Loading Now

ਇਸ ਸ਼ਹਿਰ ‘ਚ ‘ਲਾਕਡਾਊਨ’ ਵਰਗੇ ਹਾਲਾਤ

ਇਸ ਸ਼ਹਿਰ ‘ਚ ‘ਲਾਕਡਾਊਨ’ ਵਰਗੇ ਹਾਲਾਤ

ਮੈਕਸੀਕੋ, 25 ਫਰਵਰੀ – ਮੈਕਸੀਕੋ ਦੇ ਕੁਝ ਹਿੱਸਿਆਂ ਵਿੱਚ ਐਤਵਾਰ ਨੂੰ ਹਿੰਸਾ ਭੜਕ ਉੱਠੀ, ਜਦੋਂ ਰਿਪੋਰਟਾਂ ਸਾਹਮਣੇ ਆਈਆਂ ਕਿ ਨਾਮੀ ਡਰੱਗ ਸਰਗਨਾ ਐਲ ਮੇਂਚੋ ਮਾਰਿਆ ਗਿਆ ਹੈ। ਵਿਗੜਦੀ ਸਥਿਤੀ ਕਾਰਨ ਸੜਕੀ ਆਵਾਜਾਈ ਠੱਪ ਹੋ ਗਈ ਅਤੇ ਦੇਸ਼ ਦੇ ਕਈ ਸਭ ਤੋਂ ਵਿਅਸਤ ਹਵਾਈ ਅੱਡਿਆਂ ‘ਤੇ ਹਫੜਾ-ਦਫੜੀ ਦੇ ਵਿਚਕਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ‘ਜਾਲਿਸਕੋ ਨਿਊ ਜਨਰੇਸ਼ਨ ਕਾਰਟੇਲ’ ਦੇ ਮੁਖੀ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਉਸ ਦੇ ਸਮਰਥਕਾਂ ਨੇ ਦੇਸ਼ ਦੇ 20 ਸੂਬਿਆਂ ਵਿੱਚ ਭਾਰੀ ਹਿੰਸਾ ਅਤੇ ਅੱਗਜ਼ਨੀ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਇਸ ਖ਼ੂਨੀ ਸੰਘਰਸ਼ ਵਿੱਚ 25 ਫੌਜੀ ਜਵਾਨਾਂ ਸਮੇਤ 32 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹਵਾਈ ਅੱਡਿਆਂ ‘ਤੇ ਹਮਲੇ 

ਹਿੰਸਾ ਇੰਨੀ ਭਿਆਨਕ ਹੈ ਕਿ ਕਾਰਟੇਲ ਦੇ ਮੈਂਬਰਾਂ ਨੇ ਸਿਰਫ਼ ਸੜਕਾਂ ਹੀ ਨਹੀਂ, ਸਗੋਂ ਹਵਾਈ ਅੱਡਿਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਰਿਪੋਰਟਾਂ ਅਨੁਸਾਰ, ਕਈ ਜਹਾਜ਼ਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ ਤਾਂ ਜੋ ਫੌਜੀ ਕਾਰਵਾਈ ਵਿੱਚ ਰੁਕਾਵਟ ਪਾਈ ਜਾ ਸਕੇ ਅਤੇ ਹਵਾਈ ਸੰਪਰਕ ਤੋੜਿਆ ਜਾ ਸਕੇ। ਕਈ ਜਗ੍ਹਾ ਰਨਵੇਅ ‘ਤੇ ਗੱਡੀਆਂ ਖੜ੍ਹੀਆਂ ਕਰਕੇ ਉਡਾਨਾਂ ਨੂੰ ਰੋਕ ਦਿੱਤਾ ਗਿਆ ਹੈ।

ਬੈਂਕਾਂ ਨੂੰ ਬੁਰੀ ਤਰ੍ਹਾਂ ਪਹੁੰਚਾਇਆ ਗਿਆ ਨੁਕਸਾਨ

ਗੁੱਸੇ ਵਿੱਚ ਆਏ ਮੈਂਚੋ ਦੇ ਸਮਰਥਕਾਂ ਨੇ ਸਰਕਾਰੀ ਸੰਪੱਤੀ ਨੂੰ ਨਿਸ਼ਾਨਾ ਬਣਾਉਂਦੇ ਹੋਏ 20 ਤੋਂ ਵੱਧ ਬੈਂਕਾਂ ਦੀਆਂ ਸ਼ਾਖਾਵਾਂ ਨੂੰ ਅੱਗ ਲਗਾ ਦਿੱਤੀ ਹੈ। ਸ਼ਹਿਰਾਂ ਵਿੱਚ ਲੁੱਟ-ਖੋਹ ਅਤੇ ਭੰਨ-ਤੋੜ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਜਿਸ ਕਾਰਨ ਆਮ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।

ਜਾਲਿਸਕੋ ਸ਼ਹਿਰ ਵਿੱਚ ‘ਲਾਕਡਾਊਨ’

2026 ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਪ੍ਰਮੁੱਖ ਸ਼ਹਿਰ ਜਾਲਿਸਕੋ ਵਿੱਚ ਇਸ ਸਮੇਂ ਕਰਫਿਊ ਅਤੇ ਲਾਕਡਾਊਨ ਵਰਗੀ ਸਥਿਤੀ ਹੈ। ਬਾਜ਼ਾਰ, ਸਕੂਲ ਅਤੇ ਦਫ਼ਤਰ ਪੂਰੀ ਤਰ੍ਹਾਂ ਬੰਦ ਹਨ। ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ, ਕਿਉਂਕਿ ਸੜਕਾਂ ‘ਤੇ ਹਥਿਆਰਬੰਦ ਗੈਂਗਸਟਰ ਘੁੰਮ ਰਹੇ ਹਨ। ਦੱਸ ਦੇਈਏ ਕਿ ਮੈਕਸੀਕੋ ਦੀ ਫੌਜ ਨੇ ਇੱਕ ਬੇਹੱਦ ਗੁਪਤ ਅਤੇ ਦਲੇਰਾਨਾ ਆਪ੍ਰੇਸ਼ਨ ਚਲਾਇਆ ਸੀ। ਰੱਖਿਆ ਮੰਤਰੀ ਰਿਕਾਰਡੋ ਟ੍ਰੇਵਿਲਾ ਮੁਤਾਬਕ, ਫੌਜ ਨੇ ਮੈਂਚੋ ਦੀ ਪ੍ਰੇਮਿਕਾ ਦਾ ਪਿੱਛਾ ਕਰਕੇ ਉਸ ਦੀ ਲੋਕੇਸ਼ਨ ਦਾ ਪਤਾ ਲਗਾਇਆ। ਐਤਵਾਰ ਨੂੰ ਹੋਈ ਮੁੱਠਭੇੜ ਦੌਰਾਨ ਮੈਂਚੋ ਗੰਭੀਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਹੈਲੀਕਾਪਟਰ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਅਮਰੀਕਾ ਨੇ ਇਸ ਖ਼ਤਰਨਾਕ ਅਪਰਾਧੀ ‘ਤੇ 136 ਕਰੋੜ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।

ਭਾਰਤੀਆਂ ਲਈ ਐਡਵਾਈਜ਼ਰੀ ਜਾਰੀ

ਮੈਕਸੀਕੋ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਭਾਰਤੀ ਦੂਤਾਵਾਸ ਚਿੰਤਤ ਹੈ। ਦੂਤਾਵਾਸ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਸਾਰੇ ਭਾਰਤੀਆਂ ਨੂੰ ਬੇਲੋੜੀ ਯਾਤਰਾ ਤੋਂ ਬਚਣ, ਭੀੜ ਵਾਲੇ ਇਲਾਕਿਆਂ ਅਤੇ ਪ੍ਰਦਰਸ਼ਨ ਵਾਲੀਆਂ ਥਾਵਾਂ ਤੋਂ ਦੂਰ ਰਹਿਣ, ਅਤੇ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ।

Share this content:

Post Comment