Loading Now

ਬੁੱਧ ਚਿੰਤਨ ਮਸਲਾ PhD ਦਾ/ਬੁੱਧ ਸਿੰਘ ਨੀਲੋਂ

ਬੁੱਧ ਚਿੰਤਨ ਮਸਲਾ PhD ਦਾ/ਬੁੱਧ ਸਿੰਘ ਨੀਲੋਂ

ਕਿੱਥੇ ਰਪਟ ਲਿਖਾਈਏ ?
ਜਦੋਂ ਦਾ ਪੰਜਾਬ ਪੁਲਿਸ ਰਾਜ ਬਣਿਆ ਹੈ, ਕਿਸੇ ਕ਼ਤਲ ਦੀ ਰਪਟ ਦਰਜ ਕਰਵਾਉਣ ਲਈ ਧਰਨਾ ਲਗਾਉਣਾ ਪੈਂਦਾ ਹੈ। ਕਿਉਂਕਿ ਪੁਲਿਸ ਨਹੀਂ ਚਾਹੁੰਦੀ ਕਿ ਕਾਗਜ਼ਾਂ ਦੇ ਵਿੱਚ ਅਪਰਾਧ ਦੀ ਗਿਣਤੀ ਵਧੇ। ਉਂਝ ਉਹ ਕਾਗਜ਼ਾਂ ਦੇ ਢਿੱਡ ਭਰਨ ਲਈ ਇਕੱਤੀ ਦਸੰਬਰ ਤੱਕ ਖ਼ਾਨਾਪੂਰਤੀ ਲਈ ਕੇਸ ਦਰਜ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜ ਲੈਂਦੇ ਹਨ। ਪੰਜਾਬੀ ਸਾਹਿਤ ਦੇ ਖੇਤਰ ਵਿੱਚ ਹੋ ਰਹੀਆਂ ਧਾਂਦਲੀਆਂ ਦੀ ਰਪਟ ਕੌਣ ਦਰਜ ਕਰਵਾਏਗਾ? ਇਹ ਮਸਲਾ ਬਹੁਤ ਗੰਭੀਰ ਹੈ। ਕਿਉਂਕਿ ਇਹਨਾਂ ਪੀਐਚਡੀ ਡਾਕਟਰਾਂ ਨੇ ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਜਾ ਕੇ ਨੌਜਵਾਨਾਂ ਨੂੰ ਸਿੱਖਿਆ ਦੇ ਕੇ ਸਿੱਖਿਅਤ ਕਰਨਾ ਹੈ। ਜੇਕਰ ਨਕਲਚੀ ਡਾਕਟਰ ਹੋਣਗੇ ਤਾਂ ਨੌਜਵਾਨਾਂ ਨੂੰ ਕੀ ਸਿੱਖਿਆ ਦੇਣਗੇ? ਹਾਲਤ ਤਰਸਯੋਗ ਬਣੀ ਹੋਈ ਹੈ। ਤੁਸੀਂ ਆਪ ਸਿਆਣੇ ਹੋ ਤੁਸੀਂ ਇਹ ਲਤੀਫ਼ਾ ਸੁਣ ਲਵੋ ਤੇ ਖੁਦ ਅੰਦਾਜ਼ਾ ਲਗਾ ਲਵੋ।

ਇੱਕ ਮਦਰੱਸੇ ਵਿੱਚ ਮੌਲਵੀ ਬੱਚਿਆਂ ਨਾਲ਼ ਬਦਫ਼ੈਲੀ ਕਰਦਾ ਫੜਿਆ ਗਿਆ। ਜਿਵੇਂ ਲੁੱਚਾ ਸਿੰਘ ਸੁੱਚਾ ਫੜਿਆ ਗਿਆ ਸੀ। ਮੌਲਵੀ ਦੇ ਖ਼ਿਲਾਫ਼ ਇਕੱਠ ਕੀਤਾ, ਮੌਲਵੀ ਨੂੰ ਪੁੱਛਿਆ ਕਿ “ਤੂੰ ਇਹ ਕੀ ਕਰ ਰਿਹਾ ਹੈ, ਬੱਚਿਆਂ ਨੂੰ ਪੜ੍ਹਾਈ ਕਰਵਾ ਰਿਹਾ ਜਾਂ ਫਿਰ? ਤਾਂ ਉਹ ਕਹਿੰਦਾ, ” ਜਿਵੇਂ ਪੜ੍ਹਿਆ ਹਾਂ, ਓਵੇਂ ਹੀ ਪੜ੍ਹਾ ਰਿਹਾ ਹਾਂ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿੱਚ ਲਗਾਤਾਰ ਖੋਜ ਕਾਰਜ ਹੋ ਰਿਹਾ ਹੈ। ਮੀਡੀਆ ਨੂੰ ਇੱਕ ਮੁਲਾਕਾਤ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾਕਟਰ ਅਰਵਿੰਦ ਨੇ ਕਿਹਾ ਸੀ ਕਿ ਹੁਣ ਯੂਨੀਵਰਸਿਟੀਆਂ ਵਿੱਚ ਖੋਜ ਨਹੀਂ ਹੁੰਦੀ, ਸਿਰਫ਼ ਖ਼ਾਨਾਪੂਰਤੀ ਹੁੰਦੀ ਹੈ, ਯੂਨੀਵਰਸਿਟੀਆਂ ਦੇ ਵਿੱਚ ਵਿਦਵਾਨਾਂ ਦਾ ਕਾਲ ਪੈ ਗਿਆ ਹੈ।

ਇਹ ਗੱਲ ਦਰੁਸਤ ਹੈ ਕਿ ਹੁਣ ਯੂਨੀਵਰਸਿਟੀਆਂ ਦੇ ਵਿੱਚ ਵਿਦਵਾਨ ਨਹੀਂ, ਸਿਆਸੀ ਆਗੂ ਅਧਿਆਪਕ ਹਨ। ਜਿਹੜੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਲੀਡਰੀ ਕਰਦੇ ਹਨ, ਉਹ ਕਿਵੇਂ ਹਥਿਆਉਣੀ ਹੈ, ਇਸ ਲਈ ਵੋਟਾਂ ਪਵਾਉਣੀਆਂ ਪੈਣ ਜਾਂ ਫਿਰ ਸਰਬ ਸੰਮਤੀ ਨਾਲ ਚੁਣਿਆ ਜਾਵੇ? ਇਸ ਲਈ ਉਹ ਸਿਆਸੀ ਆਗੂਆਂ ਵਾਂਗ ਜੋੜ ਤੋੜ, ਲੈਣ ਦੇਣ ਕਰਦੇ ਹਨ। ਤੁਸੀਂ ਆਪ ਸਮਝਦੇ ਹੋ ਕਿ ਪਿਛਲੇ ਸਮਿਆਂ ਵਿੱਚ ਕੀ ਹੋਇਆ ਹੈ ਤੇ ਭਵਿੱਖ ਵਿੱਚ ਕੀ ਹੋਵੇਗਾ?
ਪੰਜਾਬੀ ਸਾਹਿਤਕ ਸੰਸਾਰ ਵਿੱਚ ਖੋਜ ਕਾਰਜਾਂ ਦੇ ਬਲਬੂਤੇ ਤੇ ਪੀ-ਐਚ. ਡੀ ਦੀ ਡਿਗਰੀ ਲੈਣ ਵਾਲੇ ਡਾਕਟਰਾਂ ਦਾ ਦਰਜਾ ਨਿਰਸੰਦੇਹ ਬਹੁਤ ਉੱਚਾ ਬਣਿਆ ਹੋਇਆ ਹੈ। ਡਾਕਟਰ ਬਣਨ ਪਿੱਛੋਂ ਉਨਾਂ ਨੂੰ ਕਿਸੇ ਲੇਖਕ ਦੀ ਲਿਖਤ ਬਾਰੇ ਫ਼ਤਵਾ ਜਾਰੀ ਕਰਨ ਦਾ ਸਵੈਸਿੱਧ ਅਧਿਕਾਰ ਪ੍ਰਾਪਤ ਹੋ ਜਾਂਦਾ ਹੈ ਪਰ ਇਹ ਡਿਗਰੀਆਂ ਪ੍ਰਾਪਤ ਕਰਨ ਤੇ ਦਿਵਾਉਣ ਵਿੱਚ ਕਿਸ ਕਿਸਮ ਦੀ ਜਾਲਸਾਜ਼ੀਆਂ ਤੇ ਚੋਰੀਆਂ ਚੱਲਦੀਆਂ ਹਨ, ਇਹ ਮੁੱਦਾ ਸਾਹਿਤ ਦੇ ਪਾਠਕਾਂ ਲਈ ਜ਼ਰੂਰ ਦਿਲਚਸਪ ਹੋਵੇਗਾ।

ਅਸਲ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਵੱਲੋਂ ਚੋਰੀ ਦੇ ਥੀਸਿਸਾਂ ਦੇ ਸਿਰ ‘ਤੇ ਦਿੱਤੀਆਂ ਜਾਂਦੀਆਂ ਐਮ.ਫਿਲ. ਤੇ ਪੀਐਚ. ਡੀ ਦੀਆਂ ਡਿਗਰੀਆਂ ਦੀ ਤਦਾਦ ਹੁਣ ਇਸ ਕਦਰ ਹੋ ਗਈ ਹੈ ਕਿ ਇਨਾਂ ਨੂੰ ‘ਸਾਹਿਤਕ ਚੋਰ ਡਿਗਰੀ ਦਾ ਪ੍ਰਮਾਣ-ਪੱਤਰ’ ਆਖ ਦੇਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਹ ਡਿਗਰੀਆਂ ਦੇਣ ਲਈ ਪਹਿਲੀ ਤੇ ਲਾਜ਼ਮੀ ਸ਼ਰਤ ਇਹ ਹੈ ਕਿ ‘ਖੋਜ ਮੌਲਿਕ’ ਹੋਵੇ, ਪਰ ਐਮ. ਫਿਲ. ਤੇ ਪੀਐਚ. ਡੀ. ਲਈ ਪ੍ਰਵਾਨ ਕੀਤੇ ਗਏ ਬਹੁਤੇ ਖੋਜ ਪ੍ਰਬੰਧਾਂ ਤੇ ਖੋਜ ਨਿਬੰਧਾਂ ਦਾ ਅਧਿਐਨ ਕਰਦਿਆਂ ਇਹ ਗੱਲ ਮੁੱਖ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਨਾਂ ਵਿੱਚ ‘ਮੌਲਿਕ ਖੋਜ’ ਵਾਲੀ ਕੋਈ ਗੱਲ ਹੀ ਨਹੀਂ ਹੁੰਦੀ। ਸ਼ਬਦਾਂ ਦੇ ਮਾੜੇ ਮੋਟੇ ਹੇਰ-ਫੇਰ ਨਾਲ ਪਹਿਲਾਂ ਹੀ ਪ੍ਰਵਾਨ ਹੋ ਚੁੱਕੇ ਥੀਸਿਸ ਦੁਹਰਾਏ ਗਏ ਹਨ। ਕਈ ਥੀਸਿਸਾਂ ਦੀ ਚੋਰੀ ਤਾਂ ਇਸ ਕਦਰ ਨੰਗੀ-ਚਿੱਟੀ ਹੈ ਕਿ ਇਨਾਂ ਨੂੰ ਡਿਗਰੀ ਲਈ ਪ੍ਰਵਾਨ ਕਰਨ ਦੀ ਸਿਫ਼ਾਰਸ਼ ਕਰਨ ਵਾਲੇ ਸਾਡੀਆਂ ਯੂਨੀਵਰਸਿਟੀਆਂ ਦੇ ਵਿਦਵਾਨਾਂ ਦੇ ਕਾਰਨਾਮਿਆਂ ਦਾ ਸਹਿਵਨ ਹੀ ਪਰਦਾਫਾਸ਼ ਹੋ ਜਾਂਦਾ ਹੈ ਤੇ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ।

ਮੰਨਿਆ ਕਿ ਆਮ ਕਰਕੇ ਆਲੋਚਨਾ ਕੋਈ ਮੌਲਿਕ ਕੰਮ ਨਹੀਂ ਪਰ ਦਫ਼ਤਰੀ ਕਾਰਵਾਈ ਪੂਰੀ ਕਰਨ ਲਈ ਉਕਤ ਡਿਗਰੀਆਂ ਲਈ ਪੇਸ਼ ਕੀਤੇ ਜਾਂਦੇ ਥੀਸਿਸਾਂ ਬਾਰੇ ਨਿਗਰਾਨ ਆਪਣੇ ਲੈਟਰ ਪੈਡ ਉੱਤੇ ਉਸ ਦੇ ਮੌਲਿਕ ਕੰਮ ਹੋਣ ਦਾ ਸਰਟੀਫਿਕੇਟ ਜ਼ਰੂਰ ਦਿੰਦਾ ਹੈ, ਜਦਕਿ ਉਸ ਨੂੰ ਪਤਾ ਹੁੰਦਾ ਹੈ ਕਿ ਇਹ ਸਭ ਚੋਰੀ ਦਾ ਮਾਲ ਹੈ। ਇਹ ਸਭ ਕੁੱਝ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਅਸਲ ਵਿੱਚ ਪੀਐਚ. ਡੀ ਡਿਗਰੀਆਂ ਦੇ ਖੇਤਰ ਵਿੱਚ ਜਿੰਨੀ ਧਾਂਦਲੀ ਹੈ, ਓਨੀ ਸ਼ਾਇਦ ਹੀ ਕਿਸੇ ਹੋਰ ਖੇਤਰ ਵਿੱਚ ਹੋਵੇ, ਉਂਝ ਇਹ ਡਿਗਰੀਆਂ ਦਿਵਾਉਣ ਵਾਲੇ ਵਿਦਵਾਨਾਂ, ਪੰਡਿਤਾਂ ਤੇ ਡਾਕਟਰਾਂ ਦੇ ਖੁਦ ਦੇ ਕੰਮ ਵਿਚੋਂ ਕਿੰਨਾਂ ਕੁ ਇਨਾਂ ਦਾ ਆਪਣਾ ਹੈ, ਇਹ ਛਾਣਬੀਣ ਕਰਨ ਦੀ ਵੀ ਲੋੜ ਹੈ। ਕਈ ਵਿਦਵਾਨ ਸੱਜਣ ਤਾਂ ਵਿਦੇਸ਼ੀ ਆਰਟੀਕਲ, ਕਿਤਾਬਾਂ ਤੇ ਥਿਊਰੀਆਂ ਸਿੱਧੀਆਂ ਹੀ ਚੁਰਾ ਕੇ ਆਪਣੇ ਨਾਂ ਹੇਠ ਛਪਵਾਈ ਜਾਂਦੇ ਹਨ।

ਪੰਜਾਬ, ਜੰਮੂ, ਕੁਰਕਸ਼ੇਤਰ, ਦਿੱਲੀ ਤੇ ਚੰਡੀਗੜ੍ਹ ਵਿਚਲੀਆਂ ਯੂਨੀਵਰਸਿਟੀਆਂ ਵਿੱਚ ਇੱਕੋ ਹੀ ਵਿਸ਼ੇ ਉਪਰ ਵਾਰ-ਵਾਰ ਕੰਮ ਕਰਵਾਇਆ ਜਾ ਰਿਹਾ ਹੈ, ਥੀਸਿਸ ਦੇ ਟਾਈਟਲ ਦੇ ਕੁੱਝ ਸ਼ਬਦ ਤੇ ਯੂਨੀਵਸਿਟੀ ਬਦਲ ਕੇ ਪਹਿਲਾਂ ਕੀਤੇ ਕੰਮ ਦੇ ਸਿਰ ‘ਤੇ ਹੀ ਨਵੇਂ ਡਿਗਰੀ ਪ੍ਰਦਾਨ ਕੀਤੀ ਜਾਂਦੀ ਹੈ। ਹੁਣ ਇੱਕ ਥੀਸਿਸ ਲਿਖਣ ਦਾ ਦੋ ਲੱਖ ਰੁਪਏ ਰੇਟ ਹੈ, ਉਹ ਇਨ੍ਹਾਂ ਥੀਸਿਸਾਂ ਵਿੱਚੋਂ ਕਿੱਥੋਂ-ਕਿੱਥੋਂ ਚੁੱਕ ਕੇ ਸਮੱਗਰੀ ਫਿੱਟ ਕਰਦਾ ਹੈ, ਉਸ ਨੂੰ ਪੁੱਛਣ ਵਾਲਾ ਕੋਈ ਨਹੀਂ, ਫਿਰ ਉਸ ਵਿਦਵਾਨ ਦੇ ਲੰਗੋਟੀਏ ਯਾਰ ਹੀ ਇਨ੍ਹਾਂ ਥੀਸਿਸਾਂ ਵਾਲੇ ਕੈਂਡੀਡੇਟਾਂ ਦਾ ਵਾਈਵਾ ਲੈਂਦੇ ਹਨ। ਏਹੀ ਕੰਮ ਅੱਜਕੱਲ੍ਹ ਹੋ ਰਿਹਾ, ਲੁਧਿਆਣੇ ਦੇ ਇੱਕ ਵਿਦਵਾਨ ਨੇ 70 ਦੇ ਕੁਰੀਬ ਖੋਜ-ਪ੍ਰਬੰਧ ਏਂਦਾਂ ਹੀ ਲਿਖਵਾਏ ਸਨ, ਇੰਨਾਂ ਵਿਚ ਸਾਰੀਆਂ ਹੀ ਬੀਬੀਆਂ ਹਨ। ਹੋਰ ਕਿਹੜੇ ਵਿਦਵਾਨਾਂ ਨੇ ਇਹ ਕਾਲਾ-ਕਾਰੋਬਾਰ ਦਾ ਕੰਮ ਕੀਤਾ, ਉਹਨਾਂ ਦੇ ਨਾਂ ਵੀ ਪੇਸ਼ ਕਰਾਂਗਾ ਤੇ ਅੱਜਕੱਲ੍ਹ ਏ ਕੰਮ ਕੌਣ ਕੌਣ ਕਰ ਤੇ ਕਰਵਾ ਰਿਹਾ ਹੈ? ਕਦੇ ਦੱਸਾਂਗਾ। ਇਸ ਗੋਰਖਧੰਦੇ ਦਾ ਮਾਲ ਇੰਜ ਕਾਲੇ ਧਨ ਨੂੰ ਸਫੈਦ ਕਰਨ ਵਾਂਗ ਇਹ ਚੋਰੀ ਦਾ ਮਾਲ ਸਹਿਜ ਹੀ ਸਫੈਦ ਹੋ ਜਾਂਦਾ ਹੈ, ਜੰਮੂ ਤੇ ਕੁਰਕਸ਼ੇਤਰ ਵਿੱਚ ਤਾਂ ਕਈ ਥੀਸਿਸ ਅਜਿਹੇ ਵੀ ਹਨ, ਜਿੰਨਾਂ ਦਾ ਸਿਰਫ਼ ਗਾਈਡ ਤੇ ਖੋਜਾਰਥੀ ਹੀ ਬਦਲਿਆ ਗਿਆ ਹੈ, ਬਾਕੀ ਪੰਨਾ-ਪੰਨਾ ਉਹਨਾਂ ਦਾ ਸਾਂਝਾ ਹੈ।

ਸਮੁੱਚੀਆਂ ਯੂਨੀਵਰਸਿਟੀਆਂ ਵਿੱਚ 2300 ਤੋਂ ਉੱਪਰ ਪੇਸ਼ ਹੋਏ ਪੀ-ਐਚ. ਡੀ ਥੀਸਿਸਾਂ ਦੀ ਜਾਂਚ ਜੇ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਈ ਜਾਏ ਤਾਂ ਪਤਾ ਲੱਗ ਜਾਵੇਗਾ ਕਿ ਇਕੱਲੇ-ਇਕੱਲੇ ਵਿਦਵਾਨ ਦੀ ਅਗਵਾਈ ਹੇਠ ਕਿੰਨੇ ਥੀਸਿਸ ਪੇਸ਼ ਹੋਏ, ਉਨ੍ਹਾਂ ਥੀਸਿਸਾਂ ਵਿੱਚ ਕੀ ਹੈ? ਪਰ ਇਹ ਨਿਰਪੱਖ ਜਾਂਚ ਕੌਣ ਕਰਵਾਏਗਾ ? ਇਸ ਹਮਾਮ ਵਿੱਚ ਸਭ ਨੰਗੇ ਹਨ। ਨਾਲੇ ਜਦੋਂ ਡਿਗਰੀ ਮਿਲ ਗਈ-ਨੌਕਰੀ ਮਿਲੇਗੀ, ਜੇ ਨੌਕਰੀ ਮਿਲ ਗਈ ਫੇਰ ਥੀਸਿਸ ਨੂੰ ਕੀਹਨੇ ਪੁੱਛਣਾ ਹੈ? ਫੇਰ ਤਾਂ ਅਗਲਾ ਵਿਦਵਾਨ ਬਣ ਜਾਂਦਾ ਹੈ। ਇੱਕ ਸਰਵੇਖਣ ਮੁਤਾਬਕ 2300 ਵਿੱਚ ਥੀਸਿਸ ਪੇਸ਼ ਕਰਨ ਵਾਲਿਆਂ ਵਿੱਚੋਂ 80 ਫ਼ੀਸਦੀ ਤੋਂ ਉੱਪਰ ਬੀਬੀਆਂ ( ਸਣੇ ਕਾਕੇ ) ਸਨ, ਉਹ ਬੀਬੀਆਂ ਜੋ ਅੱਜ ਡਾਕਟਰ ਬਣ ਚੁੱਕੀਆਂ ਹਨ, ਅਸਲ ਵਿੱਚ ਜਦੋਂ ਵੀ ਕਦੀ ਯੂ. ਜੀ .ਸੀ. ਵੱਲੋਂ ਇਹ ਸ਼ਰਤ ਰੱਖੀ ਜਾਂਦੀ ਹੈ ਕਿ ਕਾਲਜ ਵਿੱਚ ਅਧਿਆਪਕ ਦੀ ਨੌਕਰੀ ਲਈ ਪੀਐਚ. ਡੀ. ਜਾਂ ਯੂ. ਜੀ. ਸੀ. ਪਾਸ ਵਿੱਚੋਂ ਇੱਕ ਦਰਜਾ ਹਾਸਲ ਹੋਇਆ ਹੋਣਾ ਲਾਜ਼ਮੀ ਹੈ ਤਾਂ ਪੀ-ਐਚ. ਡੀ ਕਰਨ ਵਾਲਿਆਂ ਦਾ ਹੜ੍ਹ ਆ ਜਾਂਦਾ ਹੈ।

ਓਸ ਸਮੇਂ ਜਿੰਨੀਆਂ ਡਿਗਰੀਆਂ ਪੀ-ਐਚ. ਡੀ ਦੀਆਂ ਹੁੰਦੀਆਂ ਹਨ, ਓਨੀਆਂ ਪਿਛਲੇ ਦਸਾਂ ਸਾਲਾਂ ਵਿੱਚ ਨਹੀਂ ਹੋਈਆਂ ਹੁੰਦੀਆਂ। ਉਂਝ ਹੈਰਾਨੀ ਹੁੰਦੀ ਹੈ ਕਿ ਯੂ. ਜੀ. ਸੀ. ਵਾਲਿਆਂ ਨੂੰ ਇਸ ਵਰਤਾਰੇ ਬਾਰੇ ਸ਼ੰਕਾ ਕਿਉਂ ਨਹੀਂ ਹੁੰਦੀ ? ਪਰ ਹੋਵੇ ਵੀ ਕਿਵੇਂ? ਜਦੋਂ ਇਸ ਹਮਾਮ ਵਿੱਚ ਸਭ ਨੰਗੇ ਹਨ। ਚੋਰ ਤੇ ਕੁੱਤੀ ਰਲੇ ਹਨ। ਵਾੜ ਖੇਤ ਨੂੰ ਖਾ ਰਹੀ ਹੈ। ਸੋਚਦਾ ਹਾਂ ਕਿ ਖੋਜ ਖੇਤਰ ਵਿੱਚ ਹੋ ਰਹੀ ਇਹ ਚੋਰੀ ਤਾਂ ਫਿਰ ਵੀ ਛੋਟਾ ਨੁਕਸਾਨ ਹੈ, ਵੱਡਾ ਨੁਕਸਾਨ ਤਾਂ ਇਹ ਵਿਦਵਾਨ ਸਾਡੀ ਨੌਜਵਾਨ ਪੀੜੀ ਦੇ ਦਿਲ-ਦਿਮਾਗ ਦਾ ਕਰ ਰਹੇ ਹਨ। ਨੌਜਵਾਨ ਪੀੜ੍ਹੀ ਨੂੰ ਮਿਹਨਤ ਕਰਨ ਤੋਂ ਰੋਕ ਕੇ, ਚੋਰੀ ਕਰਨ ਦੇ ਗੁਰ ਸਿਖਾ ਰਹੇ ਹਨ। ਪੜੇ-ਲਿਖੇ ਅਨਪੜ੍ਹਾਂ ਦੀ ਫੌਜ ਵੱਧ ਰਹੀ ਹੈ। ਕਿਸੇ ਨੂੰ ਇਸ ਦਾ ਕੀ ਦਰਦ ਐ? ਇਸ ਨਵੀਂ ਕਿਸਮ ਦੀ ਚੋਰੀ ਦੀ ਰਪਟ ਅਸੀਂ ਕਿਸ ਦੇ ਖ਼ਿਲਾਫ਼ ਤੇ ਕਿੱਥੇ ਲਿਖਵਾਈਏ? ਕਿਉਂਕਿ ਆਵਾ ਹੀ ਊਤਿਆ ਪਿਆ ਹੈ। ਇਸ ਪ੍ਰਤੀ ਸਾਡੀਆਂ ਅਧਿਆਪਕ (ਕਾਲਜ, ਯੂਨੀਵਰਸਿਟੀ) ਜੱਥੇਬੰਦੀਆਂ ਵੀ ਚੁੱਪ ਹਨ। ਇਹ ਆਪਣੀਆਂ ਤਨਖ਼ਾਹਾਂ ਪ੍ਰਤੀ ਲੜਦੀਆਂ ਹਨ ਪਰ ਇਨਾਂ ਨੇ ਯੂਨੀਵਰਸਿਟੀ ਵਿੱਚ ਹੋ ਰਹੀਆਂ ਇਨਾਂ ਧਾਂਦਲੀਆਂ ਨੂੰ ਲੋਕਾਂ ਸਾਹਮਣੇ ਨੰਗਾ ਕਰਨ ਦੀ ਕਦੇ ਜ਼ਹਿਮਤ ਨਹੀਂ ਉਠਾਈ ਪਰ

ਯੂਨੀਵਰਸਿਟੀਆਂ ਵਿੱਚ ਪ੍ਰੋਜੈਕਟ ਦੀ ਆੜ ਵਿੱਚ ਜੋ ਸ਼ਰੇਆਮ ਚੋਰੀ ਹੋ ਰਹੀ ਹੈ, ਉਸ ਬਾਰੇ ਕੌਣ ਲਿਖੇਗਾ? ਇਹ ਪ੍ਰੋਜੈਕਟਾਂ ਦਾ ਆਮ ਲੋਕਾਂ ਕੀ ਲਾਭ ਹੈ? ਹੁਣ ਤਾਂ ਇਹ ਰਪਟ ਹਵਾ ‘ਚ ਹੀ ਲਿਖੀ ਜਾ ਸਕਦੀ ਹੈ ਪਰ ਹਵਾ ‘ਚ ਲਿਖੀ ਰਪਟ ਨੂੰ ਕੌਣ ਪੜ੍ਹੇਗਾ? ਕਿਤਾਬਾਂ ਦੇ ਵਿੱਚੋਂ ਕਿਤਾਬਾਂ ਤੇ ਥੀਸਿਸਾਂ ਦੇ ਵਿੱਚੋਂ ਥੀਸਿਸ ਬਣ ਰਹੇ ਹਨ ਤੇ ਉਹ ਕਾਲਜ ਤੇ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਹਨੇਰਾ ਵਧਾ ਰਹੇ ਹਨ। ਆਖਿਰ ਕਦੋਂ ਤੱਕ ਇਹ ਸਿਲਸਿਲਾ ਚੱਲਦਾ ਰਹੇਗਾ ? ਹੁਣ ਤੇ ਪੰਜਾਬ ਦੇ ਨਿੱਜੀ ਯੂਨੀਵਰਸਿਟੀਆਂ ਏਨੀਆਂ ਹੋ ਗਈਆਂ ਹਨ ਕਿ ਸ਼ਹਿਰ ਦੇ ਵਿੱਚ ਪ੍ਰਚੂਨ ਦੀਆਂ ਦੁਕਾਨਾਂ ਬਣ ਗਈਆਂ ਹਨ ਜਿੱਥੇ ਹਰ ਤਰ੍ਹਾਂ ਦੀ ਡਿਗਰੀ ਤੁਸੀਂ ਖਰੀਦ ਸਕਦੇ ਹੋ, ਮੁੱਲ ਵਿਕਦੀਆਂ ਡਿਗਰੀਆਂ ਦੇ ਇਹ ਸਾਡੇ ਸਿੱਖਿਆ ਸ਼ਾਸਤਰੀ ਜਦੋਂ ਸਿਖਿਆ ਦੇ ਖੇਤਰ ਵਿੱਚ ਜਾਣਗੇ ਤਾਂ ਤੁਸੀਂ ਆਪਣੇ ਬੱਚਿਆਂ ਦਾ ਕਿਹੋ ਜਿਹਾ ਭਵਿੱਖ ਦਾ ਕੀ ਹਾਲ ਹੋਵੇਗਾ ?

ਇਹ ਵਰਤਾਰਾ ਘੱਟ ਹੋਣ ਦੀ ਵਜਾਏ ਦਿਨੋ ਦਿਨ ਵੱਧ ਰਿਹਾ ਹੈ। ਮੈਂ ਪਿਛਲੇ ਪੱਚੀ ਸਾਲਾਂ ਤੋਂ ਲਗਾਤਾਰ ਸਿੱਖਿਆ ਦੇ ਮਾਫੀਏ ਦੇ ਖਿਲਾਫ਼ ਆਵਾਜ਼ ਚੁੱਕ ਰਿਹਾ ਹਾਂ, ਸਭ ਤਮਾਸ਼ਾ ਦੇ ਰਹੇ ਹਨ ਕੋਈ ਵੀ ਨਹੀਂ ਬੋਲਦਾ। ਅਸੀਂ ਆਪਣੇ ਗਿਰੇਵਾਨ ਵਿੱਚ ਕਿਉਂ ਨੀ ਝਾਤੀ ਮਾਰਦੇ ਤੇ ਜਿਹੜੇ ਵਿਦਵਾਨ ਚੰਗਾ ਕਰ ਰਹੇ ਹਨ ਉਹ ਵੀ ਚੁੱਪ ਹਨ। ਬਹੁਤੇ ‘ਵਿਦਵਾਨ’ ਪੌਂਡ ਕਾਸਟ ਰਾਹੀਂ ਨੈਤਿਕ ਕਦਰਾਂ ਕੀਮਤਾਂ ਦੇ ਪ੍ਰਵਚਨ ਦੇਣ ਲੱਗੇ ਹੋਏ ਹਨ, ਕੁੱਝ ਵਿਦੇਸ਼ੀ ਪੁਸਤਕਾਂ ਦੇ ਉਲਥੇ ਕਰਕੇ ਆਪਣੇ ਆਪ ਵਿਦਵਾਨ ਅਖਵਾਉਂਦੇ ਹਨ। ਉਹ ਵਿਦਵਤਾ ਦੇ ਟੋਟਕੇ ਸੁਣਾ ਕੇ ਲੋਕਾਂ ਨੂੰ ਭਰਮਾਉਣ ਲਈ ਪ੍ਰਵਚਨ ਕਰਦੇ ਹਨ। ਹੁਣ ਤੇ ਹਾਲਤ ਇਹ ਬਣ ਗਈ ਕਿ ਇਸ ਹਮਾਮ ਦੇ ਸਾਰੇ ਹੀ ਨੰਗੇ ਲੱਗਦੇ ਹਨ। ਅਸੀਂ ਇਸ ਸਿੱਖਿਆ ਦੇ ਮਾਫੀਏ ਦੇ ਖਿਲਾਫ਼ ਕਿਥੇ ਰਪਟ ਲਿਖਾਈਏ? ਜੇ ਕਿਸੇ ਨੂੰ ਕੋਈ ਥਾਣਾ ਕਚਹਿਰੀ ਦਾ ਪਤਾ ਹੋਵੇ ਤਾਂ ਜਰੂਰ ਪਤਾ ਦੱਸਿਓ ?
Budh-singh-nelon ਬੁੱਧ ਚਿੰਤਨ ਮਸਲਾ PhD ਦਾ/ਬੁੱਧ ਸਿੰਘ ਨੀਲੋਂ
ਬੁੱਧ ਸਿੰਘ ਨੀਲੋਂ
94643-70823

Share this content:

Post Comment