ਕੈਨੇਡਾ ‘ਚ ਇਕਦਮ ਡਿੱਗੀਆਂ ਘਰਾਂ ਦੀਆਂ ਕੀਮਤਾਂ, ਡੁੱਬਿਆਂ ਪੰਜਾਬੀਆਂ ਦਾ ਨਿਵੇਸ਼
ਟੋਰਾਂਟੋ, 20 ਜੂਨ – ਕੈਨੇਡਾ ਦੇ ਰੀਅਲ ਅਸਟੇਟ ਬਾਜ਼ਾਰ ਵਿਚ ਚੱਲ ਰਹੀ ਮੰਦੀ ਨੇ ਹਜ਼ਾਰਾਂ ਪੰਜਾਬੀ ਪਰਿਵਾਰਾਂ ਅਤੇ ਉੱਥੇ ਨਿਵੇਸ਼ ਕਰਨ ਵਾਲੇ ਘਰਾਂ ਦੇ ਮਾਲਕਾਂ ਲਈ ਚਿੰਤਾਵਾਂ ਵਧਾ ਦਿਤੀਆਂ ਹਨ। ਟੋਰਾਂਟੋ, ਬਰੈਂਪਟਨ, ਮਿਸੀਸਾਗਾ, ਸਰੀ ਅਤੇ ਵੈਨਕੂਵਰ ਵਰਗੇ ਪੰਜਾਬੀਆਂ ਦੀ ਵੱਡੀ ਆਬਾਦੀ ਵਾਲੇ ਖੇਤਰਾਂ ਵਿਚ ਘਰਾਂ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ। ਇਸ ਦੌਰਾਨ ਕਿਰਾਏਦਾਰਾਂ ਦੀ ਘਾਟ ਅਤੇ ਵਧਦੀਆਂ ਮੌਰਗੇਜ ਦਰਾਂ ਨੇ ਨਿਵੇਸ਼ਕਾਂ ਨੂੰ ਦੋਹਰੇ ਦਬਾਅ ਹੇਠ ਕਰ ਦਿਤਾ ਹੈ। ਇਕ ਰੀਅਲ ਅਸਟੇਟ ਕਾਰੋਬਾਰੀ ਮੁਤਾਬਕ ਕੋਵਿਡ-19 ਮਹਾਮਾਰੀ ਦੌਰਾਨ ਵੱਡੀ ਗਿਣਤੀ ਵਿਚ ਪੰਜਾਬੀਆਂ ਨੇ ਕੈਨੇਡਾ ਵਿਚ ਨਿਵੇਸ਼ ਦੇ ਉਦੇਸ਼ਾਂ ਲਈ ਘਰ ਖ਼ਰੀਦੇ। ਉਸ ਸਮੇਂ ਜਿਨ੍ਹਾਂ ਘਰਾਂ ਦੀ ਕੀਮਤ 12 ਤੋਂ 16 ਲੱਖ ਕੈਨੇਡੀਅਨ ਡਾਲਰ ਸੀ ਅਤੇ ਹੁਣ ਕਈ ਖੇਤਰਾਂ ਵਿਚ ਕੀਮਤ ਘਟ ਕੇ 700,000 ਤੋਂ 900,000 ਕੈਨੇਡੀਅਨ ਡਾਲਰ ਰਹਿ ਗਈ ਹੈ। ਭਾਰਤੀ ਮੁਦਰਾ ਵਿਚ ਇਹ ਮੁੱਲ ਲਗਭਗ 4.3 ਕਰੋੜ ਤੋਂ 5.5 ਕਰੋੜ ਤਕ ਬਣਦਾ ਹੈ।
ਇਸ ਤਰ੍ਹਾਂ ਬਹੁਤ ਸਾਰੇ ਨਿਵੇਸ਼ਕਾਂ ਨੂੰ ਪ੍ਰਤੀ ਜਾਇਦਾਦ 3 ਕਰੋੜ ਤੋਂ 4.5 ਕਰੋੜ ਤਕ ਦਾ ਨੁਕਸਾਨ ਹੋਇਆ ਹੈ। ਰੀਅਲ ਅਸਟੇਟ ਕਾਰੋਬਾਰੀ ਨੇ ਦੱਸਿਆ ਕਿ ਜ਼ਿਆਦਾਤਰ ਲੋਕਾਂ ਨੇ ਇਹ ਸੋਚ ਕੇ ਨਿਵੇਸ਼ ਕੀਤਾ ਸੀ ਕਿ ਉਹ ਕਿਰਾਏ ਦੀ ਆਮਦਨੀ ਨਾਲ ਆਸਾਨੀ ਨਾਲ ਮੌਰਗੇਜ ਦੀਆਂ ਕਿਸ਼ਤਾਂ ਨੂੰ ਪੂਰਾ ਕਰ ਦੇਣਗੇ ਪਰ ਹਾਲਾਤ ਬਦਲ ਗਏ। ਬਹੁਤ ਸਾਰੇ ਮਕਾਨ ਮਾਲਕਾਂ ਨੂੰ ਬੈਂਕ ਦੀਆਂ ਕਿਸਤਾਂ ਅਪਣੀ ਜੇਬ ਤੋਂ ਭਰਨੀਆਂ ਪੈ ਰਹੀਆਂ ਹਨ ਜਦਕਿ ਜਾਇਦਾਦ ਦਾ ਬਾਜ਼ਾਰ ਮੁੱਲ ਲਗਾਤਾਰ ਘੱਟ ਰਿਹਾ ਹੈ। ਕੈਨੇਡੀਅਨ ਸਰਕਾਰ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਨਿਵਾਸੀਆਂ ਦੀ ਗਿਣਤੀ ਸੀਮਤ ਕਰਨ ਤੋਂ ਬਾਅਦ ਕਿਰਾਏ ਦੇ ਘਰਾਂ ਦੀ ਮੰਗ ਵਿਚ ਗਿਰਾਵਟ ਆਈ ਹੈ। ਭਾਰਤੀ ਅਤੇ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਵਿਚ ਗਿਰਾਵਟ ਕਾਰਨ ਬਰੈਂਪਟਨ, ਸਰੀ ਅਤੇ ਟੋਰਾਂਟੋ ਵਰਗੇ ਖੇਤਰਾਂ ਵਿਚ ਬੇਸਮੈਂਟ ਅਤੇ ਸਾਂਝੇ ਕਮਰੇ ਖ਼ਾਲੀ ਪਏ ਹਨ। ਪਿਛਲੇ ਡੇਢ ਸਾਲ ਤੋਂ ਕਿਰਾਏ ਲਗਾਤਾਰ ਘਟ ਰਹੇ ਹਨ, ਜਿਸ ਨਾਲ ਮਕਾਨ ਮਾਲਕਾਂ ਦੀ ਆਮਦਨ ਪ੍ਰਭਾਵਿਤ ਹੋ ਰਹੀ ਹੈ। ਸੰਕਟ ਦਾ ਇਕ ਹੋਰ ਵੱਡਾ ਕਾਰਕ ਮੌਰਗੇਜ ਦਰਾਂ ਵਿੱਚ ਵਾਧਾ ਹੈ। ਜਿਨ੍ਹਾਂ ਲੋਕਾਂ ਨੇ 2020 ਅਤੇ 2021 ਵਿਚ ਦੋ ਪ੍ਰਤੀਸ਼ਤ ਤੋਂ ਘੱਟ ਵਿਆਜ ਦਰਾਂ ’ਤੇ ਮੌਰਗੇਜ ਲਏ ਸਨ, ਉਨ੍ਹਾਂ ਨੂੰ ਹੁਣ ਬਹੁਤ ਜ਼ਿਆਦਾ ਦਰਾਂ ’ਤੇ ਅਪਣੇ ਕਰਜ਼ਿਆਂ ਦਾ ਨਵੀਨੀਕਰਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਦੇ ਨਤੀਜੇ ਵਜੋਂ ਮਾਸਿਕ ਕਿਸ਼ਤਾਂ ਵਿਚ ਹਜ਼ਾਰਾਂ ਡਾਲਰ ਦਾ ਵਾਧਾ ਹੋਇਆ ਹੈ। ਬਹੁਤ ਸਾਰੇ ਮਾਮਲਿਆਂ ਵਿਚ ਕਿਰਾਏ ਦੀ ਆਮਦਨ ਮੌਰਗੇਜ, ਜਾਇਦਾਦ ਟੈਕਸ, ਬੀਮਾ ਅਤੇ ਸਾਂਭ-ਸੰਭਾਲ ਦੇ ਖ਼ਰਚਿਆਂ ਨੂੰ ਵੀ ਪੂਰਾ ਨਹੀਂ ਕਰ ਰਹੀ ਹੈ।
ਕੈਨੇਡਾ ਸਰਕਾਰ ਬਦਲੇਗੀ ਅਪਣੀ ਇਮੀਗ੍ਰੇਸ਼ਨ ਨੀਤੀ
ਕੈਨੇਡਾ ਸਰਕਾਰ ਵਲੋਂ ਇਮੀਗ੍ਰੇਸ਼ਨ ਨਿਯਮਾਂ ਵਿਚ ਕੀਤੀ ਗਈ ਸਖ਼ਤੀ ਦਾ ਅਸਰ ਹੁਣ ਦੇਸ਼ ਦੀ ਆਬਾਦੀ ’ਤੇ ਸਪੱਸ਼ਟ ਦਿਖਾਈ ਦੇਣ ਲੱਗ ਪਿਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਦੀ ਆਬਾਦੀ ਵਿਚ ਲਗਾਤਾਰ ਤੀਜੀ ਤਿਮਾਹੀ ਗਿਰਾਵਟ ਦਰਜ ਕੀਤੀ ਗਈ ਹੈ। ਮਾਹਿਰਾਂ ਅਨੁਸਾਰ ਕੈਨੇਡਾ ਦੀ ਆਬਾਦੀ ਵਿਚ ਵਾਧਾ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ’ਤੇ ਨਿਰਭਰ ਰਿਹਾ ਹੈ ਪਰ ਹੁਣ ਸਰਕਾਰ ਦੇ ਘੱਟ ਇਮੀਗ੍ਰੇਸ਼ਨ ਟੀਚਿਆਂ ਕਾਰਨ ਇਹ ਸੰਤੁਲਨ ਵਿਗੜ ਰਿਹਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਕਿਹਾ ਸੀ ਕਿ ਦੇਸ਼ ਵਿਚ ਤਕਨੀਕੀ ਮੰਦੀ, ਲਗਾਤਾਰ ਦੋ ਤਿਮਾਹੀਆਂ ਵਿਚ ਵਿਕਾਸ ਵਿਚ ਕਮੀ, ਅੰਸ਼ਕ ਤੌਰ ’ਤੇ ਡਿੱਗ ਰਹੇ ਇਮੀਗ੍ਰੇਸ਼ਨ ਕਾਰਨ ਹੋ ਸਕਦੀ ਹੈ।
‘ਸਟੈਟਿਸਟਿਕਸ ਕੈਨੇਡਾ’ ਦੇ ਅੰਕੜੇ ਦਸਦੇ ਹਨ ਕਿ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਦੇਸ਼ ਦੀ ਆਬਾਦੀ 0.1 ਫ਼ੀ ਸਦੀ ਘੱਟ ਕੇ 4.14 ਕਰੋੜ ਰਹਿ ਗਈ ਹੈ। ਇਸ ਤਿਮਾਹੀ ਦੌਰਾਨ ਆਬਾਦੀ ਵਿਚ ਲਗਭਗ 55,09625 ਲੋਕਾਂ ਦੀ ਕਮੀ ਆਈ ਹੈ। ਜਨਵਰੀ ਤੋਂ ਅਪ੍ਰੈਲ 2026 ਦਰਮਿਆਨ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ ਵਿਚ 20.2 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਅਸਥਾਈ ਨਿਵਾਸੀਆਂ ਦੀ ਗਿਣਤੀ ਵਿਚ ਵੀ 1,17,879 ਦੀ ਵੱਡੀ ਕਮੀ ਆਈ ਹੈ। ਹਾਲਾਂਕਿ ਗਿਣਤੀ ਵਿਚ ਆਈ ਗਿਰਾਵਟ ਲਈ ਸਿਰਫ਼ ਫ਼ੈਰ-ਸਥਾਈ ਨਿਵਾਸੀ ਜ਼ਿੰਮੇਵਾਰ ਨਹੀਂ ਹਨ, ਇਸ ਸ਼੍ਰੇਣੀ ਜਿਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਕਰਮਚਾਰੀ ਵੀ ਸ਼ਾਮਲ ਹਨ। ਇਮੀਗ੍ਰੇਸ਼ਨ ਵਿਭਾਗ ਨੇ ਸਾਲ 2026 ਲਈ ਇਮੀਗ੍ਰੇਸ਼ਨ ਕੋਟੇ ਵਿਚ ਕਾਫੀ ਕਟੌਤੀ ਕੀਤੀ ਹੈ। ਸਰਕਾਰ ਦਾ ਮੁੱਖ ਟੀਚਾ 2027 ਦੇ ਅੰਤ ਤਕ ਅਸਥਾਈ ਆਬਾਦੀ ਨੂੰ ਕੁੱਲ ਆਬਾਦੀ ਦੇ 5 ਫ਼ੀ ਸਦੀ ਤੋਂ ਹੇਠਾਂ ਲਿਆਉਣਾ ਹੈ।
Share this content:


Post Comment