ਹੁਣ ਤੂੰ ਹੀ ਦੱਸ ! ਮੈਂ ਕਮਲਾ ਕੀਹਨੂੰ ਆਖਾਂ/ਡਾ. ਦੁਲਚਾ ਸਿੰਘ ਬਰਾੜ
ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ‘ਚ ਪੜ੍ਹਨ ਵੇਲੇ, ਇਕ ਵਾਰ ਪੋਹ ਦੇ ਅਖੀਰ ਵਿਚ, ਮੈਂ ਆਰਤੀ ਸਿਨਮੇ ਕੋਲੋਂ ਬੱਸ ਚੜ੍ਹ ਕੇ ਮੁਕਤਸਰ ਆਇਆ। ਓੱਥੋਂ ਗਿੱਦੜਬਾਹਾ ਲਈ ਤਿਆਰ ਖੜ੍ਹੀ ਬੱਸ ‘ਚ ਬਹਿ ਕੇ ਸੂਰਜ ਦੀ ਟਿੱਕੀ ਛਿਪਣ ਤੋਂ ਪਹਿਲਾਂ, ਆਪਣੇ ਪਿੰਡ ਦੇ ਬੱਸ ਅੱਡੇ ਤੇ ਆ ਉੱਤਰਿਆ।
ਘਰ ਨੂੰ ਆਉਂਦੇ ਨੇ ਮੈਂ ਆਦਤ ਅਨੁਸਾਰ, ਸਾਡੇ (ਮੱਘਰ ਆਲੇ) ਵਾੜ੍ਹੇ ਕੋਲ ਸੱਥ ਵਿੱਚ ਬੈਠੇ ਵੱਡਿਆਂ, ਛੋਟਿਆਂ ਤੇ ਹਾਣੀਆਂ ਨੂੰ (ਉੱਮਰ ਦੇ ਹਿਸਾਬ ਨਾਲ) ਦੁਆ-ਸਲਾਮ ਕੀਤੀ ਅਤੇ ਘਰ ਨੂੰ ਜਾਣ ਵਾਲੀ ਗ਼ਲੀ ਪੈ ਗਿਆ।
ਅੱਗੋਂ ਮਸਤ ਚਾਲ ਚਲਦੇ ਅਤੇ ਆਪਣੇ-ਆਪ ਨਾਲ ਗੱਲਾਂ ਕਰਦੇ ਮੇਰੇ ਕੋਲ ਆਏ “ਧੰਮੀ ਸਿਧਰੇ/ਕਮਲੇ” ਨੇ ਮੇਰੇ ਮੂੰਹੋਂ, “ਸੁਣਾ ਬਾਬਾ ਧਰਮ ਸਿਆਂ ਕੀ ਹਾਲ ਹੈ” ਸੁਣ ਕੇ, ਚਿਹਰੇ ਤੇ ਪਸਰੀ ਖ਼ੁਸ਼ੀ ਨਾਲ ਮੈਨੂੰ ਅੱਗੋਂ, “‘ਠੀਕ ਐ ਪੋਤਰਿਆ” ਕਹਿ ਦਿੱਤਾ?”
“ਬਾਬਾ ਧਰਮ ਸਿਆਂ ਕੀਹਦੀ ਗੱਲ ਕਰਦਾ ਆਉਂਨੈ” ਪੁੱਛਣ ਤੇ, ਉਹ ਬੋਲਿਆ, “ਲੈ ਪੋਤਰਿਆ! ਆਹ ਚਿੱਮਨਾ ਦੱਸ ਕਿੱਡਾ ਕਮਲਾ ਐ? ਪਹਿਲਾਂ ਤਾਂ ਉਹਨੇ ਮੇਥੋਂ ਐਂਨੀ ਠੰਡ ‘ਚ, ਸੱਜਰੀ ਸੂਈ ਮੱਝ ਨੁਹਾ ਲਈ ਅਤੇ ਫੇਰ ਬਾਹਰ ਛਾਵੇਂ ਈ ਬੰਨਵਾ ਲਈ।”
“ਹੁਣ ਉਹਨੂੰ ਪੱਠੇ ਵੀ ਬਾਹਰ ਈ ਪਵਾ ਲਏ। ਮੈਨੂੰ ਇਹ ਵੀ ਆਖ ਦਿੱਤਾ ਕਿ ਇਹਨੂੰ ਪੱਠੇ ਖਾਣ ਅਤੇ ਸ਼ਾਮ ਵਾਲੀ ਧਾਰ ਕੱਢਣ (ਦੁੱਧ ਚੋਣ) ਪਿੱਛੋਂ ਈ ਅੰਦਰ ਬੰਨੀਂ। ਬਾਹਰ ਐਂਨੀ ਠੰਡ ਪੈ ਰਹੀ ਹੈ।
ਜੇ ਸੱਜਰੀ ਸੂਈ ਮੱਝ ਠੰਡ ਲੱਗ ਕੇ ਹੋ ਗਈ ਬਿਮਾਰ। ਫੇਰ ਮੱਝ ਨੇ ਤਾਂ ਤੰਗ ਹੋਣਾ ਹੀ ਹੈ। ਆਪ ਡੰਗਰ ਡਾਕਟਰ ਮਗਰ ਭੌਂਕਦਾ ਫਿਰੂ, ਨਾਲੇ ਟੀਕੇ-ਦਵਾਈਆਂ ਤੇ ਪੈਸੇ ਲਾਊ ਅਤੇ ਮੈਨੂੰ ਖ਼ਾਹ-ਮਖ਼ਾਹ ਹੀ ਅੱਡ ਭਜਾਈ ਫਿਰੂ।”
“ਮੈਂ ਉਹਨੂੰ ਬਹੁਤ ਕਿਹਾ, ਪਰ ਉਹਨੇ ਮੇਰੀ ਇੱਕ ਨੀਂ ਮੰਨੀ। ਤੂੰ ਈ ਜਾਂਦਾ ਵੇਖ ਲਾ ਉਹਨੂੰ ਸਮਝਾ ਕੇ, ਸ਼ਾਇਦ ਤੇਰੀ ਕਹੀ ਗੱਲ ਮੰਨ ਕੇ ਮੱਝ ਅੰਦਰ ਬੰਨਵਾ ਦੇਵੇ।” ਉਹਦੇ ਵੱਲੋਂ ਸੱਜਰੀ ਸੂਈ ਮੱਝ ਬਾਰੇ ਕਹੀ ਗੱਲ ਤਾਂ ਮੈਨੂੰ ਵੀ ਜਾਇਜ਼ ਲੱਗੀ।
ਪਰ “ਧੰਮੀ ਸਿਧਰੇ/ਕਮਲੇ” ਵੱਲੋਂ ਸੇਠ ਚਿੱਮਨ ਲਾਲ ਨੂੰ “ਕਮਲਾ” ਗਰਦਾਨਣ ਵਾਲੀ ਗੱਲ, ਮੈਨੂੰ ਓਸ ਰਚਣਹਾਰੇ ਵੱਲੋਂ ਰਚੀ ਦੁਨੀਆਂ ਦੇ ਤਾਣੇ ਬਾਣੇ ਬਾਰੇ, ਵਚਿੱਤਰ ਜਿਹੀ ਦੁੱਬਿਧਾ ਵਿੱਚ ਪਾ ਗਈ ਅਤੇ ਮੈਂ ਸੋਚਣ ਲਈ ਮਜ਼ਬੂਰ ਹੋ ਗਿਆ।
ਉਮਰ ਦੇ ਚੌਥੇ ਦਹਾਕੇ ਦੀਆਂ ਬਰੂਹਾਂ ‘ਚ ਪੈਰ ਧਰ ਰਿਹਾ ਸ. ਧਰਮ ਸਿੰਘ ਉਰਫ “ਧੰਮੀ ਕਮਲਾ” ਪਿੰਡ ਵਾਲੇ ਰਿਸ਼ਤੇ ਪੱਖੋਂ, ਮੇਰਾ ਬਾਬਾ ਲੱਗਦਾ ਸੀ। ਉਹ ਸਾਡੇ ਪਿੰਡ ਦੇ ਗਰੀਬ ਭਾਈਚਾਰੇ ਵਾਲੇ ਵੱਡੇ ਬਾਬੇ, ਜੀਊ ਦੇ ਘਰ ਪੈਦਾ ਹੋਏ ਤਿੰਨ ਸਿਧਰੇ ਭਰਾਵਾਂ ਚੋਂ, ਵਿਚਕਾਰਲਾ (ਗਭਲਾ) ਸੀ।
ਵੱਡਾ ਸ. ਕਰਨੈਲ ਸਿੰਘ ਉਰਫ “ਕੈਲਾ”, ਭਾਵੇਂ ਓਨਾ ਸਿਧਰਾ ਜਾਂ ਕਮਲਾ ਤਾਂ ਨਹੀਂ ਸੀ,ਪਰ ਉਹ ਵੀ ਸਿੱਧਾ ਜ਼ਰੂਰ ਸੀ। ਉਹ ਬਾਲੀ-ਬੱਚੇਦਾਰ ਸੀ ਅਤੇ ਪਰਵਾਰ ਸਮੇਤ ਰਹਿ ਵੀ, ਗਰੀਬਾਂ ਦੀ ਬਸਤੀ ਵਿਚਲੇ ਆਪਣੇ ਜੱਦੀ ਘਰ ਹੀ ਸੀ।
ਬਾਬਾ ਜੀ ਜੀਉ ਦਾ ਸਭ ਤੋਂ ਛੋਟਾ ਮੁੰਡਾ, ਸ. ਜੋਗਿੰਦਰ ਸਿੰਘ ਉਰਫ “ਜੋਗਾ ਕਮਲਾ” ਆਪਣੇ ਬੋਰੀ-ਬਿਸਤਰੇ ਸਮੇਤ, ਸਾਡੇ ਪਿੰਡ ਦੇ ਲੋਕਾਂ ਦੀ ਅਤੁੱਟ ਸ਼ਰਧਾ ਵਾਲੇ ਧਾਰਮਿਕ ਸਥਾਨ, “ਸੰਤ ਬਾਬਾ ਬੀਰਮ ਦਾਸ ਜੀ ਵਾਲੇ ਡੇਰੇ (ਸੰਤਾ ਦੇ ਡੇਰੇ/ਉਦਾਸੀਨ ਆਸ਼ਰਮ)” ਵਿਚ ਰਹਿੰਦਾ ਸੀ।
ਉਹ ਡੇਰੇ ਵਿਚ ਜਾਂ ਕਿਸੇ ਦੇ ਘਰ ਵਿੱਚ ਪਾਠ ਦਾ ਭੋਗ ਪੈਣ ਤੋਂ ਪਹਿਲਾਂ, ਘਰ-ਘਰ ਜਾ ਕੇ, ਪਿੰਡ ਵਾਸੀਆਂ ਨੁੰ ਸ਼ਾਮਲ ਹੋਣ ਲਈ ਸੱਦੇ/ ਸੁਨੇਹੇ ਦੇ ਆਉਂਦਾ। ਡੇਰੇ ਦੇ ਅਤੇ ਲੋੜ ਅਨੁਸਾਰ ਸੰਤਾਂ ਦੇ ਹੋਰ ਨਿੱਕੇ-ਮੋਟੇ ਹੋਰ ਕੰਮ-ਧੰਦੇ ਵੀ ਕਰਦਾ ਰਹਿੰਦਾ।
ਜੋਗਾ (ਸਿਧਰਾ/ਕਮਲਾ) ਸੰਤਾਂ ਦੇ ਡੇਰੇ ਵਾਲੇ ਲੰਗਰ ਵਿਚੋਂ, ਚਾਹ-ਪਾਣੀ, ਅੰਨ ਅਤੇ ਦੁੱਧ ਵਗੈਰਾ ਛੱਕ ਲੈਂਦਾ। ਡੇਰੇ ਵਾਲੇ ਕਾਇਮ ਮੁਕਾਮ ਸੰਤ/ਮਹੰਤ ਬਾਬਾ ਚੇਤਨ ਦਾਸ ਜੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ, ਮੌਸਮ ਦੇ ਲਿਹਾਜ਼ ਨਾਲ ਉਹਦੇ ਸਰਦੀ-ਗਰਮੀ ਵਿੱਚ ਪਹਿਨਣ ਵਾਲੇ ਕੱਪੜੇ, ਲੀੜੇ-ਲੱਤੇ ਅਤੇ ਜੁੱਤੀ-ਜੋੜੇ ਵਗੈਰਾ ਦਾ ਇੰਤਜ਼ਾਮ ਕਰ ਦਿੰਦੇ।
ਬਾਬਾ ਜੀ ਜੀਉ ਦਾ ਵਿਚਾਲੜਾ ਮੁੰਡਾ, ਸ. ਧਰਮ ਸਿੰਘ (ਲੋਕਾਂ ਦਾ ਧੰਮੀ ਕਮਲਾ), ਮੇਰੇ ਗੁਆਂਢੀ ਸੇਠ ਚਿਮਨ ਲਾਲ ਦੇ ਪੱਲੇ ਪੈ ਗਿਆ ਸੀ। ਉਹਦੀ ਕੁੱਲੀ (ਰਹਿਣ ਲਈ ਛੱਤ ਤੇ ਪੈਣ ਲਈ ਮੰਜੇ-ਬਿਸਤਰੇ), ਗੁੱਲੀ (ਢਿੱਡ ਭਰਨ ਲਈ ਰੋਟੀ-ਟੁੱਕ) ਅਤੇ ਜੁੱਲੀ (ਬਿਸਤਰੇ, ਕੱਪੜੇ/ਲੀੜੇ ਲੱਤੇ ਤੇ ਜੋੜੇ -ਜੁੱਤੀ ਵਗੈਰਾ) ਲਈ ਜ਼ਿੰਮੇਵਾਰ ਸੇਠ ਸੀ।
ਇੰਨ੍ਹਾਂ ਜੀਵਨ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਦੇ ਇਵਜ਼ ਵਿੱਚ ਉਹ ਸੇਠ ਚਿਮਨ ਲਾਲ ਦੀ ਦੁੱਧ ਪੀਣ ਲਈ ਰੱਖੀ ਮੱਝ/ਗਾਂ ਦੀ ਸਾਂਭ-ਸੰਭਾਲ ਅਤੇ ਉਹਦੇ ਹੋਰ ਨਿੱਕੇ-ਮੋਟੇ ਕੰਮ- ਧੰਦੇ ਕਰਦਾ ਰਹਿੰਦਾ ਸੀ।
ਸਾਡੇ ਪਿੰਡ ਵਿਚ ਓਸ ਵੇਲੇ ਲੋਕ, ਦੁਕਾਨਦਾਰ ਜਾਂ ਬਾਣੀਏ ਦੇ ਨਾਮ ਮਗਰ ਅਕਸਰ ਹੀ, ਸ਼ਬਦ ,”ਕਰਾੜ” ਵੀ ਲਾ ਲੈਂਦੇ ਸਨ। ਸੇਠ ਚਿੱਮਨ ਲਾਲ (ਲੋਕਾਂ ਦਾ ਚਿੱਮਨਾ ਕਰਾੜ) ਪਿੰਡ ਦੇ ਕਰਿਆਨੇ ਦੀ ਵੱਧੀਆ ਚੱਲ ਰਹੀ ਹੱਟੀ ਵਾਲੇ, ਸੇਠ ਸ੍ਰੀ ਬਿੱਸ਼ਨ ਦਾਸ ਦੇ 4 ਮੁੰਡਿਆਂ ਵਿੱਚੋਂ, ਤੀਜੇ ਨੰਬਰ ਤੇ ਸੀ।
ਸੇਠ ਬਿੱਸ਼ਨ ਦਾਸ ਜੀ ਦਾ ਪਲੇਠਾ (ਵੱਡਾ) ਪੁੱਤਰ ਲਾਲਾ (ਸ੍ਰੀ ਲਾਲ ਚੰਦ) ਮੁਕਤਸਰ ਸ਼ਹਿਰ ਵਿਚ ਟਰੱਕ ਡਰਾਈਵਰ ਸੀ, ਉਹਨੇ ਵਿਆਹ ਵੀ ਨਹੀਂ ਕਰਾਇਆ ਸੀ ਅਤੇ ਓੱਥੇ ਹੀ ਰਹਿੰਦਾ ਸੀ।
ਉਸ ਤੋਂ ਛੋਟੇ ਦੋਵੇਂ ਮੁੰਡੇ (ਸ੍ਰੀ ਗੋਕਲ ਚੰਦ ਅਤੇ ਸ੍ਰੀ ਚਿੱਮਨ ਲਾਲ) ਵਿਆਹੇ ਹੋਏ ਸਨ ਅਤੇ ਸਭ ਤੋਂ ਛੋਟਾ ਸ੍ਰੀ ਲੱਛਮਣ ਦਾਸ ਅਜੇ ਕੁਆਰਾ ਸੀ। ਦੂਜੇ ਨੰਬਰ ਵਾਲਾ ਮੁੰਡਾ ਸ੍ਰੀ ਗੋਕਲ ਚੰਦ (ਗੋਕਲਾ) ਗੋਕਲਾ ਪਰਵਾਰ ਸਮੇਤ ਅਲੱਗ ਰਹਿੰਦਾ ਸੀ।
ਉਹ ਸਾਡੇ ਪਿੰਡ ਸਮੇਤ, ਹੋਰ ਲਾਗਲੇ ਪਿੰਡਾਂ ਵਿਚ ਨਲਕੇ ਲਾਉਣ/ਠੀਕ ਕਰਨ ਦਾ ਕੰਮ ਕਰਦਾ ਸੀ ਅਤੇ ਵੱਧੀਆ ਆਪਣਾ ਜੀਵਨ ਨਿਰਬਾਹ ਕਰ ਰਿਹਾ ਸੀ। ਛੋਟੇ ਦੋਵੇਂ ਮੁੰਡੇ ਚਿਮਨ ਲਾਲ (ਚਿੱਮਨਾ) ਅਤੇ ਲਛਮਣ ਦਾਸ (ਘੰਨਾ) ਸੇਠ ਸ੍ਰੀ ਬਿੱਸ਼ਨ ਦਾਸ ਦੀ ਪਿੰਡ ਵਿੱਚ ਵੱਧੀਆ ਚੱਲ ਰਹੀ ਕਰਿਆਨੇ ਦੀ ਦੁਕਾਨ ਵਿੱਚ ਉਹਦਾ ਹੱਥ ਵਧਾਉਂਦੇ ਸਨ।
ਮੈਨੂੰ ਸੁਰਤ ਹੈ ਜਦੋਂ ਸੇਠ ਬਿੱਸ਼ਨ ਦਾਸ ਨੇ ਆਪਣੇ ਤੀਜੇ ਮੁੰਡੇ, ਚਿੱਮਨੇ ਨੁੰ ਦੁਕਾਨ ਵਿੱਚੋਂ (ਹਿੱਸੇ ਬਹਿੰਦੇ) ਪੰਜ-ਸੱਤ ਪੀਪੇ, ਕੁੱਝ ਹੋਰ ਸਮੱਗਰੀ ਅਤੇ ਪੈਸਾ-ਧੇਲਾ ਦੇ ਕੇ, ਅੱਡ ਕੀਤਾ ਸੀ।
(ਚਲਦਾ ….. )
ਨੋਟ:- ਇੱਕ ਨਿੱਜ ਵਾਪਰੀ ਘਟਨਾ ਤੇ ਆਧਾਰਿਤ ਪਹਿਲੀ ਵਾਰ (ਅਕਤੂਬਰ, 2022 ਵਿਚ ਲਿਖੀ) ਲਿਖੀ ਇਸ ਲਿਖਤ ਦਾ ਸੋਧਿਆ ਰੂਪ ਦੇ ਕੇ, ਮੇਲੇ ਮਨੂਏ ਨੂੰ ਰਾਹਤ ਮਹਿਸੂਸ ਹੋ ਰਹੀ ਹੈ।

ਡਾ. ਦੁਲਚਾ ਸਿੰਘ ਬਰਾੜ
ਮੋਬਾਈਲ : 884761883128
04 ਮਈ (੨੧ ਵਿਸਾਖ), 2026
Share this content:


Post Comment