Loading Now

ਸਾਮ, ਦਾਮ, ਦੰਡ, ਭੇਦ ਅਤੇ SIR

ਸਾਮ, ਦਾਮ, ਦੰਡ, ਭੇਦ ਅਤੇ SIR

ਪੰਜਾਬ ਤੋਂ ਲੈ ਕੇ ਬੰਗਾਲ ਤੱਕ, ਦੇਸ਼ ਦੇ ਦੋਵਾਂ ਸਿਰਿਆਂ ’ਤੇ ਸਥਿਤ ਇਨ੍ਹਾਂ ਸੂਬਿਆਂ ਦੀ ਸਿਆਸਤ ਵਿੱਚ ਇੱਕ ਖ਼ਾਸ ਕਿਸਮ ਦੀ ਤਲਖ਼ੀ ਸਾਫ਼ ਨਜ਼ਰ ਆ ਰਹੀ ਹੈ। ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੂੰ ਉਮੀਦ ਸੀ ਕਿ ਉਹ ‘ਮਈ ਦਿਵਸ’ ਦੀ ਵਰਤੋਂ ਕਿਸੇ ਸੰਕਟ ਦੇ ਸੰਕੇਤ ਵਜੋਂ ਨਹੀਂ, ਸਗੋਂ ਇਹ ਦਿਖਾਉਣ ਲਈ ਕਰੇਗੀ ਕਿ ਪਾਰਟੀ ਵਿੱਚ ਹੋਈਆਂ ਬਗ਼ਾਵਤਾਂ ਦੇ ਬਾਵਜੂਦ ਉਹ ਇੱਕਜੁੱਟ ਹੈ। ਪਰ ਹੋਇਆ ਇਸ ਦੇ ਉਲਟ; ਮਜ਼ਦੂਰਾਂ ਦੇ ਅਧਿਕਾਰਾਂ ਦੀ ਸ਼ਲਾਘਾ ਕਰਨ ਲਈ ਬੁਲਾਇਆ ਗਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸਿਆਸੀ ਦੂਸ਼ਣਬਾਜ਼ੀ ਦੀ ਭੇਂਟ ਚੜ੍ਹ ਗਿਆ। ਇਸ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਕੁਝ ਸਮੇਂ ਲਈ ਮੁਲਤਵੀ ਕਰਨੀ ਪਈ ਅਤੇ ਵਿਰੋਧੀ ਧਿਰ ਨੂੰ ਸੱਤਾਧਾਰੀ ਪਾਰਟੀ ’ਤੇ ਤਿੱਖੇ ਤਨਜ਼ ਕੱਸਣ ਦਾ ਮੌਕਾ ਮਿਲ ਗਿਆ।

ਇਹ ਘਟਨਾਕ੍ਰਮ ਪੰਜਾਬ ਦੀ ਪਹਿਲਾਂ ਹੀ ਗੰਧਲੀ ਹੋ ਚੁੱਕੀ ਸਿਆਸਤ ਨੂੰ ਹੋਰ ਕਿਵੇਂ ਪ੍ਰਭਾਵਿਤ ਕਰੇਗਾ? ਪਿਛਲੇ ਹਫ਼ਤੇ ‘ਆਪ’ ਦਾ ਰਾਜ ਸਭਾ ਧੜਾ ਟੁੱਟ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀ, ਇਸ ਨਾਲ ਭਾਰਤੀ ਜਨਤਾ ਪਾਰਟੀ ਨੇ ਇੱਕੋ ਝਟਕੇ ਵਿੱਚ ਸੱਤ ਨਵੇਂ ਸੰਸਦ ਮੈਂਬਰ ਹਾਸਲ ਕਰ ਲਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲਦੀ ਹੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਇਸ ਪਾਰਟੀ-ਬਦਲੀ ਨੂੰ ਦਲ-ਬਦਲੀ ਵਿਰੋਧੀ ਕਾਨੂੰਨ ਦੀ ਉਲੰਘਣਾ ਦੱਸਣਗੇ। ਫ਼ਿਲਹਾਲ, ਬੁਰੀ ਤਰ੍ਹਾਂ ਹਿੱਲੀ ਹੋਈ ਆਮ ਆਦਮੀ ਪਾਰਟੀ ਇਨ੍ਹੀਂ ਦਿਨੀਂ ਆਪਣੀਆਂ ਮਜ਼ਬੂਤੀਆਂ ਅਤੇ ਕਮਜ਼ੋਰੀਆਂ ਦੀ ਪੁਣ-ਛਾਣ ਕਰ ਰਹੀ ਹੈ।

ਭਾਵੇਂ ਭਾਜਪਾ ਵਿੱਚ ਸ਼ਾਮਲ ਹੋਏ ਇਨ੍ਹਾਂ ਸੱਤ ਆਗੂਆਂ ਵਿੱਚੋਂ ਕੋਈ ਵੀ ਵੱਡਾ ਜਨਤਕ ਆਧਾਰ ਵਾਲਾ ਲੀਡਰ ਨਹੀਂ ਹੈ ਅਤੇ ਲੋਕਾਂ ਵਿਚਲਾ ਇਹ ਪ੍ਰਭਾਵ ਕਿ ਉਨ੍ਹਾਂ ਨੇ ਡਰ ਜਾਂ ਲਾਲਚ ਕਾਰਨ ਪਾਰਟੀ ਛੱਡੀ ਹੈ, ਸ਼ਾਇਦ ‘ਆਪ’ ਦੇ ਹੱਕ ਵਿੱਚ ਜਾਵੇ ਪਰ ਸੱਚ ਇਹ ਹੈ ਕਿ ਭਾਜਪਾ ਨੇ ਪਹਿਲਾ ਵਾਰ ਕਰ ਦਿੱਤਾ ਹੈ। ਸਿਆਸੀ ਦੰਗਲ ਸ਼ੁਰੂ ਹੋ ਚੁੱਕਾ ਹੈ, ਜਿਸ ਦਾ ਅੰਤਿਮ ਨਤੀਜਾ ਹੁਣ ਤੋਂ ਦਸ ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਹੀ ਨਿਕਲੇਗਾ।

ਦੇਸ਼ ਦੇ ਦੂਜੇ ਸਿਰੇ ’ਤੇ ਸਥਿਤ ਬੰਗਾਲ ਸਮੇਤ ਪੂਰੇ ਮੁਲਕ ਨੂੰ ਹੁਣ ਇਹ ਪਤਾ ਲੱਗ ਜਾਵੇਗਾ ਕਿ ਕੀ ਸਿਆਸੀ ਹਵਾ ਦਾ ਰੁਖ਼ ਬਦਲ ਚੁੱਕਾ ਹੈ। ਜ਼ਿਆਦਾਤਰ ਐਗਜ਼ਿਟ ਪੋਲਾਂ (ਚੋਣ ਸਰਵੇਖਣਾਂ) ਨੇ ਪਹਿਲਾਂ ਹੀ ਭਾਜਪਾ ਦੀ ਜਿੱਤ ਦਾ ਅਨੁਮਾਨ ਲਗਾਇਆ ਹੈ। ਪਰ ਬੰਗਾਲ ਦੀ ਧਰਤੀ ’ਤੇ ਇਸ ਵਾਰ ਕੁਝ ਵੱਖਰਾ ਹੀ ਵਾਪਰ ਰਿਹਾ ਹੈ। ਸਾਲਾਂ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਲੋਕਤੰਤਰ ਦੇ ਅਧਿਐਨ ਨੂੰ ਸਮਰਪਿਤ ਭਾਰਤ ਦੀ ਪ੍ਰਮੁੱਖ ਸੰਸਥਾ, ਸੈਂਟਰ ਫ਼ਾਰ ਦਿ ਸਟੱਡੀ ਆਫ਼ ਡਿਵੈਲਪਿੰਗ ਸੁਸਾਇਟੀਜ਼ (CSDS) ਅਤੇ ਇਸ ਦੀ ਖੋਜ ਇਕਾਈ ‘ਲੋਕਨੀਤੀ’ ਨੇ ਵਿਧਾਨ ਸਭਾ ਚੋਣਾਂ ਦੇ ਇਸ ਦੌਰ ਵਿੱਚ ਕੋਈ ਵੀ ਸਰਵੇਖਣ ਨਹੀਂ ਕੀਤਾ। ਜਾਣੇ-ਪਛਾਣੇ ਚੋਣ ਮਾਹਿਰ ਅਤੇ ‘ਐਕਸਿਸ ਮਾਈ ਇੰਡੀਆ’ ਦੇ ਪ੍ਰਦੀਪ ਗੁਪਤਾ ਨੇ ਵੀ ਬੰਗਾਲ ਲਈ ਸੀਟਾਂ ਬਾਰੇ ਅਨੁਮਾਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਦਕਿ ਉਨ੍ਹਾਂ ਨੇ ਚੋਣਾਂ ਵਾਲੇ ਹੋਰ ਸਾਰੇ ਸੂਬਿਆਂ ਬਾਰੇ ਅੰਕੜੇ ਜਾਰੀ ਕੀਤੇ ਹਨ। ਉਨ੍ਹਾਂ ਦਾ ਤਰਕ ਹੈ ਕਿ ਸੂਬੇ ਦੇ 70 ਫ਼ੀਸਦੀ ਵੋਟਰਾਂ ਨੇ ਉਨ੍ਹਾਂ ਦੇ ਸਰਵੇਖਣ ਕਰਤਾਵਾਂ ਨਾਲ ਗੱਲ ਕਰਨ ਤੋਂ ਹੀ ਮਨ੍ਹਾ ਕਰ ਦਿੱਤਾ।

ਇਸੇ ਤਰ੍ਹਾਂ ‘ਸੀ-ਵੋਟਰ’ (C-Voter) ਏਜੰਸੀ ਦੇ ਮੁਖੀ ਯਸ਼ਵੰਤ ਦੇਸ਼ਮੁਖ ਨੇ ਵੀ ਸੀਟਾਂ ਦੀ ਪੇਸ਼ੀਨਗੋਈ ਕਰਨ ਤੋਂ ਗੁਰੇਜ਼ ਕੀਤਾ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਜੇਕਰ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਕੋਲਕਾਤਾ ਅਤੇ ਇਸ ਦੇ ਆਲੇ-ਦੁਆਲੇ ਦੇ ਪੰਜ ਅਹਿਮ ਜ਼ਿਲ੍ਹਿਆਂ- ਕੋਲਕਾਤਾ, ਹਾਵੜਾ, ਉੱਤਰੀ 24 ਪਰਗਨਾ, ਦੱਖਣੀ 24 ਪਰਗਨਾ ਅਤੇ ਨਾਦੀਆ ਵਿੱਚ ਆਪਣਾ ਦਬਦਬਾ ਕਾਇਮ ਰੱਖਣ ਵਿੱਚ ਕਾਮਯਾਬ ਰਹਿੰਦੀ ਹੈ ਤਾਂ ਉਹ ਮੁੜ ਮੁੱਖ ਮੰਤਰੀ ਬਣ ਸਕਦੀ ਹੈ।

Share this content:

Post Comment