Loading Now

ਅਰਜਨਟੀਨਾ ਨੇ ਸਵਿਟਜ਼ਰਲੈਂਡ ਹੰਭਾਇਆ, ਇੰਗਲੈਂਡ ਨੇ ਨਾਰਵੇ ਢਾਹਿਆ

ਅਰਜਨਟੀਨਾ ਨੇ ਸਵਿਟਜ਼ਰਲੈਂਡ ਹੰਭਾਇਆ, ਇੰਗਲੈਂਡ ਨੇ ਨਾਰਵੇ ਢਾਹਿਆ

ਕੰਸਾਸ ਸਿਟੀ, 13 ਜੁਲਾਈ – ਅਰਜਨਟੀਨਾ ਦੇ ਜੂਲੀਅਨ ਅਲਵਾਰੇਜ਼ ਅਤੇ ਲੌਟਾਰੋ ਮਾਰਟੀਨੇਜ਼ ਨੇ ਐਕਸਟਰਾ ਟਾਈਮ ਦੇ ਆਖਰੀ ਮਿੰਟਾਂ ਵਿੱਚ ਗੋਲ ਕਰਕੇ ਸਨਿੱਚਰਵਾਰ 10 ਖਿਡਾਰੀਆਂ ਵਾਲੀ ਸਵਿਟਜ਼ਰਲੈਂਡ ਦੀ ਟੀਮ ‘ਤੇ 3-1 ਨਾਲ ਨਾਟਕੀ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੁਣ ਬੁੱਧਵਾਰ ਨੂੰ ਐਟਲਾਂਟਾ ਵਿੱਚ ਅਰਜਨਟੀਨਾ ਦਾ ਇੰਗਲੈਂਡ ਨਾਲ ਸੈਮੀਫਾਈਨਲ ਹੋਵੇਗਾ, ਜਿਸ ਨੇ ਨਾਰਵੇ ਨੂੰ 2-1 ਨਾਲ ਹਰਾਇਆ। ਇਨ੍ਹਾਂ ਤੋਂ ਪਹਿਲਾਂ ਫਰਾਂਸ ਤੇ ਸਪੇਨ ਸੈਮੀਫਾਈਨਲ ਖੇਡਣਗੇ। ਲਿਓਨਲ ਮੈਸੀ ਦੀ ਅਰਜਨਟੀਨਾ ਟੀਮ ਨੇ 1962 ਵਿੱਚ ਬ੍ਰਾਜ਼ੀਲ ਤੋਂ ਬਾਅਦ ਲਗਾਤਾਰ ਦੂਜੀ ਵਾਰ ਵਰਲਡ ਕੱਪ ਜਿੱਤਣ ਵਾਲੀ ਪਹਿਲੀ ਟੀਮ ਬਣਨ ਦੀ ਆਪਣੀ ਉਮੀਦ ਨੂੰ ਜ਼ਿੰਦਾ ਰੱਖਿਆ ਹੈ। ਇਸ ਜਿੱਤ ਨੇ ਸਟੇਡੀਅਮ ਵਿੱਚ ਮੌਜੂਦ ਅਰਜਨਟੀਨਾ ਦੇ ਪ੍ਰਸੰਸਕਾਂ ਨੂੰ ਝੂਮਣ ਲਾ ਦਿੱਤਾ ਅਤੇ ਸਵਿਟਜ਼ਰਲੈਂਡ ਦੇ ਸ਼ਾਨਦਾਰ ਸਫਰ ਦਾ ਅੰਤ ਕਰ ਦਿੱਤਾ।

ਸਵਿਟਜ਼ਰਲੈਂਡ ਦੀ ਟੀਮ 1954 ਤੋਂ ਬਾਅਦ ਪਹਿਲੀ ਵਾਰ ਵਰਲਡ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚੀ ਸੀ, ਪਰ ਉਹ ਸੈਮੀਫਾਈਨਲ ਵਿੱਚ ਪੁੱਜਣ ਤੋਂ ਇੱਕ ਕਦਮ ਦੂਰ ਰਹਿ ਗਈ। ਟੀਮ ਨੂੰ ਉਦੋਂ ਵੱਡਾ ਝਟਕਾ ਲੱਗਾ, ਜਦੋਂ 72ਵੇਂ ਮਿੰਟ ਵਿੱਚ ਬ੍ਰੀਲ ਐਂਬੋਲੋ ਨੂੰ ਡਾਈਵਿੰਗ (ਫਰਜ਼ੀ ਫਾਊਲ ਦਿਖਾਉਣ) ਦੇ ਕਾਰਨ ਰੈਫਰੀ ਨੇ ਲਾਲ ਕਾਰਡ ਦਿਖਾ ਕੇ ਮੈਦਾਨ ਤੋਂ ਬਾਹਰ ਭੇਜ ਦਿੱਤਾ। ਰੋਮਾਂਚਕ ਮੈਚ ਪੈਨਲਟੀ ਸ਼ੂਟ-ਆਊਟ ਵੱਲ ਵਧਦਾ ਦਿਖਾਈ ਦੇ ਰਿਹਾ ਸੀ, ਪਰ 112ਵੇਂ ਮਿੰਟ ਵਿੱਚ ਅਲਵਾਰੇਜ਼ ਨੇ ਇੱਕ ਸ਼ਾਨਦਾਰ ਲੰਮੀ ਦੂਰੀ ਦਾ ਸ਼ਾਟ ਮਾਰ ਕੇ ਗੇਂਦ ਨੂੰ ਗੋਲ ਪੋਸਟ ਦੇ ਕੋਨੇ ਵਿੱਚ ਪਹੁੰਚਾ ਦਿੱਤਾ, ਜਿਸ ਨੂੰ ਸਵਿਸ ਗੋਲਕੀਪਰ ਗ੍ਰੇਗਰ ਕੋਬਲ ਰੋਕ ਨਾ ਸਕਿਆ। ਇਸ ਤੋਂ ਨੌਂ ਮਿੰਟ ਬਾਅਦ ਮਾਰਟੀਨੇਜ਼ ਨੇ ਤੀਜਾ ਗੋਲ ਕਰਕੇ ਅਰਜਨਟੀਨਾ ਦੀ ਜਿੱਤ ਪੱਕੀ ਕਰ ਦਿੱਤੀ। ਮੈਚ ਦੇ 10ਵੇਂ ਮਿੰਟ ਵਿੱਚ ਹੀ ਐਲੈਕਸਿਸ ਮੈਕ ਐਲਿਸਟਰ ਨੇ ਮੈਸੀ ਦੇ ਕਾਰਨਰ ‘ਤੇ ਸ਼ਾਨਦਾਰ ਹੈਡਰ ਲਗਾ ਕੇ ਅਰਜਨਟੀਨਾ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ ਸੀ।

ਇਸ ਟੂਰਨਾਮੈਂਟ ਵਿੱਚ ਇਹ ਪਹਿਲੀ ਵਾਰ ਸੀ, ਜਦੋਂ ਸਵਿਟਜ਼ਰਲੈਂਡ ਦੀ ਟੀਮ ਮੈਚ ਵਿੱਚ ਪਿੱਛੇ ਚੱਲ ਰਹੀ ਸੀ। ਆਪਣੇ ਸਟਾਰ ਖਿਡਾਰੀ ਜੋਹਾਨ ਮੰਜ਼ਾਂਬੀ ਦੀ ਗੈਰ-ਮੌਜੂਦਗੀ ਦੇ ਬਾਵਜੂਦ ਸਵਿਸ ਟੀਮ ਨੇ ਹਾਰ ਨਹੀਂ ਮੰਨੀ। ਦੂਜੇ ਹਾਫ ਵਿੱਚ ਸਵਿਟਜ਼ਰਲੈਂਡ ਨੇ ਲਗਾਤਾਰ ਹਮਲੇ ਕੀਤੇ ਅਤੇ 67ਵੇਂ ਮਿੰਟ ਵਿੱਚ ਡੈਨ ਐਨਡੋਏ ਨੇ ਸ਼ਾਨਦਾਰ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਸਵਿਟਜ਼ਰਲੈਂਡ ਦੇ ਐਂਬੋਲੋ ਨੂੰ ਦੂਜਾ ਯੈਲੋ ਕਾਰਡ ਮਿਲਣ ਕਾਰਨ ਮੈਦਾਨ ਛੱਡਣਾ ਪਿਆ। ਇਹ ਫੈਸਲਾ ਇੱਕ ਲੰਮੇ ਵੀ ਏ ਆਰ (ਵੀਡੀਓ ਅਸਿਸਟੈਂਟ ਰੈਫਰੀ) ਰਿਵਿਊ ਤੋਂ ਬਾਅਦ ਲਿਆ ਗਿਆ। ਐਂਬੋਲੋ ਮੈਦਾਨ ਤੋਂ ਬਾਹਰ ਜਾਂਦਾ ਰੋ ਪਿਆ। ਇੱਕ ਖਿਡਾਰੀ ਘੱਟ ਹੋਣ ਤੋਂ ਬਾਅਦ ਅਰਜਨਟੀਨਾ ਨੇ ਸਵਿਸ ਟੀਮ ‘ਤੇ ਪੂਰੀ ਤਰ੍ਹਾਂ ਦਬਾਅ ਬਣਾ ਲਿਆ। ਸਟੇਡੀਅਮ ਅਰਜਨਟੀਨਾ ਦੇ ਪ੍ਰਸੰਸਕਾਂ ਦੇ ਨਾਅਰਿਆਂ ਨਾਲ ਗੂੰਜ ਰਿਹਾ ਸੀ। 39 ਸਾਲ ਦੀ ਉਮਰ ਵਿੱਚ ਆਪਣਾ ਛੇਵਾਂ ਵਰਲਡ ਕੱਪ ਖੇਡ ਰਹੇ ਲਿਓਨਲ ਮੈਸੀ ਨੇ ਮੈਚ ਦੇ ਆਖਰੀ ਸਮੇਂ ਵਿੱਚ ਇੱਕ ਜ਼ੋਰਦਾਰ ਸ਼ਾਟ ਮਾਰਿਆ, ਪਰ ਉਹ ਗੋਲ ਪੋਸਟ ਦੇ ਬਿਲਕੁਲ ਕੋਲੋਂ ਲੰਘ ਗਿਆ।

ਸਵਿਟਜ਼ਰਲੈਂਡ ਨੇ ਬਹੁਤ ਬਹਾਦਰੀ ਨਾਲ ਹਮਲਿਆਂ ਦਾ ਸਾਹਮਣਾ ਕੀਤਾ, ਪਰ ਐਕਸਟਰਾ ਟਾਈਮ ਦੇ ਆਖਰੀ ਪਲਾਂ ਵਿੱਚ ਉਨ੍ਹਾਂ ਦੀ ਹਿੰਮਤ ਟੁੱਟ ਗਈ। ਜਿੱਤ ਤੋਂ ਬਾਅਦ ਜਿੱਥੇ ਸਵਿਸ ਖਿਡਾਰੀ ਨਿਰਾਸ਼ ਹੋ ਕੇ ਮੈਦਾਨ ‘ਤੇ ਬੈਠ ਗਏ, ਉੱਥੇ ਹੀ ਮੈਸੀ ਨੇ ਆਪਣੀ ਟੀ-ਸ਼ਰਟ ਉਤਾਰ ਕੇ ਹਵਾ ਵਿੱਚ ਲਹਿਰਾਈ ਅਤੇ ਪ੍ਰਸੰਸਕਾਂ ਨਾਲ ਜਸ਼ਨ ਮਨਾਇਆ। ਬੁੱਧਵਾਰ ਨੂੰ ਹੋਣ ਵਾਲਾ ਸੈਮੀਫਾਈਨਲ ਮੈਚ ਬੇਹੱਦ ਖਾਸ ਹੋਵੇਗਾ, ਕਿਉਂਕਿ ਵਰਲਡ ਕੱਪ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ, ਜਦੋਂ ਇੰਗਲੈਂਡ ਦਾ ਸਾਹਮਣਾ ਲਿਓਨਲ ਮੈਸੀ ਨਾਲ ਹੋਵੇਗਾ। ਅਰਜਨਟੀਨਾ ਦੇ ਕੋਚ ਲਿਓਨਲ ਸਕਾਲੋਨੀ ਨੇ ਕਿਹਾ ਕਿ ਅਗਲਾ ਮੁਕਾਬਲਾ ਇੱਕ ਬਹੁਤ ਹੀ ਮਜ਼ਬੂਤ ਟੀਮ ਨਾਲ ਹੈ ਅਤੇ ਉਹ ਇਸ ਚੁਣੌਤੀ ਲਈ ਤਿਆਰ ਹਨ।

ਨਾਰਵੇ ਤੇ ਇੰਗਲੈਂਡ ਵਿਚਾਲੇ ਮਿਆਮੀ ਸਟੇਡੀਅਮ ਵਿੱਚ ਖੇਡਿਆ ਗਿਆ ਮੈਚ ਅੱਧੇ ਸਮੇਂ ਤੱਕ 1-1 ਨਾਲ ਬਰਾਬਰੀ ‘ਤੇ ਖਤਮ ਹੋਇਆ। ਰੀਅਲ ਮੈਡ੍ਰੀਡ ਦੇ ਸਟਾਰ ਮਿਡਫੀਲਡਰ ਜੂਡ ਬੇਲਿੰਗਹੈਮ ਨੇ ਫਿਰ ਦੋਵੇਂ ਗੋਲ ਕੀਤੇ। ਨਾਰਵੇ ਨੇ 36ਵੇਂ ਮਿੰਟ ਵਿੱਚ ਐਂਡਰੀਅਸ ਸ਼ੈਲਡਰੂਪ ਦੇ ਗੋਲ ਨਾਲ ਲੀਡ ਹਾਸਲ ਕਰ ਲਈ ਸੀ। ਹਾਲਾਂਕਿ, ਪਹਿਲੇ ਹਾਫ ਦੇ ਇੰਜਰੀ ਟਾਈਮ ਵਿੱਚ ਬੇਲਿੰਗਹੈਮ ਨੇ ਨੇੜਿਓਂ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਇਸ ਗੋਲ ਨੇ ਵਿਵਾਦ ਪੈਦਾ ਕਰ ਦਿੱਤਾ। ਗੋਲ ਤੋਂ ਠੀਕ ਪਹਿਲਾਂ ਗੇਂਦ ਦੇ ਏਰੀਅਲ ਕੈਮਰਾ ਕੇਬਲ ਨਾਲ ਟਕਰਾਉਣ ਦਾ ਸ਼ੱਕ ਸੀ। ਅਜਿਹੀ ਸਥਿਤੀ ਵਿੱਚ ਖੇਡ ਨੂੰ ਰੋਕਿਆ ਜਾਣਾ ਚਾਹੀਦਾ ਸੀ ਅਤੇ ਡਰੌਪ ਬਾਲ ਨਾਲ ਦੁਬਾਰਾ ਸ਼ੁਰੂ ਕੀਤਾ ਜਾਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋਇਆ। ਫੀਫਾ ਨੇ ਬਾਅਦ ਵਿੱਚ ਗੋਲ ਸੰਬੰਧੀ ਇੱਕ ਸਪੱਸ਼ਟੀਕਰਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਗੇਂਦ ਹਵਾ ਵਿੱਚ ਹੁੰਦੇ ਹੋਏ ਕਿਸੇ ਓਵਰਹੈੱਡ ਤਾਰ ਨਾਲ ਨਹੀਂ ਟਕਰਾਈ ਅਤੇ ਇਸ ਲਈ ਗੋਲ ਵੈਧ ਸੀ।

ਟੋਰਬਜੋਰਨ ਹੇਗਮ ਨੇ ਹਾਫ ਟਾਈਮ ਤੋਂ ਬਾਅਦ 56ਵੇਂ ਮਿੰਟ ਵਿੱਚ ਇੱਕ ਕਾਰਨਰ ਤੋਂ ਬਾਅਦ ਰੀਬਾਉਂਡ ਤੋਂ ਗੋਲ ਕਰਕੇ ਨਾਰਵੇ ਨੂੰ ਫਿਰ ਲੀਡ ਦਿਵਾਈ, ਪਰ ਬਾਕਸ ਦੇ ਅੰਦਰ ਏਰਲਿੰਗ ਹਾਲੈਂਡ ਵੱਲੋਂ ਫਾਊਲ ਕੀਤੇ ਜਾਣ ਕਾਰਨ ਵੀਡੀਓ ਸਮੀਖਿਆ ਤੋਂ ਬਾਅਦ ਗੋਲ ਨੂੰ ਰੱਦ ਕਰ ਦਿੱਤਾ ਗਿਆ। ਹਾਲੈਂਡ ਦਾ ਇਹ ਪਹਿਲਾ ਵਰਲਡ ਕੱਪ ਮੈਚ ਸੀ, ਜਿਸ ਵਿੱਚ ਉਹ ਗੋਲ ਨਹੀਂ ਕਰ ਸਕਿਆ। ਉਸ ਨੂੰ ਐਕਸਟਰਾ ਟਾਈਮ ਦੇ ਦੂਜੇ ਅੱਧ ਦੌਰਾਨ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ। ਬੇਲਿੰਗਹੈਮ ਦੇ ਛੇ ਗੋਲ ਹੋ ਗਏ ਹਨ। ਇੰਗਲਿਸ਼ ਕਪਤਾਨ ਹੈਰੀ ਕੇਨ ਨੇ ਵੀ ਛੇ ਗੋਲ ਕੀਤੇ ਹਨ। ਇਹ ਪਹਿਲਾ ਮੌਕਾ ਹੈ, ਜਦੋਂ ਇੰਗਲੈਂਡ ਦੇ ਦੋ ਖਿਡਾਰੀਆਂ ਨੇ ਇੱਕੋ ਵਰਲਡ ਕੱਪ ਵਿੱਚ ਪੰਜ ਜਾਂ ਵੱਧ ਗੋਲ ਕੀਤੇ ਹਨ। ਗੋਲਕੀਪਰ ਜੌਰਡਨ ਪਿਕਫੋਰਡ ਨੇ ਇੰਗਲੈਂਡ ਲਈ ਆਪਣਾ 18ਵਾਂ ਵਰਲਡ ਕੱਪ ਮੈਚ ਖੇਡ ਕੇ ਨਵਾਂ ਰਿਕਾਰਡ ਬਣਾਇਆ। ਉਸ ਨੇ ਪੀਟਰ ਸ਼ਿਲਟਨ ਦੇ 17 ਮੈਚਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਨਾਰਵੇ ਆਪਣਾ ਪਹਿਲਾ ਵਰਲਡ ਕੱਪ ਕੁਆਰਟਰ ਫਾਈਨਲ ਖੇਡ ਰਿਹਾ ਸੀ। ਇਸ ਤੋਂ ਪਹਿਲਾਂ ਉਹ 1938 ਅਤੇ 1998 ਵਿੱਚ ਪ੍ਰੀ-ਕੁਆਰਟਰ ਫਾਈਨਲ (ਰਾਊਂਡ ਆਫ 16) ਵਿੱਚ ਪਹੁੰਚਿਆ ਸੀ ਅਤੇ 1994 ਵਿੱਚ ਗਰੁੱਪ ਪੜਾਅ ਵਿੱਚ ਬਾਹਰ ਹੋ ਗਿਆ ਸੀ। ਇੰਗਲੈਂਡ ਚੌਥੀ ਵਾਰ ਸੈਮੀਫਾਈਨਲ ਵਿੱਚ ਪਹੁੰਚਿਆ ਹੈ।

Share this content:

Post Comment