ਪੰਜਾਬੀ ਨਾਵਲਕਾਰ ਸ. ਜਰਨੈਲ ਸਿੰਘ ਸੇਖਾ ਜੀ ਦੇ ਜਨਮ ਦਿਨ ‘ਤੇ ਵਿਸ਼ੇਸ਼

ਪੱਕਿਆ ਸੰਧੂਰੀ ਅੰਬ
ਚਾਰ ਚੁਫ਼ੇਰ ਬਰੇਤਾ ਸੀ,
ਰਾਤਾਂ ਨੂੰ ਚਮਕਦੇ ਅਬਰਕੀ ਕਣ,
ਜਿੱਥੇ ਉਹ ਜਨਮਿਆ ।
ਪੰਜਵਾਂ ਚਿਰਾਗ ਸੀ
ਘਰ ਦੇ ਸੁਪਨਿਆਂ ਦੀ ਮਮਟੀ ਤੇ ।
ਮੱਖਣ ਦਾ ਪਿੰਨਾ ਜਿਹਾ ਨਿਰਾ ਸੰਧੂਰੀ ਅੰਬ ।
ਗਵਾਂਢਣਾਂ ਕਹਿੰਦੀਆਂ ਨੀ ਭੈਣੇ ਜ਼ੁਲਮ ਨਾ ਕਰ ।
ਇਹਦਾ ਨਾਮ ਜਰਨੈਲ ਨਾ ਰੱਖ ।
ਰਣਭੂਮੀ ਲੱਭਦਾ ਫਿਰੇਗਾ ਨਾਮ ਦੀ ਰਖਵਾਲੀ ਲਈ ।
ਮਾਂ ਕਿਹਾ, ਵੱਡਾ ਮੱਲ ਹੈ,
ਜਰਨੈਲ ਤੋਂ ਘੱਟ ਕੀ ਰੱਖਾਂ?
ਪਿੰਡ ਦੇ ਗਿਆਨ ਮੰਦਰ ’ਚ ਪੰਜ ਪੌੜੀਆਂ ਛਾਲਾਂ ਮਾਰ ਚੜ੍ਹਿਆ ।
ਚਾਚੇ ਕਵੀਸ਼ਰ ਦੇ ਬੋਲਾਂ ਜਿਹਾ ਸੁਹਜਵੰਤਾ ਸੁਰੀਲਾ ਕੰਠ ।
ਗੁਰੂਘਰ ’ਚ ਸੰਗਤਾਂ ਬਾਲਾ ਜਰਨੈਲ ਉਡੀਕਦੀਆਂ ।
ਸਾਹਿਬਜ਼ਾਦਿਆਂ ਦਾ ਪਰਸੰਗ ਕਦੇ ਸਰਹਿੰਦ ਦੀਆਂ ਨੀਹਾਂ ।
ਕਦੇ ਚਮਕੌਰ ਦੀ ਗੜ੍ਹੀ ’ਚ
ਵੰਗਾਰਦਾ ਲਲਕਾਰਦਾ ਜਰਨੈਲ ।
ਗਿਆਨ ਦੀ ਛੇਵੀਂ, ਸਤਵੀਂ, ਅਠਵੀਂ, ਨੌਵੀਂ ਤੇ ਦਸਵੀਂ ਪੌੜੀ ਚੜ੍ਹਨ ਲਈ,
ਉਹ ਵਾਹੋਦਾਹੀ ਭੱਜਦਾ ।
ਸੱਤ ਮੀਲ ਦੂਰ ਸੀ ਪਿਆਸੇ ਲਈ ਰੋਡਿਆਂ ਵਾਲਾ ਖੂਹ ।
ਖ਼ਾਲਸਾ ਸਕੂਲ ਨਹੀਂ ਸੀ ਇਹ,
ਰੌਸ਼ਨ ਮਸ਼ਾਲ ਸੀ ।
ਹੁਣ ਤੀਕ ਨਿਰੰਤਰ ਜਗਦੀ ਮਘਦੀ ।
ਸੇਖਿਆਂ ਵਾਲੇ ਜਰਨੈਲ ਦੀ ਕਵਿਤਾ ਬਣ ਜਾਂਦੀ ਹੈ
ਕਦੇ ਨਾਵਲ, ਕਦੇ ਕਹਾਣੀ ।
ਪੰਜ ਹਜ਼ਾਰ ਸਿਰਾਂ ਵਾਲੇ ਪਿੰਡ ’ਚ
ਉਹ ਚੌਥਾ ਗਿਆਨ ਗੀਤ ਬਣਿਆ ।
ਗਿਆਨ ਦੇ ਦਸਵੇਂ ਡੰਡੇ ਤੇ ਖਲੋ ਕੇ
ਉਸ ਗਿਆਨ ਭੂਮੀ ਨੂੰ ਨਮਸਕਾਰਿਆ
ਮੱਥੇ ਦੇ ਤੀਜੇ ਨੇਤਰ ਨੇ ਕਿਹਾ
ਤੇਰੀ ਧਰਤੀ ਗਿਆਨ ਪੱਖੋਂ ਔੜਾਂ ਮਾਰੀ ਹੈ ।
ਵਰ੍ਹ ਜਾ ਟਿਬਿਆਂ ਤੇ, ਮੂੰਗਫ਼ਲੀ ਨੂੰ ਬਦਾਮ ਬਣਾ ਦੇ ।
ਮੋਗਾ ਦੇ ਮਿਸ਼ਨ ਸਕੂਲ ਨੇ ਉਸ ਨੂੰ ਸਿਖਾਇਆ ਮਿੱਟੀ ਗੁੰਨ੍ਹਣਾ
ਚਿਰਾਗ ਘੜਨਾ, ਤੇਲ ਬੱਤੀ ਪਾ ਕੇ ਜਗਾਉਣਾ ।
ਉਹਦੇ ਹੱਥਾਂ ਦੇ ਘੜੇ ਊੜੇ ਐੜੇ
ਹਰ ਮੈਦਾਨ ਫ਼ਤਹਿ ਸੁਰਗੀ ਜੀਊੜੇ ਨੇ ।
ਲਿਖਾਰੀਆਂ ਦੀ ਸੰਗਤ ਨੇ ਉਸਨੂੰ
ਕੰਵਲ ਫੁੱਲ ਦਾ ਸਿਰਨਾਵਾਂ ਦੱਸਿਆ ।
ਉਸ ਜਾਣਿਆ, ਰਾਤ ਬਾਕੀ ਹੈ ।
ਪੂਰਨਮਾਸ਼ੀ ਤੀਕ ਜਗਣਾ ਪਵੇਗਾ ।
ਉਸਤਾਦਾਂ ਦੀ ਜਮਾਤ ’ਚ ਉਹ
ਜ਼ਿੰਦਾਬਾਦ ਦਾ ਸੰਗੀ ਬਣ ਕੇ
ਮੁਰਦਾਬਾਦੀ ਕਿਲ੍ਹੇ ਢਾਹੁੰਦਾ ਢਾਹੁੰਦਾ
ਉਹ ਫਰਹਾਦ ਵਾਂਗ ਕਰਮਸ਼ੀਲ ਰਿਹਾ ।
ਅਠਵੰਜਵਾਂ ਡੰਡਾ ਪਾਰ ਕਰ ਗਿਆ,
ਉਮਰ ਦਾ ਪਹੀਆ ।
ਆਪਣੇ ਪਿੰਡ ਦੀ ਮਿੱਟੀ ਜਗਾਉਣ ਲਈ
ਉਹ ਪੰਚ ਬਣ ਗਿਆ ।
ਪਿੰਡ ਨੇ ਸਿਰ ਮੱਥੇ ਚੁੱਕਿਆ ।
ਤਪਦੇ ਦਿਨਾਂ ਦਾ ਮੌਸਮ ਸੀ ।
ਸੇਕ ਨਿੱਕੇ ਪੁੱਤਰ ਦੇ ਪੈਰ ਲੂਹਣ ਲੱਗਾ,
ਤਾਂ ਉਸ ਜਨਮ ਭੂਮੀ ਨੂੰ ਮੱਥਾ ਟੇਕਿਆ
ਪਰਦੇਸ ਉਸ ਨੂੰ ਉਡੀਕਦਾ ਸੀ ।
ਮੁੜ੍ਹਕੇ ਦੇ ਮੋਤੀ ਡਾਲਰਾਂ ’ਚ ਬਦਲਦੇ ।
ਘਰ ’ਚ ਪਹਿਲੀ ਕਿਲਕਾਰੀ ਗੂੰਜੀ
ਤਾਂ ਅੰਬੜੀ ਬਾਬਲ ਜਹਾਜ਼ ਚੜ੍ਹੇ ।
ਲੋਰੀਆਂ ਨੇ ਪੱਕੀਆਂ ਕੀਤੀਆਂ
ਵਿਸ਼ਵਾਸ ਦੀਆਂ ਜੀਵਨ ਡੋਰੀਆਂ ।
ਓਪਰੀ ਧਰਤੀ ਤੇ ਬਿਰਖ਼ ਬੂਟੇ
ਬਹੁਤ ਸੋਹਣੇ ਸਨ ਪਰ ਸਿੰਬਲ ਜਹੇ
ਮੈਪਲ ਦੇ ਪੱਤ ਕੰਮ ਨਾ ਆਉਂਦੇ ।
ਗੱਤੇ ਤੇ ਪੱਤੇ ਦੀ ਧਰਤੀ ਤੇ,
ਪਹਿਲਾਂ ਹਰਿਆਲਾ ਗੱਤਾ ਬਣਦੈ,
ਫਿਰ ਪੱਤਿਆਂ ਦੀ ਕਿਆਰੀ ਮੌਲਦੀ ।
ਸੋਚਿਆ! ਵਤਨੀ ਗਿਆਨ ਕੰਮ ਆਵੇਗਾ ।
ਪਰ ਗਿਆਨ ਸੋਮੇ ਦੇ ਵਲੀ ਕੰਧਾਰੀਆਂ ਕਿਹਾ,
ਅਜੇ ਨਿਸ਼ਕਾਮ ਸੇਵਾ ਕਰੋ,
ਪੱਤਿਆਂ ਲਈ, ਜਦੋਂ ਜ਼ਰੂਰਤ ਪਈ ਬੁਲਾਵਾਂਗੇ ।
ਉਸ ਕਿਹਾ ਕਿ ਰੋਟੀ ਤਾਂ ਆਟੇ ਦੀ ਪੱਕਦੀ ਹੈ ।
ਸ਼ੌਕ ਦੇ ਘੋੜੇ ਭਜਾਉਣਾ ਰੱਜੇ ਘਰਾਂ ਦੀ ਖੇਡ ਹੈ ।
ਉਸ ਟਿਫ਼ਨ ਬੰਨ੍ਹਿਆ ਤੇ ਬੇਰੀਆਂ ਤੋੜਨ ਜਾ ਲੱਗਾ ।
ਖੇਤਾਂ ਬੂਟਿਆਂ ਤੇ ਬੰਦਿਆਂ ਨੇ ਕਿਹਾ,
ਜਰਨੈਲ ਸਿੰਹਾ, ਜੇ ਸੱਚੀਂ ਜਰਨੈਲ ਹੈਂ,
ਤਾਂ ਕਲਮ ਨੂੰ ਸ਼ਸਤਰ ਵਾਂਗ ਚੁੱਕ ।
ਤਹਿ ਤੇਗ ਕਰ ਸਾਡੀਆਂ ਦੁਸ਼ਵਾਰੀਆਂ ।
ਕਲਮ ਅੱਗੇ ਹੀ ਨੇ ਬਦੀਆਂ ਹਾਰੀਆਂ ।
ਮੁੜ ਫੁੱਟਿਆ ਛਾਂਗਿਆ ਬਿਰਖ਼ ।
ਸ਼ਬਦਾਂ ਦੀ ਰਬਾਬ ਸੁਰ ਕੀਤੀ ।
ਪਹਿਲਾ ਨਾਵਲ ਲਿਖਿਆ ਦੁਨੀਆ ਕੈਸੀ ਹੋਈ
ਰੂਹ ਨਾਲ ਇਕੱਲੀ ਇਕੱਲੀ ਤਰਬ ਪਰੋਈ ।
ਕੈਨੇਡਾ ਤੋਂ ਤੁਰ ਕੇ ਮਹਿਮਾ ਗਲੋਬਲ ਬਣੀ ।
ਯੂਨੀਵਰਸਿਟੀਆਂ ਇਸ ਨੂੰ ਸਿਲੇਬਸ ਦਾ ਹਿੱਸਾ ਬਣਾਇਆ
ਪੜ੍ਹਿਆ ਤੇ ਪੜ੍ਹਾਇਆ ।
ਸੱਚਮੁੱਚ ਅਦਬੀ ਜਰਨੈਲ ਬਣਾਇਆ ।
ਵਿਗੋਚਾ, ਬੇਗਾਨੇ ਤੇ ਭਗੌੜੇ
ਨਾਵਲਾਂ ਦਾ ਸਿਰਜਣਹਾਰਾ ।
ਦੁੱਲੇ ਦੀ ਬਾਰ ਤੀਕ ਦਾ ਸੁਚੇਤ ਪਾਂਧੀ ।
ਕਈ ਸਾਲ ਪਹਿਲਾਂ
ਕੈਨੇਡੀਅਨ ਧਰਤੀ ਤੇ ਦੰਦ-ਪੀੜ
ਮੇਰੇ ਨਾਲ ਨਾਲ ਹੀ ਓਥੇ ਅੱਪੜ ਗਈ ।
ਲੇਰਾਂ ਕਢਾ ਦਿੱਤੀਆਂ ।
ਭਾਅ ਸੇਖਾ ਤੇ ਮੋਹਨ ਗਿੱਲ ਘਬਰਾ ਗਏ ।
ਮੇਰੇ ਲਈ ਸ਼ਰਾਬ ਦਾ ਤੂੰਬਾ
ਗੜੁੱਚ ਕਰਕੇ ਕਹਿਣ ਲੱਗੇ,
ਅੰਦਰ ਧਰ ਲੈ, ਰਾਹਤ ਮਿਲੇਗੀ ।
ਮੈਂ ਇਨਕਾਰੀ ਸਾਂ ।
ਕਿਹਾ, ਜੇ ਮੈਂ ਡੋਲ ਗਿਆ,
ਮੇਰੇ ਸੁਰਗਵਾਸੀ ਬਾਪੂ ਜੀ ਕੀ ਕਹਿਣਗੇ?
ਪੀੜ ਪਿੱਛੇ ਡੋਲ ਗਿਆ ਪੁੱਤਰਾ?
ਜਰਨੈਲ ਸਿੰਘ ਸੇਖਾ ਨੇ ਰੂਪ ਬਦਲਿਆ ।
ਮੇਰੇ ਲਈ ਬਾਬਲ ਬਣੇ ।
ਮੱਥੇ ਹੱਥ ਰੱਖਿਆ ਪੀੜ ਕਾਫ਼ੂਰ ਹੋ ਗਈ ।
ਬੋਲੇ, ਦੰਦਾਂ ’ਚ ਇਹ ਲੌਂਗ ਧਰ ਲੈ,
ਪੀੜ ਹਾਰ ਜਾਵੇਗੀ ।
ਸੱਚਮੁੱਚ ਪੀੜ ਹਰਨ ਹੋ ਗਈ ।
ਮੁਹੱਬਤ ਕਿਵੇਂ ਅਕਸੀਰ ਬਣਦੀ ਹੈ
ਪਹਿਲੀ ਵਾਰ
ਨੰਗੀ ਅੱਖ ਨਾਲ ਵੇਖਿਆ ।
Share this content:



Post Comment