Loading Now

ਬ੍ਰਿਟਿਸ਼ ਅਤੇ ਸਿਆਸੀ ਚਾਲਾਂ: ਅਜ਼ਾਦੀ ਦੇ ਨਾਂਅ ’ਤੇ ਖੇਡੀ ਖੇਡ ’ਚ ਕੌਣ ਲਾ ਗਿਆ ਦਾਅ?

ਬ੍ਰਿਟਿਸ਼ ਅਤੇ ਸਿਆਸੀ ਚਾਲਾਂ: ਅਜ਼ਾਦੀ ਦੇ ਨਾਂਅ ’ਤੇ ਖੇਡੀ ਖੇਡ ’ਚ ਕੌਣ ਲਾ ਗਿਆ ਦਾਅ?

*ਸ. ਵਿਕਰਮ ਸਿੰਘ ਮਝੈਲ ਦੀ ਨਵੀਂ ਪੁਸਤਕ ‘ਸਿੱਖਜ਼ ਅਤੇ ਟੂ ਨੇਸ਼ਨ ਥਿਊਰੀ’ ਲੋਕ-ਅਰਪਿਤ
*ਸਿੱਖਾਂ ਦੀਆਂ ਕੁਰਬਾਨੀਆਂ ਸਿੱਖ ਰਾਜ ਤੋਂ ਕਿਵੇਂ ਵਾਂਝੀਆਂ ਰਹਿ ਗਈਆਂ? ਪੂਰਾ ਵਰਨਣ।
ਔਕਲੈਂਡ, 09 ਮਈ, 2026 (ਹਰਜਿੰਦਰ ਸਿੰਘ ਬਸਿਆਲਾ) – ਸਿੱਖ ਇਤਿਹਾਸ ਦੇ ਗੁੰਝਲਦਾਰ ਪੰਨਿਆਂ ਅਤੇ ਭਾਰਤ ਦੀ ਵੰਡ ਸਮੇਂ ਸਿੱਖ ਕੌਮ ਦੇ ਰਾਜਸੀ ਸੰਘਰਸ਼ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਜਾਣੇ-ਪਛਾਣੇ ਸਿੱਖ ਲੇਖਕ ਬਿਕਰਮ ਸਿੰਘ ਮਝੈਲ ਦੀ ਨਵੀਂ ਪੁਸਤਕ ‘ਸਿੱਖਜ਼ ਅਤੇ ਟੂ ਨੇਸ਼ਨ ਥਿਊਰੀ’ (Sikhs and Two Nation Theory) ਅੱਜ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਾਪਾਟੋਏਟੋਏ ਵਿਖੇ ਲੋਕ ਅਰਪਿਤ ਕੀਤੀ ਗਈ। ‘ਨਿਊਜ਼ੀਲੈਂਡ ਸਿੱਖ ਕੌਂਸਿਲ ਆਫ ਸਿੱਖ ਅਫੇਅਰਜ਼’ ਦੇ ਮੀਡੀਆ ਸਪੋਕਸਪਰਸਨ ਸ. ਗੁਰਤੇਜ ਸਿੰਘ ਵਲਿੰਗਟਨ ਹੋਰਾਂ ਨੇ ਸਟੇਜ ਸੰਚਾਲਨ ਸੰਭਾਲਦਿਆਂ ਕੌਂਸਿਲ ਦੇ ਧਾਰਮਿਕ ਅਤੇ ਅਕਾਦਮਿਕ ਕਾਰਜਾਂ ਦੀ ਪੇਸ਼ਕਾਰੀ ਕੀਤੀ। ਪਾਕਿਸਤਾਨ ਦੇ ਵਿੱਚ ਦਿੱਤੀ ਜਾਂਦੀ ਸਕਾਲਰਸ਼ਿਪ ਅਤੇ ਮਾਓਰੀ ਭਾਸ਼ਾ ਦੇ ਵਿੱਚ ਜਪੁਜੀ ਸਾਹਿਬ ਦੇ ਅਨੁਵਾਦ ਨਾਲ ਮਿਲੀ ਕਾਰਜ-ਸ਼ਕਤੀ ਦੀ ਗੱਲ ਹੋਈ। ਹੱਥਲੀ ਪੁਸਤਕ ਦੀ ਸਮੀਖਿਆ ਦੇ ਵਿੱਚ ਭਾਈ ਰਾਮ ਸਿੰਘ ਹੋਰਾਂ ਨੇ ਬੜੇ ਵੇਰਵੇ ਸਹਿਤ ਕਿਤਾਬ ਦੇ ਮਹੱਤਵਪੂਰਨ ਪਹਿਲੂਆਂ ਉੱਤੇ ਬਾਰੀਕੀ ਨਾਲ ਚਾਨਣਾ ਪਾਇਆ ਅਤੇ ਇਸ ਦੇ ਤਿੰਨਾਂ ਭਾਗਾਂ ਨੂੰ ਸੰਖੇਪ ਵਿੱਚ ਪਾਠਕਾਂ ਨਾਲ ਸਾਂਝਾ ਕੀਤਾ। ਸ. ਸੁਰਜੀਤ ਸਿੰਘ ਸੱਚਦੇਵਾ ਹੋਰਾਂ ਨੇ ਵੀ ਇਸ ਮੌਕੇ ਸ. ਬਿਕਰਮ ਸਿੰਘ ਹੋਰਾਂ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਤਾਬਾਂ ਦੀ ਮਹੱਤਤਾ ਬਾਰੇ ਦੱਸਿਆ।
ਇਸ ਕਿਤਾਬ ਉੱਤੇ ਹੋਈ ਗਹਿਰੀ ਖੋਜ ਸਬੰਧੀ ਕਿਤਾਬ ਦੇ ਲੇਖਕ ਸ. ਬਿਕਰਮ ਸਿੰਘ ਮਝੈਲ ਹੋਰਾਂ ਨੇ ਬਹੁਤ ਹੀ ਹੈਰਾਨੀਜਨਕ ਤੱਥ ਰੱਖੇ ਕਿ ਦੇਸ਼ ਦੀ ਵੰਡ ਕਿਵੇਂ ਇੱਕ ਤਿਕੋਣੀ ਵੰਡ ਬਣ ਕੇ ਰਹਿ ਗਈ ਸੀ। ਇਸ ਦੇ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਸਿੱਖ ਰਾਜ ਤੋਂ ਕਿਵੇਂ ਵਾਂਝੀਆਂ ਰਹਿ ਗਈਆਂ, ਉਸ ਬਾਰੇ ਦੱਸਿਆ। ਉਸ ਵੇਲੇ ਦੇ ਹਾਕਮਾਂ, ਮਹਾਤਮਾ ਗਾਂਧੀ ਦੀ ਚੁਸਤੀ, ਅੰਗਰੇਜ਼ਾਂ ਨਾਲ ਸੰਧੀ, ਐਵਾਰਡ ਹਾਸਿਲ ਕਰਕੇ ਅਤੇ ਆਪ ਅਹਿੰਸਾ ਦੇ ਪੁਜਾਰੀ ਅਖਵਾ ਕੇ ਕਿਵੇਂ ਸਿੱਖਾਂ ਸਮੇਤ ਹੋਰ ਲੋਕਾਂ ਨੂੰ ਅੱਗੇ ਲਾਈ ਰੱਖਿਆ, ਇਸ ਦਾ ਵੇਰਵਾ ਦਿੱਤਾ। ਸ. ਮਝੈਲ ਨੇ ਦੱਸਿਆ ਕਿ ਜੇਕਰ ਉਸ ਵੇਲੇ ਇਮਾਨਦਾਰੀ ਵਰਤੀ ਜਾਂਦੀ ਤਾਂ ਪੰਜਾਬ ਦੇ ਨਕਸ਼ੇ ਉੱਤੇ ਸਰਹੱਦਾਂ ਦੀ ਰੂਪ-ਰੇਖਾ ਕੋਈ ਹੋਰ ਹੋਣੀ ਸੀ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਪਹਿਲਾਂ ਮੁਸਲਮਾਨ ਅਤੇ ਸਿੱਖ ਭਾਈਚਾਰਕ ਸਾਂਝ ਦੇ ਵਿੱਚ ਵਧੀਆ ਰਹਿ ਰਹੇ ਸਨ, ਸਿਵਾਏ ਇੱਕ-ਦੂਜੇ ਦੇ ਵਿੱਚ ਵਿਆਹ ਕਰਨ ਦੇ, ਪਰ ਆਜ਼ਾਦੀ ਵੇਲੇ ਸਿੱਖਾਂ ਅਤੇ ਮੁਸਲਮਾਨਾਂ ਦੇ ਵਿੱਚ ਮਾਰੂ ਜੰਗ ਕਿਵੇਂ ਸ਼ੁਰੂ ਹੋਈ, ਉਹ ਵੀ ਇੱਕ ਤਰਾਸਦੀ ਹੈ।
ਕਿਤਾਬ ਦਾ ਮੁੱਖ ਵਿਸ਼ਾ ਸਿੱਖ ਰਾਜ ਤੋਂ ਵਾਂਝੇ ਰਹਿਣ ਦੀ ਦਾਸਤਾਨ ਵਰਨਣ ਕਰਦਾ ਹੈ। ਇਹ ਖੋਜ ਭਰਪੂਰ ਪੁਸਤਕ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸ਼ੁਰੂ ਹੋਈਆਂ ਸਾਜ਼ਿਸ਼ਾਂ ਤੋਂ ਲੈ ਕੇ 1947 ਦੀ ਵੰਡ ਤੱਕ ਦੇ ਸਫ਼ਰ ਦਾ ਡੂੰਘਾ ਵਿਸ਼ਲੇਸ਼ਣ ਕਰਦੀ ਹੈ। ਪੁਸਤਕ ਦੇ ਕੁਝ ਅਹਿਮ ਪਹਿਲੂ ਹੇਠ ਲਿਖੇ ਅਨੁਸਾਰ ਹਨ:
ਵੰਡ ਦੀ ਤਿਕੋਣੀ ਜੰਗ: ਆਮ ਤੌਰ ’ਤੇ 1947 ਦੀ ਵੰਡ ਨੂੰ ਸਿਰਫ਼ ਹਿੰਦੂ-ਮੁਸਲਮਾਨ ਮਸਲੇ ਵਜੋਂ ਪੇਸ਼ ਕੀਤਾ ਜਾਂਦਾ ਹੈ, ਪਰ ਬਿਕਰਮ ਸਿੰਘ ਮਝੈਲ ਨੇ ਸਿੱਖਾਂ ਨੂੰ ‘ਤੀਜੀ ਅਹਿਮ ਧਿਰ’ ਵਜੋਂ ਪੇਸ਼ ਕੀਤਾ ਹੈ ਜੋ ਰਾਜਸੱਤਾ ਦੇ ਬਰਾਬਰ ਦੇ ਦਾਵੇਦਾਰ ਸਨ।
ਬ੍ਰਿਟਿਸ਼ ਅਤੇ ਸਿਆਸੀ ਚਾਲਾਂ: ਕਿਤਾਬ ਵਿੱਚ ਬੜੀ ਬਾਰੀਕੀ ਨਾਲ ਦੱਸਿਆ ਗਿਆ ਹੈ ਕਿ ਕਿਵੇਂ ਕਾਂਗਰਸ, ਮੁਸਲਿਮ ਲੀਗ ਅਤੇ ਬ੍ਰਿਟਿਸ਼ ਹਕੂਮਤ ਦੇ ਕਿਰਦਾਰ ਨੇ ਸਿੱਖਾਂ ਨੂੰ ਉਨ੍ਹਾਂ ਦੇ ਰਾਜਸੀ ਹੱਕਾਂ ਤੋਂ ਵਾਂਝੇ ਰੱਖਿਆ।
ਸਿੱਖ ਲੀਡਰਸ਼ਿਪ ਦਾ ਵਿਸ਼ਲੇਸ਼ਣ: ਲੇਖਕ ਨੇ ਉਨ੍ਹਾਂ ਕਾਰਨਾਂ ’ਤੇ ਚੋਟ ਕੀਤੀ ਹੈ ਜਿਨ੍ਹਾਂ ਕਰਕੇ ਉਸ ਵੇਲੇ ਦੇ ਸਿੱਖ ਸਿਆਸਤਦਾਨ ਆਪਣਾ ਪੱਖ ਮਜ਼ਬੂਤੀ ਨਾਲ ਨਹੀਂ ਰੱਖ ਸਕੇ।
ਅਣਸੁਲਝੇ ਤੱਥ: ਪੁਸਤਕ ਵਿੱਚ ਕਈ ਅਜਿਹੇ ਇਤਿਹਾਸਕ ਦਸਤਾਵੇਜ਼ਾਂ ਦਾ ਹਵਾਲਾ ਦਿੱਤਾ ਗਿਆ ਹੈ ਜੋ ਖਾਲਸਾ ਰਾਜ ਦੇ ਪਤਨ ਅਤੇ ਵੰਡ ਦੌਰਾਨ ਹੋਈਆਂ ਇਤਿਹਾਸਕ ਅਣਗਹਿਲੀਆਂ ਨੂੰ ਬਿਆਨ ਕਰਦੇ ਹਨ।
ਧੰਨਵਾਦ: ਕੌਂਸਿਲ ਤੋਂ ਪਹੁੰਚੇ ਸ. ਤੇਜਵੀਰ ਸਿੰਘ ਸੈਣੀ ਹੋਰਾਂ ਨੇ ਆਏ ਹੋਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ। ਮੀਡੀਆ ਦੀ ਤਰਫ਼ ਤੋਂ ਸ. ਹਰਜਿੰਦਰ ਸਿੰਘ ਬਸਿਆਲਾ ਨੇ ਸ. ਬਿਕਰਮ ਸਿੰਘ ਮਝੈਲ ਦੇ ਇਸ ਖੋਜ ਭਰਪੂਰ ਕਾਰਜ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ। ਇਹ ਕਿਤਾਬ ਸੱਚਮੁੱਚ ਇਤਿਹਾਸ ਦੇ ਵਰਕਿਆਂ ਤੋਂ ਇੱਕ ਨਵੀਂ ਰੌਸ਼ਨੀ ਦਿੰਦੀ ਹੋਈ ਪ੍ਰਤੀਤ ਹੁੰਦੀ ਹੈ। ਇਸ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ ਤਾਂ ਕਿ ਵਿਸ਼ਵ ਵਿਆਪੀ ਪਾਠਕਾਂ ਤੱਕ ਪਹੁੰਚ ਸਕੇ।
ਮਹਿਮਾਨ: ਪਾਪਾਟੋਏਟੋਏ-ਓਟਾਰਾ ਲੋਕਲ ਬੋਰਡ ਤੋਂ ਸ. ਜੀਤ ਸਿੰਘ, ਸੰਦੀਪ ਸੈਣੀ, ਰੇਡੀਓ ਸਪਾਈਸ ਤੋਂ ਪਰਮਿੰਦਰ ਸਿੰਘ, ਹਰਜੋਤ ਸਿੰਘ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਤੋਂ ਸ. ਨਿਰਮਲਜੀਤ ਸਿੰਘ ਭੱਟੀ, ਪ੍ਰਫੈਸਰ ਮਨਜੀਤ ਸਿੰਘ, ਸ. ਗੁਰਿੰਦਰ ਸਿੰਘ ਸ਼ਾਦੀਪੁਰ, ਸ. ਜਗਦੀਪ ਸਿੰਘ ਵੜੈਚ, ਸ੍ਰੀ ਹਰਗੋਬਿੰਦ ਸ਼ੇਖੂਪੁਰੀਆ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਇਸ ਮੌਕੇ ਹਾਜ਼ਰ ਹੋਏ।

Share this content:

Post Comment