ਦੋ ਵਾਰ ਦੇ ਉਲੰਪਿਕ ਤਮਗ਼ਾ ਜੇਤੂ ਗੁਰਜੰਟ ਸਿੰਘ ਨੇ ਕੌਮਾਂਤਰੀ ਹਾਕੀ ਨੂੰ ਕਿਹਾ ਅਲਵਿਦਾ
ਨਵੀਂ ਦਿੱਲੀ, 28 ਮਾਰਚ – ਟੋਕੀਉ ਅਤੇ ਪੈਰਿਸ ਉਲੰਪਿਕ ਵਿਚ ਕਾਂਸੇ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦਾ ਹਿੱਸਾ ਰਹੇ ਫ਼ਾਰਵਰਡ ਗੁਰਜੰਟ ਸਿੰਘ ਨੇ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। 31 ਸਾਲ ਦੇ ਗੁਰਜੰਟ ਨੇ 2017 ਵਿਚ ਭਾਰਤ ਲਈ ਹਾਕੀ ’ਚ ਸ਼ੁਰੂਆਤ ਕੀਤੀ ਸੀ ਅਤੇ 130 ਕੌਮਾਂਤਰੀ ਮੈਚਾਂ ਵਿਚ 33 ਗੋਲ ਕੀਤੇ। ਗੁਰਜੰਟ ਦੇ ਨਾਮ ਸੱਭ ਤੋਂ ਤੇਜ਼ ਕੌਮਾਂਤਰੀ ਗੋਲ ਦਾ ਭਾਰਤੀ ਰੀਕਾਰਡ ਵੀ ਹੈ। ਉਨ੍ਹਾਂ ਨੇ ਐਫ਼.ਆਈ.ਐਚ. ਪ੍ਰੋ ਲੀਗ 2020 ਵਿਚ ਨੀਦਰਲੈਂਡ ਵਿਰੁਧ ਸਿਰਫ਼ 13 ਸਕਿੰਟ ਵਿਚ ਗੋਲ ਕੀਤਾ ਸੀ। ਉਨ੍ਹਾਂ ਨੂੰ 2021 ਵਿਚ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਹਾਕੀ ਇੰਡੀਆ ਨੇ ਇਨਾਮ ਸਮਾਰੋਹ ਦੌਰਾਨ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਇਨਾਮ ਵੀ ਦਿਤਾ। ਪਿਛਲੇ ਸਾਲ ਜੂਨ ਵਿਚ ਉਹ ਆਖ਼ਰੀ ਵਾਰ ਭਾਰਤ ਲਈ ਖੇਡੇ ਸਨ।
ਹਾਕੀ ਇੰਡੀਆ ਦੇ ਸਾਲਾਨਾ ਇਨਾਮ ਸਮਾਰੋਹ ਦੌਰਾਨ ਉਨ੍ਹਾਂ ਨੇ ਸੰਨਿਆਸ ਦਾ ਐਲਾਨ ਕੀਤਾ। ਗੁਰਜੰਟ ਨੇ ਕਿਹਾ, ‘‘ਮੈਂ ਇੱਥੇ ਮੌਜੂਦ ਵੱਡੇ ਖਿਡਾਰੀਆਂ ਨੂੰ ਵੇਖ ਕੇ ਹਾਕੀ ਖੇਡਣਾ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਨਾਲ ਮਿਲ ਕੇ ਭਾਰਤ ਲਈ ਖੇਡਣ ਦਾ ਮੇਰਾ ਸੁਪਨਾ ਪੂਰਾ ਹੋਇਆ, ਜਿਸ ਨੂੰ ਮੈਂ ਕਦੇ ਨਹੀਂ ਭੁੱਲਾਂਗਾ।’’ ਉਨ੍ਹਾਂ ਨੇ ਅੱਗੇ ਜੋੜਿਆ, ‘‘ਮੇਰਾ ਇਹ ਸਫ਼ਰ ਬਹੁਤ ਵਧੀਆ ਰਿਹਾ। ਟੋਕੀਉ ਉਲੰਪਿਕ ਵਿਚ 41 ਸਾਲਾਂ ਬਾਅਦ ਇਤਿਹਾਸਕ ਤਮਗ਼ਾ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਨਾ ਅਤੇ ਫਿਰ ਪੈਰਿਸ ਉਲੰਪਿਕ 2024 ਵਿਚ ਉਸ ਪ੍ਰਦਰਸ਼ਨ ਨੂੰ ਦੁਹਰਾਉਣਾ ਮੇਰੇ ਲਈ ਮਾਣ ਦੀ ਗੱਲ ਹੈ। ਮੈਂ ਖ਼ੁਸ਼ੀ ਅਤੇ ਮਾਣ ਨਾਲ ਵਿਦਾ ਲੈ ਰਿਹਾ ਹਾਂ।’’ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਘਰੇਲੂ ਹਾਕੀ ਅਤੇ ਲੀਗ ਖੇਡਦੇ ਰਹਿਣਗੇ ਪਰ ਕੋਚਿੰਗ ਬਾਰੇ ਅਜੇ ਸੋਚਿਆ ਨਹੀਂ। ਅਮਿ੍ਰਤਸਰ ਦੇ ਖਲਾਰਾ ਪਿੰਡ ਵਿਚ ਜਨਮੇ ਗੁਰਜੰਟ 2016 ਦੇ ਲਖਨਊ ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਸਨ ਅਤੇ ਫ਼ਾਈਨਲ ਵਿਚ ਗੋਲ ਵੀ ਕੀਤਾ ਸੀ।
Share this content:



Post Comment