Loading Now

ਮਹਾਰਾਸ਼ਟਰ ਦਾ ਬਾਬਾ

ਮਹਾਰਾਸ਼ਟਰ ਦਾ ਬਾਬਾ

ਆਸਾ ਰਾਮ ਬਾਬੂ ਬਲਾਤਕਾਰ ਦੇ ਮਾਮਲੇ ‘ਚ ਸਜ਼ਾ ਕੱਟ ਰਿਹਾ ਹੈ। ਗੁਰਮੀਤ ਰਾਮ ਰਹੀਮ ਇੰਸਾਂ ਵੀ ਹੱਤਿਆ ਤੇ ਬਲਾਤਕਾਰ ਦੇ ਮਾਮਲੇ ‘ਚ ਜੇਲ੍ਹ ‘ਚ ਹੈ। ਹਾਲ ਹੀ ਵਿੱਚ ਮਹਾਰਾਸ਼ਟਰ ਦੇ ਨਾਸਿਕ ‘ਚ ਅਸ਼ੋਕ ਕੁਮਾਰ ਖਰਾਤ ਨਾਂਅ ਦਾ ਬਾਬਾ ਚਰਚਾ ਵਿੱਚ ਆਇਆ ਹੈ। ਉਸ ਨੂੰ ਲੋਕਾਂ ਦੀ ਆਸਥਾ ਨਾਲ ਖਿਲਵਾੜ ਕਰਨ ਦੇ ਦੋਸ਼ ‘ਚ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਮਹਾਰਾਸ਼ਟਰ ਦੀਆਂ ਵੱਡੀਆਂ ਹਸਤੀਆਂ ਉਸ ਕੋਲ ਆਉਂਦੀਆਂ ਸਨ ਤੇ ਮਹਾਰਾਸ਼ਟਰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੁਪਾਲੀ ਚਾਕਣਕਰ ਵੀ ਉਸ ਦੀ ਚੇਲੀ ਸੀ। ਰੁਪਾਲੀ ਦੀ ਇਸ ਬਾਬੇ ਨਾਲ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਉਸ ਦੇ ਪੈਰ ਧੋ ਰਹੀ ਹੈ ਤੇ ਉਸ ਨੂੰ ਧੁੱਪ ਤੋਂ ਬਚਾਉਣ ਲਈ ਛਤਰੀ ਤਾਣ ਰਹੀ ਹੈ। ਖਰਾਤ ਦਾ ਦਾਅਵਾ ਹੈ ਕਿ ਉਹ ਮਰਚੈਂਟ ਨੇਵੀ ਦਾ ਸਾਬਕਾ ਕੈਪਟਨ ਹੈ ਅਤੇ ਉਸ ਨੂੰ ਗੈਬੀ ਸ਼ਕਤੀਆਂ ਹਾਸਲ ਹਨ। ਉਹ ਜੋਤਿਸ਼ੀ ਤੇ ਅੰਕ ਸ਼ਾਸਤਰੀ ਹੋਣ ਦਾ ਨਾਟਕ ਕਰਦਾ ਸੀ।

ਕਈ ਔਰਤਾਂ ਉਸ ਦੀਆਂ ਸ਼ਿਕਾਰ ਹੋਈਆਂ, ਜਿਨ੍ਹਾਂ ਬਾਰੇ ਅੱਜਕੱਲ੍ਹ ਕਥਿਤ ਵੀਡੀਓ ਵੀ ਕਾਫੀ ਚੱਲ ਰਹੀਆਂ ਹਨ। ਸਾਫ ਨਜ਼ਰ ਆ ਰਿਹਾ ਹੈ ਕਿ ਸਮਾਜ ਵਿੱਚ ਆਰਥਿਕ ਅਸੁਰੱਖਿਆ ਤੇ ਨਾਬਰਾਬਰੀ ਵਧ ਰਹੀ ਹੈ ਅਤੇ ਲੋਕਾਂ ਦੀ ਆਸਥਾ ਨਾਲ ਖੇਡਣ ਵਾਲੇ ਬਾਬਿਆਂ ਦੀ ਪਕੜ ਮਜ਼ਬੂਤ ਹੋ ਰਹੀ ਹੈ। ਸਮਾਜ ਵਿੱਚ ਆਸਥਾ ਆਧਾਰਤ ਗਿਆਨ ਤੇ ਵਿਸ਼ਵਾਸ ਵਧ ਰਿਹਾ ਹੈ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੌਰਾਣਿਕ ਕਥਾਵਾਂ ਨੂੰ ਵਿਗਿਆਨ ਦਾ ਦਰਜਾ ਦੇਣ ਦੀ ਸ਼ੁਰੂਆਤ ਕੀਤੀ। ਇੱਕ ਆਧੁਨਿਕ ਹਸਪਤਾਲ ਦਾ ਉਦਘਾਟਨ ਕਰਦਿਆਂ ਉਨ੍ਹਾ ਕਿਹਾ ਸੀ ਕਿ ਪ੍ਰਾਚੀਨ ਭਾਰਤ ਵਿੱਚ ਪਲਾਸਟਿਕ ਸਰਜਨ ਰਿਹਾ ਹੋਵੇਗਾ, ਜਿਸ ਨੇ ਮਨੁੱਖ ਦੇ ਧੜ ‘ਤੇ ਹਾਥੀ ਦਾ ਸਿਰ ਟਰਾਂਸਪਲਾਂਟ ਕੀਤਾ। ਨਾ ਸਿਰਫ ਪੌਰਾਣਿਕ ਕਥਾਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ, ਸਗੋਂ ਰਾਮਾਇਣ ਤੇ ਮਹਾਭਾਰਤ ‘ਤੇ ਖੋਜ ਕਰਨ ਲਈ ਵੱਡੀ ਰਕਮ ਵੀ ਖਰਚੀ ਜਾ ਰਹੀ ਹੈ।

ਜਿਸ ਦੇਸ਼ ਨੂੰ ਕੁਪੋਸ਼ਣ ਤੇ ਛੂਤ ਦੀਆਂ ਬਿਮਾਰੀਆਂ ਨਾਲ ਲੜਨ ਨੂੰ ਤਰਜੀਹ ਦੇਣੀ ਚਾਹੀਦੀ ਹੈ, ਉਹ ਆਸਥਾ ਆਧਾਰਤ ਸੋਚ ਨੂੰ ਬੜ੍ਹਾਵਾ ਦੇ ਰਿਹਾ ਹੈ। ਪ੍ਰਧਾਨ ਮੰਤਰੀ ਬਾਗੇਸ਼ਵਰ ਧਾਮ ਦੇ ਬਾਬੇ ਨੂੰ ਆਪਣਾ ਛੋਟਾ ਭਰਾ ਕਹਿੰਦੇ ਹਨ। ਇਹ ਬਾਬਾ ਕਿਸੇ ਵੀ ਵਿਅਕਤੀ ਦਾ ਅਤੀਤ ਜਾਨਣ ਦੀ ਰੂਹਾਨੀ ਤੇ ਰਹੱਸਮਈ ਸ਼ਕਤੀ ਨਾਲ ਲੈਸ ਹੋਣ ਦਾ ਦਾਅਵਾ ਕਰਦਾ ਹੈ। ਇਸ ਤਰ੍ਹਾਂ ਨਵੀਂ ਪੀੜ੍ਹੀ ਨੂੰ ਵੀ ਭਾਰਤੀ ਗਿਆਨ ਪ੍ਰਣਾਲੀ ਦੀ ਘੁੱਟੀ ਪਿਲਾਈ ਜਾ ਰਹੀ ਹੈ। ਪ੍ਰਾਚੀਨ ਭਾਰਤ ਨੇ ਨਿਸਚੇ ਹੀ ਤਰਕਪੂਰਨ ਵਿਚਾਰਾਂ ਦੇ ਖੇਤਰ ਵਿੱਚ ਬਹੁਤ ਯੋਗਦਾਨ ਦਿੱਤਾ ਹੋਵੇਗਾ, ਪਰ ਸੱਚ ਤੇ ਝੂਠ ਨੂੰ ਵਖਰਾਉਣਾ ਜ਼ਰੂਰੀ ਹੈ। ਸੱਤਾਧਾਰੀ ਪਾਰਟੀ ਨਵੀਂ ਸਿੱਖਿਆ ਨੀਤੀ ਰਾਹੀਂ ਅੰਧਵਿਸ਼ਵਾਸਾਂ ਨੂੰ ਪ੍ਰੋਤਸਾਹਤ ਕਰ ਰਹੀ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਅਤਿਅੰਤ ਹਾਨੀਕਾਰਕ ਹੋਵੇਗਾ।

Share this content:

Previous post

ਕੁਦਰਤ ਦਾ ਅਜ਼ਬ ਵਿਧਾਨ – ਗੁਰੂਤਾਕਰਸ਼ਣ ਸ਼ਕਤੀ ਮਹਾਨ। ਜਲਵਾਯੂ ਪਰਿਵਰਤਨ ਧਰਤੀ ਦੀ ਗਤੀ ਨੂੰ ਹੌਲੀ ਕਰ ਰਿਹਾ ਹੈ-36 ਲੱਖ ਸਾਲਾਂ ਵਿੱਚ ਪਹਿਲੀ ਵਾਰ ਹਲਚਲ

Next post

ਦੋ ਵਾਰ ਦੇ ਉਲੰਪਿਕ ਤਮਗ਼ਾ ਜੇਤੂ ਗੁਰਜੰਟ ਸਿੰਘ ਨੇ ਕੌਮਾਂਤਰੀ ਹਾਕੀ ਨੂੰ ਕਿਹਾ ਅਲਵਿਦਾ

Post Comment