Loading Now

ਨਹੀਂ ਰਹੇ ਕਾਮਰੇਡ ਰਾਜਿੰਦਰ ਮੰਡ, 57 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ

ਨਹੀਂ ਰਹੇ ਕਾਮਰੇਡ ਰਾਜਿੰਦਰ ਮੰਡ, 57 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ

ਜਲੰਧਰ, 18 ਜੂਨ – ‘ਨਵਾਂ ਜ਼ਮਾਨਾ’ ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਜਲੰਧਰ ਦੇ ਟਰੱਸਟੀ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ ਐਡਵੋਕੇਟ ਰਜਿੰਦਰ ਸਿੰਘ ਮੰਡ ਨਹੀਂ ਰਹੇ। ਇਸ ਬੇਹੱਦ ਦੁਖਦਾਈ ਖ਼ਬਰ ਨਾਲ ਕਮਿਊਨਿਸਟ, ਅਗਾਂਹਵਧੂ ਅਤੇ ਵਕਾਲਤੀ ਸਫ਼ਾਂ ਅੰਦਰ ਸੰਨਾਟਾ ਛਾ ਗਿਆ ਹੈ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਕੁਝ ਦਿਨ ਪਹਿਲਾਂ ਉਨ੍ਹਾ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਸਿਹਤ ਵਿੱਚ ਸੁਧਾਰ ਨਾ ਹੁੰਦਾ ਵੇਖ ਕੇ ਉਨ੍ਹਾ ਨੂੰ ਡੀ ਐੱਮ ਸੀ ਲੁਧਿਆਣਾ ਲਿਜਾਇਆ ਗਿਆ, ਉੱਥੇ ਉਨ੍ਹਾ ਬੁੱਧਵਾਰ ਤੜਕੇ ਇੱਕ ਵਜੇ ਆਖ਼ਰੀ ਸਾਹ ਲਿਆ। ਉਸ ਵੇਲੇ ਉਨ੍ਹਾ ਦੀ ਜੀਵਨ ਸਾਥਣ ਹਰਦੀਪ ਕੌਰ ਮੰਡ ਤੇ ਬੇਟਾ ਮਨਰਾਜ ਮੰਡ ਉਨ੍ਹਾ ਦੇ ਕੋਲ ਸਨ। ਐਡਵੋਕੇਟ ਰਜਿੰਦਰ ਮੰਡ ਤੇ ਉਨ੍ਹਾ ਦੇ ਪਰਵਾਰ ਨੇ ਲੰਘੀ 5 ਜੂਨ ਨੂੰ ਆਪਣੇ ਪਿਤਾ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦਾ ਸਿਮਰਤੀ ਸਮਾਗਮ ਮਨਾਇਆ ਸੀ। ਸਮਾਗਮ ਉਪਰੰਤ ਐਡਵੋਕੇਟ ਮੰਡ ਆਪਣੇ ਸੰਗੀ-ਸਾਥੀਆ ਨਾਲ ਸਲਾਹ-ਮਸ਼ਵਰੇ ਕਰਦੇ ਰਹੇ ਕਿ ਅਗਲਾ ਸਿਮਰਤੀ ਸਮਾਗਮ ਇਸ ਤਰ੍ਹਾਂ ਮਨਾਇਆ ਜਾਵੇ ਕਿ ਇਹ ਸਮਾਜੀ, ਸਿਆਸੀ ਤੇ ਹੋਰ ਮੁੱਦਿਆਂ ‘ਤੇ ਇੱਕ ਯਾਦਗਾਰੀ ਸੰਵਾਦ ਰਚਾਉਂਦਾ ਹੋਇਆ ਸਫ਼ਲ ਸੈਮੀਨਾਰ ਹੋ ਨਿੱਬੜੇ।

ਐਡਵੋਕੇਟ ਸ਼ੁਗਲੀ 5 ਜੂਨ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ। 15 ਜੂਨ 2025 ਨੂੰ ਮੰਡ ਹੁਰਾਂ ਨੇ ਆਪਣੇ ਪਿਤਾ ਦੀ ਯਾਦ ਵਿੱਚ ਕਰਵਾਏ ਸਮਾਗਮ ਨੂੰ ‘ਜ਼ਿੰਦਗੀ ਦਾ ਜਸ਼ਨ’ ਨਾਂਅ ਦਿੱਤਾ ਸੀ। ਇਹ ਕਿਸੇ ਦੇ ਵੀ ਚਿੱਤ-ਚੇਤੇ ਨਹੀਂ ਸੀ ਕਿ ਇੱਕ ਸਾਲ ਬਾਅਦ ਉਹ (ਮੰਡ) ਸਭ ਨੂੰ ਰੋਂਦਿਆਂ-ਕੁਰਲਾਂਦਿਆਂ ਛੱਡ ਜਾਣਗੇ। 29 ਜੂਨ 1969 ਨੂੰ ਪੈਦਾ ਹੋਏ ਰਜਿੰਦਰ ਸਿੰਘ ਮੰਡ ਬਹੁਪੱਖੀ ਸ਼ਖਸੀਅਤ ਸਨ। ਉਹ ਕਈ ਖੇਤਰਾਂ ਵਿੱਚ ਸਰਗਰਮ ਰਹਿ ਕੇ ਆਪਣੀ ਨਿਵੇਕਲੀ ਪਛਾਣ ਬਣਾ ਗਏ। ਉਹ 1991 ਤੋਂ 1993 ਤੱਕ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਦੇ ਜਨਰਲ ਸਕੱਤਰ ਰਹੇ। ਅੱਜ ਉਨ੍ਹਾ ਦੇ ਪਿੰਡ ਮੰਡ ਮੌੜ ਵਿਖੇ ਬਹੁਤ ਸਾਰੇ ਲੋਕ ਮਾਤਾ ਮਹਿੰਦਰ ਕੌਰ ਅਤੇ ਪਤਨੀ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ, ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਪ੍ਰੈੱਸ ਕਲੱਬ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਉੱਘੇ ਬੁੱਧੀਜੀਵੀ ਸਤਨਾਮ ਚਾਨਾ, ਸੰਤੋਸ਼ ਬਰਾੜ ਤੋਂ ਇਲਾਵਾ ਵਕੀਲ ਭਾਈਚਾਰਾ ਤੇ ਰਿਸ਼ਤੇਦਾਰਾਂ ਨੇ ਮਾਤਾ ਜੀ ਅਤੇ ਪਤਨੀ ਹਰਦੀਪ ਕੌਰ ਮੰਡ ਨਾਲ ਦੁੱਖ ਸਾਂਝਾ ਕੀਤਾ।

ਇਸੇ ਦੌਰਾਨ ਸੀ ਪੀ ਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ, ਸਾਬਕਾ ਸੂਬਾ ਸਕੱਤਰ ਬੰਤ ਸਿੰਘ ਬਰਾੜ, ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ, ਸੀ ਪੀ ਆਈ ਜ਼ਿਲ੍ਹਾ ਮੋਗਾ ਦੇ ਸਕੱਤਰ ਕੁਲਦੀਪ ਭੋਲਾ, ਮਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ ਕਸ਼ਮੀਰ ਗਦਾਈਆ, ਗੁਲਜ਼ਾਰ ਸਿੰਘ ਗੋਰੀਆ ਜਨਰਲ ਸਕੱਤਰ ਭਾਰਤੀ ਖੇਤ ਮਜ਼ਦੂਰ ਯੂਨੀਅਨ, ਦੇਵੀ ਕੁਮਾਰੀ ਸਰਹਾਲੀ ਕਲਾਂ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਬਲਦੇਵ ਸਿੰਘ ਨੂਰਪੁਰੀ, ਸਵਰਨ ਸਿੰਘ ਟਹਿਣਾ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਨਿਹਾਲਗੜ੍ਹ, ਬਲਕਰਨ ਸਿੰਘ ਬਰਾੜ, ਮਹਾਂਵੀਰ ਸਿੰਘ ਗਿੱਲ, ਸੂਰਤ ਸਿੰਘ ਧਰਮਕੋਟ, ਕੁਲਵੰਤ ਸਿੰਘ ਮੌਲਵੀਵਾਲ, ਲਖਬੀਰ ਸਿੰਘ ਨਿਜ਼ਾਮਪੁਰ, ਸੁਰਿੰਦਰ ਸਿੰਘ ਢੰਡੀਆਂ, ਬਲਕਾਰ ਸਿੰਘ ਵਲਟੋਹਾ ਤੇ ਸੀ ਪੀ ਆਈ ਜਲੰਧਰ ਦੇ ਸਕੱਤਰ ਰਛਪਾਲ ਕੈਲੇ ਨੇ ਐਡਵੋਕੇਟ ਰਜਿੰਦਰ ਸਿੰਘ ਮੰਡ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਐਡਵੋਕੇਟ ਰਾਜਿੰਦਰ ਸਿੰਘ ਮੰਡ ਦੀ ਮੌਤ ‘ਤੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੰਗਾਮੀ ਸ਼ੋਕ ਬੈਠਕ ਉਪਰੰਤ ਹਾਜ਼ਰ ਮੈਂਬਰਾਂ ਅਤੇ ਪੁੱਜੇ ਸ਼ੋਕ ਸੁਨੇਹਿਆਂ ਮੁਤਾਬਕ ਜਾਣਕਾਰੀ ਸਾਂਝੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ, ਲਾਇਬ੍ਰੇਰੀ, ਮਿਊਜ਼ੀਅਮ, ਆਡਿਟ ਅਤੇ ਦੇਖਰੇਖ ਕਮੇਟੀ ਦੇ ਕ੍ਰਮਵਾਰ ਕਨਵੀਨਰ ਚਰੰਜੀ ਲਾਲ ਕੰਗਣੀਵਾਲ, ਹਰਵਿੰਦਰ ਭੰਡਾਲ, ਸੁਰਿੰਦਰ ਕੁਮਾਰੀ ਕੋਛੜ ਅਤੇ ਰਣਜੀਤ ਸਿੰਘ ਔਲਖ ਤੋਂ ਇਲਾਵਾ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਸਿੰਘ, ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ ਅਤੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਐਡਵੋਕੇਟ ਰਾਜਿੰਦਰ ਮੰਡ ਦੇ ਪਰਵਾਰ, ਸਾਕ-ਸੰਬੰਧੀਆਂ ਅਤੇ ਸੰਗੀ-ਸਾਥੀਆਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ (ਐੱਮ) ਦੇ ਸੂਬਾ ਕਮੇਟੀ ਮੈਂਬਰ ਵਰਿੰਦਰਪਾਲ ਸਿੰਘ ਕਾਲਾ ਨੇ ਨਵਾਂ ਜ਼ਮਾਨਾ, ਮੰਡ ਪਰਵਾਰ, ਦੇਸ਼ ਭਗਤ ਯਾਦਗਾਰ ਕਮੇਟੀ ਨਾਲ ਆਪਣੀਆਂ ਸੰਵੇਦਨਾਵਾਂ ਸਾਂਝੀਆਂ ਕਰਦਿਆਂ ਐਡਵੋਕੇਟ ਮੰਡ ਦੇ ਵਿਛੋੜੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।

Share this content:

Post Comment