ਬੁੱਧ ਬਾਣ/ਪਾਪ ਦਾ ਘੜਾ ਭਰ ਕੇ ਤਰਦਾ ਹੈ/ਬੁੱਧ ਸਿੰਘ ਨੀਲੋਂ
ਸਿਆਣਿਆਂ ਨੇ ਕਿਹਾ ਸੀ ਕਿ “ਪਾਪ ਦਾ ਘੜਾ ਭਰ ਕੇ ਡੁੱਬਦਾ ਹੈ।” ਪਰ ਅੱਜ ਦਾ ਸਮਾਂ ਇਸ ਕਹਾਵਤ ਨੂੰ ਝੂਠਾ ਸਾਬਤ ਕਰਨ ‘ਤੇ ਤੁਰਿਆ ਹੋਇਆ ਲੱਗਦਾ ਹੈ। ਹੁਣ ਪਾਪ ਦਾ ਘੜਾ ਡੁੱਬਦਾ ਨਹੀਂ, ਸੱਤਾ, ਧਨ ਅਤੇ ਝੂਠ ਦੇ ਸਹਾਰੇ ਪਾਣੀ ਉੱਤੇ ਤਰਦਾ ਹੈ। ਜਿੰਨਾ ਵੱਡਾ ਪਾਪ, ਓਨਾ ਵੱਡਾ ਪਰਦਾ; ਜਿੰਨਾ ਵੱਡਾ ਝੂਠ, ਓਨੀ ਉੱਚੀ ਆਵਾਜ਼ ਵਿੱਚ ਉਸਦਾ ਪ੍ਰਚਾਰ। ਦੁਨੀਆ ਭਰ ਵਿੱਚ ਹੋ ਰਹੇ ਖੁਲਾਸੇ ਸਾਨੂੰ ਇਹ ਦੱਸ ਰਹੇ ਹਨ ਕਿ ਜਿਹੜੇ ਲੋਕ ਆਪਣੇ ਆਪ ਨੂੰ ਸੰਸਕਾਰਾਂ, ਆਦਰਸ਼ਾਂ ਅਤੇ ਨੈਤਿਕਤਾ ਦੇ ਠੇਕੇਦਾਰ ਦੱਸਦੇ ਸਨ, ਉਹਨਾਂ ਦੇ ਚਿਹਰਿਆਂ ਪਿੱਛੇ ਕਿੰਨੇ ਹੋਰ ਚਿਹਰੇ ਲੁਕੇ ਹੋਏ ਹਨ। ਪਰ ਅਜੀਬ ਗੱਲ ਇਹ ਹੈ ਕਿ ਦੋਸ਼ੀ ਚੁੱਪ ਨਹੀਂ ਹੁੰਦੇ, ਸਵਾਲ ਕਰਨ ਵਾਲਿਆਂ ਨੂੰ ਚੁੱਪ ਕਰਵਾਇਆ ਜਾਂਦਾ ਹੈ। ਇੱਕ ਅਜਿਹਾ “ਭੌਂਕਦਾ ਜਥਾ” ਤਿਆਰ ਹੋ ਜਾਂਦਾ ਹੈ ਜੋ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਸਾਬਤ ਕਰਨ ਵਿੱਚ ਲੱਗ ਜਾਂਦਾ ਹੈ। ਪਹਿਲਾਂ ਚੋਰ ਹਨੇਰੇ ਤੋਂ ਡਰਦੇ ਸਨ, ਹੁਣ ਚਾਨਣ ਵਿੱਚ ਤੁਰਦੇ ਹਨ। ਪਹਿਲਾਂ ਪਾਪ ਲੁਕਾਇਆ ਜਾਂਦਾ ਸੀ, ਹੁਣ ਉਸਨੂੰ ਪ੍ਰਚਾਰ ਦੀ ਚਾਦਰ ਢੱਕ ਦਿੱਤੀ ਜਾਂਦੀ ਹੈ। ਜਿਨ੍ਹਾਂ ਹੱਥਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਸੀ, ਉਹੀ ਹੱਥ ਮਾਈਕ ਫੜ ਕੇ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ। ਇਹ ਸਮਾਂ ਸੱਚ ਦਾ ਨਹੀਂ, ਸੱਚ ਦੀ ਮਾਰਕੀਟਿੰਗ ਦਾ ਸਮਾਂ ਬਣ ਗਿਆ ਹੈ।
ਸਿਆਸਤ ਦਾ ਮੈਦਾਨ ਵੀ ਅੱਜ ਅਜੀਬ ਨਾਟਕਘਰ ਬਣ ਗਿਆ ਹੈ। ਇੱਥੇ ਨੈਤਿਕਤਾ ਕੁਰਸੀ ਦੇ ਨਾਲ ਬਦਲ ਜਾਂਦੀ ਹੈ। ਜਿਹੜੇ ਕੱਲ੍ਹ ਤੱਕ ਵਿਰੋਧ ਕਰਦੇ ਸਨ, ਅੱਜ ਗਲੇ ਮਿਲ ਰਹੇ ਹਨ। ਜਿਹੜੇ ਲੋਕਾਂ ਅੱਗੇ ਇਮਾਨਦਾਰੀ ਦੀਆਂ ਕਸਮਾਂ ਖਾਂਦੇ ਸਨ, ਉਹੀ ਆਪਣੇ ਬਿਆਨਾਂ ਦੇ ਜਾਲ ਵਿੱਚ ਫਸਦੇ ਨਜ਼ਰ ਆ ਰਹੇ ਹਨ। ਪਰ ਸ਼ਰਮ ਹੁਣ ਰਾਜਨੀਤੀ ਦੇ ਸ਼ਬਦਕੋਸ਼ ਵਿੱਚੋਂ ਗਾਇਬ ਹੋ ਚੁੱਕੀ ਹੈ। ਪੰਜਾਬ ਦੀ ਹਾਲਤ ਵੀ ਕੋਈ ਵੱਖਰੀ ਨਹੀਂ। ਨਸ਼ਿਆਂ ਖ਼ਿਲਾਫ਼ ਭਾਸ਼ਣ ਬਹੁਤ ਹਨ, ਪਰ ਨਸ਼ਾ ਖ਼ਤਮ ਨਹੀਂ ਹੁੰਦਾ। ਧਾਰਮਿਕ ਸੰਸਥਾਵਾਂ ਵਿੱਚ ਸੇਵਾ ਦੀਆਂ ਗੱਲਾਂ ਹੁੰਦੀਆਂ ਹਨ, ਪਰ ਜ਼ਮੀਨਾਂ ਅਤੇ ਕੁਰਸੀਆਂ ਦੇ ਝਗੜੇ ਵੱਧ ਰਹੇ ਹਨ। ਗੁਰੂ ਘਰਾਂ ਦੀ ਪਵਿੱਤਰਤਾ ਦੀ ਗੱਲ ਕਰਨ ਵਾਲੇ ਹੀ ਕਈ ਵਾਰ ਉਸਦੀ ਮਰਿਆਦਾ ਨੂੰ ਸਵਾਲਾਂ ਵਿੱਚ ਖੜ੍ਹਾ ਕਰ ਦਿੰਦੇ ਹਨ। ਫਾਈਲਾਂ ਖੁਲ੍ਹਦੀਆਂ ਹਨ, ਚਰਚੇ ਹੁੰਦੇ ਹਨ, ਫਿਰ ਸਭ ਕੁਝ ਧੂੜ ਹੇਠ ਦੱਬ ਦਿੱਤਾ ਜਾਂਦਾ ਹੈ।
ਅੱਜ ਦਾ ਮਨੁੱਖ ਵੀ ਦੋਹਰੇ ਜੀਵਨ ਦਾ ਆਦੀ ਹੋ ਗਿਆ ਹੈ। ਚਿਹਰੇ ਉੱਤੇ ਮੁਸਕਾਨ ਅਤੇ ਅੰਦਰ ਲਾਲਚ; ਬੋਲਾਂ ਵਿੱਚ ਸੱਚਾਈ ਅਤੇ ਮਨ ਵਿੱਚ ਧੋਖਾ। ਇਸੇ ਲਈ ਰਾਹਤ ਇੰਦੌਰੀ ਦਾ ਸ਼ੇਅਰ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਤਸਵੀਰ ਬਣ ਜਾਂਦਾ ਹੈ—
“ਕਿਸੀ ਸੇ ਮਿਲਨੇ ਮੇਂ ਜ਼ਰਾ ਫਾਸਲਾ ਰੱਖਣਾ,
ਹਰ ਆਦਮੀ ਮੇਂ ਹੋਤੇ ਹੈਂ ਦਸ ਵੀਹ ਚਿਹਰੇ।”
ਸਮਾਂ ਇੰਨਾ ਬਦਲ ਗਿਆ ਹੈ ਕਿ ਮੁਹਾਵਰੇ ਵੀ ਨਵੇਂ ਅਰਥ ਮੰਗਦੇ ਹਨ। ਪਹਿਲਾਂ ਆਖਿਆ ਜਾਂਦਾ ਸੀ “ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ ਹੁੰਦਾ ਹੈ।” ਹੁਣ ਲੱਗਦਾ ਹੈ ਕਿ ਦਲਾਲੀ ਵਿੱਚ ਮੂੰਹ ਕਾਲਾ ਨਹੀਂ, ਚਿੱਟਾ ਹੋ ਜਾਂਦਾ ਹੈ। ਕਿਉਂਕਿ ਅੱਜ ਇਜ਼ਤ ਵੀ ਵਿਕਦੀ ਹੈ ਅਤੇ ਜ਼ਮੀਰ ਵੀ।
ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਸਵਾਲ ਹੁੰਦੇ ਹਨ, ਪਰ ਜਦੋਂ ਸਵਾਲ ਪੁੱਛਣ ਵਾਲਿਆਂ ਨੂੰ ਹੀ ਗੱਦਾਰ, ਵਿਰੋਧੀ ਜਾਂ ਮਜ਼ਾਕ ਬਣਾਇਆ ਜਾਣ ਲੱਗ ਪਏ ਤਾਂ ਸਮਝੋ ਸਮਾਜ ਅੰਦਰੋਂ ਖੋਖਲਾ ਹੋ ਰਿਹਾ ਹੈ। ਜਦੋਂ ਸੱਚ ਬੋਲਣਾ ਖ਼ਤਰਾ ਬਣ ਜਾਵੇ ਅਤੇ ਝੂਠ ਬੋਲਣਾ ਹੁਨਰ, ਤਾਂ ਸਮਝੋ ਕਿ ਸਮਾਂ ਬਿਮਾਰ ਹੈ।
ਅਖੀਰ ਵਿੱਚ ਗੁਰਦਾਸ ਮਾਨ ਦੀ ਲਾਈਨ ਯਾਦ ਆਉਂਦੀ ਹੈ—
“ਕੀ ਬਣੂੰ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ।”
ਅੱਜ ਮਨੁੱਖ ਨੂੰ ਹੋਰਾਂ ਨੂੰ ਨਹੀਂ, ਆਪਣੇ ਆਪ ਨੂੰ ਪੁੱਛਣ ਦੀ ਲੋੜ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ? ਸੱਚ ਦੇ ਨਾਲ ਜਾਂ ਸਿਰਫ਼ ਉਸਦੀ ਗੱਲ ਕਰਨ ਵਾਲਿਆਂ ਦੇ ਨਾਲ?
ਕਿਉਂਕਿ ਇਤਿਹਾਸ ਇਹ ਵੀ ਦੱਸਦਾ ਹੈ ਕਿ ਪਾਪ ਦਾ ਘੜਾ ਭਾਵੇਂ ਕਿੰਨਾ ਵੀ ਤਰ ਲਵੇ, ਇੱਕ ਦਿਨ ਉਸਦਾ ਭਾਰ ਹੀ ਉਸਨੂੰ ਡੁਬੋ ਦਿੰਦਾ ਹੈ।
— ਬੁੱਧ ਸਿੰਘ ਨੀਲੋਂ
9464370823
Share this content:



Post Comment