Loading Now

ਸੰਘ ਨੂੰ ਮਿਲੀ ਮੋਟੀ ਸਰਕਾਰੀ ਮਾਇਆ

ਸੰਘ ਨੂੰ ਮਿਲੀ ਮੋਟੀ ਸਰਕਾਰੀ ਮਾਇਆ

ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਦੇ ਇਸ ਦਾਅਵੇ ਕਿ ਆਰ ਐੱਸ ਐੱਸ ਸਰਕਾਰੀ ਫੰਡ ਨਹੀਂ ਲੈਂਦਾ, ਤੋਂ ਬਾਅਦ ਆਰ ਐੱਸ ਐੱਸ ਰਜਿਸਟ੍ਰੇਸ਼ਨ ਵਿਵਾਦ ਨੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ‘ਦੀ ਨਿਊਜ਼ ਮਿੰਟ’ ਦੀ ਇੱਕ ਖੋਜੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸਰਕਾਰੀ ਮਾਲਕੀ ਵਾਲੀ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ ਐੱਨ ਜੀ ਸੀ) ਨੇ ਪਿਛਲੇ 10 ਸਾਲਾਂ ਵਿੱਚ ਆਰ ਐੱਸ ਐੱਸ ਨਾਲ ਸੰਬੰਧਤ 20 ਸੰਸਥਾਵਾਂ ਨੂੰ ਕਰੀਬ 668 ਕਰੋੜ ਰੁਪਏ ਤੋਂ ਵੱਧ ਦਾ ਦਾਨ ਦਿੱਤਾ ਹੈ। ਇਸ ਤੋਂ ਬਾਅਦ ਕਰਨਾਟਕ ਦੇ ਮੰਤਰੀ ਪ੍ਰਿਯਾਂਕ ਖੜਗੇ, ਜਿਨ੍ਹਾ ਨੇ ਪਿਛਲੇ ਦਿਨੀਂ ਆਰ ਐੱਸ ਐੱਸ ਦੀ ਰਜਿਸਟ੍ਰੇਸ਼ਨ ‘ਤੇ ਸਵਾਲ ਉਠਾਏ ਸਨ, ਨੇ ਫਿਰ ਆਰ ਐੱਸ ਐੱਸ ਦੇ ਫੰਡਿੰਗ ਬਾਰੇ ਸਵਾਲ ਖੜ੍ਹੇ ਕੀਤੇ ਹਨ। ਰਿਪੋਰਟ ‘ਤੇ ਓ ਐੱਨ ਜੀ ਸੀ ਜਾਂ ਆਰ ਐੱਸ ਐੱਸ ਵੱਲੋਂ ਕੋਈ ਅਧਿਕਾਰਤ ਜਵਾਬ ਨਹੀਂ ਦਿੱਤਾ ਗਿਆ। ਪ੍ਰਿਯਾਂਕ ਖੜਗੇ ਨੇ ਐੱਕਸ ‘ਤੇ ਰਿਪੋਰਟ ਨੂੰ ਸਾਂਝੀ ਕਰਦਿਆਂ ਲਿਖਿਆ ਹੈ ਕਿ ਪਿਛਲੇ ਦਸ ਸਾਲਾਂ ਵਿੱਚ ਇੱਕ ਜਨਤਕ ਖੇਤਰ ਦੀ ਕੰਪਨੀ ਦੇ ਕਰੀਬ 668 ਕਰੋੜ ਰੁਪਏ ਸਰਕਾਰੀ ਪੈਸੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਕਾਰਪੋਰੇਟ ਸੋਸ਼ਲ ਰਿਸਪਾਂਸਿਬਿਲਿਟੀ (ਸੀ ਐੱਸ ਆਰ) ਰਾਹੀਂ ਆਰ ਐੱਸ ਐੱਸ ਨਾਲ ਜੁੜੀਆਂ ਸੰਸਥਾਵਾਂ ਤੱਕ ਪਹੁੰਚੇ ਹਨ। ਜਨਤਕ ਖੇਤਰ ਦੀ ਕੰਪਨੀ ਦਾ ਪੈਸਾ ਤਾਂ ਆਰ ਐੱਸ ਐੱਸ ਨਾਲ ਜੁੜੀਆਂ ਸੰਸਥਾਵਾਂ ਨੂੰ ਮਿਲਿਆ ਹੀ ਹੈ, ਮੰਦਰਾਂ ਵਿੱਚ ਚੜ੍ਹਾਇਆ ਗਿਆ ਚੜ੍ਹਾਵਾ ਵੀ ਆਰ ਐੱਸ ਐੱਸ ਨਾਲ ਜੁੜੇ ਸੰਸਥਾਨਾਂ ਵੱਲ ਮੋੜਿਆ ਗਿਆ। ਆਪਦਾ ਰਾਹਤ ਤੇ ਕੋਵਿਡ ਰਾਹਤ ਨਾਲ ਜੁੜੇ ਫੰਡ ਦੀ ਵਰਤੋਂ ਵੀ ਅਜਿਹੇ ਸੰਗਠਨਾਂ ਲਈ ਕੀਤੀ ਗਈ। ਸੈਂਕੜੇ ਏਕੜ ਸਰਕਾਰੀ ਜ਼ਮੀਨ ਆਰ ਐੱਸ ਐੱਸ ਨੂੰ ਦੇ ਦਿੱਤੀ ਗਈ ਹੈ। ਖੜਗੇ ਨੇ ਕਿਹਾ ਕਿ ਮੋਹਨ ਭਾਗਵਤ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਆਰ ਐੱਸ ਐੱਸ ਸਰਕਾਰੀ ਫੰਡਿੰਗ ਸਵੀਕਾਰ ਨਹੀਂ ਕਰਦਾ ਅਤੇ ਸਿਰਫ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਨੂੰ ਹੀ ਰਜਿਸਟ੍ਰੇਸ਼ਨ ਦੀ ਲੋੜ ਹੁੰਦੀ ਹੈ। ਜੇ ਇਹ ਸੱਚ ਹੈ, ਤਾਂ ਸਰਕਾਰੀ ਫੰਡਾਂ ਵਿੱਚੋਂ ਕਰੋੜਾਂ ਰੁਪਏ ਲਗਾਤਾਰ ਆਰ ਐੱਸ ਐੱਸ ਅਤੇ ਇਸ ਨਾਲ ਸੰਬੰਧਤ ਸੰਗਠਨਾਂ ਨੂੰ ਕਿਵੇਂ ਭੇਜੇ ਜਾ ਰਹੇ ਹਨ। ਹੁਣ ਮੁੱਦਾ ਸਿਰਫ ਆਰ ਐੱਸ ਐੱਸ ਦੀ ਸੰਗਠਨ ਵਜੋਂ ਰਜਿਸਟ੍ਰੇਸ਼ਨ ਦਾ ਨਹੀਂ ਰਿਹਾ, ਸਗੋਂ ਪਾਰਦਰਸ਼ਤਾ ਅਤੇ ਜਵਾਬਦੇਹੀ ਦਾ ਬਣ ਗਿਆ ਹੈ।

ਖੋਜੀ ਰਿਪੋਰਟ ਮੁਤਾਬਕ ਓ ਐੱਨ ਜੀ ਸੀ ਨੇ 2015 ਅਤੇ 2025 ਦੇ ਵਿਚਕਾਰ ਦੇਸ਼-ਭਰ ਵਿੱਚ 2,000 ਤੋਂ ਵੱਧ ਪ੍ਰੋਜੈਕਟਾਂ ਅਤੇ ਸੰਸਥਾਵਾਂ ਨੂੰ 4,531 ਕਰੋੜ ਤੋਂ ਵੱਧ ਦਾਨ ਸੀ ਐੱਸ ਆਰ ਅਧੀਨ ਦਿੱਤਾ। 668.01 ਕਰੋੜ, ਜਾਂ ਕੁੱਲ ਸੀ ਐੱਸ ਆਰ ਖਰਚ ਦਾ ਲੱਗਭੱਗ 14.7 ਪ੍ਰਤੀਸ਼ਤ, ਆਰ ਐੱਸ ਐੱਸ ਨਾਲ ਸੰਬੰਧਤ 20 ਸੰਸਥਾਵਾਂ ਨੂੰ ਦਿੱਤਾ ਗਿਆ। ਇਹ ਖੋਜੀ ਰਿਪੋਰਟ ਆਰ ਐੱਸ ਐੱਸ ਨਾਲ ਜੁੜੀਆਂ 2500 ਤੋਂ ਵੱਧ ਸੰਸਥਾਵਾਂ ਦੀ ਪੜਤਾਲ ਕਰਕੇ ਤਿਆਰ ਕੀਤੀ ਗਈ ਹੈ। ਸਭ ਤੋਂ ਵੱਧ ਰਕਮ ਆਸਾਮ ਦੇ ਸ਼ਿਵਸਾਗਰ ਜ਼ਿਲ੍ਹੇ ਵਿੱਚ ਸਥਿਤ ਸਵਰਗਦੇਵ ਸੀਊ-ਕਾ-ਫਾ ਹਸਪਤਾਲ ਨੂੰ ਮਿਲੀ। ਇਸ ਹਸਪਤਾਲ ਦਾ ਸੰਚਾਲਨ ਓ ਐੱਨ ਜੀ ਵੱਲੋਂ ਡਾ. ਬਾਬਾ ਸਾਹਿਬ ਅੰਬੇਡਕਰ ਵੈਦਕੀ ਪ੍ਰਤਿਸ਼ਠਾਨ ਯਾਨੀ ਬੀ ਏ ਵੀ ਪੀ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਇਹ ਸੰਸਥਾ ਆਰ ਐੱਸ ਐੱਸ ਦੀ ਵਿਚਾਰਧਾਰਾ ਨਾਲ ਜੁੜੀ ਹੋਈ ਹੈ ਅਤੇ ਇਸ ਹਸਪਤਾਲ ਨੂੰ 2016 ਤੋਂ 2024 ਤੱਕ ਲੱਗਭੱਗ 434 ਕਰੋੜ ਰੁਪਏ ਮਿਲੇ। ਇਸ ਤੋਂ ਬਾਅਦ ਸਭ ਤੋਂ ਵੱਧ 140 ਕਰੋੜ ਰੁਪਏ ਨਾਗਪੁਰ ਦੇ ਡਾ. ਆਬਾਜੀ ਥੱਤੇ ਸੇਵ ਏਵਮ ਅਨੁਸੰਧਾਨ ਸੰਸਥਾਨ ਨੂੰ ਮਿਲੇ। ਇਸ ਨੇ ਇਸ ਪੈਸੇ ਨਾਲ ਨੈਸ਼ਨਲ ਕੈਂਸਰ ਇੰਸਟੀਚਿਊਟ ਬਣਾਇਆ। ਇਸ ਦੇ ਅਹੁਦੇਦਾਰ ਆਰ ਐੱਸ ਐੱਸ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ ਰਹੇ ਹਨ। ਆਰ ਐੱਸ ਐੱਸ, ਜਿਸ ਨੂੰ ਪ੍ਰਧਾਨ ਮੰਤਰੀ ਦੁਨੀਆ ਦੀ ਸਭ ਤੋਂ ਵੱਡੀ ਗੈਰ-ਸਰਕਾਰੀ ਜਥੇਬੰਦੀ (ਐੱਨ ਜੀ ਓ) ਦੱਸਦੇ ਹਨ, ਨੇ ਹੋਰਨਾਂ ਜਥੇਬੰਦੀਆਂ ਵਾਂਗ ਖੁਦ ਨੂੰ ਰਜਿਸਟਰਡ ਨਹੀਂ ਕਰਵਾਇਆ। ਇਸ ਕਰਕੇ ਇਸ ਨੂੰ ਮਿਲਦੇ ਪੈਸਿਆਂ ਦਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ। ‘ਦੀ ਨਿਊਜ਼ ਮਿੰਟ’ ਦੀ ਇਸ ਰਿਪੋਰਟ ਨਾਲ ਉਸ ‘ਤੇ ਖੁਦ ਨੂੰ ਰਜਿਸਟਰਡ ਕਰਵਾਉਣ ਦਾ ਨਿਸਚੇ ਹੀ ਦਬਾਅ ਵਧੇਗਾ।

Share this content:

Previous post

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਦੀਆਂ ਤਿਆਰੀਆਂ ਸਬੰਧੀ ਐਡਵੋਕੇਟ ਧਾਮੀ ਨੇ ਕੀਤੀ ਇਕੱਤਰਤਾ 24 ਜੁਲਾਈ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਹੋਵੇਗੀ ਆਰੰਭਤਾ

Next post

ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਕਿਸਾਨਾਂ ਦੀ ‘ਮਹਾਰੈਲੀ’

Post Comment