ਲੋੜਵੰਦ ਬਜੁਰਗਾਂ ਦੀਆਂ ਅੱਖਾਂ ਦੇ ਫਰੀ ਆਪ੍ਰੇਸ਼ਨ ਸਰਬ ਨੌਜਵਾਨ ਸਭਾ ਦੀ ਮਿਸਾਲੀ ਸੇਵਾ – ਗੁਰਬਚਨ ਸਿੰਘ

*‘ਆਓ ਪੁੰਨ ਕਮਾਈਏ’ ਮੁਹਿੰਮ ਤਹਿਤ ਇੱਕ ਹੋਰ ਬਜ਼ੁਰਗ ਮਾਤਾ ਦੀ ਅੱਖ ਨੂੰ ਮਿਲੀ ਨਵੀਂ ਰੌਸ਼ਨੀ
ਫਗਵਾੜਾ, 29 ਜੂਨ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਚਲਾਈ ਜਾ ਰਹੀ ਸਮਾਜ ਸੇਵਾ ਮੁਹਿੰਮ ‘ਆਓ ਪੁੰਨ ਕਮਾਈਏ’ ਤਹਿਤ ਇੱਕ ਹੋਰ ਲੋੜਵੰਦ ਬਜ਼ੁਰਗ ਮਾਤਾ ਦੀ ਅੱਖ ਨੂੰ ਨਵੀਂ ਰੌਸ਼ਨੀ ਪ੍ਰਦਾਨ ਕੀਤੀ ਗਈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਚਿੱਟੇ ਮੋਤੀਏ ਨਾਲ ਪੀੜਤ ਬਜ਼ੁਰਗ ਮਾਤਾ ਮਹਿੰਦਰ ਕੌਰ ਦੀ ਅੱਖਾਂ ਦਾ ਸਫ਼ਲ ਆਪ੍ਰੇਸ਼ਨ ਡਾ. ਆਈਜ਼ ਸਪੈਸ਼ਲਿਸਟ ਡਾ. ਤੁਸ਼ਾਰ ਅੱਗਰਵਾਲ ਦੀ ਟੀਮ ਵਲੋਂ ਕੀਤਾ ਗਿਆ। ਆਪ੍ਰੇਸ਼ਨ ਲਈ ਆਰਥਕ ਸਹਿਯੋਗ ਸਵ. ਪ੍ਰਭਦੀਪ ਸਿੰਘ ਸਾਹਿਲ ਦੀ ਨਿੱਘੀ ਯਾਦ ‘ਚ ਉਨ੍ਹਾਂ ਦੇ ਪਰਿਵਾਰ ਵਲੋਂ ਪ੍ਰਾਪਤ ਹੋਇਆ। ਇਸ ਮੌਕੇ ਕਰਵਾਏ ਗਏ ਸੰਖੇਪ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਗੁਰਬਚਨ ਸਿੰਘ (ਇੰਚਾਰਜ ਆਰ.ਪੀ.ਐੱਫ.) ਅਤੇ ਵਿਸ਼ੇਸ਼ ਮਹਿਮਾਨ ਵਜੋਂ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਤੇ ਕੌਂਸਲਰ ਅਨੁਰਾਗ ਮਨਖੰਡ ਸ਼ਾਮਲ ਹੋਏ।
ਆਰ.ਪੀ.ਐਫ. ਇੰਚਾਰਜ ਗੁਰਬਚਨ ਸਿੰਘ ਨੇ ਕਿਹਾ ਕਿ ਸਮਾਜ ਤਾਂ ਹੀ ਖੁਸ਼ਹਾਲ ਹੁੰਦਾ ਹੈ, ਜਦੋਂ ਸਮਰੱਥ ਲੋਕ ਲੋੜਵੰਦਾਂ ਦਾ ਸਹਾਰਾ ਬਣਦੇ ਹਨ। ਕਿਸੇ ਦੀ ਨਜ਼ਰ ਵਾਪਸ ਲਿਆਉਣਾ ਸਿਰਫ਼ ਇਲਾਜ ਨਹੀਂ, ਸਗੋਂ ਉਸ ਦੀ ਜ਼ਿੰਦਗੀ ਵਿੱਚ ਉਮੀਦ, ਆਤਮ-ਵਿਸ਼ਵਾਸ ਅਤੇ ਖੁਸ਼ੀਆਂ ਵਾਪਸ ਲਿਆਉਣ ਦੇ ਬਰਾਬਰ ਹੈ। ਉਨ੍ਹਾਂ ਸਰਬ ਨੌਜਵਾਨ ਸਭਾ ਦੇ ਸੇਵਾ ਕਾਰਜਾਂ ਨੂੰ ਮਿਸਾਲੀ ਦੱਸਦਿਆਂ ਭਰਪੂਰ ਸ਼ਲਾਘਾ ਕੀਤੀ। ਵਿਸ਼ੇਸ਼ ਮਹਿਮਾਨ ਅਨੁਰਾਗ ਮਨਖੰਡ ਨੇ ਕਿਹਾ ਕਿ ਅਸਲ ਸਮਾਜ ਸੇਵਾ ਉਹ ਹੈ ਜੋ ਹਕੀਕਤ ਵਿੱਚ ਲੋੜਵੰਦ ਲੋਕਾਂ ਤੱਕ ਪਹੁੰਚੇ। ਉਨ੍ਹਾਂ ਸਭਾ ਦੇ ਨਿਸ਼ਕਾਮ ਸੇਵਾ ਭਾਵ ਨੂੰ ਪ੍ਰੇਰਣਾਦਾਇਕ ਦੱਸਿਆ। ਡਾ. ਤੁਸ਼ਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਚਿੱਟੇ ਮੋਤੀਏ ਦਾ ਸਮੇਂ ਸਿਰ ਇਲਾਜ ਨਜ਼ਰ ਬਚਾਉਣ ਵਿੱਚ ਮਦਦਗਾਰ ਹੁੰਦਾ ਹੈ। ਉਨ੍ਹਾਂ 40 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਸਮੇਂ-ਸਮੇਂ ‘ਤੇ ਅੱਖਾਂ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ। ਅਖੀਰ ਵਿੱਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸਲਾਹਕਾਰ ਬੋਰਡ ਮੈਂਬਰ ਜਤਿੰਦਰ ਸਿੰਘ ਕੁੰਦੀ ਨੇ ਸਮੂਹ ਸਹਿਯੋਗੀਆਂ ਅਤੇ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ। ਇਸ ਮੌਕੇ ਏ.ਐਸ.ਆਈ. ਮਲਕੀਤ ਸਿੰਘ (ਆਰ.ਪੀ.ਐੱਫ.), ਸਵਰਨ ਸਿੰਘ ਪ੍ਰਧਾਨ ਹਲਵਾਈ ਯੂਨੀਅਨ, ਡਾ. ਵਿਜੇ ਕੁਮਾਰ, ਗੁਰਦੀਪ ਸਿੰਘ ਤੁਲੀ, ਰਵੀ ਸਿੱਧੂ, ਪਰਮਜੀਤ ਰਾਏ, ਆਰ.ਪੀ. ਸ਼ਰਮਾ, ਰਾਕੇਸ਼ ਕੋਛੜ, ਜਗਜੀਤ ਸੇਠ, ਰਣਜੀਤ ਸਿੰਘ ਬੇਦੀ, ਅਨੂਪ ਦੁੱਗਲ, ਗੁਲਸ਼ਨ ਕਪੂਰ, ਰਮਨ ਨੇਹਰਾ, ਕਮਲਜੀਤ ਸੈਣੀ, ਸੁੱਖਪ੍ਰੀਤ ਕੌਰ, ਮੈਡਮ ਖੁਸ਼ੀ ਰਾਣਾ, ਨਵਜੋਤ ਕੌਰ, ਗੁਰਜੀਤ ਕੌਰ ਅਤੇ ਆਸ਼ੂ ਬੱਗਾ ਸਮੇਤ ਹੋਰ ਪਤਵੰਤੇ ਮੌਜੂਦ ਰਹੇ।
Share this content:



Post Comment