‘ਆਪ’ ਨਾਲੋਂ ਤੋੜ-ਵਿਛੋੜੇ ਮਗਰੋਂ ਰਾਘਵ ਚੱਢਾ ਪਹਿਲੀ ਵਾਰ ਪੁੱਜੇ ਪੰਜਾਬ
ਚੰਡੀਗੜ੍ਹ, 22 ਜੂਨ – ਆਮ ਆਦਮੀ ਪਾਰਟੀ (ਆਪ) ਤੋਂ ਤੋੜ-ਵਿਛੋੜਾ ਕਰਨ ਮਗਰੋਂ ਭਾਜਪਾਈ ਰਾਜ ਸਭਾ ਮੈਂਬਰ ਰਾਘਵ ਚੱਢਾ ਅੱਜ ਪਹਿਲੀ ਵਾਰ ਪੰਜਾਬ ਪੁੱਜੇ ਹਨ। ਭਾਜਪਾ ਦੇ ਕੌਮੀ ਆਗੂ ਨਿਤਿਨ ਨਬੀਨ ਨੇ ਪਾਰਟੀ ਦੇ ਸਾਬਕਾ ਤੇ ਮੌਜੂਦਾ ਵਿਧਾਇਕਾਂ ਤੋਂ ਇਲਾਵਾ ਪਾਰਟੀ ਦੇ ਸਾਬਕਾ ਤੇ ਮੌਜੂਦਾ ਸੰਸਦ ਮੈਂਬਰਾਂ ਨਾਲ ਅੱਜ ਲੁਧਿਆਣਾ ਵਿਖੇ ਇੱਕ ਅਹਿਮ ਬੰਦ ਕਮਰਾ ਮੀਟਿੰਗ ਕੀਤੀ, ਜਿਸ ਵਿੱਚ ਰਾਜ ਸਭਾ ਮੈਂਬਰ ਰਾਘਵ ਚੱਢਾ ਉਚੇਚੇ ਤੌਰ ’ਤੇ ਸ਼ਾਮਲ ਹੋਏ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਾਈ ਪ੍ਰੋਫਾਈਲ ਮੀਟਿੰਗ ਵਿੱਚ ਕੌਮੀ ਆਗੂ ਨਿਤਿਨ ਨਬੀਨ ਨੇ ਰਾਘਵ ਚੱਢਾ ਨੂੰ ਥਾਪੜਾ ਦਿੰਦਿਆਂ ਪੰਜਾਬ ਦੀਆਂ ਆਉਂਦੀਆਂ ਚੋਣਾਂ ਬਾਰੇ ਖਾਸ ਫੀਡਬੈਕ ਲਈ।
ਪੰਜਾਬ ਦੀ ਸਿਆਸਤ ਦੀ ਸਮਝ ਰੱਖਦੇ ਹਨ ਰਾਘਵ ਚੱਢਾ
ਦੱਸਣਯੋਗ ਹੈ ਕਿ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਲਈ ਰਾਘਵ ਚੱਢਾ ਨੇ ਮੁੱਖ ਰਣਨੀਤੀਕਾਰ ਵਜੋਂ ਬਹੁਤ ਵੱਡੀ ਭੂਮਿਕਾ ਨਿਭਾਈ ਸੀ, ਜਿਸ ਕਾਰਨ ਉਹ ਸਿਆਸੀ ਨਜ਼ਰੀਏ ਤੋਂ ਪੰਜਾਬ ਦੇ ਹਰ ਹਲਕੇ ਅਤੇ ਸਮੀਕਰਨਾਂ ਦੀ ਡੂੰਘੀ ਸਮਝ ਰੱਖਦੇ ਹਨ। ਹਾਲਾਂਕਿ, ਸਿਆਸੀ ਉਲਟਫੇਰ ਕਾਰਨ ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਲੰਘੀ 2 ਅਪਰੈਲ ਨੂੰ ਰਾਜ ਸਭਾ ਵਿੱਚ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਇਸ ਤੋਂ ਤੁਰੰਤ ਬਾਅਦ, 24 ਅਪਰੈਲ ਨੂੰ ਚੱਢਾ ਆਪਣੇ ਛੇ ਸਾਥੀ ਸੰਸਦ ਮੈਂਬਰਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਮਈ 2026 ਵਿੱਚ ਭਾਜਪਾ ਵੱਲੋਂ ਉਨ੍ਹਾਂ ਨੂੰ ਰਾਜ ਸਭਾ ਦੀ ਪਟੀਸ਼ਨ ਕਮੇਟੀ ਦੇ ਚੇਅਰਮੈਨ ਦੀ ਅਹਿਮ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ।
‘ਆਪ’ ਸਰਕਾਰ ਦੀਆਂ ਨਜ਼ਰਾਂ ਚੱਢਾ ਦੇ ਦੌਰੇ ’ਤੇ
ਭਾਜਪਾ ਆਗੂ ਦੇ ਤੌਰ ’ਤੇ ਰਾਘਵ ਚੱਢਾ ਦੀ ਅੱਜ ਇਹ ਪਹਿਲੀ ਪੰਜਾਬ ਫੇਰੀ ਹੈ, ਜਿਸ ਕਾਰਨ ਸੱਤਾਧਾਰੀ ਆਮ ਆਦਮੀ ਪਾਰਟੀ ਉਨ੍ਹਾਂ ਦੀ ਹਰ ਇੱਕ ਹਰਕਤ ਅਤੇ ਸਿਆਸੀ ਸਰਗਰਮੀ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਜ਼ਿਕਰਯੋਗ ਹੈ ਕਿ ਰਾਘਵ ਚੱਢਾ ਦੀ ਵੋਟ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ ਬਣੀ ਹੋਈ ਹੈ, ਪ੍ਰੰਤੂ ਹਾਲ ਹੀ ਵਿੱਚ ਹੋਈਆਂ ਸਥਾਨਕ ਚੋਣਾਂ ਮੌਕੇ ਉਹ ਵੋਟ ਪਾਉਣ ਲਈ ਪੰਜਾਬ ਨਹੀਂ ਆਏ ਸਨ। ਚੱਢਾ ਪਹਿਲਾਂ ਵੀ ਇਹ ਖ਼ਦਸ਼ਾ ਜ਼ਾਹਰ ਕਰ ਚੁੱਕੇ ਹਨ ਕਿ ਪੰਜਾਬ ਦੀ ‘ਆਪ’ ਸਰਕਾਰ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਨਿਸ਼ਾਨਾ ਬਣਾ ਸਕਦੀ ਹੈ। ਖ਼ਦਸ਼ਿਆਂ ਦੇ ਬਾਵਜੂਦ, ਬਦਲੇ ਹੋਏ ਸਿਆਸੀ ਹਾਲਾਤ ਵਿੱਚ ਰਾਘਵ ਚੱਢਾ ਦੀ ਇਸ ਪੰਜਾਬ ਫੇਰੀ ਅਤੇ ਉਨ੍ਹਾਂ ਦੀਆਂ ਅਗਲੀਆਂ ਸਿਆਸੀ ਸਰਗਰਮੀਆਂ ’ਤੇ ਸੂਬੇ ਦੇ ਲੋਕਾਂ ਅਤੇ ਵਿਰੋਧੀਆਂ ਦੀਆਂ ਨਜ਼ਰਾਂ ਲਗਾਤਾਰ ਟਿਕੀਆਂ ਰਹਿਣਗੀਆਂ।
Share this content:



Post Comment