ਬਰਤਾਨਵੀ ਬਸਤੀਵਾਦ ਖ਼ਿਲਾਫ਼ ਡਟਣ ਵਾਲਾ ਕਰਤਾਰ ਸਿੰਘ ਸਰਾਭਾ
ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ ਸਰਦਾਰ ਮੰਗਲ ਸਿੰਘ ਅਤੇ ਬੀਬੀ ਸਾਹਿਬ ਕੌਰ ਦੇ ਘਰ ਹੋਇਆ। ਕਰਤਾਰ ਸਿੰਘ ਸਰਾਭਾ ਅਜੇ ਛੋਟੀ ਉਮਰ ਦਾ ਹੀ ਸੀ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਸਿੱਖਿਆ ਪਿੰਡ ਵਿੱਚੋਂ ਹੀ ਪ੍ਰਾਪਤ ਕੀਤੀ। ਅੱਠਵੀਂ ਤੱਕ ਦੀ ਸਿੱਖਿਆ ਮਾਲਵਾ ਸਕੂਲ, ਲੁਧਿਆਣਾ ਤੋਂ ਪ੍ਰਾਪਤ ਕੀਤੀ। ਇਸ ਉਪਰੰਤ ਉਹ ਆਪਣੇ ਚਾਚਾ ਵੀਰ ਸਿੰਘ, ਜੋ ਓਡੀਸ਼ਾ ਦੇ ਸ਼ਹਿਰ ਕਟਕ ਵਿੱਚ ਡਾਕਟਰ ਸਨ, ਕੋਲ ਚਲਾ ਗਿਆ ਅਤੇ ਉੱਥੋਂ ਦੀ ਰੇਵਨਸ਼ਾਹ ਯੂਨੀਵਰਸਿਟੀ ਤੋਂ ਦਸਵੀਂ ਜਮਾਤ ਪਾਸ ਕੀਤੀ। ਗ਼ਦਰ ਪਾਰਟੀ ਦੇ ਬਾਨੀ ਸੋਹਣ ਸਿੰਘ ਭਕਨਾ ਨੇ ਉਸ ਨੂੰ ਦੇਸ਼ ਦੀ ਸੁਤੰਤਰਤਾ ਖ਼ਾਤਰ ਬਰਤਾਨਵੀ ਬਸਤੀਵਾਦੀ ਸ਼ਾਸਨ ਵਿਰੁੱਧ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਇਉਂ ਕਰਤਾਰ ਸਿੰਘ ਸਰਾਭਾ ਅਮਰੀਕਾ ਵਿੱਚ ਪੜ੍ਹਾਈ ਵਿੱਚੇ ਛੱਡ ਕੇ ਗ਼ਦਰ ਲਹਿਰ ਦਾ ਹਿੱਸਾ ਬਣ ਗਿਆ।
ਸੰਨ 1914 ਵਿੱਚ ਪਹਿਲੀ ਆਲਮੀ ਜੰਗ ਸ਼ੁਰੂ ਹੋਣ ’ਤੇ ਗ਼ਦਰ ਪਾਰਟੀ ਦੇ ਅਮਰੀਕਾ ਸਥਿਤ ‘ਯੁਗਾਂਤਰ ਆਸ਼ਰਮ’ ਵਿੱਚ ਮੀਟਿੰਗ ਸੱਦੀ ਗਈ। ਬਰਤਾਨਵੀ ਹਕੂਮਤ ਦੇ ਇਸ ਜੰਗ ਵਿੱਚ ਉਲਝੀ ਹੋਣ ਦਾ ਫ਼ਾਇਦਾ ਉਠਾਉਂਦਿਆਂ ਹਿੰਦੋਸਤਾਨ ਪਰਤ ਕੇ ਗ਼ਦਰ ਕਰਨ ਦਾ ਫ਼ੈਸਲਾ ਕੀਤਾ ਗਿਆ। ਇਉਂ ਗ਼ਦਰ ਪਾਰਟੀ ਦੇ ਸੱਦੇ ’ਤੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ’ਚ ਆਪਣਾ ਯੋਗਦਾਨ ਪਾਉਣ ਲਈ ਹਜ਼ਾਰਾਂ ਹਿੰਦੋਸਤਾਨੀ ਵਿਦੇਸ਼ਾਂ ਤੋਂ ਮੁਲਕ ਪਹੁੰਚੇ। ਇੱਥੇ ਪੁੱਜ ਕੇ ਗ਼ਦਰੀਆਂ ਨੇ ਆਪਸ ਵਿੱਚ ਸੰਪਰਕ ਬਣਾਉਣ ਲਈ ਅੱਡੇ ਕਾਇਮ ਕੀਤੇ ਅਤੇ ਲੋਕਾਂ ਤੇ ਫ਼ੌਜਾਂ ਦਰਮਿਆਨ ਪ੍ਰਚਾਰ ਕਰਨ ਲਈ ਇਲਾਕੇ ਵੰਡ ਕੇ ਜਥੇਬੰਦੀ ਉਸਾਰਨ ਅਤੇ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ। ਵਿਦੇਸ਼ਾਂ ਤੋਂ ਪਰਤ ਰਹੇ ਗ਼ਦਰੀ ਇਨਕਲਾਬੀਆਂ ਨੂੰ ਬਰਤਾਨਵੀ ਰਾਜ ਨੂੰ ਪਲਟਾਉਣ ਦਾ ਇੱਕੋ-ਇੱਕ ਰਾਹ ਦਿਸਦਾ ਸੀ- ਹਿੰਦੋਸਤਾਨੀ ਫ਼ੌਜਾਂ ਵਿੱਚ ਬਗ਼ਾਵਤ ਤੇ ਫ਼ੌਜੀ ਛਾਉਣੀਆਂ ’ਚੋਂ ਅਸਲਾ ਲੁੱਟਣਾ। ਗ਼ਦਰ ਸੰਦੇਸ਼ ਅਤੇ ਐਲਾਨ-ਏ-ਜੰਗ ਹਜ਼ਾਰਾਂ ਦੀ ਗਿਣਤੀ ਵਿੱਚ ਛਪਵਾ ਕੇ ਗ਼ਦਰੀਆਂ ਨੇ ਲੋਕਾਂ ਤੇ ਫ਼ੌਜ ਵਿੱਚ ਵੰਡੇ। ਫ਼ੌਜੀ ਛਾਉਣੀਆਂ ਵਿਚਲੇ ਹਿੰਦੋਸਤਾਨੀ ਫ਼ੌਜੀਆਂ ਨਾਲ ਤਾਲਮੇਲ ਕਰ ਕੇ ਉਨ੍ਹਾਂ ਨੂੰ ਆਪਣੇ ਨਾਲ ਜੋੜਿਆ। ਗ਼ਦਰੀਆਂ ਵੱਲੋਂ 12 ਫਰਵਰੀ 1915 ਨੂੰ ਫ਼ੈਸਲਾ ਕੀਤਾ ਗਿਆ ਕਿ 21 ਫਰਵਰੀ ਨੂੰ ਗ਼ਦਰ ਮਚਾ ਦਿੱਤਾ ਜਾਵੇ। ਇਸ ਅਨੁਸਾਰ ਕਰਤਾਰ ਸਿੰਘ ਸਰਾਭਾ ਦੀ ਅਗਵਾਈ ਵਾਲੀ ਟੀਮ ਨੇ ਫਿਰੋਜ਼ਪੁਰ ਫ਼ੌਜੀ ਛਾਉਣੀ ’ਤੇ ਕਬਜ਼ਾ ਕਰਨਾ ਸੀ।
ਫਿਰੋਜ਼ਪੁਰ ਛਾਉਣੀ ਵਿੱਚ 26 ਨੰਬਰ ਪਲਟਨ ਸੀ, ਜਿੱਥੇ ਕਿਰਪਾ ਸਿੰਘ, ਹਰਨਾਮ ਸਿੰਘ ਕਾਲਾ ਸੰਘਿਆਂ, ਫੁੰਮਣ ਸਿੰਘ, ਲਾਭ ਸਿੰਘ ਚੱਕਵਾਲੀਆ, ਖੁਸ਼ਹਾਲ ਸਿੰਘ ਤੇ ਤੇਜਾ ਸਿੰਘ ਆਦਿ ਗ਼ਦਰ ਪਾਰਟੀ ਦੇ ਪ੍ਰਭਾਵ ਹੇਠ ਆ ਗਏ ਸਨ। ਜਦੋਂ ਇਨ੍ਹਾਂ ਦੀ ਪਲਟਨ ਹਾਂਗਕਾਂਗ ਵਿੱਚ ਸੀ, ਉੱਥੇ ਇਨ੍ਹਾਂ ਦਾ ਸੰਪਰਕ ਹਾਂਗਕਾਂਗ ਗੁਰਦੁਆਰੇ ਦੇ ਗ੍ਰੰਥੀ ਭਗਵਾਨ ਸਿੰਘ ਨਾਲ ਹੋਇਆ। ਉਹ ਇਨਕਲਾਬੀ ਲੈਕਚਰ ਦਿੰਦਾ ਸੀ। ਇਹ ਲੈਕਚਰ ਸੁਣਨ ਜਾਂਦੇ ਸਨ। ਜਦੋਂ ਗ਼ਦਰ ਅਖ਼ਬਾਰ ਸ਼ੁਰੂ ਹੋਇਆ ਤਾਂ ਉਹ ਇਨ੍ਹਾਂ ਕੋਲ ਪਹੁੰਚਣ ਲੱਗਿਆ। ਗ਼ਦਰ ਅਖ਼ਬਾਰ ਇਹ ਆਪ ਪੜ੍ਹਦੇ ਅਤੇ ਹੋਰਨਾਂ ਨੂੰ ਵੀ ਵੰਡਦੇ। ਅੰਗਰੇਜ਼ ਸਰਕਾਰ ਨੂੰ ਪਤਾ ਲੱਗਣ ’ਤੇ ਕਿਰਪਾ ਸਿੰਘ, ਫੁੰਮਣ ਸਿੰਘ, ਹਰਨਾਮ ਸਿੰਘ ਕਾਲਾ ਸੰਘਿਆਂ, ਖੁਸ਼ਹਾਲ ਸਿੰਘ, ਈਸ਼ਰ ਸਿੰਘ, ਲਾਭ ਸਿੰਘ, ਮੱਘਰ ਸਿੰਘ ਤੇ ਤੇਜਾ ਸਿੰਘ ਨੂੰ ਵਿਦਰੋਹੀ ਸਰਗਰਮੀਆਂ ਕਰ ਕੇ ਕਰਾਚੀ ਡਿੱਪੂ ਭੇਜ ਦਿੱਤਾ ਗਿਆ।
ਇਨ੍ਹਾਂ ਨੂੰ ਕਰਾਚੀ ਡਿਸਚਾਰਜ ਕਰਨ ਵਾਸਤੇ ਭੇਜਿਆ ਗਿਆ ਸੀ, ਪਰ ਕਰਾਚੀ ਦੇ ਜਨਰਲ ਕਮਾਡਿੰਗ ਅਫਸਰ ਨੇ ਡਿਸਚਾਰਜ ਨਾਮਨਜ਼ੂਰ ਕਰ ਦਿੱਤਾ। ਬਾਅਦ ਵਿੱਚ ਇਨ੍ਹਾਂ ਨੂੰ ਫਿਰੋਜ਼ਪੁਰ ਛਾਉਣੀ ਭੇਜ ਦਿੱਤਾ ਗਿਆ। ਇੱਥੇ 26 ਨੰਬਰ ਪਲਟਨ ਸੀ। ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ ਤੇ ਹੋਰ ਗ਼ਦਰੀ ਕਿਰਪਾ ਸਿੰਘ, ਹਰਨਾਮ ਸਿੰਘ ਕਾਲਾ ਸੰਘਿਆ, ਫੁੰਮਣ ਸਿੰਘ ਤੇ ਲਾਭ ਸਿੰਘ ਆਦਿ ਨੂੰ ਆ ਕੇ ਮਿਲਣ ਲੱਗੇ ਅਤੇ ਗ਼ਦਰੀ ਸੰਦੇਸ਼ ਫ਼ੌਜੀਆਂ ਵਿੱਚ ਵੰਡਿਆ ਜਾਣ ਲੱਗਿਆ। ਕਈ ਦੇਸੀ ਫ਼ੌਜੀ ਪਲਟਨ ਵਿੱਚ ਗ਼ਦਰ ਕਰਨ ਲਈ ਤਿਆਰ ਹੋ ਗਏ। 15 ਫਰਵਰੀ 1915 ਨੂੰ ਕਰਤਾਰ ਸਿੰਘ, ਸੱਜਣ ਸਿੰਘ, ਕਿਰਪਾ ਸਿੰਘ ਤੇ ਉਸ ਦੇ ਸਾਥੀਆਂ ਨੂੰ ਪਤਾ ਲੱਗਿਆ ਕਿ ਕ੍ਰਿਪਾਲ ਸਿੰਘ ਨੇ ਅੰਗਰੇਜ਼ਾਂ ਕੋਲ ਗ਼ਦਰੀਆਂ ਦੀ ਯੋਜਨਾ 21 ਫਰਵਰੀ ਨੇਪਰੇ ਚਾੜ੍ਹਨ ਬਾਰੇ ਮੁਖ਼ਬਰੀ ਕਰ ਦਿੱਤੀ। ਇਸ ਕਾਰਨ ਗ਼ਦਰੀਆਂ ਨੇ ਗ਼ਦਰ ਦੀ ਤਾਰੀਕ ਬਦਲ ਕੇ 19 ਫਰਵਰੀ ਕਰ ਦਿੱਤੀ।
ਕਰਤਾਰ ਸਿੰਘ ਸਰਾਭਾ ਦਾ ਅੰਦਾਜ਼ਾ ਸੀ ਕਿ ਫਿਰੋਜ਼ਪੁਰ ਦੀ ਸਾਰੀ ਪਲਟਨ ਉਨ੍ਹਾਂ ਨਾਲ ਰਲਣ ਨੂੰ ਤਿਆਰ ਸੀ। ਵਿਸ਼ਨੂੰ ਗਣੇਸ਼ ਪਿੰਗਲੇ ਫਿਰੋਜ਼ਪੁਰ ਵਿੱਚ ਆਮ ਆਉਂਦੇ-ਜਾਂਦੇ ਸਨ। ਪਿੰਗਲੇ ਅਨੁਸਾਰ ਵੀ ਫਿਰੋਜ਼ਪੁਰ ਵਿੱਚ 300 ਫ਼ੌਜੀ ਉਨ੍ਹਾਂ ਨਾਲ ਰਲਣ ਲਈ ਤਿਆਰ ਸਨ। ਫਿਰੋਜ਼ਪੁਰ ਛਾਉਣੀ ’ਤੇ ਹਮਲੇ ਲਈ ਬਣਾਈ ਕਮੇਟੀ ਦੀ 19 ਨਵੰਬਰ ਨੂੰ ਲਾਡੋਵਾਲ ਵਿੱਚ ਮੀਟਿੰਗ ਕੀਤੀ ਗਈ। ਗਾਂਧਾ ਸਿੰਘ ਕੱਚਰਭੰਨ, ਉੱਤਮ ਸਿੰਘ ਹਾਂਸ, ਪ੍ਰੇਮ ਸਿੰਘ, ਸੁਰ ਸਿੰਘ, ਬੰਤਾ ਸਿੰਘ ਸੰਘਵਾਲ ਫਿਰੋਜ਼ਪੁਰ ਤੇ ਲਾਹੌਰ ਛਾਉਣੀ ’ਤੇ ਹਮਲਾ ਕਰਨ ਲਈ ਬੰਦੇ ਲਿਆਉਣ ਤੇ ਲੋੜੀਂਦੇ ਹਥਿਆਰ ਦਾ ਬੰਦੋਬਸਤ ਕਰਨ ਵਾਸਤੇ ਪਿੰਡਾਂ ਵਿੱਚ ਰਾਤ ਦਿਨ ਘੁੰਮ ਰਹੇ ਸਨ। 19 ਫਰਵਰੀ 1915 ਨੂੰ ਗਾਂਧਾ ਸਿੰਘ ਕੱਚਰਭੰਨ, ਭਾਈ ਉੱਤਮ ਸਿੰਘ, ਅਰਜਨ ਖੁਖਰਾਣਾ ਆਦਿ ਗ਼ਦਰੀ ਲੀਡਰ ਅਤੇ ਭਾਈ ਰਣਧੀਰ ਸਿੰਘ ਦਾ 50-60 ਇਨਕਲਾਬੀਆਂ ਦਾ ਜਥਾ ਫਿਰੋਜ਼ਪੁਰ ਪਹੁੰਚਿਆ।
ਉਧਰ 19 ਫਰਵਰੀ ਤਰੀਕ ਦਾ ਵੀ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ। ਉਨ੍ਹਾਂ ਦੇਸੀ ਫ਼ੌਜੀਆਂ ਤੋਂ ਅਸਲੇਖਾਨੇ ਦੀਆਂ ਚਾਬੀਆਂ ਤੇ ਹਥਿਆਰ ਲੈ ਲਏ। 26 ਨੰਬਰ ਪਲਟਨ ਦੇ ਚੱਪੇ-ਚੱਪੇ ’ਤੇ ਹਥਿਆਰਬੰਦ ਗੋਰੇ ਫ਼ੌਜੀਆਂ ਦਾ ਪਹਿਰਾ ਲਾ ਦਿੱਤਾ ਗਿਆ। 19 ਫਰਵਰੀ ਨੂੰ ਸਵੇਰੇ ਕਿਰਪਾ ਸਿੰਘ, ਹਰਨਾਮ ਸਿੰਘ ਕਾਲਾ ਸੰਘਿਆਂ, ਫੁੰਮਣ ਸਿੰਘ, ਈਸ਼ਰ ਸਿੰਘ, ਲਾਭ ਸਿੰਘ ਲੀਲਾ ਚੱਕਵਾਲੀਆ, ਮੱਗਰ ਸਿੰਘ ਸਿਆਲਕੋਟੀਆ, ਲਾਭ ਸਿੰਘ ਸਿਆਲਕੋਟੀਆ ਤੇ ਖੁਸ਼ਹਾਲ ਸਿੰਘ ਨੂੰ ਬਰਖਾਸਤ ਕਰ ਕੇ ਜਬਰੀ ਪਿੰਡਾਂ ਲਈ ਗੱਡੀ ਚੜ੍ਹਾ ਦਿੱਤਾ। ਕਿਰਪਾ ਸਿੰਘ ਅਗਲੇ ਸਟੇਸ਼ਨ ’ਤੇ ਉੱਤਰ ਕੇ ਵਾਪਸ ਫਿਰੋਜ਼ਪੁਰ ਛਾਉਣੀ ਆਇਆ ਤੇ ਕਰਤਾਰ ਸਿੰਘ ਸਰਾਭੇ ਨੂੰ ਮਿਲਿਆ। ਰਾਤ ਨੂੰ ਕਿਰਪਾ ਸਿੰਘ ਜਦੋਂ ਪਲਟਨ ਵਿੱਚ ਹਾਲਾਤ ਦੇਖਣ ਗਿਆ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਉਪਰੰਤ ਕਰਤਾਰ ਸਿੰਘ ਸਰਾਭਾ ਪਲਟਨ ਵਿੱਚ ਹਥਿਆਰ ਤੇ ਗੋਲਾ ਸਿੱਕਾ ਲੈਣ ਗਿਆ ਤਾਂ ਕਾਫ਼ੀ ਦੇਰ ਬਾਅਦ ਮੁੜ ਕੇ ਆਇਆ। ਉਸ ਨੇ ਦੱਸਿਆ ਕਿ ਸਰਕਾਰ ਨੂੰ ਇਸ ਤਰੀਕ ਦਾ ਵੀ ਪਤਾ ਲੱਗ ਗਿਆ ਤੇ ਉਸ ਨੇ ਗ਼ਦਰੀਆਂ ਦੇ ਹਮਦਰਦ ਤੇ ਗ਼ਦਰ ਲਈ ਹਥਿਆਰ ਦੇਣ ਵਾਲੇ ਸਭ ਫ਼ੌਜੀਆਂ ਨੂੰ ਫ਼ੌਜ ’ਚੋਂ ਕੱਢ ਕੇ ਘਰੋ-ਘਰੀ ਭੇਜ ਦਿੱਤਾ; ਹੁਣ ਸਾਨੂੰ ਇੱਥੇ ਹਥਿਆਰ ਦੇਣ ਵਾਲਾ ਕੋਈ ਨਹੀਂ। ਇਉਂ ਗ਼ਦਰੀਆਂ ਦੀ ਗ਼ਦਰ ਕਰਨ ਦੀ ਯੋਜਨਾ ਨਾਕਾਮ ਹੋ ਗਈ।
Share this content:



Post Comment