ਬੋਲ਼ਿਆਂ ਨੂੰ ਸੁਣਾਉਣ ਲਈ ਉੱਠੇ ਲੋਕ ਆਵਾਜ਼
ਵੀਹਵੀਂ ਸਦੀ ਦੇ ਮੁੱਢਲੇ ਦੌਰ ਵਿਚ ਜਦੋਂ ਸਾਮਰਾਜੀ ਅਰਥਚਾਰਾ ਮੰਦਵਾੜੇ ਕਾਰਨ ਸੰਕਟ ਦੇ ਮੂੰਹ ’ਚ ਆਇਆ ਦਮੋਂ ਉੱਖੜ ਰਿਹਾ ਸੀ ਤਾਂ ਉਸ ਲਈ ਅੰਤਿਮ ਤੌਰ ’ਤੇ ਸਭ ਤੋਂ ਵੱਡਾ ਖ਼ਤਰਾ ਕਿਰਤੀ ਜਮਾਤ ਤੋਂ ਬਣਿਆ ਹੋਇਆ ਸੀ। ਦੁਨੀਆ ਦੇ ਨਕੋਸ਼ੇ ’ਤੇ ਉੱਭਰੀ ਤੇ ਰੂਸੀ ਜ਼ਾਲਮ ਹਾਕਮਾਂ ਨੂੰ ਪਟਕਾ ਕੇ ਧਰਤੀ ’ਤੇ ਮਾਰਨ ਵਾਲੀ ਮਜ਼ਦੂਰ ਲਹਿਰ ਕਰਾਂਤੀ ਦੀ ਹਨੇਰੀ ਬਣ ਕੇ ਸਾਹਮਣੇ ਆ ਰਹੀ ਸੀ। ਅਜਿਹੀ ਲਹਿਰ, ਜਿਸ ਨੇ ਨਿਹੱਕੀਆਂ ਜੰਗਾਂ, ਫਾਸ਼ੀਵਾਦ, ਲੁੱਟ-ਖਸੁੱਟ, ਜਬਰ-ਜ਼ੁਲਮ, ਹਰ ਵੰਨਗੀ ਦੇ ਵਿਤਕਰੇ ਅਤੇ ਬੇਇਨਸਾਫ਼ੀ ਦੇ ਕੋਹੜ ਨੂੰ ਡੂੰਘੀਆਂ ਕਬਰਾਂ ਵਿਚ ਦਫ਼ਨਾ ਕੇ ਨਵੀਂ ਜ਼ਿੰਦਗੀ, ਨਵੀਂ ਦੁਨੀਆ ਵਸਾਉਣ ਦੇ ਦੁਆਰ ਖੋਲ੍ਹਣੇ ਸਨ। ਇਸ ਖ਼ਤਰੇ ਨੂੰ ਭਾਂਪਦੇ ਹੋਏ ਕੁੱਲ ਦੁਨੀਆ ਦੇ ਸਾਮਰਾਜੀਆਂ, ਲੋਕਾਂ ਦੀ ਕਿਰਤ-ਕਮਾਈ ਹੜੱਪਣ ਵਾਲਿਆਂ ਨੇ ਕੰਨ ਖੜ੍ਹੇ ਕਰ ਲਏ।
ਉਨ੍ਹਾਂ ਨੂੰ ਜਾਪਿਆ ਕਿ ਵਹਿਸ਼ੀਆਨਾ ਲੁੱਟ, ਦਾਬੇ ਅਤੇ ਕਹਿਰ ਦੇ ਭੰਨੇ ਲੋਕਾਂ ਦੀ ਜੇ ਜ਼ੁਬਾਨਬੰਦੀ ਨਾ ਕੀਤੀ ਤਾਂ ਇਹ ਸਾਂਝੀਵਾਲਤਾ, ਜਮਹੂਰੀਅਤ, ਬਰਾਬਰੀ ਅਤੇ ਅਮਨ ਭਰਿਆ ਨਵਾਂ ਸੰਸਾਰ ਸਿਰਜਣ ਦਾ ਮੋਰਚਾ ਫਤਹਿ ਕਰਨ ਦੇ ਰਾਹ ਪੈਣਗੇ। ਇਸ ਲਈ ਮਜ਼ਦੂਰ ਜਮਾਤ ਨੂੰ ਖਾਮੋਸ਼ ਕਰਨ ਲਈ ਇੰਗਲੈਂਡ ਅੰਦਰ 1927 ’ਚ ਟ੍ਰੇਡ ਯੂਨੀਅਨ ਬਿੱਲ ਬਣਿਆ। ਇਸ ਵਿਸ਼ਵ-ਵਿਆਪੀ ਵਰਤਾਰੇ ਦੀ ਕੜੀ ਵਜੋਂ ਬਰਤਾਨਵੀ ਹਕੂਮਤ ਨੇ ਭਾਰਤ ਵਿਚ ਟ੍ਰੇਡ ਡਿਸਪਿਊਟ ਐਂਡ ਪਬਲਿਕ ਸੇਫਟੀ ਬਿੱਲ ਦੇ ਨਾਵਾਂ ਹੇਠ ਅਸਲ ਵਿਚ ਕਾਲ਼ੇ ਕਾਨੂੰਨ ਲਾਗੂ ਕਰਨ ਦੇ ਕਦਮ ਚੁੱਕੇ। ਇਸ ਮਾਰੂ ਹੱਲੇ ਦਾ ਜਵਾਬ ਦੇਣ ਲਈ ਭਗਤ ਸਿੰਘ ਅਤੇ ਬੀ.ਕੇ.ਦੱਤ ਨੇ ਕੇਂਦਰੀ ਅਸੈਂਬਲੀ ਦਿੱਲੀ ਵਿਚ 8 ਅਪ੍ਰੈਲ 1929 ਨੂੰ ਬੰਬ ਧਮਾਕਾ ਕੀਤਾ ਅਤੇ ਹੱਥ ਪਰਚੇ ਸੁੱਟੇ। ਇਨ੍ਹਾਂ ਪਰਚਿਆਂ ਉੱਪਰ ਲਿਖਿਆ ਸੀ ਕਿ, ‘ਬੋਲ਼ਿਆਂ ਨੂੰ ਸੁਣਾਉਣ ਲਈ ਧਮਾਕੇ ਦੀ ਲੋੜ ਹੁੰਦੀ ਹੈ’। ‘ਪਬਲਿਕ ਸੇਫਟੀ ਬਿੱਲ ਐਂਡ ਟ੍ਰੇਡ ਡਿਸਪਿਊਟ ਬਿੱਲ’ ਵਰਗੇ ਕਾਲ਼ੇ ਕਾਨੂੰਨ ਮੜ੍ਹ ਕੇ ਵਿਸ਼ੇਸ਼ ਕਰਕੇ ਮਜ਼ਦੂਰਾਂ ਦੀ ਸੰਘੀ ਨੱਪਣ ਲਈ ਰਾਹ ਮੋਕਲਾ ਕਰਨਾ ਮਕਸਦ ਸੀ ਤਾਂ ਜੋ ਇਨਕਲਾਬ ਦਾ ਹਿਰਾਵਲ ਦਸਤਾ ਬਣਨ ਦੀ ਇਤਿਹਾਸਕ ਭੂਮਿਕਾ ਅਦਾ ਕਰਨ ਵਾਲੀ ਮਜ਼ਦੂਰ ਜਮਾਤ ਦੀ ਮੁੱਢ ਵਿਚ ਹੀ ਸੰਘੀ ਨੱਪ ਲਈ ਜਾਵੇ। ਇਸ ਮਾਰੂ ਹਮਲੇ ਨੂੰ ਭਾਂਪ ਕੇ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਨ੍ਹਾਂ ਕਾਲ਼ੇ ਕਾਨੂੰਨਾਂ ਖ਼ਿਲਾਫ਼ ਆਪਣੇ ਰੋਸ ਪ੍ਰਗਟਾਵੇ ਲਈ ਅਸੈਂਬਲੀ ਨੂੰ ਆਪਣੇ ਸਭ ਤੋਂ ਕਾਰਗਰ ਪਲੇਟਫਾਰਮ ਵਜੋਂ ਚੁਣਿਆ। ਆਪਣੇ ਲੋਕਾਂ ਦੀ ਆਵਾਜ਼ ਬਣ ਕੇ ਗੂੰਜਣਾ ਸੀ ਕਿ ਸਾਨੂੰ ਤੁਹਾਡਾ ਇਹ ਜ਼ੁਬਾਨਬੰਦੀ ਦਾ ਹਥਿਆਰ ਖ਼ਾਮੋਸ਼ ਨਹੀਂ ਕਰ ਸਕਦਾ।
ਭਗਤ ਸਿੰਘ ਅਤੇ ਸਾਥੀਆਂ ਦਾ ਸਾਫ਼ ਅਤੇ ਸਪਸ਼ਟ ਵਿਚਾਰ ਸੀ ਕਿ, ‘ਮਨੁੱਖੀ ਖ਼ੂਨ ਵਹਾਉਣਾ ਸਾਡਾ ਕੋਈ ਮਕਸਦ ਨਹੀਂ’। ਉਹ ਅਸੈਂਬਲੀ ਵਿਚ ਤਹੱਮਲ ਨਾਲ ਬੈਠ ਕੇ ਇਨ੍ਹਾਂ ਕਾਲ਼ੇ ਕਾਨੂੰਨਾਂ ਬਾਰੇ ਹੁੰਦੀ ਰਸਮੀ ਚਰਚਾ ਸੁਣਦੇ ਰਹੇ। ਇਹ ਸੁਣ ਕੇ ਉਨ੍ਹਾਂ ਦਾ ਇਹ ਯਕੀਨ ਹੋਰ ਵੀ ਪੱਕਾ ਹੋ ਗਿਆ ਕਿ ਅਜਿਹੀਆਂ ਅਸੈਂਬਲੀਆਂ ਵਰਗੇ ਰਾਜ ਦਰਬਾਰਾਂ ਅੰਦਰ ਲੋਕਾਂ ਦੇ ਪ੍ਰਤੀਨਿਧ ਕਹਾਉਂਦੇ ਅਖੌਤੀ ਆਗੂ ਲੋਕਾਂ ਦੇ ਨਹੀਂ ਸਗੋਂ ਜੋਕਾਂ ਦੇ ਪ੍ਰਤੀਨਿਧ ਹੁੰਦੇ ਹਨ। ਜਦੋਂ ਇਨ੍ਹਾਂ ਹਾਕਮਾਂ ਕੋਲੋਂ ਮਜ਼ਦੂਰ ਹਿੱਤਾਂ ਦੀ ਰਾਖੀ ਦੀ ਝਾਕ ਖੰਭ ਲਾ ਕੇ ਉੱਡ ਗਈ ਤਾਂ ਬੰਬ ਧਮਾਕਾ ਇਕ ਪ੍ਰਤੀਕ ਸੀ। ਭਗਤ ਸਿੰਘ ਅਤੇ ਬੀਕੇ ਦੱਤ ਅਸੈਂਬਲੀ ’ਚ ਬੰਬ ਧਮਾਕਾ ਕਰਨ ਅਤੇ ਹੱਥ ਪਰਚੇ ਸੁੱਟਣ ਉਪਰੰਤ ਖੜ੍ਹੇ ਰਹੇ। ਸਾਮਰਾਜਵਾਦ-ਮੁਰਦਾਬਾਦ, ਇਨਕਲਾਬ-ਜ਼ਿੰਦਾਬਾਦ ਦੀ ਆਵਾਜ਼ ਦੇ ਪ੍ਰਤੀਕ ਇਸ ਜੋੜੇ ਨੇ ਓਥੇ ਹੀ ਗ੍ਰਿਫ਼ਤਾਰੀ ਦੇ ਦਿੱਤੀ। ਉਨ੍ਹਾਂ ਸਮਝਿਆ ਕਿ ਅਸੀਂ ਆਪਣਾ ਸੁਨੇਹਾ ਦੇਣ ਦਾ ਜੋ ਮਕਸਦ ਇਸ ਐਕਸ਼ਨ ਰਾਹੀਂ ਹਾਸਲ ਕਰਨਾ ਸੀ, ਉਹ ਕਰ ਲਿਆ। ਉਨ੍ਹਾਂ ਦੇ ਬਿਆਨ ਮਜ਼ਦੂਰ ਜਮਾਤ ਦੇ ਜਮਹੂਰੀ ਹੱਕਾਂ ਲਈ ਇਤਿਹਾਸਕ ਦ੍ਰਿਸ਼ਟੀਕੋਣ ਦੇ ਅਮੁੱਲੇ ਦਸਤਾਵੇਜ਼ ਬਣ ਗਏ। ਭਗਤ ਸਿੰਘ ਤੇ ਬੀਕੇ ਦੱਤ ਨੇ ਸਾਫ਼ ਕਿਹਾ ਕਿ ਸਾਰਜੈਂਟ ਟੈਰੀ ਦੀ ਇਹ ਗਵਾਹੀ ਕਿ, ‘ਗ੍ਰਿਫ਼ਤਾਰੀ ਮੌਕੇ ਸਾਡੇ ਕੋਲੋਂ ਪਿਸਤੌਲ ਬਰਾਮਦ ਕੀਤਾ ਗਿਆ ਸੀ, ਸਰਾਸਰ ਝੂਠ ਹੈ।’ ਜੇਲ੍ਹ ਵਿਚ ਕੁਝ ਅਧਿਕਾਰੀਆਂ ਵੱਲੋਂ ਜਾਣਕਾਰੀ ਮਿਲਣ ’ਤੇ ਕਿ ਲਾਰਡ ਇਰਵਾਨ ਨੇ ਕਿਹਾ ਹੈ ਕਿ ਇਹ ਹਮਲਾ ਕਿਸੇ ਵਿਅਕਤੀ ’ਤੇ ਨਹੀਂ ਸਗੋਂ ਸੰਸਥਾ (ਪ੍ਰਣਾਲੀ) ਦੇ ਵਿਰੁੱਧ ਹੈ, ਉਨ੍ਹਾਂ ਝੱਟ ਸਵੀਕਾਰ ਕਰ ਲਿਆ ਕਿ ਸਾਡੇ ਅਸਲੀ ਮਕਸਦ ਦਾ ਠੀਕ ਨਿਰਣਾ ਕੀਤਾ ਗਿਆ ਹੈ।
ਉਨ੍ਹਾਂ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਇਨ੍ਹਾਂ ਖ਼ੂਬਸੂਰਤ ਸ਼ਬਦਾਂ ਨਾਲ ਕੀਤਾ : “ਮਨੁੱਖਤਾ ਨੂੰ ਪਿਆਰ ਕਰਨ ਵਿਚ ਅਸੀਂ ਕਿਸੇ ਤੋਂ ਪਿੱਛੇ ਨਹੀਂ ਹਾਂ। ਕਿਸੇ ਇਕ ਵਿਅਕਤੀ ਵਿਰੁੱਧ ਰੋਸ ਰੱਖਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਸਗੋਂ ਅਸੀਂ ਮਨੁੱਖੀ ਜੀਵਨ ਨੂੰ ਇੰਨਾ ਪਵਿੱਤਰ ਮੰਨਦੇ ਹਾਂ ਕਿ ਸ਼ਬਦਾਂ ਰਾਹੀਂ ਦੱਸਿਆ ਨਹੀਂ ਜਾ ਸਕਦਾ। ਸਾਡਾ ਨਿਮਾਣਾ ਜਿਹਾ ਦਾਅਵਾ ਹੈ ਕਿ ਅਸੀਂ ਦੇਸ਼ ਦੇ ਇਤਿਹਾਸ, ਇਸ ਦੀਆਂ ਹਾਲਤਾਂ ਅਤੇ ਆਦਰਸ਼ਾਂ ਦੇ ਗੰਭੀਰ, ਮਿਹਨਤੀ ਅਤੇ ਇਮਾਨਦਾਰ ਵਿਦਿਆਰਥੀ ਹਾਂ। ਵਿਖਾਵੇ ਤੋਂ ਸਾਨੂੰ ਨਫ਼ਰਤ ਹੈ। ਉਹ ਪਾਰਲੀਮਾਨੀ ਅਦਾਰੇ ਬਾਰੇ ਅਮਲ ਰਾਹੀਂ ਕਿੰਨੇ ਚੇਤਨ ਹੋ ਚੁੱਕੇ ਸਨ, ਉਨ੍ਹਾਂ ਦਾ ਅਦਾਲਤੀ ਬਿਆਨ ਇਸ ਦੀ ਇਤਿਹਾਸਕ ਗਵਾਹੀ ਭਰਦਾ ਹੈ : “ਮਿਹਨਤ ਕਰਦੇ ਚੂਰ ਹੋਏ ਭਾਰਤੀ ਲੋਕਾਂ ਦੇ ਖ਼ੂਨ-ਪਸੀਨੇ ਦੀ ਕਮਾਈ ਨਾਲ ਪਾਲੀ ਤੇ ਬਣਾਈ ਸ਼ਾਨੋ-ਸ਼ੌਕਤ ਤੇ ਚਮਕ-ਦਮਕ ਸਿਰਫ਼ ਇਕ ਥੋਥਾ ਵਿਖਾਵਾ ਹੈ। ਅਸੀਂ ਆਪਣੇ ਕੀਤੇ ਕੰਮ ਦੀ ਸਜ਼ਾ ਭੁਗਤਣ ਲਈ ਓਥੇ ਹੀ ਖੜ੍ਹੇ ਹੋ ਕੇ ਆਪਣੇ-ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ ਤਾਂ ਜੋ ਸਾਮਰਾਜੀ ਲੁਟੇਰਿਆਂ ਨੂੰ ਇਹ ਚਾਨਣ ਹੋ ਜਾਵੇ ਕਿ ਵਿਅਕਤੀਆਂ ਦਾ ਨਾਸ਼ ਕਰ ਕੇ ਉਹ ਵਿਚਾਰਾਂ ਨੂੰ ਨਹੀਂ ਮਾਰ ਸਕਦੇ।’’
ਸਮੇਂ ਦੀ ਚਿਤਾਵਨੀ ਦਿੰਦਿਆਂ ਭਗਤ ਸਿੰਘ ਅਤੇ ਬੀਕੇ ਦੱਤ ਨੇ ਅਦਾਲਤ ਵਿਚ ਦਿੱਤੇ ਬਿਆਨ ਦੇ ਸਿਖ਼ਰ ’ਤੇ ਕਿਹਾ ਕਿ, “ਜੇ ਸਾਡੀ ਚੇਤਾਵਨੀ ਨੂੰ ਨਾ ਗੌਲਿਆ ਗਿਆ, ਅਜੋਕੀ ਸਾਸ਼ਨ ਵਿਵਸਥਾ ਕੁਦਰਤੀ ਸ਼ਕਤੀਆਂ ਦੇ ਰਾਹ ’ਚ ਰੋੜੇ ਅਟਕਾਉਂਦੀ ਰਹੀ ਤਾਂ ਇਸ ਦਾ ਨਤੀਜਾ ਜੂਝਵਾਂ ਸੰਗਰਾਮ ਹੋਵੇਗਾ। ਜਿਹੜਾ ਸਾਰੀਆਂ ਰੁਕਾਵਟਾਂ ਨੂੰ ਵਗਾਹ ਮਾਰੇਗਾ। ਕਿਰਤੀਆਂ ਦੀ ਸਰਦਾਰੀ ਦੀ ਸਥਾਪਨਾ ਕਰੇਗਾ। ਇਸ ਤਰ੍ਹਾਂ ਇਨਕਲਾਬ ਦੇ ਆਦਰਸ਼ਾਂ ਦੀ ਸਥਾਪਤੀ ਦਾ ਰਾਹ ਬਣੇਗਾ। ਮਨੁੱਖ ਦਾ ਕਰਾਂਤੀ ਕਰਨ ਦਾ ਅਧਿਕਾਰ ਉਸ ਤੋਂ ਕਦੇ ਵੀ ਖੋਹਿਆ ਨਹੀਂ ਜਾ ਸਕਦਾ। ਮਜ਼ਦੂਰ ਹੀ ਸਮਾਜ ਦਾ ਸੱਚਾ ਪਾਲਣਹਾਰ ਹੈ। ਜਨਤਾ ਦੀ ਪ੍ਰਭੂਸੱਤਾ ਨੂੰ ਕਾਇਮ ਕਰਨਾ, ਕਿਰਤੀਆਂ ਦੀ ਮੰਜ਼ਿਲ ਹੈ। ਇਨ੍ਹਾਂ ਆਦਰਸ਼ਾਂ ਅਤੇ ਵਿਸ਼ਵਾਸ ਵਾਸਤੇ ਦਿੱਤੀ ਜਾਣ ਵਾਲੀ ਹਰ ਸਜ਼ਾ ਦਾ ਅਸੀਂ ਖਿੜੇ ਮੱਥੇ ਸਵਾਗਤ ਕਰਾਂਗੇ। ਇਨਕਲਾਬ ਦੀ ਇਸ ਕੁਰਬਾਨਗਾਹ ਉੱਤੇ ਅਸੀਂ ਆਪਣੀ ਜਵਾਨੀ ਦੀ ਧੂਫ਼ ਬਾਲਣ ਆਏ ਹਾਂ, ਕਿਉਂਕਿ ਅਜਿਹੇ ਮਹਾਨ ਆਦਰਸ਼ ਲਈ ਕੁਰਬਾਨੀ ਵੱਡੀ ਨਹੀਂ ਹੈ। ਅਸੀਂ ਇਨਕਲਾਬ ਦੇ ਆਉਣ ਦੀ ਉਡੀਕ ਵਿਚ ਹਾਂ। ਇਨਕਲਾਬ-ਜ਼ਿੰਦਾਬਾਦ!’’ ਸਾਡੇ ਅਜੋਕੇ ਸਮੇਂ ਅੰਦਰ ਮਜ਼ਦੂਰ ਜਮਾਤ ਨੂੰ ਜਥੇਬੰਦ ਹੋਣ, ਸੰਘਰਸ਼ ਕਰਨ ਤੋਂ ਰੋਕਣ ਲਈ ਵਰਤੇ ਜਾ ਰਹੇ ਅਨੇਕਾਂ ਹੱਥ ਕੰਡਿਆਂ ਦੇ ਨਾਲ-ਨਾਲ ਮਜ਼ਦੂਰ ਵਿਰੋਧੀ ਤਾਜ਼ਾ ਮੜ੍ਹੇ ਕਾਨੂੰਨ, ਸ਼ਹੀਦ ਭਗਤ ਸਿੰਘ ਅਤੇ ਬੀਕੇ.ਦੱਤ ਦੀ ਵਿਦਵਤਾ ਅਤੇ ਅਜਿਹੇ ਅਦਾਰਿਆਂ ਦੇ ਲੋਕਾਂ ਨਾਲ ਦੁਸ਼ਮਣਾਨਾ ਰਿਸ਼ਤੇ ਨੂੰ ਜਾਣਨ ਦੀ ਗਵਾਹੀ ਭਰਦੇ ਹਨ।
ਭਗਤ ਸਿੰਘ ਅਤੇ ਬੀਕੇ ਦੱਤ ਦੇ ਉਪਰੋਕਤ ਬਿਆਨਾਂ ਦੇ ਅੰਸ਼ਕ ਰੂਪ ਹੀ ਕਾਫ਼ੀ ਹਨ ਇਹ ਸਮਝਣ ਲਈ ਕਿ ਜਿਨ੍ਹਾਂ ਦੁਸ਼ਵਾਰੀਆਂ ਨਾਲ ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ, ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਉਸ ਵੇਲੇ ਮੱਥਾ ਲੱਗਾ ਸੀ, ਅੱਜ ਉਹ ਹੋਰ ਵੀ ਜਟਿਲ, ਵਿਆਪਕ ਅਤੇ ਤਿੱਖੀਆਂ ਹੋ ਗਈਆਂ ਹਨ। ਇਸ ਲਈ ਹੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ, ਵਿਗਿਆਨਕ ਦੂਰ-ਦ੍ਰਿਸ਼ਟੀ, ਉਚੇਰੇ ਆਦਰਸ਼ਾਂ ਤੋਂ ਘਬਰਾਈ ਅਜੋਕੀ ਵਿਵਸਥਾ ਅਤੇ ਇਸ ਗਲੀ-ਸੜੀ ਵਿਵਸਥਾ ਦੇ ਟੁਕੜਿਆਂ ’ਤੇ ਪਲਣ ਵਾਲਿਆਂ ਦੀ ਅੱਖ ’ਚ ਰੋੜ ਬਣ ਕੇ ਰੜਕਦਾ ਹੈ, ਸਾਡਾ ਭਗਤ ਸਿੰਘ। ਭਗਤ ਸਿੰਘ ਦੀ ਵਿਚਾਰਧਾਰਾ ਉੱਚੀ ਬਾਂਹ ਕੱਢ ਕੇ ਆਖ ਰਹੀ ਹੈ ਕਿ ਲੋਕ ਸੰਗਰਾਮ ਤੇ ਇਨਕਲਾਬ ਹੀ ਇੱਕੋ-ਇੱਕ ਸਵੱਲੜਾ ਰਾਹ ਹੈ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਇਸ ਆਵਾਜ਼ ਨੂੰ, ਇਨਕਲਾਬ ਦੇ ਇਸ ਚਿੰਨ੍ਹ ਨੂੰ ਬਦਨਾਮ ਅਤੇ ਧੁੰਦਲਾ ਕਰਨ ਦਾ ਵਹਿਮ ਪਾਲਣ ਵਾਲਿਆਂ ਤੋਂ ਸਮਾਂ ਜਵਾਬ ਮੰਗੇਗਾ। ਅੱਠ ਅਪ੍ਰੈਲ ਦੇ ਇਤਿਹਾਸਕ ਦਿਹਾੜੇ ਨੂੰ ਸਾਡੇ ਅਤੀਤ, ਵਰਤਮਾਨ ਅਤੇ ਭਵਿੱਖ ਨਾਲ ਜੋੜ ਕੇ ਸਮਝਣ ਅਤੇ ਅਗੇਰੇ ਤੁਰਨ ਦੀ ਲੋੜ ਹੈ। ਉਸ ਵੇਲੇ ਮਜ਼ਦੂਰ ਜਮਾਤ ਵਿਰੁੱਧ ਅਤੇ ਮਿਹਨਤਕਸ਼ ਲੋਕਾਂ ਦੀ ਆਵਾਜ਼ ਬੰਦ ਕਰਨ ਲਈ ਕਾਨੂੰਨ ਘੜੇ ਅਤੇ ਮੜ੍ਹੇ ਸਨ ਬਰਤਾਨਵੀ ਹਕੂਮਤ ਨੇ। ਅੱਜ ਚੜ੍ਹਦੇ ਸੂਰਜ ਤੋਂ ਨਵੇਂ ਤੋਂ ਨਵੇਂ ਕਾਨੂੰਨਾਂ ਨਾਲ ਸਾਮਰਾਜੀ ਭਗਤੀ ਕਰਨ ਲਈ ਸਿਰੇ ਦੇ ਫ਼ਿਰਕੂ ਫਾਸ਼ੀ ਹੱਲੇ ਬੋਲੇ ਜਾ ਰਹੇ ਹਨ। ਯੂਨੀਵਰਸਿਟੀਆਂ, ਸਾਹਿਤ, ਕਲਾ, ਬੌਧਿਕਤਾ ਅਤੇ ਗਿਆਨ-ਵਿਗਿਆਨ ਦੇ ਸਭਨਾਂ ਅਦਾਰਿਆਂ ਨੂੰ ਆਪਣੇ ਮਨਪਸੰਦ ਵਿਸ਼ੇਸ਼ ਰੰਗ ਵਿਚ ਰੰਗਣ ਲਈ ਮੁਲਕ ਦੇ ਹਾਕਮ ਬਲ ਅਤੇ ਛਲ ਸਮੇਤ ਹਰ ਤਰ੍ਹਾਂ ਦਾ ਹਥਿਆਰ ਵਰਤ ਰਹੇ ਹਨ। ਅਜਿਹੀ ਰੁੱਤ ਅੰਦਰ 8 ਅਪ੍ਰੈਲ ਦਾ ਦਿਹਾੜਾ ਇਸ ਘਟਨਾਕ੍ਰਮ ਨਾਲ ਜੁੜਵੇਂ ਭਗਤ ਸਿੰਘ, ਬੀਕੇ ਦੱਤ ਤੇ ਨੌਜਵਾਨ ਭਾਰਤ ਸਭਾ ਦੇ ਸਾਥੀਆਂ ਦੇ ਵਿਚਾਰ ਅੱਜ ਵੀ ਵਿਸ਼ੇਸ਼ ਤੌਰ ’ਤੇ ਪ੍ਰਸੰਗਿਕ ਹਨ।
Share this content:



Post Comment