ਮੰਗਲ ਗ੍ਰਹਿ ‘ਤੇ ਪਹਿਲੀ ਵਾਰ ਮਿਲਿਆ ਗਾਰਨੈਟ ਖਣਿਜ
ਵਿਨੀਪੈੱਗ, 3 ਜੁਲਾਈ – ਕੈਨੇਡਾ ਦੀ ਬਰੌਕ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਮੰਗਲ ਗ੍ਰਹਿ ਨਾਲ ਸਬੰਧਿਤ ਇੱਕ ਉਲਕਾਪਿੰਡ ਵਿੱਚ ਪਹਿਲੀ ਵਾਰ ਗਾਰਨੈਟ (Garnet) ਖਣਿਜ ਦੀ ਮੌਜੂਦਗੀ ਦਾ ਸਬੂਤ ਲੱਭਿਆ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਖੋਜ ਮੰਗਲ ਗ੍ਰਹਿ ਦੇ ਲਗਪਗ 4.5 ਅਰਬ ਸਾਲ ਪੁਰਾਣੇ ਭੂ-ਵਿਗਿਆਨਕ ਇਤਿਹਾਸ, ਅੰਦਰੂਨੀ ਬਣਤਰ ਅਤੇ ਉੱਥੇ ਵਾਪਰੀਆਂ ਭੂਗੋਲਿਕ ਪ੍ਰਕਿਰਿਆਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰ ਸਕਦੀ ਹੈ। ਇਹ ਅਧਿਐਨ ਬਰੌਕ ਯੂਨੀਵਰਸਿਟੀ ਦੀ ਧਰਤੀ ਵਿਗਿਆਨ ਦੀ ਸਹਾਇਕ ਪ੍ਰੋਫੈਸਰ ਡਾ. ਤਾਨਿਆ ਕਿਜੋਵਸਕੀ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਵਿਗਿਆਨੀਆਂ ਦੀ ਟੀਮ ਨੇ ਕੀਤਾ ਹੈ।
ਖੋਜ ਦੇ ਨਤੀਜੇ ਵਿਗਿਆਨਕ ਰਸਾਲੇ Geochemical Perspectives Letters ਵਿੱਚ ਪ੍ਰਕਾਸ਼ਿਤ ਹੋਏ ਹਨ। ਵਿਗਿਆਨੀਆਂ ਨੇ NWA 8171 ਨਾਮਕ ਮੰਗਲ ਗ੍ਰਹਿ ਤੋਂ ਆਏ ਉਲਕਾਪਿੰਡ ਦੇ ਬਹੁਤ ਛੋਟੇ ਨਮੂਨੇ ਦਾ ਲੇਜ਼ਰ ਰਮਨ ਸਪੈਕਟਰੋਸਕੋਪੀ, ਸਕੈਨਿੰਗ ਇਲੈਕਟ੍ਰਾਨ ਮਾਈਕ੍ਰੋਸਕੋਪੀ ਅਤੇ ਹੋਰ ਅਤਿ-ਆਧੁਨਿਕ ਤਕਨੀਕਾਂ ਨਾਲ ਵਿਸ਼ਲੇਸ਼ਣ ਕੀਤਾ। ਸ਼ੁਰੂਆਤੀ ਜਾਂਚ ਵਿੱਚ ਇਹ ਨਮੂਨਾ ਆਮ ਪਾਇਰੋਕਸੀਨ ਖਣਿਜ ਵਰਗਾ ਲੱਗਿਆ ਪਰ ਵਿਸਥਾਰਪੂਰਵਕ ਜਾਂਚ ਦੌਰਾਨ ਇਸ ਵਿੱਚ ਗਾਰਨੈਟ ਦੇ ਬਹੁਤ ਬਾਰੀਕ ਕਣ ਮਿਲੇ। ਮੰਗਲ ਗ੍ਰਹਿ ਦੇ ਕਿਸੇ ਵੀ ਜਾਣੇ-ਪਛਾਣੇ ਨਮੂਨੇ ਵਿੱਚ ਗਾਰਨੈਟ ਦੀ ਇਹ ਪਹਿਲੀ ਪੁਸ਼ਟੀ ਹੈ।
Share this content:



Post Comment