮੇਰੀ ਬਹੁਤ ਮਾਸੂਮ ਪੋਤਰੀ,

ਸਰਗਮ ਜਹੀ ਅਸੀਸ ਪਿਆਰੀ,

ਤਰਜ਼ਾਂ ਘੜਦੀ, ਆਪੇ ਗਾਉਂਦੀ ।

 

ਸੁਣਦੇ ਸੁਣਦੇ ਅਨਹਦ ਤੇ ਨਿਰਸ਼ਬਦ ਗੀਤ ਨੂੰ,

ਤਨ ਮਨ ਵਿੱਚ ਵਿਸਮਾਦ ਭਰ ਗਿਆ ।

ਮੇਰੀ ਮਾਂ ਦੀ ਸੱਜਰੀ ਟਾਹਣੀ,

ਉਸ ਦੀ ਇਸ ਪੜਪੋਤੀ ਦਾ ਨੂਰੀ ਝਲਕਾਰਾ,

ਮਾਰੂਥਲ ਆਬਾਦ ਕਰ ਗਿਆ।

🟤

Share this content:

Post Comment