Loading Now

ਨਿਊਜ਼ੀਲੈਂਡ ’ਚ ਮਾਂ-ਬੋਲੀ ਪੰਜਾਬੀ ਦਾ ਉੱਚਾ ਹੋਇਆ ਮਾਣ: ਸਰਕਾਰੀ ਮਾਨਤਾ ਪ੍ਰਾਪਤ ਪਹਿਲਾ ਪੰਜਾਬੀ ਕੋਰਸ ਸ਼ੁਰੂ!

ਨਿਊਜ਼ੀਲੈਂਡ ’ਚ ਮਾਂ-ਬੋਲੀ ਪੰਜਾਬੀ ਦਾ ਉੱਚਾ ਹੋਇਆ ਮਾਣ: ਸਰਕਾਰੀ ਮਾਨਤਾ ਪ੍ਰਾਪਤ ਪਹਿਲਾ ਪੰਜਾਬੀ ਕੋਰਸ ਸ਼ੁਰੂ!

*ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਦੀ ਸਾਲਾਂ ਦੀ ਮਿਹਨਤ ਰੰਗ ਲਿਆਈ, ਰਚਿਆ ਗਿਆ ਇਤਿਹਾਸ
ਔਕਲੈਂਡ, 13 ਜੁਲਾਈ 2026 (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਇਤਿਹਾਸਕ ਪ੍ਰਾਪਤੀ ਕਰ ਲਈ ਗਈ ਹੈ। ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ (ISSNZ) ਨੇ ਨਿਊਜ਼ੀਲੈਂਡ ਕੁਆਲੀਫਿਕੇਸ਼ਨਜ਼ ਅਥਾਰਟੀ (NZQA) ਅਧੀਨ ਪ੍ਰਾਈਵੇਟ ਟਰੇਨਿੰਗ ਐਸਟੈਬਲਿਸ਼ਮੈਂਟ (PTE) ਵਜੋਂ ਰਜਿਸਟਰੇਸ਼ਨ ਪ੍ਰਾਪਤ ਕਰਕੇ ਇੱਕ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਇਸ ਨਾਲ ISSNZ ਨਿਊਜ਼ੀਲੈਂਡ ਵਿੱਚ PTE ਵਜੋਂ ਰਜਿਸਟਰ ਹੋਣ ਵਾਲੀ ਪਹਿਲੀ ਸਿੱਖ ਚੈਰੀਟੇਬਲ ਸੰਸਥਾ ਬਣ ਗਈ ਹੈ।

ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਦੀ ਸਥਾਪਨਾ ਪੰਜਾਬੀ ਭਾਸ਼ਾ, ਗੁਰਮਤਿ ਸਿੱਖਿਆ, ਸਿੱਖ ਇਤਿਹਾਸ ਅਤੇ ਵਿਰਸੇ ਨੂੰ ਨਵੀਂ ਪੀੜ੍ਹੀ ਤੱਕ ਵਿਵਸਥਿਤ ਅਤੇ ਮਿਆਰੀ ਸਿੱਖਿਆ ਰਾਹੀਂ ਪਹੁੰਚਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਸੰਸਥਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਬੱਚਿਆਂ, ਨੌਜਵਾਨਾਂ ਅਤੇ ਬਾਲਗਾਂ ਲਈ ਪੰਜਾਬੀ ਭਾਸ਼ਾ, ਗੁਰਬਾਣੀ, ਕੀਰਤਨ, ਤਬਲਾ, ਗਤਕਾ ਅਤੇ ਸਿੱਖ ਫ਼ਲਸਫ਼ੇ ਨਾਲ ਸਬੰਧਤ ਵੱਖ-ਵੱਖ ਕਲਾਸਾਂ ਅਤੇ ਸਿੱਖਿਆ ਪ੍ਰੋਜੈਕਟ ਚਲਾਏ ਜਾ ਰਹੇ ਹਨ।

ਸੰਸਥਾ ਦੀ ਇੱਕ ਹੋਰ ਵੱਡੀ ਪ੍ਰਾਪਤੀ “Certificate in Punjabi Language (Level-3)” ਪ੍ਰੋਗਰਾਮ ਨੂੰ NZQA ਦੀ ਮਨਜ਼ੂਰੀ ਮਿਲਣਾ ਹੈ। 9SSNZ ਨੂੰ ਇਸ ਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਪ੍ਰੋਗਰਾਮ ਨੂੰ ਚਲਾਉਣ ਦੀ ਅਧਿਕਾਰਤ ਮਾਨਤਾ ਵੀ ਪ੍ਰਾਪਤ ਹੋ ਚੁੱਕੀ ਹੈ। ਇਹ ਨਿਊਜ਼ੀਲੈਂਡ ਵਿੱਚ ਆਪਣੀ ਕਿਸਮ ਦਾ ਪਹਿਲਾ NZQ1-ਮਨਜ਼ੂਰਸ਼ੁਦਾ ਪੰਜਾਬੀ ਭਾਸ਼ਾ ਪ੍ਰੋਗਰਾਮ ਹੈ, ਜਿਸ ਦੀਆਂ ਕਲਾਸਾਂ ਜਲਦੀ ਸ਼ੁਰੂ ਕੀਤੀਆਂ ਜਾਣਗੀਆਂ। ਇਹ ਪ੍ਰੋਗਰਾਮ 13 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੋਗ ਵਿਦਿਆਰਥੀਆਂ ਲਈ ਹੋਵੇਗਾ।

ਪੰਜਾਬੀ ਭਾਸ਼ਾ ਦੇ ਭਵਿੱਖ ਵਿਕਾਸ ਲਈ ਨਵੀਂ ਰਾਹ:

ਇਹ ਪ੍ਰਾਪਤੀ ਸਿਰਫ਼ 9SSNZ ਜਾਂ ਸਿੱਖ ਭਾਈਚਾਰੇ ਲਈ ਹੀ ਨਹੀਂ, ਸਗੋਂ ਨਿਊਜ਼ੀਲੈਂਡ ਵਿੱਚ ਪੰਜਾਬੀ ਭਾਸ਼ਾ ਦੇ ਭਵਿੱਖ ਲਈ ਵੀ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਸੰਸਥਾ ਦਾ ਉਦੇਸ਼ ਭਵਿੱਖ ਵਿੱਚ ਪੰਜਾਬੀ ਭਾਸ਼ਾ ਦੇ ਉੱਚ ਪੱਧਰੀ NZQA ਪ੍ਰੋਗਰਾਮ ਵਿਕਸਿਤ ਕਰਨਾ ਅਤੇ ਵਿਦਿਆਰਥੀਆਂ ਲਈ ਸਕੂਲ ਤੋਂ ਲੈ ਕੇ ਉੱਚ ਸਿੱਖਿਆ ਤੱਕ ਇੱਕ ਮਜ਼ਬੂਤ ਅਤੇ ਮਾਨਤਾ ਪ੍ਰਾਪਤ ਸਿੱਖਿਆ ਮਾਰਗ ਤਿਆਰ ਕਰਨਾ ਹੈ। ਸਹਿਜ ਪਾਠ ਦਾ ਭੋਗ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਸਮਾਗਮ 25 ਜੁਲਾਈ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਅਤੇ ਸੰਸਥਾ ਨਾਲ ਜੁੜੇ ਅਧਿਆਪਕਾਂ, ਸੇਵਾਦਾਰਾਂ, ਮਾਪਿਆਂ, ਵਿਦਿਆਰਥੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਨ ਲਈ ੲੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਵੱਲੋਂ ਵਿਸ਼ੇਸ਼ ਸ਼ੁਕਰਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰੋਜੈਕਟ ਨਾਲ ਸਬੰਧਤ ਅਗਲੇ ਪੜਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

ਇਹ ਸ਼ੁਕਰਾਨਾ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਪਾਪਾਟੋਏਟੋਏ ਵਿਖੇ  25 ਜੁਲਾਈ 2026 ਦਿਨ ਸ਼ਨੀਵਾਰ ਨੂੰ ਦੁਪਹਿਰ 1.30 ਵਜੇ ਤੋਂ ਸ਼ਾਮ 5:00 ਵਜੇ ਤੱਕ ਹੋਵੇਗਾ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਸਲੋਕ ਮਹਲਾ 9ਵਾਂ, ਸ਼ਬਦ ਕੀਰਤਨ ਅਤੇ ਹੋਰ ਗੁਰਮਤਿ ਪੇਸ਼ਕਾਰੀਆਂ ਕੀਤੀਆਂ । ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਵੱਲੋਂ ਸਮੂਹ ਸੰਗਤ, ਪੰਜਾਬੀ ਭਾਈਚਾਰੇ, ਸਿੱਖਿਆ ਨਾਲ ਜੁੜੀਆਂ ਸੰਸਥਾਵਾਂ ਅਤੇ ਮੀਡੀਆ ਪ੍ਰਤੀਨਿਧੀਆਂ ਨੂੰ ਇਸ ਇਤਿਹਾਸਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਨਿਮਰ ਸੱਦਾ ਦਿੱਤਾ ਜਾਂਦਾ ਹੈ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਖਾਸ ਰੋਲ:
ਇਸ ਇਤਿਹਾਸਕ ਪ੍ਰੋਜੈਕਟ ਨੂੰ ਸਾਕਾਰ ਕਰਨ ਵਿੱਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਮਿਲੇ ਅਹਿਮ ਸਹਿਯੋਗ, ਅਟੁੱਟ ਵਿਸ਼ਵਾਸ ਅਤੇ ਨਿਰੰਤਰ ਹੌਸਲਾ-ਅਫ਼ਜ਼ਾਈ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਦੇ ਸੰਚਾਲਕ ਸ. ਗੁਰਜੋਤ ਸਿੰਘ ਨੇ ਕਿਹਾ ਕਿ ਇਹ ਇਤਿਹਾਸਕ ਪ੍ਰਾਪਤੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹਿਮ ਸਹਿਯੋਗ, ਵੱਖ-ਵੱਖ ਸਿੱਖ ਸੰਸਥਾਵਾਂ, ਦਾਨੀ ਸੱਜਣਾਂ, ਅਧਿਆਪਕਾਂ, ਸੇਵਾਦਾਰਾਂ, ਮਾਪਿਆਂ ਅਤੇ ਸਮੁੱਚੀ ਸੰਗਤ ਵੱਲੋਂ ਮਿਲੇ ਆਰਥਿਕ ਸਹਿਯੋਗ, ਵਿਸ਼ਵਾਸ ਅਤੇ ਨਿਰੰਤਰ ਹੌਸਲਾ-ਅਫ਼ਜ਼ਾਈ ਦਾ ਸਾਂਝਾ ਨਤੀਜਾ ਹੈ।

ਬਹੁਤ-ਬਹੁਤ ਵਧਾਈ ਹੋਵੇ! ਸਮੂਹ ਭਾਈਚਾਰੇ ਨੂੰ

ਨਿਊਜ਼ੀਲੈਂਡ ਦੇ ਵਿਚ ਪੰਜਾਬੀ ਦੇ ਵਿਕਾਸ ਦੇ ਲਈ ਉਦਮ ਕਰ ਰਹੇ ਮੀਡੀਆ ਕਰਮੀਆਂ ਅਤੇ ਸੰਸਥਾਵਾਂ ਵੱਲੋਂ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਨੂੰ ਇਸ ਪ੍ਰਾਪਤੀ ਉਤੇ ਵਧਾਈ ਦਿੱਤੀ ਜਾਂਦੀ ਹੈ।

Share this content:

Post Comment