Loading Now

ਤੁਰਤ ਪੰਜਾਬੀ ਆਖ ਸੁਣਾਵੀਂ…

ਤੁਰਤ ਪੰਜਾਬੀ ਆਖ ਸੁਣਾਵੀਂ…

ਪੰਜਾਬੀ ਸਾਡੀ ਮਾਤ ਭਾਸ਼ਾ ਹੈ। ਮਾਤ ਭਾਸ਼ਾ ਕੋਈ ਬੱਚਾ ਮਾਂ ਦੇ ਪੇਟ ਵਿੱਚੋਂ ਸਿੱਖ ਕੇ ਨਹੀਂ ਆਉਂਦਾ। ਜਿਹੜੇ ਸਮਾਜ ਵਿੱਚ ਬੱਚੇ ਦਾ ਜਨਮ ਹੁੰਦਾ ਹੈ, ਬੱਚੇ ਦੇ ਮਾਤਾ ਪਿਤਾ, ਪਰਿਵਾਰ ਵਾਲੇ ਜਿਹੜੀ ਭਾਸ਼ਾ ਬੋਲਦੇ ਹਨ, ਬੱਚਾ ਵੀ ਬਚਪਨ ਤੋਂ ਉਸੇ ਭਾਸ਼ਾ ਨੂੰ ਸਿੱਖਦਾ ਹੈ। ਉਹ ਭਾਸ਼ਾ ਹੀ ਬੱਚੇ ਦੀ ਮਾਤ ਭਾਸ਼ਾ ਅਖਵਾਉਂਦੀ ਹੈ। ਬੱਚਾ ਸਭ ਤੋਂ ਵੱਧ ਮਾਂ ਦੇ ਸੰਪਰਕ ਵਿੱਚ ਰਹਿੰਦਾ ਹੈ, ਇਸ ਲਈ ਇਸ ਨੂੰ ਮਾਂ ਤੋਂ ਸਿੱਖੀ ਹੋਈ ਭਾਸ਼ਾ ਵੀ ਕਿਹਾ ਜਾ ਸਕਦਾ ਹੈ। ਮਾਤ ਭਾਸ਼ਾ ਵਿਅਕਤੀ ਦੀ ਰੂਹ ਦੀ ਭਾਸ਼ਾ ਹੈ, ਜਿਸ ਨੂੰ ਉਹ ਬਿਨਾਂ ਰੁਕਾਵਟ, ਉਲਝਣ ਅਤੇ ਝਿਜਕ ਤੋਂ ਬੋਲਦਾ ਹੈ। ਜੇਕਰ ਕਿਸੇ ਨਵਜੰਮੇ ਬੱਚੇ ਨੂੰ ਜੰਗਲ ਵਿੱਚ ਛੱਡ ਦਿੱਤਾ ਜਾਵੇ ਤਾਂ ਉਹ ਕੋਈ ਮਨੁੱਖੀ ਭਾਸ਼ਾ ਨਹੀਂ ਸਿੱਖ ਸਕੇਗਾ ਸਗੋਂ ਜਾਨਵਰਾਂ ਵਾਂਗੂੰ ਅਨੇਕਾਂ ਤਰ੍ਹਾਂ ਦੀਆਂ ਚੀਕਾਂ ਮਾਰਨਾ ਸਿੱਖੇਗਾ। ਮਾਤ ਭਾਸ਼ਾ ਨੂੰ ਬੱਚਾ ਹਮੇਸ਼ਾ ਕਿਸੇ ਸਮਾਜ ਵਿੱਚ ਰਹਿੰਦਿਆਂ ਹੀ ਸਿੱਖਦਾ ਹੈ। ਖ਼ੁਸ਼ੀ ਗ਼ਮੀ ਜਾਂ ਕਿਸੇ ਵੀ ਮੌਕੇ ਦਿਲੋਂ ਨਿਕਲਦੀਆਂ ਸਿਸਕੀਆਂ, ਦੁਆਵਾਂ ਅਤੇ ਅਚੇਤ, ਸੁਚੇਤ ਜ਼ੁਬਾਨ ਵਿੱਚੋਂ ਨਿਕਲਦੇ ਬੋਲ ਮਾਤ ਭਾਸ਼ਾ ਹਨ। ਮਾਤ ਭਾਸ਼ਾ ਰੂਹ ਦੀ ਬੋਲੀ ਹੈ। ਮਾਤ ਭਾਸ਼ਾ ਸਵੈ-ਪ੍ਰਗਟਾਵੇ ਅਤੇ ਮਾਨਸਿਕ ਤ੍ਰਿਪਤੀ ਦੀ ਭਾਸ਼ਾ ਹੈ। ਮਾਤ ਭਾਸ਼ਾ ਬੱਚੇ ਦੀਆਂ ਮਾਨਸਿਕ, ਸਮਾਜਿਕ, ਬੌਧਿਕ, ਵਿੱਦਿਅਕ ਅਤੇ ਹੋਰ ਲੋੜਾਂ ਪੂਰੀਆਂ ਕਰਨ ਵਿੱਚ ਮਦਦ ਕਰਦੀ ਹੈ।

ਸਾਡੀ ਮਾਤ ਭਾਸ਼ਾ ਦੀ ਗੱਲ ਕਰੀਏ ਤਾਂ ਪੰਜਾਬੀ ਭਾਸ਼ਾ ਅੱਜ ਤੱਕ ਵੱਖ-ਵੱਖ ਰੂਪਾਂ ਅਤੇ ਦਿਸ਼ਾਵਾਂ ਵਿੱਚੋਂ ਲੰਘਦੀ ਹੋਈ ਕਈ ਸਦੀਆਂ ਦਾ ਸਫ਼ਰ ਤੈਅ ਕਰਦੀ ਹੋਈ ਸਾਡੇ ਤੱਕ ਪੁੱਜੀ ਹੈ। ਇਸ ਦੇ ਇਤਿਹਾਸਕ ਪਿਛੋਕੜ ਉੱਪਰ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣੇ ਜਾਂਦੇ ਇਸ ਖ਼ਿੱਤੇ ਦੀ ਇੱਕ ਵੱਖਰੀ ਤੇ ਮੌਲਿਕ ਪਛਾਣ ਦਾ ਤੱਥ 11ਵੀਂ ਸਦੀ ਤੋਂ ਬਾਅਦ ਹੀ ਲੱਭਦਾ ਹੈ। ਦਸਵੀਂ ਸਦੀ ਦੇ ਅੰਤ ਤੱਕ ਇਹ ਖ਼ਿੱਤਾ ਹਿੰਦੂ ਰਿਆਸਤਾਂ ਵਿੱਚ ਛੋਟੇ ਵੱਡੇ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਇਨ੍ਹਾਂ ਰਿਆਸਤਾਂ ਦੀ ਹੱਦ ਵੀ ਕੋਈ ਪੱਕੀ ਨਹੀਂ ਸੀ। ਹਿੰਦੂ ਰਾਜ ਦਾ ਆਖ਼ਰੀ ਰਾਜਾ ਜੈਪਾਲ ਸੀ, ਜਿਸ ਦੀ ਰਾਜਧਾਨੀ ਬਠਿੰਡਾ ਸੀ। ਉਸ ਦੀ ਮੌਤ 1001 ਈਸਵੀ ਵਿੱਚ ਹੋਣ ਉਪਰੰਤ ਪੰਜਾਬ ਮੁਸਲਿਮ ਰਾਜ ਦੇ ਅਧੀਨ ਆ ਗਿਆ।

ਇਸ ਸਮੇਂ ਭਾਵ ਦਸਵੀਂ ਸਦੀ ਤੱਕ ਸੰਸਕ੍ਰਿਤ ਭਾਸ਼ਾ ਤੋਂ ਵਿਕਾਸ ਕਰਦੀ ਹੋਈ ਵੱਖ-ਵੱਖ ਨਾਵਾਂ ਜਿਵੇਂ ਪ੍ਰਕਿਰਤਾਂ, ਅਪਭ੍ਰੰਸ਼ਾਂ ਦੇ ਨਾਮ ਨਾਲ ਪੰਜਾਬੀ ਜਾਣੀ ਗਈ। ਇਨ੍ਹਾਂ ਭਾਸ਼ਾਵਾਂ ਵਿੱਚੋਂ ਹੀ ਰਾਜਸਥਾਨੀ, ਗੁਜਰਾਤੀ, ਅਸਾਮੀ, ਬੰਗਾਲੀ, ਮਰਾਠੀ, ਬਿਹਾਰੀ, ਹਿੰਦੀ ਆਦਿ ਨੇ ਆਪਣਾ ਰੂਪ ਗ੍ਰਹਿਣ ਕੀਤਾ ਹੈ। ਸੰਸਕ੍ਰਿਤ ਦਾ ਸ਼ਬਦ ਭੰਡਾਰ ਤਤਸਮ ਅਤੇ ਤਦਭਵ ਰੂਪ ਵਿੱਚ ਪੰਜਾਬੀ ਭਾਸ਼ਾ ਵਿੱਚ ਸਮਾਇਆ ਹੋਇਆ ਹੈ, ਪਰ ਉਸ ਸਮੇਂ ਤੱਕ ਪੰਜਾਬੀ ਭਾਸ਼ਾ ਪੰਜਾਬੀ ਵਜੋਂ ਨਹੀਂ ਸੀ ਜਾਣੀ ਜਾਂਦੀ ਅਤੇ ਨਾ ਹੀ ਪੰਜਾਬ, ਪੰਜਾਬ ਵਜੋਂ ਜਾਣਿਆ ਜਾਂਦਾ ਸੀ।

ਮੁਗ਼ਲਾਂ ਦੇ ਆਉਣ ਤੋਂ ਪਹਿਲਾਂ ਇਹ ਖ਼ਿੱਤਾ ਗ਼ੌਰੀ, ਗ਼ੁਲਾਮ, ਖ਼ਿਲਜੀ, ਤੁਗਲਕ, ਸੱਯਦ ਅਤੇ ਲੋਧੀ ਵੰਸ਼ਾਂ ਦੇ ਅਧੀਨ ਰਿਹਾ ਅਤੇ ਇਨ੍ਹਾਂ ਦੇ ਰਾਜ ਪ੍ਰਬੰਧ ਵਿੱਚ ਮੁਲਤਾਨ, ਲਾਹੌਰ, ਜਲੰਧਰ, ਸਰਹਿੰਦ ਆਦਿ ਦੇ ਨਾਲ ਜਾਣਿਆ ਗਿਆ। ਸਭ ਤੋਂ ਪਹਿਲਾਂ ਮਹਿਮੂਦ ਗ਼ਜ਼ਨਵੀ ਦੇ ਪਿਤਾ ਅਮੀਰ ਸੁਬਕੁੱਤਦੀਨ (983-87) ਨੇ ਪੰਜਾਬ ਉੱਪਰ ਕਈ ਹਮਲੇ ਕੀਤੇ। ਉਸ ਤੋਂ ਬਾਅਦ ਮਹਿਮੂਦ ਗ਼ਜ਼ਨਵੀ ਨੇ ਭਾਰਤ ਉੱਤੇ 17 ਹਮਲੇ ਕੀਤੇ। ਮਹਿਮੂਦ ਗ਼ਜ਼ਨਵੀ ਦੇ ਹਮਲਿਆਂ ਤੋਂ ਬਾਅਦ ਲਾਹੌਰ ਰਾਜਨੀਤਕ, ਸੱਭਿਆਚਾਰਕ ਤੇ ਸਾਹਿਤਕ ਗਤੀਵਿਧੀਆਂ ਦੇ ਕੇਂਦਰ ਵਜੋਂ ਉੱਭਰ ਕੇ ਸਾਹਮਣੇ ਆਇਆ। ਮੁਸਲਿਮ ਰਾਜ ਸਥਾਪਿਤ ਹੋਣ ਕਾਰਨ ਇਸਲਾਮੀ ਫਲਸਫ਼ੇ, ਸੱਭਿਆਚਾਰ ਦੇ ਨਾਲ-ਨਾਲ ਅਰਬੀ, ਫ਼ਾਰਸੀ ਤੇ ਤੁਰਕੀ ਭਾਸ਼ਾਵਾਂ ਦਾ ਪੰਜਾਬੀ ਜਨ ਜੀਵਨ ਵਿੱਚ ਪ੍ਰਵੇਸ਼ ਹੋਇਆ। ਇਸ ਸੱਭਿਆਚਾਰਕ ਅਤੇ ਭਾਸ਼ਾਈ ਸੰਵਾਦ ਦੇ ਦੌਰ ਵਿੱਚ ਹੀ ਪੰਜਾਬੀ ਭਾਸ਼ਾ ਤੇ ਸਾਹਿਤ ਨੇ ਆਪਣਾ ਸਰੂਪ ਗ੍ਰਹਿਣ ਕੀਤਾ।

ਗਿਆਰ੍ਹਵੀਂ ਸਦੀ ਵਿੱਚ ਇਸ ਖ਼ਿੱਤੇ ਦੀ ਯਾਤਰਾ ਬਾਰੇ ਅਲ ਬਰੂਨੀ ਨਾਂ ਦੇ ਵਿਦੇਸ਼ੀ ਯਾਤਰੀ ਨੇ ਆਪਣੀ ਪੁਸਤਕ ‘ਅਲ ਹਿੰਦ’ ਵਿੱਚ ਹਵਾਲਾ ਦਿੱਤਾ। ਉਸ ਨੇ ਇਸ ਖ਼ਿੱਤੇ ਨੂੰ ‘ਪੰਚਨਦ’ ਲਿਖਿਆ ਹੈ। ਪੰਜਾਬ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਅਮੀਰ ਖ਼ੁਸਰੋ (1253-1325) ਨੇ ਕੀਤੀ। ਉਹ ਬਾਦਸ਼ਾਹ ਬਲਬਨ ਦੇ ਵੱਡੇ ਪੁੱਤਰ ਮੁਹੰਮਦ ਖ਼ਾਨ ਦੀ ਮੁਲਤਾਨ ਵਿੱਚ ਮੰਗੋਲਾਂ ਨਾਲ ਜੰਗ ਦੌਰਾਨ ਹੋਈ ਮੌਤ ਸਮੇਂ ਦੁੱਖ ਪ੍ਰਗਟ ਕਰਦਿਆਂ ਫ਼ਾਰਸੀ ਰਚਨਾ ਵਿੱਚ ਲਿਖਦਾ ਹੈ, “ਚਹੁੰ ਪਾਸੀਂ ਲੋਕਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਇਸ ਤਰ੍ਹਾਂ ਵਗ ਪਏ, ਜਿਵੇਂ ਮੁਲਤਾਨ ਵਿੱਚ ਦੂਜਾ ਇੱਕ ਹੋਰ ‘ਪੰਜ-ਆਬ’ ਵਗ ਪਿਆ ਹੋਵੇ।” ਪਰ ਉਹ ਇਸ ਸਮੇਂ ਦੀ ਬੋਲੀ ਨੂੰ ਪੰਜਾਬੀ ਨਹੀਂ, ਲਾਹੌਰੀ ਆਖਦਾ ਹੈ।

‘ਆਈਨ-ਏ-ਅਕਬਰੀ’ ਵਿੱਚ ਪੰਜਾਬ ਸ਼ਬਦ ਦੀ ਵਰਤੋਂ ਕਈ ਵਾਰ ਹੋਈ ਮਿਲਦੀ ਹੈ, ਪਰ ਉਸ ਸਮੇਂ ਵੀ ਇੱਥੋਂ ਦੀ ਬੋਲੀ ਨੂੰ ਮੁਲਤਾਨੀ ਕਿਹਾ ਗਿਆ ਕਿਉਂਕਿ ਉਸ ਸਮੇਂ ਇਸ ਖ਼ਿੱਤੇ ਵਿੱਚ ਰਾਜਨੀਤਕ, ਸੱਭਿਆਚਾਰਕ ਤੇ ਸਾਹਿਤਕ ਤੌਰ ’ਤੇ ਲਾਹੌਰ ਤੇ ਮੁਲਤਾਨ ਉੱਭਰ ਰਹੇ ਸਨ। ਗੁਰਮਤਿ ਸਾਹਿਤ ਦੇ ਰਚਣਹਾਰਿਆਂ ਵੱਲੋਂ ਪੰਜਾਬ ਤੇ ਪੰਜਾਬੀ ਸ਼ਬਦਾਂ ਦਾ ਜ਼ਿਕਰ ਨਹੀਂ ਕੀਤਾ ਗਿਆ, ਪਰ ਗੁਰਬਾਣੀ ਲਿਖਣ ਲਈ ਪੰਜਾਬੀ ਭਾਸ਼ਾ ਦੀ ਵਰਤੋਂ ਕਰਕੇ ਪੰਜਾਬੀ ਦਾ ਸਾਹਿਤਕ ਕੱਦ ਵਧਾਉਣ ਵਿੱਚ ਵਡਮੁੱਲਾ ਯੋਗਦਾਨ ਜ਼ਰੂਰ ਪਾਇਆ ਹੈ। ਸ਼ਾਇਦ ਇਸ ਦਾ ਕਾਰਨ 15ਵੀਂ-16ਵੀਂ ਸਦੀ ਤੋਂ ਪਹਿਲਾਂ ਪੰਜਾਬੀ ਭਾਸ਼ਾ ਦਾ ਸਾਹਿਤਕ ਨਾਮ ਸਰਬ-ਪ੍ਰਵਾਨ ਨਾ ਹੋਣਾ ਹੋ ਸਕਦਾ ਹੈ। ਗੁਰਮਤਿ ਫਲਸਫ਼ੇ ਨੂੰ ਆਪਣੀਆਂ ਵਾਰਾਂ ਰਾਹੀਂ ਪ੍ਰਸਾਰਨ ਤੇ ਪ੍ਰਚਾਰਨ ਵਾਲੇ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਵਿੱਚ ਪੰਜਾਬ ਸ਼ਬਦ ਦੀ ਵਰਤੋਂ ਕੀਤੀ ਮਿਲਦੀ ਹੈ:

ਜਟੂ ਭੰਡਾਰੀ ਭਲਾ ਸਾਹਦਰੈ ਸੰਗਤਿ ਸੁਖਦਾਈ

ਪੰਜਾਬੈ ਗੁਰ ਦੀ ਵਡਿਆਈ।

ਪੰਜਾਬ ਦੀ ਸਮਾਜਿਕ, ਸੱਭਿਆਚਾਰਕ ਧਰਾਤਲ ਨੂੰ ਸਾਹਿਤ ਰਾਹੀਂ ਸਿਰਜਣ ਵਾਲੇ ਸਾਹਿਤ ਰੂਪ ‘ਕਿੱਸਾ ਕਾਵਿ’ ਨੇ ਪੰਜਾਬੀ ਨੂੰ ਪਿਆਰਿਆ ਅਤੇ ਪਸਾਰਿਆ ਹੈ। 17ਵੀਂ ਸਦੀ ਦੇ ਕਿੱਸਾਕਾਰ ਹਾਫ਼ਿਜ਼ ਬਰਖ਼ੁਰਦਾਰ (1670) ਨੇ ਪਹਿਲੀ ਵਾਰ ਇਸ ਖ਼ਿੱਤੇ ਦੀ ਬੋਲੀ ਦੀ ਪੰਜਾਬੀ ਦੇ ਰੂਪ ਵਜੋਂ ਪਛਾਣ ਕਰਵਾਈ ਹੈ: ਹਜ਼ਰਤ ਨੌਮਾਨ ਦਾ ਫ਼ੁਰਮਾਇਆ, ਇਸ ਵਿੱਚ ਏਹ ਮਸਾਇਲ/ ਤੁਰਤ ਪੰਜਾਬੀ ਆਖ ਸੁਣਾਵੀਂ, ਜੇ ਕੋ ਹੋਵੇ ਮਾਇਲ।

ਨੌਵੀਂ-ਦਸਵੀਂ ਸਦੀ ਵਿੱਚ ਨਾਥ ਜੋਗੀਆਂ ਦੀ ਬਾਣੀ ਅਪਭ੍ਰੰਸ਼ਾਂ ਤੋਂ ਰੂਪ ਵਟਾ ਕੇ ਹੋਂਦ ਵਿੱਚ ਆਈ ਸਾਧੂਕੜੀ ਜਾਂ ਸਾਧ ਭਾਸ਼ਾ ਵਿੱਚ ਮਿਲਦੀ ਹੈ। ਬਾਬਾ ਫ਼ਰੀਦ ਨੇ ਉਸ ਸਮੇਂ ਦੀ ਪ੍ਰਚੱਲਿਤ ਪੰਜਾਬੀ ਦੇ ਮੁੱਢਲੇ ਰੂਪ ਵਿੱਚ ਬਾਣੀ ਰਚ ਕੇ ਇਸ ਦਾ ਮਾਣ ਵਧਾਇਆ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਸਦੀਆਂ ਤੋਂ ਵੱਖ-ਵੱਖ ਉਪ-ਭਾਸ਼ਾਵਾਂ ਜਾਂ ਭਾਸ਼ਾਵਾਂ ਦੇ ਸਾਂਝੇ ਰੂਪ ਵਿੱਚ ਜਾਂ ਇਲਾਕਾਈ ਨਾਵਾਂ ਮੁਲਤਾਨੀ, ਜਟਕੀ, ਲਾਹੌਰੀ, ਹਿੰਦਕੋ ਆਦਿ ਦੇ ਪ੍ਰਯੋਗ ਤੋਂ ਬਾਅਦ 16ਵੀਂ-17ਵੀਂ ਸਦੀ ਵਿੱਚ ਪੰਜਾਬੀ ਵੱਖਰੀ ਅਤੇ ਸਾਹਿਤਕ ਪਛਾਣ ਹਾਸਲ ਕਰਦੀ ਹੈ।

ਵੱਖ-ਵੱਖ ਸਾਹਿਤਕ ਧਾਰਾਵਾਂ ਜਿਵੇਂ ਨਾਥ ਬਾਣੀ, ਬੀਰ ਕਾਵਿ, ਸੂਫ਼ੀ ਕਾਵਿ, ਕਿੱਸਾ ਕਾਵਿ, ਗੁਰਮਤਿ ਸਾਹਿਤ, ਜੰਗਨਾਮਾ ਅਤੇ ਹੋਰ ਵਾਰਤਕ ਆਦਿ ਦਾ ਸਫ਼ਰ ਤੈਅ ਕਰਦੀ ਹੋਈ ਪੰਜਾਬੀ ਭਾਸ਼ਾ 20ਵੀਂ ਸਦੀ ਤੱਕ ਆਪਣਾ ਆਧੁਨਿਕ ਸਰੂਪ ਗ੍ਰਹਿਣ ਕਰਦੀ ਹੈ। ਆਧੁਨਿਕ ਪੰਜਾਬੀ ਸਾਹਿਤਕਾਰ ਭਾਈ ਵੀਰ ਸਿੰਘ, ਮੋਹਨ ਸਿੰਘ, ਨਾਨਕ ਸਿੰਘ ਵਰਗੇ ਸਾਹਿਤਕਾਰਾਂ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਵਿੱਚ ਢੇਰ ਯੋਗਦਾਨ ਪਾਇਆ। ਕਾਵਿ ਦੇ ਨਾਲ ਆਧੁਨਿਕ ਪੰਜਾਬੀ ਸਾਹਿਤ ਵਿੱਚ ਨਾਵਲ, ਕਹਾਣੀ, ਨਾਟਕ, ਨਿਬੰਧ, ਜੀਵਨੀ, ਸਵੈ-ਜੀਵਨੀ ਆਦਿ ਗਲਪ ਤੇ ਵਾਰਤਕ ਰੂਪਾਂ ਦੀ ਵੀ ਰਚਨਾ ਹੋਣ ਲੱਗੀ। ਸੰਨ 1947 ਦੀ ਦੇਸ਼ ਵੰਡ ਕਾਰਨ ਇੱਕ ਵਾਰ ਪੰਜਾਬੀ ਅਤੇ ਪੰਜਾਬੀਅਤ ਨੂੰ ਵੱਡਾ ਨਾ ਭੁੱਲਣਯੋਗ ਘਾਟਾ ਪਿਆ। ਪੰਜਾਬੀ ਬੋਲਦਾ ਬਹੁਤ ਵੱਡਾ ਹਿੱਸਾ ਪੱਛਮੀ ਪੰਜਾਬ (ਪਾਕਿਸਤਾਨ) ਵਿੱਚ ਰਹਿ ਗਿਆ। ਸਿਆਸਤ ਦੀ ਖੇਡ ’ਚ ਪੰਜਾਬੀ ਸਿੱਖਾਂ, ਹਿੰਦੀ ਹਿੰਦੂਆਂ ਅਤੇ ਉਰਦੂ ਮੁਸਲਮਾਨਾਂ ਦੀ ਬੋਲੀ ਬਣ ਕੇ ਰਹਿ ਗਈ। ਹੌਲੀ-ਹੌਲੀ ਇਸ ਸਦਮੇ ’ਚੋਂ ਨਿਕਲਣ ਲਈ ਦਹਾਕੇ ਲੱਗ ਗਏ। ਇਸ ਵੰਡ ਦੇ ਦੁਖਾਂਤ ਨੂੰ ਦਰਸਾਉਂਦਾ ਬਹੁਤ ਸਾਰਾ ਸਾਹਿਤ ਪੰਜਾਬੀ ਦੇ ਕਈ ਸਾਹਿਤ ਰੂਪਾਂ ਵਿੱਚ ਰਚਿਆ ਗਿਆ। ਸੰਨ 1966 ਵਿੱਚ ਇੱਕ ਵਾਰ ਫਿਰ ਪੰਜਾਬ ਤੇ ਪੰਜਾਬੀ ਲਈ ਅਸਹਿ ਘਾਟਾ ਪਿਆ। ਬੇਸ਼ੱਕ, ਇਸ ਬਹੁਤ ਵੱਡੇ ਘੋਲ ਦੀ ਜਿੱਤ ਹੋਈ ਕਿ ਪੰਜਾਬੀ ਨੂੰ ਪਹਿਲੀ ਵਾਰ ਰਾਜ ਭਾਸ਼ਾ ਦਾ ਰੁਤਬਾ ਪ੍ਰਾਪਤ ਹੋ ਗਿਆ। ਪਰ ਅਜੋਕਾ ਪੰਜਾਬ ਚਿੜੀ ਦੇ ਪੌਂਚੇ ਜਿੰਨਾ ਰਹਿ ਗਿਆ। 21ਵੀਂ ਸਦੀ ਵਿਗਿਆਨ ਅਤੇ ਤਕਨਾਲੋਜੀ ਦਾ ਯੁੱਗ ਹੈ। ਵਿਸ਼ਵੀਕਰਨ ਦੇ ਇਸ ਦੌਰ ਵਿੱਚ ਦੁਨੀਆ ਇੱਕ ਪਿੰਡ ਬਣ ਗਈ ਹੈ। ਇਸ ਦੌਰ ਵਿੱਚ ਪੰਜਾਬੀ ਭਾਸ਼ਾ ਨੂੰ ਫਿਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਜੰਮੇ ਪੰਜਾਬੀ ਪਹਿਰਾਵੇ, ਪੰਜਾਬੀ ਖਾਣ-ਪੀਣ ਦੇ ਨਾਲ ਪੰਜਾਬੀ ਮਾਤ ਭਾਸ਼ਾ ਵੱਲੋਂ ਵੀ ਮੂੰਹ ਮੋੜ ਰਹੇ ਹਨ। ਅੰਗਰੇਜ਼ੀ ਭਾਸ਼ਾ ਵਿੱਚ ਗੱਲ ਕਰਨੀ ਮਾਣ ਦੀ ਗੱਲ ਸਮਝਦੇ ਹਨ। ਪੰਜਾਬੀ ਬੋਲਣ ਨੂੰ ਬੜੀ ਹੀਣਤਾ ਸਮਝਦੇ ਹਨ। ਸਕੂਲ ਪੱਧਰ ਤੋਂ ਅੰਗਰੇਜ਼ੀ ਰਟਾਈ ਜਾ ਰਹੀ ਹੈ। ਪੰਜਾਬੀ ਬੋਲਣ ’ਤੇ ਜੁਰਮਾਨੇ ਕੀਤੇ ਜਾ ਰਹੇ ਹਨ।

ਸਾਡਾ ਸਰਕਾਰੀ ਅਤੇ ਸਿੱਖਿਆ ਢਾਂਚਾ ਅਸਫਲ ਸਾਬਿਤ ਹੋ ਰਿਹਾ ਹੈ। ਮੱਧ ਕਾਲ ਵਿੱਚ ਪੰਜਾਬੀ ਭਾਸ਼ਾ ਫ਼ਾਰਸੀ ਦਾ ਮੁਕਾਬਲਾ ਕਰਦੀ ਸੀ। ਮੁਗ਼ਲ ਰਾਜ ਵਿੱਚ ਮੁਗ਼ਲ ਸ਼ਾਸਕਾਂ ਨੇ ਫ਼ਾਰਸੀ ਹੀ ਲਾਗੂ ਰੱਖੀ। ਪੰਜਾਬੀਆਂ ਦੇ ਆਪਣੇ ਮਹਾਰਾਜਾ, ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਦਿਆਨਤਦਾਰੀ ਦੀ ਨੀਤੀ ਤਹਿਤ ਸਭ ਧਰਮਾਂ, ਮਜ਼ਹਬਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਬਰਾਬਰ ਦਰਜਾ ਦਿੱਤਾ, ਪਰ ਉਨ੍ਹਾਂ ਨੇ ਵੀ ਪੰਜਾਬੀ ਭਾਸ਼ਾ ਲਈ ਕੋਈ ਉਚੇਚਾ ਯਤਨ ਨਹੀਂ ਕੀਤਾ। ਉਨ੍ਹਾਂ ਨੇ ਵੀ ਫ਼ਾਰਸੀ ਨੂੰ ਰਾਜ ਭਾਸ਼ਾ ਵਜੋਂ ਲਾਗੂ ਰੱਖਿਆ। ਪਰ ਅੱਜ ਪੰਜਾਬੀ ਦੇ ਮੁਕਾਬਲੇ ਅੰਗਰੇਜ਼ੀ ਭਾਸ਼ਾ ਨੂੰ ਤਵੱਜੋ ਦਿੱਤੀ ਜਾ ਰਹੀ ਹੈ। ਰੂਸੀ ਸਾਹਿਤਕਾਰ ਰਸੂਲ ਹਮਜ਼ਾਤੋਵ ਨੇ ਪੁਸਤਕ ‘ਮੇਰਾ ਦਾਗ਼ਿਸਤਾਨ’ ਵਿੱਚ ਲਿਖਿਆ ਹੈ ਕਿ ਜੇਕਰ ਕਿਸੇ ਨੂੰ ਬਦਅਸੀਸ ਦੇਣੀ ਹੋਵੇ ਤਾਂ ਆਖੋ ਕਿ ਤੈਨੂੰ ਤੇਰੀ ਭਾਸ਼ਾ ਭੁੱਲ ਜਾਵੇ। ਅਸੀਂ ਖ਼ੁਦ ਵੀ ਮਾਤ ਭਾਸ਼ਾ ਪੰਜਾਬੀ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਹਾਂ। ਹਰ ਪੰਜਾਬੀ ਚਾਹੁੰਦਾ ਹੈ ਕਿ ਉਸ ਦਾ ਬੱਚਾ ਪ੍ਰਾਈਵੇਟ ਸਕੂਲ ’ਚ ਪੜ੍ਹੇ। ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਨਾਲ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਹੈ, ਪਰ ਇਸ ਖ਼ਿਲਾਫ਼ ਆਵਾਜ਼ ਕੋਈ ਬੁਲੰਦ ਨਹੀਂ ਕਰਦਾ।

ਪੰਜਾਬੀ ਭਾਸ਼ਾ ਦੇ ਨਾਲ ਨਾਲ ਲਿੱਪੀ ਦੀ ਗੱਲ ਕਰਨੀ ਵੀ ਬਣਦੀ ਹੈ। ਨਾਥ ਜੋਗੀਆਂ ਦੀ ਕਵਿਤਾ ਵਿੱਚ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਗਈ ਮਿਲਦੀ ਹੈ। ਬਾਬਾ ਫ਼ਰੀਦ ਜੀ ਨੇ ਫ਼ਾਰਸੀ ਲਿਪੀ ਦੀ ਵਰਤੋਂ ਕੀਤੀ ਹੈ। ਗੁਰੂ ਕਵੀਆਂ ਨੇ ਪਹਿਲੀ ਵਾਰ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ। ਭਾਸ਼ਾ ਵਿਦਵਾਨਾਂ ਮੁਤਾਬਿਕ ਗੁਰਮੁਖੀ ਲਿਪੀ ਵੀ ਦੇਵਨਾਗਰੀ ਵਾਂਗ ਬ੍ਰਹਮੀ ਦਾ ਬਦਲਿਆ ਹੋਇਆ ਰੂਪ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪਹਿਲਾਂ ਤੋਂ ਪ੍ਰਚੱਲਿਤ ਗੁਰਮੁਖੀ ਦੇ ਵਰਨਾਂ ਨੂੰ ਤਰਤੀਬ ਦਿੱਤੀ, ਜਿਸ ਵਿੱਚ ਹਰ ਧੁਨੀ ਲਈ ਵੱਖਰਾ ਅੱਖਰ ਅਤੇ ਲਗਾਂ, ਦੁਲਾਵਾਂ, ਹੋੜਾ, ਕਨੌੜਾ ਆਦਿ ਦਾ ਸਹੀ ਰੂਪ ਨਿਸ਼ਚਿਤ ਕੀਤਾ। ਇਸ ਤਰ੍ਹਾਂ ਗੁਰਮੁਖੀ ਲਿਪੀ ਪੰਜਾਬੀ ਲਈ ਢੁਕਵੀਂ ਸਾਬਿਤ ਹੋਈ।

Share this content:

Post Comment