ਮਾਂ ਦਿਵਸ ਦੀ ਮਹੱਤਤਾ
ਮਾਂ ਮਮਤਾ ਦੀ ਮੂਰਤ ਹੁੰਦੀ ਹੈ, ਉਹ ਕੁਰਬਾਨੀ ਦਾ ਪੁਤਲਾ ਹੁੰਦੀ ਹੈ। ਮਾਂ ਨਾਲ ਬੱਚੇ ਦੀ ਆਂਦਰਾਂ ਦੀ ਸਾਂਝ ਹੁੰਦੀ ਹੈ। ਜਿਹੜਾ ਦਰਦ ਕਿਸੇ ਦੀਆਂ ਨਜ਼ਰਾਂ ਵਿਚ ਨਹੀਂ ਆਉਂਦਾ, ਮਾਂ ਅਪਣੇ ਬੱਚੇ ਦੇ ਉਸ ਦਰਦ ਨੂੰ ਵੀ ਪਛਾਣ ਲੈਂਦੀ ਹੈ। ਅਪਣੀ ਜ਼ਿੰਦਗੀ ਦਾ ਹਰ ਪਲ ਅਪਣੇ ਬੱਚਿਆਂ ਲਈ ਕੁਰਬਾਨ ਕਰ ਦਿੰਦੀ ਹੈ। ਜਦੋਂ ਔਰਤ ਮਾਂ ਬਣਦੀ ਹੈ ਉਹ ਅਪਣੇ ਲਈ ਜਿਊਣਾ ਭੁੱਲ ਜਾਂਦੀ ਹੈ। ਉਸ ਦੀਆਂ ਅਸੀਸਾਂ ਸਦਕਾ ਬੱਚੇ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਜਾਂਦੇ ਹਨ। ਉਸ ਦੀਆਂ ਦੁਆਵਾਂ ਦੁਨੀਆਂ ਦੀਆਂ ਮਹਿੰਗੀਆਂ ਦਵਾਈਆਂ ਤੋਂ ਵੀ ਵੱਧ ਅਸਰਦਾਰ ਹੁੰਦੀਆਂ ਹਨ। ਪਿਆਰ, ਮਿਠਾਸ, ਸਹਿਣਸ਼ੀਲਤਾ ਅਤੇ ਤਿਆਗ ਵਰਗੇ ਗੁਣਾਂ ਦੀ ਪੋਟਲੀ ਸਿਰਫ਼ ਮਾਂ ਹੀ ਹੋ ਸਕਦੀ ਹੈ।
ਪ੍ਰੋ. ਮੋਹਨ ਸਿੰਘ ਦੀ ਇਸ ਛੋਟੀ ਜਿਹੀ ਕਵਿਤਾ ਵਿਚ ਮਾਂ ਦੇ ਪਿਆਰ ਦਾ ਸਾਗਰ ਸਮਾਇਆ ਹੋਇਆ ਹੈ:-
ਮਾਂ ਵਰਗਾ ਘਣਛਾਵਾਂ ਬੂਟਾ
ਮੈਨੂੰ ਕਿਧਰੇ ਨਜ਼ਰ ਨਾ ਆਵੇ
ਲੈ ਕੇ ਜਿਸ ਤੋਂ ਛਾਂ ਉਧਾਰੀ
ਰੱਬ ਨੇ ਸਵਰਗ ਬਣਾਏ
ਬਾਕੀ ਕੁਲ ਦੁਨੀਆਂ ਦੇ ਬੂਟੇ
ਜੜ੍ਹ ਸੁੱਕਿਆਂ ਮੁਰਝਾਂਦੇ
ਐਪਰ ਫੁੱਲਾਂ ਦੇ ਮੁਰਝਾਇਆਂ
ਇਹ ਬੂਟਾ ਸੁੱਕ ਜਾਏ।
ਮਾਂ ਦਿਵਸ ਦੇ ਇਤਿਹਾਸਕ ਪਿਛੋਕੜ ’ਤੇ ਨਜ਼ਰ ਮਾਰੀਏ ਤਾਂ 10 ਮਈ 1908 ਨੂੰ ਗਰਾਟਨ ’ਚ ‘ਐਂਡ੍ਰਿਊਸ ਮੈਥੋਡਿਸਟ’ ਨਾਮੀ ਚਰਚ ਨੇ ਸਭ ਤੋਂ ਪਹਿਲਾਂ ‘ਮਦਰਜ਼ ਡੇਅ’ ਯਾਨੀ ‘ਮਾਂ ਦਿਵਸ’ ਮਨਾਇਆ ਸੀ। ਇਹ ਉਹ ਥਾਂ ਸੀ ਜਿਥੇ ਐਨ ਮੈਰੀ ਰੀਵਜ਼ ਜਾਰਵਿਸ 20 ਸਾਲ ਤਕ ਐਤਵਾਰ ਸਕੂਲ ਦੀਆਂ ਕਲਾਸਾਂ ਚਲਾਉਂਦੀ ਰਹੀ। ਇਸੇ ਦਿਨ ਫਿਲਾਡੇਲਫੀਆ ਵਿਚ, ਜਿਥੇ ਜਾਰਵਿਸ ਦਾ ਦੇਹਾਂਤ ਹੋਇਆ ਸੀ, ਇਹ ਦਿਨ ਮਨਾਇਆ ਗਿਆ। ਇਸ ਗੱਲ ਨੂੰ ਇੰਨੀ ਜ਼ਿਆਦਾ ਪ੍ਰਸਿੱਧੀ ਮਿਲੀ ਕਿ 12 ਦਸੰਬਰ 1912 ਵਿਚ ‘ਦੀ ਮਦਰਜ਼ ਡੇਅ ਇੰਟਰਨੈਸ਼ਨਲ ਐਸੋਸੀਏਸ਼ਨ’ ਬਣਾਈ ਗਈ।
9 ਮਈ 1914 ਨੂੰ ਅਮਰੀਕੀ ਰਾਸ਼ਟਰਪਤੀ ਵਡਰੋ ਵਿਲਸਨ ਨੇ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਅਮਰੀਕਾ ਵਿਚ ‘ਮਦਰਜ਼ ਡੇਅ’ ਨੂੰ ਰਾਸ਼ਟਰੀ ਦਿਨ ਐਲਾਨਿਆ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਯੁੱਧ ’ਚ ਸ਼ਹੀਦ ਹੋਏ ਪੁੱਤਰਾਂ ਦੀਆਂ ਮਾਵਾਂ ਨੂੰ ਸਨਮਾਨ ਦੇਣ, ਦੇਸ਼ ਦੀਆਂ ਸਭ ਮਾਵਾਂ ਪ੍ਰਤੀ ਇੱਜ਼ਤ ਅਤੇ ਪਿਆਰ ਦੀ ਭਾਵਨਾ ਜਤਾਉਣ ਲਈ ਮਨਾਇਆ ਜਾਵੇਗਾ। ਸੰਨ 1911 ਤਕ ਇਹ ਦਿਨ ਅਮਰੀਕਾ ਦੇ ਨਾਲ ਨਾਲ ਮੈਕਸੀਕੋ, ਕੈਨੇਡਾ, ਚੀਨ, ਜਾਪਾਨ ਤੇ ਅਫ਼ਰੀਕਾ ਵਰਗੇ ਦੇਸ਼ਾਂ ਵਿਚ ਵੀ ਮਨਾਇਆ ਜਾਣ ਲੱਗਾ। ਸੰਨ 1934 ’ਚ ਪੋਸਟ ਮਾਸਟਰ ਜਨਰਲ ਜੇਮਸ ਏ. ਫਾਰਲੇ ਨੇ ਇਸ ਦਿਨ ’ਤੇ ਇਕ ਸਟੈਂਪ ਦਾ ਆਗਾਜ਼ ਵੀ ਕੀਤਾ।
ਹੌਲੀ-ਹੌਲੀ ਇਹ ਪ੍ਰਥਾ ਭਾਰਤ ਵਿਚ ਵੀ ਜ਼ੋਰ ਫੜਨ ਲੱਗੀ। ਵਿਸ਼ਵੀਕਰਨ ਕਾਰਨ ਲਗਭਗ ਭਾਰਤ ਵਿਚ ਇਹ ਤਕਰੀਬਨ ਇਕ ਡੇਢ ਕੁ ਦਹਾਕੇ ਤੋਂ ਹੀ ਜਾਣਿਆ ਅਤੇ ਮਨਾਇਆ ਜਾਣ ਲਗਿਆ। ਅਮਰੀਕਾ ਦੀ ਐਨਾ ਵਲੋਂ ਅਪਣੀ ਮਾਂ ਦੁਆਰਾ ਚਲਾਈ ਮੁਹਿੰਮ ਨੂੰ 1907 ਵਿਚ ਅੱਗੇ ਤੋਰਦੇ ਹੋਏ ਸਾਰੀਆਂ ਮਾਵਾਂ ਨੂੰ ਸਮਰਪਿਤ ਇਸ ਦਿਵਸ ਨੂੰ ਮਨਾਉਣ ਲਈ ਨੇਪਰੇ ਚਾੜਿ੍ਹਆ। ਇਹ ਦਿਨ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਚਾਹੇ ਮਾਂ ਨੂੰ ਸਮਰਪਿਤ ਇਕ ਦਿਨ ਕਾਫ਼ੀ ਨਹੀਂ ਹੁੰਦਾ ਪਰ ਫਿਰ ਵੀ ਉਚੇਚੇ ਤੌਰ ’ਤੇ ਸਤਿਕਾਰ ਦੇਣ ਲਈ ਇਹ ਇਕ ਦਿਨ ਕਾਫ਼ੀ ਅਹਿਮੀਅਤ ਰਖਦਾ ਹੈ।
‘ਮਾਂ’ ਸ਼ਬਦ ਜਿੰਨਾ ਬੋਲਣ ਨੂੰ ਛੋਟਾ ਹੈ, ਓਨਾ ਹੀ ਮਹਾਨ ਹੈ। ਇਸ ਦੀ ਵਿਸ਼ਾਲਤਾ ਦਾ ਕੋਈ ਮਾਪਦੰਡ ਨਹੀਂ ਹੈ। ਬੱਚਾ ਜਦ ਬੋਲਣਾ ਸਿਖਦਾ ਹੈ ਤਾਂ ਉਸ ਦੇ ਮੁੱਖ ’ਚੋਂ ਪਹਿਲਾ ਸ਼ਬਦ ‘ਮਾਂ’ ਹੀ ਨਿਕਲਦਾ ਹੈ। ਘਰ ਵਿਚ ਮਾਂ ਦਾ ਹੋਣਾ ਪ੍ਰਮਾਤਮਾ ਦੀ ਹੋਂਦ ਮਹਿਸੂਸ ਕਰਵਾਉਂਦਾ ਹੈ ਕਿਉਂਕਿ ਉਹ ਅਪਣੀ ਔਲਾਦ ਨੂੰ ਕਦਮ-ਕਦਮ ’ਤੇ ਮਾਰਗ ਦਰਸ਼ਨ ਕਰਾਉਂਦੀ ਹੈ। ਮਾਂ ਹੀ ਔਲਾਦ ਨੂੰ ਚੰਗੇ ਅਤੇ ਬੁਰੇ ਦਾ ਅਰਥ ਸਮਝਾਉਂਦੀ ਹੈ। ਉਹ ਹਮੇਸ਼ਾ ਅਪਣੀ ਔਲਾਦ ਨੂੰ ਚੰਗੇ ਬਣਨ ਲਈ ਸਹੀ ਰਾਹ ’ਤੇ ਤੋਰਨ ਦੇ ਯਤਨ ਕਰਦੀ ਰਹਿੰਦੀ ਹੈ। ਭਾਵਂੇ ਬੱਚੇ ਸੱਤ ਸਮੁੰਦਰਾਂ ਤੋਂ ਪਾਰ ਬੈਠੇ ਹੋਣ ਪਰ ਫਿਰ ਵੀ ਮਾਂ ਉਨ੍ਹਾਂ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਦੁਆਵਾਂ ਕਰਦੀ ਹੈ। ਉਹ ਦੂਰ ਰਹਿ ਕੇ ਵੀ ਪਰਦੇਸੀਂ ਬੈਠੇ ਬੱਚਿਆਂ ਵਿਚ ਵਸ ਰਹੀ ਹੁੰਦੀ ਹੈ। ਔਲਾਦ ਜਿੰਨਾ ਹੋਲਾ ਅਪਣੀ ਮਾਂ ਨਾਲ ਗੱਲ ਕਰ ਕੇ ਮਹਿਸੂਸ ਕਰਦੀ ਹੈ ਓਨਾ ਸ਼ਾਇਦ ਉਹ ਦੁਨੀਆਂ ਦੇ ਵੱਡੇ ਤੋਂ ਵੱਡੇ ਮਨੋਵਿਗਿਆਨਕ ਕੋਲ ਵੀ ਨਹੀਂ ਕਰ ਸਕਦੀ।
ਮਾਂ ਨੂੰ ਰੱਬ ਦਾ ਦਰਜਾ ਦਿਤਾ ਗਿਆ ਹੈ। ਮਾਂ ਇਕੱਲੇ ਇਨਸਾਨ ਦੀ ਹੀ ਤਿਆਗ ਦੀ ਮੂਰਤ ਨਹੀਂ ਹੁੰਦੀ, ਪੰਛੀਆਂ ਦਾ ਚਾਹੇ ਰੈਣ ਬਸੇਰਾ ਦਰਖ਼ਤਾਂ ’ਤੇ ਹੁੰਦਾ ਹੈ ਪਰ ਅਪਣੇ ਬੱਚਿਆਂ ਨੂੰ ਜਨਮ ਦੇਣ ਲਈ ਅਤੇ ਸਾਂਭ ਸੰਭਾਲ ਲਈ ਮਾਦਾ ਪੰਛੀ ਤੀਲਾ ਤੀਲਾ ਇਕੱਠਾ ਕਰ ਕੇ ਆਲ੍ਹਣੇ ਬਣਾਉਂਦੇ ਨਜ਼ਰ ਆਉਂਦੇ ਹਨ। ਬਿੱਲੀ ਅਪਣੇ ਬੱਚਿਆਂ ਨੂੰ ਸਿਖਲਾਈ ਦੇਣ ਲਈ ਦੁਨੀਆਂ ਤੋਂ ਚੋਰੀ ਸੱਤ ਕੋਠੇ ਟਪਾਉਂਦੀ ਹੈ, ਇਸੇ ਤਰ੍ਹਾਂ ਹਰ ਮਾਦਾ ਪੰਛੀ ਅਤੇ ਜਾਨਵਰ ਅਪਣੇ ਬੱਚਿਆਂ ਦੀ ਢਿੱਡ ਵਿਚ ਪਾਲਣਾ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਸੰਭਾਲ ਲਈ ਯਤਨਸ਼ੀਲ ਦਿਸਣਗੇ। ਇਹ ਕੁਰਬਾਨੀ ਸਿਰਫ਼ ਇਕ ਮਾਂ ਹੀ ਕਰ ਸਕਦੀ ਹੈ। ਧਰਤੀ ਉੱਤੇ ਮਾਂ ਨੂੰ ਰੱਬ ਦਾ ਦਰਜਾ ਐਵੇਂ ਤਾਂ ਨਹੀਂ ਦਿਤਾ ਗਿਆ।
ਰੱਬ ਨੇ ਅਪਣਾ ਇਕ ਰੂਪ
ਧਰਤੀ ’ਤੇ ਸੀ ਭਿਜਵਾਇਆ!
ਅਪਣੇ ਹੀ ਉਸ ਰੂਪ ਦਾ ਸੀ
ਸੋਹਣਾ ਨਾਂ ‘ਮਾਂ’ ਰਖਵਾਇਆ
ਮਾਂ ਦੀ ਪੂਜਾ ਕਰਨ ਨੂੰ ਹੀ
ਰੱਬ ਦੀ ਪੂਜਾ ਤਦੇ ਕਹਾਇਆ…!
ਮਾਂ ਦੀ ਗੋਦੀ ਦਾ ਨਿੱਘ, ਮਾਂ ਦੀਆਂ ਲੋਰੀਆਂ ਦੀ ਮਿਠਾਸ, ਮਾਂ ਦੇ ਚਰਨਾਂ ਦੀ ਜੱਨਤ ਸਿਰਫ਼ ਕਰਮਾਂ ਵਾਲਿਆਂ ਦੇ ਹਿੱਸੇ ਹੀ ਆਉਂਦੀ ਹੈ। ਮਾਂ ਦੀਆਂ ਕੁਰਬਾਨੀਆਂ ਦਾ ਮੁੱਲ ਤਾਰਨ ਵਾਲੇ ਸਾਡੇ ਸਮਾਜ ਵਿਚ ਅੱਜ ਵਿਰਲੇ ਹੀ ਦਿਸਣਗੇ। ਇਕ ਦਿਨ ਤੋਹਫ਼ੇ ਦੇ ਕੇ, ਸੋਸ਼ਲ ਮੀਡੀਆ ’ਤੇ ਮਾਵਾਂ ਦੀਆਂ ਫ਼ੋਟੋਆਂ ਪਾਉਣ ਤੋਂ ਪਹਿਲਾਂ ਅਪਣੇ ਅੰਦਰ ਝਾਤੀ ਜ਼ਰੂਰ ਮਾਰਿਉ ਕਿ ਪੂਰਾ ਸਾਲ ਭਰ ਤੁਸੀਂ ਅਪਣੀ ਮਾਂ ਲਈ ਕਿਹੜੀ ਸੋਚ ਅਤੇ ਕਿਹੜੇ ਸ਼ਬਦ ਵਰਤੇ ਹਨ। ਮਾਂ ਤਾਂ ਇਕ ਧਾਰਮਕ ਸਥਾਨ ਵਾਂਗ ਹੁੰਦੀ ਹੈ ਜੋ ਸਿਰਫ਼ ਪਿਆਰ ਅਤੇ ਅਸੀਸਾਂ ਵੰਡਣ ਦਾ ਜਜ਼ਬਾ ਰਖਦੀ ਹੈ। ਇਹ ਤੁਸੀਂ ਨਿਸ਼ਚਤ ਕਰਨਾ ਹੈ ਕਿ ਤੁਸੀਂ ਸਾਲ ਵਿਚ ਇਕ ਅੱਧਾ ਦਿਨ ਮਤਲਬ ਵੇਲੇ ਮੱਥਾ ਟੇਕਣ ਵਾਲੇ ਭਗਤ ਹੋ ਜਾਂ ਪੱਕੇ ਸ਼ਰਧਾਲੂ। ਹਰ ਸਮੇਂ ਨਿਸਵਾਰਥ ਭਾਵਨਾ ਨਾਲ ਨਮਨ ਕਰਨ ਵਾਲੇ ਪੁਜਾਰੀ ਹੋ। ਮਾਂ ਦੇ ਪੈਰਾਂ ਤੋਂ ਵੱਡੀ ਜੰਨਤ ਕੋਈ ਹੋਰ ਨਹੀਂ ਹੋ ਸਕਦੀ।
Share this content:



Post Comment