ਸਮਾਂ ਕੋਈ ਵੀ ਹੋਵੇ, ਦੇਸ਼ ਕੋਈ ਵੀ ਹੋਵੇ …
ਛੇ ਜੂਨ ਦੀ ਸਵੇਰ ਤੋਂ ਸਾਰਿਆਂ ਦੀ ਨਜ਼ਰ ਇਸ ਗੱਲ ’ਤੇ ਸੀ ਕਿ ਕੌਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਅਮਰੀਕਾ ਤੋਂ ਪਰਤਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਜਾਂ ਨਹੀਂ। ਇਸ ਦਾ ਕਾਰਨ ਉਸ ਵੱਲੋਂ ਕੀਤਾ ਹੋਇਆ ਇਹ ਐਲਾਨ ਸੀ ਕਿ ਉਹ ਉਸੇ ਦਿਨ ਜੰਤਰ-ਮੰਤਰ ਵਿਖੇ ਰੋਸ ਪ੍ਰਦਰਸ਼ਨ ਕਰੇਗਾ ਅਤੇ ਹਵਾਈ ਅੱਡੇ ’ਚੋਂ ਨਿਕਲਦਿਆਂ ਹੀ ਸਭ ਤੋਂ ਪਹਿਲਾਂ ਸੰਸਦ ਮਾਰਗ ਥਾਣੇ ਦੀ ਪੁਲੀਸ ਕੋਲੋਂ ਇਸ ਰੋਸ ਪ੍ਰਦਰਸ਼ਨ ਲਈ ਪ੍ਰਵਾਨਗੀ ਮੰਗੇਗਾ। ਹੈਰਾਨੀ ਦੀ ਗੱਲ ਇਹ ਰਹੀ ਕਿ ਦਿੱਲੀ ਪੁਲੀਸ ਨੇ ਖ਼ੁਦ ਹਵਾਈ ਅੱਡੇ ’ਤੇ ਪੁੱਜ ਕੇ ਪ੍ਰਵਾਨਗੀ ਦੀ ਚਿੱਠੀ ਸਤਿਕਾਰ ਨਾਲ ਉਸ ਦੇ ਹੱਥ ਜਾ ਫੜਾਈ; ਹਾਲਾਂਕਿ, ਅਜਿਹੇ ਪ੍ਰਦਰਸ਼ਨ ਲਈ 24 ਘੰਟੇ ਪਹਿਲਾਂ ਪ੍ਰਵਾਨਗੀ ਲੈਣੀ ਲਾਜ਼ਮੀ ਹੁੰਦੀ ਹੈ। ਉਂਜ, ਇਹ ਉਹੀ ਪੁਲੀਸ ਹੈ, ਜਿਸ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਜੰਤਰ-ਮੰਤਰ ਵਿਖੇ ਰੋਸ ਪ੍ਰਦਰਸ਼ਨ ਲਈ ਪ੍ਰਵਾਨਗੀ ਤਾਂ ਕੀ ਦੇਣੀ ਸੀ ਸਗੋਂ ਉਨ੍ਹਾਂ ਨੂੰ ਦਿੱਲੀ ਦੇ ਅੰਦਰ ਪੈਰ ਵੀ ਨਹੀਂ ਸੀ ਪਾਉਣ ਦਿੱਤਾ। ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਦਿਸ਼ਾਵਾਂ ਤੋਂ ਆਏ ਕਿਸਾਨ ਦਿੱਲੀ ਦੀਆਂ ਸੀਮਾਵਾਂ ਦੇ ਬਾਹਰ ਗਾਜ਼ੀਪੁਰ, ਸਿੰਘੂ ਅਤੇ ਟਿੱਕਰੀ ਬਾਰਡਰ ’ਤੇ ਕੋਈ ਇੱਕ ਸਾਲ ਤੋਂ ਵੱਧ ਸਮਾਂ ਗਰਮੀ, ਸਰਦੀ ਤੇ ਬਰਸਾਤਾਂ ਵਿੱਚ ਬੈਠੇ ਰਹੇ ਸਨ। ਭਾਰਤੀ ਕੁਸ਼ਤੀ ਸੰਘ ਦੇ ਤਤਕਾਲੀ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਕਿਰਦਾਰ ਅਤੇ ਮਹਿਲਾ ਪਹਿਲਵਾਨਾਂ ਪ੍ਰਤੀ ਉਸ ਦੇ ਮਾੜੇ ਰਵੱਈਏ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਜੰਤਰ-ਮੰਤਰ ’ਤੇ ਧਰਨਾ ਲਾਈ ਬੈਠੀਆਂ ਦੇਸ਼ ਦੀਆਂ ਪਹਿਲਵਾਨ ਧੀਆਂ ਦੀ ਦਿੱਲੀ ਪੁਲੀਸ ਨੇ ਜੋ ਖਿੱਚ-ਧੂਹ ਕੀਤੀ ਸੀ, ਉਹ ਵੀ ਕਿਸੇ ਨੂੰ ਭੁੱਲੀ ਨਹੀਂ।
ਬਹੁਤ ਸਾਰੇ ਵਿਸ਼ਲੇਸ਼ਕਾਂ ਅਤੇ ਸਿਆਸੀ ਮਾਹਿਰਾਂ ਵੱਲੋਂ ਅਭਿਜੀਤ ਦੀਪਕੇ ਦੀ ਇਸ ਸਮੁੱਚੀ ਮੁਹਿੰਮ ਅਤੇ ਪੁਲੀਸ ਦੇ ਉਸ ਪ੍ਰਤੀ ਨਰਮ ਰਵੱਈਏ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਹਨ। ਉਹ ਸਾਰੇ ਕਿੰਤੂ-ਪ੍ਰੰਤੂ ਆਪਣੀ ਜਗ੍ਹਾ ਠੀਕ ਨੇ, ਪਰ ਚੀਫ ਜਸਟਿਸ ਸੂਰਿਆ ਕਾਂਤ ਵੱਲੋਂ ਨੌਜਵਾਨਾਂ ਨੂੰ ‘ਕੌਕਰੋਚ’ ਕਹੇ ਜਾਣ ਦੇ ਰੋਸ ਵਜੋਂ ਹੋਂਦ ’ਚ ਆਈ ‘ਕੌਕਰੋਚ ਜਨਤਾ ਪਾਰਟੀ’ ਵੱਲੋਂ ਸਿੱਖਿਆ ਪ੍ਰਬੰਧ ਨੂੰ ਲੈ ਕੇ ਉਠਾਏ ਜਾ ਰਹੇ ਸਵਾਲਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ‘ਨੀਟ’ ਪੇਪਰ ਲੀਕ ਹੋਣ ਸਬੰਧੀ ਵਿਵਾਦ ਮਗਰੋਂ ਸੀ ਬੀ ਐੱਸ ਈ ਦੀ ਬਾਰ੍ਹਵੀਂ ਦੀ ਪ੍ਰੀਖਿਆ ਦੀ ‘ਔਨ ਸਕਰੀਨ ਮਾਰਕਿੰਗ’ ਨੂੰ ਲੈ ਕੇ ਵੀ ਵਿਵਾਦ ਉੱਠ ਖੜ੍ਹਾ ਹੋਇਆ। ਦਰਅਸਲ, ਆਪਣੀ ਮਿਹਨਤ ਤੇ ਮਾਪਿਆਂ ਦੀ ਘਾਲਣਾ ਨੂੰ ਵਿਅਰਥ ਜਾਂਦੇ ਦੇਖ ‘ਨੀਟ’ ਪ੍ਰੀਖਿਆ ਦੇਣ ਵਾਲੇ ਕੁਝ ਵਿਦਿਆਰਥੀਆਂ ਨੇ ਬੇਵੱਸੀ ਦੀ ਹਾਲਤ ’ਚ ਖ਼ੁਦਕੁਸ਼ੀ ਦਾ ਰਾਹ ਚੁਣ ਲਿਆ ਸੀ। ਫਿਰ ਸੀ ਬੀ ਐੱਸ ਈ ਪ੍ਰੀਖਿਆ ਵਿੱਚ ਜਦੋਂ ਬਹੁਤ ਸਾਰੇ ਹੋਣਹਾਰ ਵਿਦਿਆਰਥੀਆਂ ਦੇ ਨੰਬਰ ਆਸ ਨਾਲੋਂ ਬਹੁਤ ਘੱਟ ਆਏ ਤਾਂ ਉਨ੍ਹਾਂ ਦੇ ਮਨ ’ਚ ਸ਼ੱਕ ਪੈਦਾ ਹੋਇਆ। ਅਜਿਹੇ ਹੀ ਇੱਕ ਵਿਦਿਆਰਥੀ ਵੇਦਾਂਤ ਸ੍ਰੀਵਾਸਤਵ ਨੇ ਸ਼ੱਕ ਹੋਣ ਕਾਰਨ ਫਿਜ਼ਿਕਸ ਦੇ ਪੇਪਰ ਦੀ ਡਿਜੀਟਲ ਆਂਸਰ ਸ਼ੀਟ ਮੰਗਵਾਈ। ਉਸ ਦੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਦੇਖਿਆ ਕਿ ਰੋਲ ਨੰਬਰ ਵਾਲਾ ਮੁੱਢਲਾ ਪੰਨਾ ਤਾਂ ਉਸ ਦਾ ਹੈ, ਪਰ ਅੱਗੇ ਸਵਾਲਾਂ ਦੇ ਜਵਾਬਾਂ ਵਾਲੇ ਪੰਨੇ ਉਸ ਦੇ ਨਹੀਂ। ਜਦੋਂ ਉਸ ਨੇ ਇਸ ਨੂੰ ਸਾਰਿਆਂ ਨਾਲ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਤਾਂ ਉਸ ਦੀ ਬਹੁਤ ਟਰੋਲਿੰਗ ਕੀਤੀ ਗਈ, ਪਰ ਅੰਤ ਸੀ ਬੀ ਐੱਸ ਈ ਨੂੰ ਆਪਣੀ ਗ਼ਲਤੀ ਮੰਨਣੀ ਪਈ।
ਸੀ ਬੀ ਐੱਸ ਈ ਦੇ ਇਸ ਖ਼ਾਮੀਆਂ ਭਰੇ ਪ੍ਰਬੰਧ ਦੀ ਪੂਰੀ ਪੋਲ ਉਦੋਂ ਖੁੱਲ੍ਹੀ ਜਦੋਂ ਰਾਂਚੀ ਦੇ ਵਿਦਿਆਰਥੀ ਸਾਰਥਕ ਸਿਧਾਂਤ ਨੇ ਦੋ ਜੂਨ ਨੂੰ ਸੰਸਦੀ ਕਮੇਟੀ ਦੇ ਸੱਦੇ ’ਤੇ ਸੰਸਦ ਭਵਨ ਵਿੱਚ 31 ਮੈਂਬਰੀ ਕਮੇਟੀ ਅੱਗੇ ਇਸ ਨਾਕਸ ਪ੍ਰਬੰਧ ਬਾਰੇ ਠੋਸ ਸਬੂਤਾਂ ਨਾਲ ਚਾਨਣਾ ਪਾਇਆ। ਉਸ ਨੇ ਦੱਸਿਆ ਕਿ ਖ਼ਾਸ ਕੰਪਨੀ ਨੂੰ ਫ਼ਾਇਦਾ ਪਹੁੰਚਾਉਣ ਲਈ ‘ਖ਼ਰਾਬ ਪ੍ਰਦਰਸ਼ਨ’ ਵਾਲੀ ਮੱਦ (ਕਲਾਜ਼) ਨੂੰ ਹਟਾ ਦਿੱਤਾ ਗਿਆ ਸੀ। ਪੁਰਾਣੇ ਨਿਯਮਾਂ ਅਨੁਸਾਰ ਜੇਕਰ ਕਿਸੇ ਸਰਵਿਸ ਪ੍ਰੋਵਾਈਡਰ ਕੰਪਨੀ ਦੀ ਕਾਰਗੁਜ਼ਾਰੀ ਖ਼ਰਾਬ ਰਹਿੰਦੀ ਸੀ ਤਾਂ ਉਸ ਨੂੰ ਅਯੋਗ ਐਲਾਨਣ ਦੇ ਤਿੰਨ ਸਖ਼ਤ ਨਿਯਮ ਸਨ, ਪਰ ਨਵੇਂ ਪ੍ਰਬੰਧ ਵਿੱਚ ਇਨ੍ਹਾਂ ਨੂੰ ਖ਼ਤਮ ਕਰ ਦਿੱਤਾ ਗਿਆ। ਪਹਿਲਾਂ ਇਹ ਨਿਯਮ ਸੀ ਕਿ ਜੇਕਰ ਕੋਈ ਵੀ ਕੰਪਨੀ ਕਦੇ ਪਹਿਲਾਂ ਬਲੈਕਲਿਸਟ ਹੋਈ ਸੀ ਤਾਂ ਉਹ ਟੈਂਡਰ ’ਚ ਹਿੱਸਾ ਨਹੀਂ ਸੀ ਲੈ ਸਕਦੀ, ਪਰ ਨਵੇਂ ਟੈਂਡਰ ’ਚ ਇਸ ਸ਼ਰਤ ਨੂੰ ਇਉਂ ਰੱਖਿਆ ਗਿਆ ਕਿ ਕੀ ਉਹ ‘ਵਰਤਮਾਨ ’ਚ ਬਲੈਕਲਿਸਟ’ ਹੈ। ਇਨ੍ਹਾਂ ਸ਼ਬਦਾਂ ਨਾਲ ਸ਼ਰਤ ਦੇ ਮਾਅਨੇ ਹੀ ਬਦਲ ਗਏ। ਸਾਰਥਕ ਨੇ ਇਸ ਮੌਕੇ ਸਵਾਲ ਕੀਤਾ ਕਿ ਬੋਰਡ ਅਜਿਹੀ ਹੀ ਕੰਪਨੀ ਨੂੰ ਕਿਉਂ ਚੁਣਨਾ ਚਾਹੁੰਦਾ ਸੀ, ਜੋ ਬੀਤੇ ’ਚ ਬਲੈਕਲਿਸਟ ਸੀ। ਸਾਰਥਕ ਨੇ ਦੋਸ਼ ਲਗਾਏ ਕਿ ਇਹ ਸਾਰੀਆਂ ਤਬਦੀਲੀਆਂ ‘ਕੋਐਂਪਟ ਐਜੂਟੈੱਕ ਕੰਪਨੀ’ ਨੂੰ ਫ਼ਾਇਦਾ ਪਹੁੰਚਾਉਣ ਲਈ ਕੀਤੀਆਂ ਗਈਆਂ, ਜਿਸ ਨੂੰ ਪਹਿਲਾਂ ‘ਗਲੋਬਾਰੇਨਾ’ ਵਜੋਂ ਜਾਣਿਆ ਜਾਂਦਾ ਸੀ। ਉਸ ਦਾ ਦਾਅਵਾ ਸੀ ਕਿ ਇਸ ਕੰਪਨੀ ਦਾ ਇਤਿਹਾਸ ਕਾਫ਼ੀ ਦਾਗ਼ਦਾਰ ਰਿਹਾ ਹੈ। ਤੇਲੰਗਾਨਾ ਸਕੂਲ ਬੋਰਡ ਨਾਲ ਜੁੜੀ ਰਹੀ ਇਸ ਕੰਪਨੀ ਕਾਰਨ ਸੂਬੇ ਵਿੱਚ 23 ਵਿਦਿਆਰਥੀਆਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ।
ਸਾਰਥਕ ਸਿਧਾਂਤ ਦਾ ਕਹਿਣਾ ਹੈ ਕਿ ਸਮੁੱਚੇ ਮਾਮਲੇ ਦੀ ਜਾਂਚ ਦੇ ਇਸ ਕੰਮ ’ਚ ਉਹ ਇਕੱਲਾ ਨਹੀਂ ਸੀ। ਉਸ ਨੇ ਇੱਕ ਪੱਤਰਕਾਰ ਦੀ ਰਿਪੋਰਟ ਦੇ ਆਧਾਰ ’ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਉਸ ਦਾ ਸਾਥ ਐਥੀਕਲ ਹੈਕਰ ਨਿਸਰਗ ਅਧਿਕਾਰੀ ਨੇ ਦਿੱਤਾ। ਸਾਰਥਕ ਨੇ ਜਾਂਚ ਦੇ ਇਸ ਅਮਲ ਵਿੱਚ ਸੀ ਬੀ ਐੱਸ ਈ ਦੇ 500 ਤੋਂ ਜ਼ਿਆਦਾ ਗੁਪਤ ਟੈਂਡਰ ਦਸਤਾਵੇਜ਼ਾਂ ਤੱਕ ਰਸਾਈ ਕਰ ਕੇ ਉਨ੍ਹਾਂ ਨੂੰ ਡਾਊਨਲੋਡ ਕੀਤਾ। ਫਿਰ ਜਾਂਚ ਕਰ ਕੇ ਉਸ ਨੇ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ’ਤੇ ਹੀ ਸਾਬਿਤ ਕੀਤਾ ਕਿ ਕਿਵੇਂ ਸੀ ਬੀ ਐੱਸ ਈ ਨੇ ਨਿਯਮ ਬਦਲ ਕੇ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ ਸੀ ਐੱਸ) ਨੂੰ ਮੁਕਾਬਲੇ ’ਚੋਂ ਬਾਹਰ ਕਰਦਿਆਂ ‘ਕੋਐਂਪਟ ਐਜੂਟੈੱਕ’ ਨੂੰ ਸੀ ਬੀ ਐੱਸ ਈ ਦੇ ਡਿਜੀਟਲ ਇਨਫਰਾਸਟਰੱਕਚਰ ਦਾ ਕਰੋੜਾਂ ਦਾ ਠੇਕਾ ਦੇ ਦਿੱਤਾ।
ਐਥੀਕਲ ਹੈਕਰ ਨਿਸਰਗ ਅਧਿਕਾਰੀ ਨੇ ਡਿਜੀਟਲ ਸਿਸਟਮ ’ਚ ਸੀ ਬੀ ਐੱਸ ਈ ਦੇ ਮਾਰਕਿੰਗ ਪੋਰਟਲ ਦੀ ਕੋਡਿੰਗ ’ਚੋਂ ਉਹ ਮਾਸਟਰ ਪਾਸਵਰਡ ਲੱਭ ਲਿਆ, ਜੋ ਬਿਨਾਂ ਕਿਸੇ ਸੁਰੱਖਿਆ ਦੇ ਖੁੱਲ੍ਹਾ ਪਿਆ ਸੀ, ਜਿਸ ਨਾਲ ਸਰਵਰ ’ਚ ਸਿੱਧੇ ਦਾਖ਼ਲ ਹੋ ਕੇ ਕਿਸੇ ਵੀ ਵਿਦਿਆਰਥੀ ਦੀ ਉੱਤਰ ਪੱਤਰੀ ਖੋਲ੍ਹੀ ਜਾ ਸਕਦੀ ਸੀ, ਉਸ ਦੇ ਨੰਬਰ ਬਦਲੇ ਜਾ ਸਕਦੇ ਸਨ। ਇਸ ਐਥੀਕਲ ਹੈਕਰ ਨੇ ਇਸ ਪ੍ਰਣਾਲੀ ਦੀ ਹੈਕਿੰਗ ਮਗਰੋਂ ਗੰਭੀਰ ਖ਼ਤਰੇ ਦੀ ਚਿਤਾਵਨੀ ਦਿੰਦਿਆਂ ਰਾਸ਼ਟਰੀ ਸਾਈਬਰ ਸੁਰੱਖਿਆ ਏਜੰਸੀ ਨੂੰ ਇਸੇ ਫਰਵਰੀ ’ਚ ਇਸ ਬਾਰੇ ਸੂਚਿਤ ਕੀਤਾ ਸੀ, ਪਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਸ ਨੇ ਹੁਣ ਸਕਰੀਨ ਰਿਕਾਰਡਿੰਗ ਨੂੰ ਸਬੂਤਾਂ ਨਾਲ ਜਨਤਕ ਕਰ ਦਿੱਤਾ। ਸੀ ਬੀ ਐੱਸ ਈ ਨੇ ਸ਼ੁਰੂ ਵਿੱਚ ਆਪਣੀ ਗ਼ਲਤੀ ਮੰਨਣ ਦੀ ਬਜਾਏ ਉਸ ਨੂੰ ਕ੍ਰਿਮੀਨਲ ਹੈਕਰ ਸੱਦਿਆ। ਏਨਾ ਹੀ ਨਹੀਂ, ਇਨ੍ਹਾਂ ਨੌਜਵਾਨਾਂ ਨੂੰ ਸਿਸਟਮ ਦੀਆਂ ਖ਼ਾਮੀਆਂ ਉਜਾਗਰ ਕਰਨ ਲਈ ਪਾਕਿਸਤਾਨੀ, ਜਾਰਜ ਸਰੋਸ ਅਤੇ ਡੀਪ ਸਟੇਟ ਦੇ ਏਜੰਟ, ਟੂਲਕਿੱਟ ਦਾ ਹਿੱਸਾ ਅਤੇ ਰਾਸ਼ਟਰ ਵਿਰੋਧੀ ਸੱਦਿਆ ਗਿਆ। ਇਨ੍ਹਾਂ ਸਾਰੇ ਲਕਬਾਂ ਦੇ ਬਾਵਜੂਦ ਜਦੋਂ ਸੰਸਦੀ ਕਮੇਟੀ ਅੱਗੇ ਸਾਰਥਕ ਨੇ ਸਬੂਤਾਂ ਦੇ ਆਧਾਰ ’ਤੇ ਨੁਕਤਾ-ਦਰ-ਨੁਕਤਾ ਸਿਸਟਮ ਦੀਆਂ ਖ਼ਾਮੀਆਂ ਦੀਆਂ ਪਰਤਾਂ ਖੋਲ੍ਹੀਆਂ ਤਾਂ ਸੀ ਬੀ ਐੱਸ ਈ ਕੋਲ ਕੋਈ ਜਵਾਬ ਨਹੀਂ ਸੀ ਅਤੇ ਨਾ ਹੀ ਭੱਜਣ ਦਾ ਕੋਈ ਰਾਹ ਸੀ।
ਸੀ ਬੀ ਐੱਸ ਈ ਅਧਿਕਾਰੀ ਪਹਿਲਾਂ ‘ਔਨ ਸਕਰੀਨ ਮਾਰਕਿੰਗ’ ਨੂੰ ਭਵਿੱਖ ਦੀ ਤਕਨੀਕ ਦੱਸ ਕੇ ਆਪਣੀ ਪਿੱਠ ਥਾਪੜ ਰਹੇ ਸਨ, ਪਰ ਇਸ ਮਾਰਕਿੰਗ ਕਾਰਨ ਕੋਈ ਚਾਰ ਲੱਖ ਵਿਦਿਆਰਥੀਆਂ ਨੂੰ ਆਪਣੇ ਪੇਪਰਾਂ ਦੇ ਪੁਨਰ-ਮੁਲਾਂਕਣ ਲਈ ਅਰਜ਼ੀ ਦੇਣੀ ਪਈ। ਇਸ ਦੇ ਨਾਲ ਹੀ 17 ਸਾਲਾ ਸਾਰਥਕ ਸਿਧਾਂਤ ਇਸ ਗੱਲ ਬਾਰੇ ਬਿਲਕੁਲ ਸਪੱਸ਼ਟ ਹੈ ਕਿ ਉਹ ‘ਔਨ ਸਕਰੀਨ ਮਾਰਕਿੰਗ’ ਦੇ ਖ਼ਿਲਾਫ਼ ਨਹੀਂ ਹੈ, ਪਰ ਇਸ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਤੋਂ ਪਹਿਲਾਂ ਇਸ ਦੀ ਪਰਖ ਵਿਆਪਕ ਪੱਧਰ ’ਤੇ ਹੋਣੀ ਚਾਹੀਦੀ ਸੀ। ਸੰਸਥਾਵਾਂ ਤੇ ਸਰਕਾਰਾਂ ਹਮੇਸ਼ਾ ਹੀ ਜਵਾਬਦੇਹੀ ਤੋਂ ਭੱਜਦੀਆਂ ਹਨ ਅਤੇ ਸਵਾਲ ਪੁੱਛਣ ਵਾਲਿਆਂ ’ਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਾਏ ਜਾਂਦੇ ਹਨ, ਪਰ ਸਾਰਥਕ ਨੇ ਜੋ ਕੰਮ ਕੀਤਾ ਹੈ, ਉਹ ਚੌਕਸ ਕਰਨ ਦੇ ਬਾਵਜੂਦ ਸਮੁੱਚਾ ਨਿਗਰਾਨੀ ਤੰਤਰ ਵੀ ਨਹੀਂ ਕਰ ਸਕਿਆ। ਉਸ ਵੱਲੋਂ ਸਭ ਅੱਗੇ ਤੱਥਾਂ ਅਤੇ ਸਬੂਤਾਂ ਨਾਲ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਗਏ ਹਨ। ਇਸੇ ਲਈ ਸੰਸਦੀ ਕਮੇਟੀ, ਜਿਸ ਵਿੱਚ ਸੱਤਾਧਾਰੀ ਪਾਰਟੀ ਦੇ ਮੈਂਬਰ ਵੀ ਸ਼ਾਮਿਲ ਸਨ, ਨੇ ਸਾਰਥਕ ਦੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਿਆ।
ਓਧਰ, ਜੰਤਰ-ਮੰਤਰ ’ਤੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ, ਜਿਨ੍ਹਾਂ ’ਚ ਵੱਡੀ ਗਿਣਤੀ ਵਿਦਿਆਰਥੀਆਂ ਦੀ ਸੀ, ਨੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਲਈ ਸੱਤ ਦਿਨ ਦਾ ਅਲਟੀਮੇਟਮ ਦਿੱਤਾ ਹੈ। ਇਨ੍ਹਾਂ ਸਮੁੱਚੀਆਂ ਖ਼ਾਮੀਆਂ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਧਰਮੇਂਦਰ ਪ੍ਰਧਾਨ ਦੀ ਹੀ ਸੀ। ਸ਼ਨਿੱਚਰਵਾਰ ਨੂੰ ਜੰਤਰ-ਮੰਤਰ ’ਤੇ ਪ੍ਰਦਰਸ਼ਨ ਮੌਕੇ ਇੱਕ ਪ੍ਰਦਰਸ਼ਨਕਾਰੀ ਨੇ 1960ਵਿਆਂ ਦੇ ਮਸ਼ਹੂਰ ਅਮਰੀਕੀ ਗਾਇਕ ਅਤੇ ਗੀਤਕਾਰ ਬੌਬ ਡਿਲਨ ਦੇ ਇੱਕ ਗੀਤ ‘blowing in the wind’ ਵਿਚਲੀ ਇੱਕ ਖ਼ਾਸ ਸਤਰ ‘How many deaths will it take ’til he knows that too many people have died?’ (ਭਾਵ, ਕਿਸੇ ਸਹੀ ਫ਼ੈਸਲੇ ਲਈ ਅਜੇ ਕਿੰਨੇ ਹੋਰ ਲੋਕਾਂ ਨੂੰ ਮਰਨਾ ਪਵੇਗਾ) ਧਰਮੇਂਦਰ ਪ੍ਰਧਾਨ ’ਤੇ ਢੁੱਕਦੀ ਹੋਣ ਦੀ ਗੱਲ ਆਖੀ। ਦਰਅਸਲ, ਬੌਬ ਡਿਲਨ ਨੇ ਇਹ ਰੋਸ ਗੀਤ ਇੱਕ ਛੋਟੇ ਜਿਹੇ ਕੈਫੇ ਵਿੱਚ ਬੈਠਿਆਂ ਮਹਿਜ਼ 10 ਮਿੰਟਾਂ ਵਿੱਚ ਲਿਖਿਆ ਸੀ। ਇਸ ਗੀਤ ਵਿੱਚ ਜੰਗ, ਅਮਨ ਅਤੇ ਆਜ਼ਾਦੀ ਬਾਰੇ ਅਜਿਹੇ ਸਵਾਲ ਪੁੱਛੇ ਗਏ ਸਨ, ਜਿਨ੍ਹਾਂ ਦੇ ਕਿਸੇ ਨੇ ਕਦੇ ਕੋਈ ਜਵਾਬ ਨਹੀਂ ਸੀ ਦਿੱਤੇ। ਡਿਲਨ ਦਾ ਇਹ ਗੀਤ 1960ਵਿਆਂ ’ਚ ਅਮਰੀਕਾ ਵਿੱਚ ਨਾਗਰਿਕ ਅਧਿਕਾਰਾਂ ਸਬੰਧੀ ਮੁਹਿੰਮ ਦਾ ਤਰਾਨਾ ਬਣ ਗਿਆ ਸੀ ਅਤੇ ਬਾਅਦ ’ਚ ਜੰਗ (ਵੀਅਤਨਾਮ) ਵਿਰੋਧੀ ਮੁਹਿੰਮ ਦੌਰਾਨ ਦੇਸ਼ ਦੇ ਬੱਚੇ ਬੱਚੇ ਦੀ ਜ਼ੁਬਾਨ ’ਤੇ ਸੀ।
Share this content:



Post Comment