ਅਮਰੀਕਾ ਨਾਲ ਰਾਸ਼ਟਰਪਤੀ ਦੇ ਅਹੁਦੇ ’ਤੇ ਕਿਊਬਾ ਨਹੀਂ ਕਰੇਗਾ ਕੋਈ ਸਮਝੌਤਾ
ਹਵਾਨਾ, 21 ਮਾਰਚ – ਕਿਊਬਾ ਨੇ ਅਮਰੀਕਾ ਦੇ ਉਸ ਸੁਝਾਅ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ ਜਿਸ ਵਿੱਚ ਕਿਊਬਾ ਦੀ ਸਿਆਸੀ ਪ੍ਰਣਾਲੀ ਜਾਂ ਰਾਸ਼ਟਰਪਤੀ ਦੇ ਕਾਰਜਕਾਲ ਨੂੰ ਗੱਲਬਾਤ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਪ੍ਰਤੀਕਿਰਿਆ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਆਈ ਹੈ ਜਿਨ੍ਹਾਂ ਅਨੁਸਾਰ ਵਾਸ਼ਿੰਗਟਨ ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕਾਨੇਲ ਨੂੰ ਸੱਤਾ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਪ ਵਿਦੇਸ਼ ਮੰਤਰੀ ਕਾਰਲੋਸ ਫਰਨਾਂਡੇਜ਼ ਡੇ ਕੋਸੀਓ ਨੇ ਪ੍ਰੈੱਸ ਕਾਨਫਰੰਸ ਵਿੱਚ ਸਪਸ਼ਟ ਕੀਤਾ ਕਿ ਕਿਊਬਾ ਦਾ ਸਿਆਸੀ ਢਾਂਚਾ ਅਤੇ ਕਿਸੇ ਵੀ ਅਧਿਕਾਰੀ ਦਾ ਅਹੁਦਾ ਅਮਰੀਕਾ ਨਾਲ ਸੌਦੇਬਾਜ਼ੀ ਦਾ ਵਿਸ਼ਾ ਨਹੀਂ ਹੈ।
ਕਿਊਬਾ ਨੇ ਇੱਕ ਹਫ਼ਤਾ ਪਹਿਲਾਂ ਅਮਰੀਕਾ ਨਾਲ ਗੱਲਬਾਤ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ ਸੀ। ਇਹ ਗੱਲਬਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਈ ਗਈ ਤੇਲ ਦੀ ਪਾਬੰਦੀ ਕਾਰਨ ਕਿਊਬਾ ਡੂੰਘੇ ਆਰਥਿਕ ਸੰਕਟ ਵਿੱਚ ਫਸਿਆ ਹੋਇਆ ਹੈ। ਟਰੰਪ ਨੇ ਕਿਹਾ ਸੀ ਕਿ ਉਹ ਕਿਊਬਾ ਵਰਗੇ ਗੁਆਂਢੀ ਦੇਸ਼ ਨਾਲ ਜੋ ਚਾਹੁਣ ਕਰ ਸਕਦੇ ਹਨ। ਇਸ ਦੇ ਜਵਾਬ ਵਿੱਚ ਰਾਸ਼ਟਰਪਤੀ ਡਿਆਜ਼-ਕਾਨੇਲ ਨੇ ਕਿਹਾ ਹੈ ਕਿ ਕਿਊਬਾ ਅਮਰੀਕਾ ਦੀ ਕਿਸੇ ਵੀ ਸੰਭਾਵਿਤ ਹਮਲਾਵਰ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹੈ ਅਤੇ ਕੋਈ ਵੀ ਬਾਹਰੀ ਹਮਲਾਵਰ ਦੇਸ਼ ਨੂੰ ਕਮਜ਼ੋਰ ਨਹੀਂ ਕਰ ਸਕੇਗਾ।
ਕੁੱਝ ਅਮਰੀਕੀ ਅਖ਼ਬਾਰਾਂ ਅਨੁਸਾਰ ਟਰੰਪ ਪ੍ਰਸ਼ਾਸਨ ਕਿਊਬਾ ਨਾਲ ਇੱਕ ਅਜਿਹਾ ਆਰਥਿਕ ਸਮਝੌਤਾ ਕਰਨਾ ਚਾਹੁੰਦਾ ਸੀ ਜਿਸ ਵਿੱਚ ਵਪਾਰਕ ਪਾਬੰਦੀਆਂ ਤਾਂ ਹਟਾਈਆਂ ਜਾਣਗੀਆਂ ਪਰ ਰਾਸ਼ਟਰਪਤੀ ਡਿਆਜ਼-ਕਾਨੇਲ ਨੂੰ ਅਹੁਦਾ ਛੱਡਣਾ ਪਵੇਗਾ। ਰਿਪੋਰਟਾਂ ਮੁਤਾਬਕ ਅਮਰੀਕਾ ਚਾਹੁੰਦਾ ਹੈ ਕਿ ਡਿਆਜ਼-ਕਾਨੇਲ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਹਟ ਜਾਣ। ਇਹ ਤਰੀਕਾ ਵੈਨੇਜ਼ੁਏਲਾ ਵਰਗਾ ਹੀ ਜਾਪਦਾ ਹੈ ਜਿੱਥੇ ਅਮਰੀਕਾ ਨੇ ਰਾਸ਼ਟਰਪਤੀ ਮਾਦੁਰੋ ਨੂੰ ਹਟਾ ਕੇ ਆਪਣੀ ਪਸੰਦ ਦੀ ਸਰਕਾਰ ਨਾਲ ਸਹਿਯੋਗ ਕੀਤਾ ਸੀ।
Share this content:



Post Comment