Loading Now

ਕਵਿਤਾ/ਮੇਰੀ ਤ੍ਰੀਮਤ/ਚਰਨਜੀਤ ਸਿੰਘ ਪੰਨੂ ਸਖੀਰਾ

ਕਵਿਤਾ/ਮੇਰੀ ਤ੍ਰੀਮਤ/ਚਰਨਜੀਤ ਸਿੰਘ ਪੰਨੂ ਸਖੀਰਾ

ਹਾਂ! ਮੇਰੀ ਤ੍ਰੀਮਤ,
ਹੁਲੀਆ!
ਕੀ ਕਰੋਗੇ ਪੁੱਛ ਕੇ?
ਉਹ ਸਿੱਧੀ ਸਾਧੀ, ਬੇਢੱਬੀ ਜਿਹੀ ਸੂਰਤ,
ਸਿਨੇਮੇ ਨਹੀਂ ਜਾਂਦੀ ਬਿੰਦੀ ਨਹੀਂ ਲਗਾਉਂਦੀ
ਵਾਲ ਨਹੀਂ ਕਟਾਉਂਦੀ ਭਰਵੱਟੇ ਨਹੀਂ ਬਣਾਉਂਦੀ
ਪਫ ਨਹੀਂ ਪਾਉਂਦੀ ਕਲੱਬ ਨਹੀ ਜਾਂਦੀ
ਕੀ ਕਰੋਗੇ ਪੁੱਛ ਕੇ ਉਹਦੇ ਬਾਰੇ!
ਰੰਗ ਕਣਕਵੰਨਾ ਪਰ ਗੋਰੀ ਹੈ ਅੰਦਰੋਂ
ਪੜ੍ਹੀ ਲਿਖੀ ਪਰ ਕੰਪਿਊਟਰ ਨਹੀਂ ਜਾਣਦੀ
ਜਾਹਲ! ਅਨਪੜ੍ਹਾਂ ਵਰਗੀ।
ਨਿਕੰਮੀ ਹੈ, ਕੰਮ ਨਹੀਂ ਕਰਦੀ।
ਰਾਤ ਸੌਂਦੀ ਹੈ ਥੋੜ੍ਹਾ ਜਿੰਨਾ,
ਉੱਠਦੀ ਹੈ ਕੁੱਕੜ ਬਾਂਗੇ,
ਸਲਾਈਆਂ ਫੜ ਬੈਠਦੀ ਹੈ ਕਦੇ
ਗੁਟਕਾ ਫੜ ਪਾਠ ਕਰਦੀ ਹੈ ਉੱਦਮੀ ਔਰਤ।
ਚਾਟੀ ‘ਚ ਮਧਾਣੀ ਪਾ ਰਿੜਕਦੀ ਹੈ,
ਕਦੇ ਅਟੇਰਨੇ ‘ਤੇ ਗਲੋਟੇ ਅਟੇਰਦੀ ਹੈ।
ਰੋਂਦੇ ਪੋਤੇ ਦੀ ਆਵਾਜ਼ ਸੁਣ, ਨੂੰਹ ਪੁੱਤ ਵਿਚਾਲਿਓਂ
ਚੁੱਕ ਲਿਆਉਂਦੀ ਚੁੰਘਣੀ ਫੜ ਦੁੱਧ ਪਿਆਉਂਦੀ
ਚੁੱਪ ਕਰਾਉਂਦੀ ਹੈ।
ਸੀ ਸੀ ਕਰਦੀ ਪੈਰਾਂ ਤੇ ਬਿਠਾਉਂਦੀ
ਸੁਸੂ ਪੋਟੀ ਕਰਾਉਂਦੀ ਹੈ।
ਭਾਈ ਦੇ ਸ਼ਬਦ ਸੁਣਦੀ ਬਾਹਰ ਨਿਕਲ ਜਾਂਦੀ ਹੈ
ਹਵੇਲੀ….ਵਾੜੇ।
ਮੰਦਰ ਦੀਆਂ ਟੱਲੀਆਂ ਵਾਂਗ ਕੁੰਡਾ ਖੜਕਾਉਂਦੀ
ਭਈਏ ਨੂੰ ਜਗਾਉਂਦੀ ਹੈ।
ਪੱਠੇ ਪਵਾਉਂਦੀ ਧਾਰ ਚੋਂਦੀ ਬਾਲਟੀ ਭਰਦੀ ਹੈ,
ਕਾਮੇ ਨੂੰ ਕੰਮ ਸਮਝਾਉਂਦੀ ਤਾਕੀਦ ਕਰਦੀ
ਘਰ ਮੁੜਦੀ ਹੈ ਜ਼ਿੰਮੇਵਾਰੀਆਂ ਦੀ ਗੁਥਲੀ।
ਘਰ ਮੁੜ ਕੇ
ਮੇਰੇ ਦਫ਼ਤਰ ਵਾਲੇ
ਬਸਤਰ ਕਰਦੀ ਹੈ ਇਸਤਰੀ।
ਚਾਹ ਬਣਾਉਂਦੀ ਬੈੱਡ ਟੀ ਕੱਪ,
ਮੇਰੇ ਸਿਰਹਾਣੇ ਟਿਕਾਉਂਦੀ ਹੈ,
ਘੜੀ ਵੱਲ ਵੇਖਦੀ ਮੇਰੇ ਬੁੱਲ੍ਹਾਂ ਤੇ
ਬੁੱਲ੍ਹੀਆਂ ਛੁਹਾ ਕੇ, ਮਿੱਠਾ ਜਿਹਾ ਬੋਸਾ ਬੀਜਦੀ,
ਮੈਨੂੰ ਜਗਾਉਂਦੀ ਹੈ ਮਲਕੜੇ ਜਿਹੇ।
‘ਉਠੋ ਜੀ! ਕਿੱਡਾ ਦਿਨ ਚੜ੍ਹ ਆਇਐ।’
ਮੇਰੇ ਬਾਥ ਜਾਣ ਤੱਕ, ਮੇਰੇ ਨਹਾਉਣ ਤੱਕ,
ਤਵੇ ਤੇ ਪਰਾਉਂਠੇ ਦੀ ਸੁਣਦੀ ਹੈ ਸੂੰ ਸੂੰ।
ਮੱਖਣ ਦਾ ਪੇੜਾ ਲੱਸੀ ਦਾ ਕੜੇ ਵਾਲਾ ਗਿਲਾਸ,
ਦਹੀਂ ਪਰਾਉਂਠੇ ਪਕਵਾਨ ਟਿਕਾਉਂਦੀ
ਹੱਸੂੰ ਹੱਸੂੰ ਕਰਦੀ ਮੋਢੇ ਤੋਂ ਫੜ
ਮੈਨੂੰ ਮੇਜ਼ ਤੇ ਬਿਠਾਉਂਦੀ ਹੈ ਕਰਮਾਂ ਵਾਲੀ।
ਛੋਟੀ ਜਿਹੀ ਬੁਰਕੀ ਦਹੀਂ ‘ਚ ਭਿਉਂ ਕੇ,
ਚੁਹਲ ਕਰਦੀ ਮੇਰੇ ਮੂੰਹ ‘ਚ ਪਾਉਂਦੀ
ਖਾਣੇ ਦਾ ਉਦਘਾਟਨ ਕਰਦੀ ਹੈ।
ਇਕ ਇਕ ਕਰ ਕੇ ਕੱਪੜੇ ਫੜਾਉਂਦੀ
ਕਮੀਜ਼, ਕੋਟ ਦੀਆਂ ਬਾਂਹਾਂ ਫੜ
ਬਾਂਹਾਂ ‘ਚ ਪਾਉਂਦੀ ਹੈ।
ਟਾਈ ਦੀ ਨਾਟ ਗੰਢਦੀ ਹੈ ਵਫ਼ਾ ਦੀ ਮੂਰਤ।
ਟਾਹ ਟਾਹ ਕਰਦੀ ਮੈਨੂੰ ਵਿਦਾਈ ਦਿੰਦੀ ਹੈ,
ਬੁੱਲ੍ਹੀਆਂ ‘ਚੋਂ ਫੁਲ ਕੇਰਦੀ ਹੋਈ।
ਸ਼ਾਮ ਨੂੰ ਮੇਰੇ ਪਰਤਣ ਤੱਕ
ਕਸੀਦਾ ਕੱਢਦੀ ਫੁਲਕਾਰੀ ‘ਤੇ,
ਨਵੀਂ ਬੁਣਤੀ ਨੂੰਹ ਨੂੰ ਸਿਖਾਉਂਦੀ ਹੈ।
ਮੇਰੇ ਆਉਣ ਦੀ ਉਡੀਕ ਬਹਾਨੇ,
ਚਰਖੇ ‘ਤੇ ਬੈਠੀ ਗੀਤ ਗਾਉਂਦੀ ਹੈ।
ਤੰਦ ਪਾਉਂਦੀ ਹੈ ਪੂਣੀਆਂ ਮੁਕਾਉਂਦੀ ਹੈ,
ਛੱਲੀਆਂ ਬਣਾਉਂਦੀ
ਛਿੱਕੂ ਭਰਦੀ ਹੈ ਸੁਨਹਿਰੀ ਪੈੜੇ ਵਾਲੀ।
ਦਹਿਲੀਜ਼ ‘ਤੇ ਖੜ੍ਹ ਕੇ, ਜਾਂ ਕੋਠੇ ‘ਤੇ ਚੜ੍ਹ ਕੇ,
ਜੇ ਲੇਟ ਹੋਵਾਂ ਤਾਂ ਬਾਹਰ ਫਿਰਨੀ
ਮੋੜ ‘ਤੇ ਖੜ੍ਹ ਕੇ ਉਡੀਕਦੀ ਹੈ ਬੇਸਬਰੀ!
‘ਤੇ ਫਿਰ ਉਹੀ ਚੱਕਰ! ਕੋਹਲੂ ਦੇ ਬੈਲ ਵਾਲਾ।
ਘੁੰਮਦੀ ਹੈ ਹਰਦਮ ਘੜੀ ਦੀਆਂ ਸੂਈਆਂ ਵਾਂਗ
ਫ਼ਰਜ਼ਾਂ ਦੇ ਅਹਿਸਾਸਾਂ ‘ਚ ਜਕੜੀ ਘੁੰਮਦੀ ਜਾਂਦੀ ਹੈ…
ਜੁਲਾਹੇ ਦੀ ਫਿਰਕੀ ਵਾਂਗ।
ਇਹ ਮੇਰੀ ਤ੍ਰੀਮਤ ਹੈ, ਮੇਰੀ ਵਹੁਟੀ ਹੈ।
ਇਹੀ ਪੰਨੂ ਦੀ ਅਰਧੰਗਣੀ ਹੈ।
ਦਸਾਂ ਨਹੁੰਆਂ ਦੀ ਕਾਮੀ ਘਰੇਲੂ ਖ਼ਾਤੂਨ,
ਬਹੁ ਕੰਮੀ, ਕੁਸ਼ਲਤਾ ਦੀ ਮੂਰਤ ਮੇਰੀ ਬੇਗ਼ਮ!
charanjit-singh-pannu ਕਵਿਤਾ/ਮੇਰੀ ਤ੍ਰੀਮਤ/ਚਰਨਜੀਤ ਸਿੰਘ ਪੰਨੂ ਸਖੀਰਾ
ਚਰਨਜੀਤ ਸਿੰਘ ਪੰਨੂ

Share this content:

Post Comment