ਸੰਤ ਜਗਦੀਸ ਸਿੰਘ ਵਰਿਆਮ ਯਾਦਗਾਰੀ ਪੁਰਸਕਾਰ ਅਰਤਿੰਦਰ ਸੰਧੂ ਨੂੰ ਪ੍ਰਦਾਨ ਕੀਤਾ ਗਿਆ
ਜਲੰਧਰ, 27 ਅਪ੍ਰੈਲ – ਅੱਜ ਪੰਜਾਬੀ ਲੇਖਕ ਸਭਾ (ਰਜਿ.) ਜਲੰਧਰ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਕੇ ਸੰਤ ਜਗਦੀਸ਼ ਸਿੰਘ ਵਰਿਆਮ ਯਾਦਗਾਰੀ ਪੁਰਸਕਾਰ ਪੰਜਾਬੀ ਕਵਿੱਤਰੀ ਅਤੇ “ਏਕਮ” ਦੀ ਸੰਪਾਦਕ ਅਰਤਿੰਦਰ ਸੰਧੂ ਨੂੰ ਪ੍ਰਦਾਨ ਕੀਤਾ ਗਿਆ । ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਕਹਾਣੀਕਾਰ ਅਤੇ ਪੰਜਾਬੀ ਲੇਖਕ ਸਭਾ ਦੇ ਸਰਪ੍ਰਸਤ ਡਾ. ਵਰਿਆਮ ਸਿੰਘ ਸੰਧੂ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਮੰਗਤ ਰਾਮ ਪਾਸਲਾ , ਸਤਨਾਮ ਸਿੰਘ ਮਾਣਕ , ਹਰਬੰਸ ਸਿੰਘ ਚੰਦੀ ਡਾ. ਰਘਬੀਰ ਕੌਰ ਅਤੇ ਜਗਦੀਸ਼ ਵਰਿਆਮ ਹੋਰਾਂ ਦੀ ਸਪੁੱਤਰੀ ਡਾ.ਰਜਵੰਤ ਕੌਰ ਸੰਪਾਦਕ “ਵਰਿਆਮ” ਸ਼ਾਮਿਲ ਸਨ। ਸਮਾਗਮ ਦੇ ਕਨਵੀਨਰ ਡਾ.ਲਖਵਿੰਦਰ ਸਿੰਘ ਜੌਹਲ ਨੇ ਸਵਾਗਤੀ ਭਾਸ਼ਣ ਕਰਦਿਆਂ ਸਮਾਗਮ ਦੀ ਪ੍ਰਸੰਗਕਤਾ ਬਾਰੇ ਦੱਸਿਆ। ਅਰਤਿੰਦਰ ਕੌਰ ਸੰਧੂ ਦੀ ਸ਼ਖਸ਼ੀਅਤ ਅਤੇ ਉਸ ਦੇ ਕਾਰਜਾਂ ਸੰਬੰਧੀ ਖੋਜ ਪੱਤਰ ਡਾ. ਬਲਜੀਤ ਕੌਰ ਰਿਆੜ ਨੇ ਪੇਸ਼ ਕੀਤਾ । ਪ੍ਰੋ ਕੁਲਜੀਤ ਕੌਰ ਨੇ ਅਰਤਿੰਦਰ ਸੰਧੂ ਬਾਰੇ ਸਨਮਾਨ ਪੱਤਰ ਪੜ੍ਹਿਆ। ਸਨਮਾਨ ਵਿੱਚ ਇੱਕੀ ਹਜ਼ਾਰ ਰੁਪਏ ਨਕਦ,ਸਨਮਾਨ ਚਿੰਨ੍ਹ ਅਤੇ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਫੁੱਲਕਾਰੀ ਭੇਟ ਕੀਤੀ ਗਈ। ਸਮਾਗਮ ਵਿੱਚ ਡਾ. ਸੁਖਵਿੰਦਰ ਸਿੰਘ ਸੰਘਾ, ਪ੍ਰੋਫੈਸਰ ਮਨਜੀਤ ਸਿੰਘ, ਸੂਬਾ ਹਰਿਭਜਨ ਸਿੰਘ ਲੁਧਿਆਣਾ ਸੁਵਰਨ ਸਿੰਘ ਵਿਰਕ, ਰਾਜ ਖੁਸ਼ਵੰਤ ਸਿੰਘ ਸੰਧੂ ਨੇ ਵਿਚਾਰ ਪੇਸ਼ ਕੀਤੇ।
ਡਾਕਟਰ ਵਰਿਆਮ ਸਿੰਘ ਸੰਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਜਗਦੀਸ਼ ਵਰਿਆਮ ਦਾ ਕਾਰਜ ਵਡਮੁੱਲਾ ਕਾਰਜ ਸੀ । ਨਾਮਧਾਰੀ ਦਰਬਾਰ ਨੇ ਉਹਨਾਂ ਨੂੰ ਬਹੁਤ ਸਾਰੀਆਂ ਸਾਹਿਤਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਸੌਂਪੀਆਂ ਹੋਈਆਂ ਸਨ । ਉਹਨਾਂ ਦੀ ਇਸ ਸ਼ਖਸ਼ੀਅਤ ਕਾਰਨ ਹੀ “ਵਰਿਆਮ” ਵਰਗਾ ਮੈਗਜੀਨ ਲਗਾਤਾਰ ਆਪਣਾ ਮਿਆਰ ਬਰਕਰਾਰ ਰੱਖ ਸਕਿਆ। ਸਮਾਗਮ ਵਿੱਚ ਜਗਦੀਸ਼ ਵਰਿਆਮ ਦੀ ਸਪੁੱਤਰੀ ਡਾ. ਰਜਵੰਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ, ਆਪਣੇ ਪਿਤਾ ਨਾਲ ਜੁੜੀਆਂ ਨਿੱਜੀ ਯਾਦਾਂ ਨੂੰ ਆਏ ਹੋਏ ਸਰੋਤਿਆਂ ਨਾਲ ਉਨਾ ਨੇ ਸਾਂਝਾ ਕੀਤਾ । ਪਹਿਲਾਂ ਹੋਏ ਕਵੀ ਦਰਬਾਰ ਵਿੱਚ ਸੰਤ ਸਿੰਘ ਸੰਧੂ, ਸੁਰਿੰਦਰ ਮਕਸੂਦਪੁਰੀ , ਜਸਪਾਲ ਜ਼ੀਰਵੀ,ਨਕਾਸ਼ ਜਲੰਧਰੀ, ਸੰਦੀਪ,ਜਗਦੀਸ਼ ਰਾਣਾ ਅਤੇ ਬਲਜੀਤ ਕੌਰ ਬੱਲ ਸ਼ਾਮਿਲ ਸਨ।। ਸਮਾਗਮ ਦਾ ਸੰਚਾਰਨ ਪੰਜਾਬੀ ਲੇਖਕ ਸਭਾ ਜਲੰਧਰ ਦੇ ਜਨਰਲ ਸਕੱਤਰ ਡਾ. ਉਮਿੰਦਰ ਜੌਹਲ ਨੇ ਕੀਤਾ । ਸਮਾਗਮ ਵਿੱਚ ਡਾ.ਸੁਖਪਾਲ ਸਿੰਘ ਥਿੰਦ, ਰਾਕੇਸ਼ ਸ਼ਾਂਤੀਦੂਤ, ਕੁਲਵੰਤ ਸਿੰਘ ਮਠਾੜੂ,ਅਮਰਜੀਤ ਸਿੰਘ ਨਿੱਝਰ, ਡਾ. ਕੁਲਵੰਤ ਸਿੰਘ ਸੰਧੂ, ਕੁਲਵਿੰਦਰ ਸਿੰਘ ਫੁੱਲ, ਹਰੀਸ਼ ਅਗਰਵਾਲ, ਇੰਦਰਜੀਤ ਆਰਟਿਸਟ,ਜਸਵੀਰ ਸਿੰਘ ਸੋਢੀ, ਪਾਲ ਸਿੰਘ ਨੌਲੀ, ਚਰਨਜੀਤ ਸਿੰਘ ਜੋਗੀ, ਮਿਹਰਬਾਨ ਸਿੰਘ,ਪਰਮਜੀਤ ਕੌਰ ਜੌਹਲ, ਬਲਦੇਵ ਕਿਸ਼ੋਰ, ਰਾਜਵੰਤ ਕੌਰ ਸੰਧੂ, ਰਾਜੇਸ਼ ਥਾਪਾ ਸਮੇਤ ਵੱਡੀ ਗਿਣਤੀ ਵਿੱਚ ਸਾਹਿਤਕਾਰ,ਪੱਤਰਕਾਰ ਅਤੇ ਬੁੱਧੀਜੀਵੀ ਸ਼ਾਮਿਲ ਹੋਏ। ਲੇਖਕ ਸਭਾ ਦੇ ਵਿਤ ਸਕੱਤਰ ਅਤੇ ਸੰਤ ਜਗਦੀਸ਼ ਸਿੰਘ ਵਰਿਆਮ ਦੇ ਛੋਟੇ ਭਰਾ ਸੰਤ ਨਰੈਣ ਸਿੰਘ ਨੇ ਇਸ ਸਮਾਗਮ ਦੀ ਸਫਲਤਾ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਸਮਾਗਮ ਦੇ ਅੰਤ ਤੇ ਡਾਕਟਰ ਰਘਬੀਰ ਕੌਰ ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ।
Share this content:



Post Comment