ਆਮ ਆਦਮੀ ਕਲੀਨਕ ਦੇ ਸਟਾਫ ਦੀ ਇੰਟਰਵਿਊ ਮੌਕੇ ਹੋਈ ਖਿੱਚੋਤਾਣ
ਬਠਿੰਡਾ, 24 ਅਪ੍ਰੈਲ – ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅੰਦਰ ਖੋਲ੍ਹੇ ਜਾਣ ਵਾਲੇ 23 ਆਮ ਆਦਮੀ ਕਲੀਨਿਕਾਂ ’ਚ ਸਟਾਫ ਦੀ ਭਰਤੀ ਦੌਰਾਨ ਹੋਣ ਵਾਲੀ ਇੰਟਰਵਿਊ ਮੌਕੇ ਹੰਗਾਮਾ ਹੋ ਗਿਆ। ਇੰਟਰਵਿਊ ਦੇਣ ਆਏ ਉਮੀਦਵਾਰਾਂ ਵਿਚਕਾਰ ਹੋਈ ਧੱਕਾ ਮੁੱਕੀ ਦੌਰਾਨ ਨਰਸਿੰਗ ਸਕੂਲ ਦੇ ਕਮਰੇ ਦਾ ਸ਼ੀਸ਼ਾ ਵੀ ਟੁੱਟ ਗਿਆ। ਮਾਹੌਲ ਖਰਾਬ ਹੁੰਦਾ ਦੇਖ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਅੱਤ ਦੀ ਗਰਮੀ ਵਿੱਚ ਇੰਟਰਵਿਊ ਦੇਣ ਆਏ ਉਮੀਦਵਾਰਾਂ ਨੂੰ ਕਰੀਬ ਚਾਰ ਤੋਂ ਪੰਜ ਘੰਟੇ ਲਾਈਨਾਂ ਵਿੱਚ ਖੜ੍ਹੇ ਰਹਿਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੇਂਡੂ ਖੇਤਰ ’ਚ ਖੁੱਲ੍ਹਣ ਵਾਲੇ 23 ਆਮ ਆਦਮੀ ਕਲੀਨਿਕਾਂ ਲਈ ਸਿਹਤ ਵਿਭਾਗ ਵੱਲੋਂ ਫਾਰਮਾਸਿਸਟ, ਸਟਾਫ ਨਰਸ, ਏਐੱਨਐੱਮ ਅਤੇ ਜੀਐੱਨਐੱਮ ਦੀ ਭਰਤੀ ਕੀਤੀ ਜਾਣੀ ਹੈ। ਇਸ ਭਰਤੀ ਲਈ ਸਿਵਲ ਹਸਪਤਾਲ ਵਿਚ ਸਥਿਤ ਨਰਸਿੰਗ ਸਕੂਲ ਵਿਖੇ ਵੀਰਵਾਰ ਨੂੰ ਉਮੀਦਵਾਰਾਂ ਦੀ ਇੰਟਰਵਿਊ ਰੱਖੀ ਗਈ ਸੀ।
ਆਮ ਆਦਮੀ ਕਲੀਨਿਕਾਂ ਵਿਚ ਸਟਾਫ ਵਜੋਂ ਭਰਤੀ ਹੋਣ ਲਈ ਅੱਜ ਸਵੇਰ ਤੋਂ ਹੀ ਉਮੀਦਵਾਰ ਨਰਸਿੰਗ ਸਕੂਲ ਵਿਚ ਪੁੱਜਣੇ ਸ਼ੁਰੂ ਹੋ ਗਏ। ਇਸ ਦੌਰਾਨ ਭਰਤੀ ਹੋਣ ਲਈ ਵੱਡੀ ਗਿਣਤੀ ਉਮੀਦਵਾਰ ਪਹੁੰਚੇ ਹੋਏ ਸਨ, ਪਰ ਪ੍ਰਬੰਧਾਂ ਦੀ ਘਾਟ ਅਤੇ ਲੰਬਾ ਸਮਾਂ ਉਡੀਕ ਕਰਨ ਤੋਂ ਬਾਅਦ ਭਰਤੀ ਹੋਣ ਆਏ ਉਮੀਦਵਾਰਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਮੀਦਵਾਰਾਂ ਨੇ ਇੰਟਰਵਿਊ ਵਾਲੇ ਕਮਰੇ ਵਿਚ ਦਾਖਲ ਹੋਣ ਦਾ ਯਤਨ ਕੀਤਾ। ਇਸ ਦੌਰਾਨ ਉਮੀਦਵਾਰਾਂ ਵਿਚਕਾਰ ਹੋਈ ਧੱਕਾ ਮੁੱਕੀ ਦੌਰਾਨ ਨਰਸਿੰਗ ਸਕੂਲ ਦੇ ਕਮਰੇ ਦਾ ਸ਼ੀਸ਼ਾ ਵੀ ਟੁੱਟ ਗਿਆ। ਭਰਤੀ ਹੋਣ ਆਏ ਉਮੀਦਵਾਰਾਂ ਨੇ ਦੋਸ਼ ਲਾਇਆ ਕਿ ਸਿਹਤ ਵਿਭਾਗ ਨੇ ਇੰਟਰਵਿਊ ਤਾਂ ਰੱਖ ਲਈ, ਪਰ ਲੋੜੀਂਦੇ ਪ੍ਰਬੰਧ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਦੌਰਾਨ ਉਨ੍ਹਾਂ ਨੂੰ ਕਈ ਕਈ ਘੰਟੇ ਆਪਣੀ ਵਾਰੀ ਦੀ ਉਡੀਕ ਕਰਨੀ ਪਈ। ਉਮੀਦਵਾਰਾਂ ਦੇ ਬੈਠਣ ਅਤੇ ਪੀਣ ਵਾਲੇ ਪਾਣੀ ਦੇ ਵੀ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
Share this content:



Post Comment