ਏਆਈ ’ਚ ਵੱਡੀਆਂ ਸੰਭਾਵਨਾਵਾਂ
ਤਕਨੀਕ ਦੇ ਯੁੱਗ ’ਚ ਇਸ ਦੀਆਂ ਹੱਦਾਂ ਤੈਅ ਕਰਨੀਆਂ ਸੌਖਾ ਕੰਮ ਨਹੀਂ ਹੈ। ਇਸ ਪਾਸੇ ਨਿੱਤ ਨਵੀਆਂ ਖੋਜਾਂ ਹੋ ਰਹੀਆਂ ਹਨ ਤੇ ਇਸ ਨੂੰ ਲੋਕਾਂ ਦੀ ਸਹੂਲਤ ਮੁਤਾਬਕ ਤਿਆਰ ਕਰਨ ਲਈ ਦੁਨੀਆ ਦੇ ਸਾਰੇ ਦੇਸ਼ ਕੰਮ ਕਰ ਰਹੇ ਹਨ। ਭਾਰਤ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਏਆਈ ਦੇ ਖੇਤਰ ’ਚ ਆਲਮੀ ਪੱਧਰ ’ਤੇ ਆਪਣਾ ਦਬਦਬਾ ਕਾਇਮ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਪੰਜ ਦਿਨਾ ਏਆਈ ਸਮਿੱਟ ਇਸੇ ਲੜੀ ’ਚ ਇਕ ਵੱਡਾ ਕਦਮ ਕਿਹਾ ਜਾ ਸਕਦਾ ਹੈ। ਇਸ ’ਚ 135 ਮੁਲਕਾਂ ਦੇ ਡੈਲੀਗੇਟ ਹਿੱਸਾ ਲੈ ਰਹੇ ਹਨ।
ਬਹੁਤ ਸਾਰੀਆਂ ਕੈਪੀਟਲ ਕੰਪਨੀਆਂ ਦੇ ਮੁਖੀ ਵੀ ਇਸ ਸੰਮੇਲਨ ’ਚ ਪਹੁੰਚੇ ਹੋਏ ਹਨ। ਦੂਜੇ ਪਾਸੇ ਲੋਕਾਂ ਦੀ ਵੱਡੀ ਸ਼ਮੂਲੀਅਤ ਵੀ ਏਆਈ ਅਤੇ ਖੋਜਾਂ ਨੂੰ ਜਾਣਨ ਦੀ ਸ਼ਾਹਦੀ ਭਰ ਰਹੀ ਹੈ। ਦਰਅਸਲ, ਇਸ ਸੰਮੇਲਨ ਰਾਹੀਂ ਸਿਹਤ, ਖੇਤੀਬਾੜੀ ਤੇ ਸਿੱਖਿਆ ਖੇਤਰ ’ਚ ਲੋਕਾਂ ਦਾ ਜੀਵਨ ਪੱਧਰ ਬਦਲਣ ਲਈ ਮੌਕੇ ਲੱਭੇ ਜਾਣਗੇ। ਆਲਮੀ ਰਿਪੋਰਟਾਂ ਦੀ ਮੰਨੀਏ ਤਾਂ ਭਾਰਤ ’ਚ ਏਆਈ ਟੇਲੈਂਟ 33 ਫ਼ੀਸਦ ਦੀ ਦਰ ਨਾਲ ਵਧ ਰਿਹਾ ਹੈ। ਦੇਸ਼ ’ਚ 92 ਪ੍ਰਤੀਸ਼ਤ ਕਰਮਚਾਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਰਹੇ ਹਨ। ਇਸ ਨਾਲ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਹੁਤ ਹਨ ਪਰ ਇਸ ਦੀ ਵਰਤੋਂ ਪੂਰੀ ਚੌਕਸੀ ਨਾਲ ਕਰਨੀ ਪੈਂਦੀ ਹੈ। ਏਆਈ ਦਾ ਇਕ ਉਹ ਹਿੱਸਾ ਹੈ ਜੋ ਇਸ ਖੇਤਰ ’ਚ ਲਗਾਤਾਰ ਖੋਜਾਂ ਕਰ ਰਿਹਾ ਹੈ ਤੇ ਦੂਜੇ ਪਾਸੇ ਇਸ ਨੂੰ ਵਰਤਣ ਵਾਲੇ ਹਨ।
ਏਆਈ ਇਕ ਅਜਿਹੀ ਤਕਨੀਕ ਹੈ ਜਿਸ ਨਾਲ ਕੰਪਿਊਟਰ ਜਾਂ ਮਸ਼ੀਨ ਮਨੁੱਖ ਵਾਂਗ ਸੋਚਦਾ ਹੈ ਤੇ ਉਸ ਦੀ ਲੋੜ ਮੁਤਾਬਕ ਨਤੀਜੇ ਤਿਆਰ ਕਰਦਾ ਹੈ। ਇਸ ’ਚ ਸਵਾਲਾਂ ਦੇ ਜਵਾਬ, ਚਿਹਰਿਆਂ ਦੀ ਪਛਾਣ, ਗੱਲਬਾਤ ਅਤੇ ਇੱਥੋਂ ਤੱਕ ਕਿ ਸਾਡੀਆਂ ਮਾਨਸਿਕ ਚਿੰਤਾਵਾਂ ਦਾ ਹੱਲ ਕੱਢਣਾ ਵੀ ਸ਼ਾਮਲ ਹੈ। ਚੈਟ ਜੀਪੀਟੀ, ਜੈਮੇਨਈ ਤੇ ਗ੍ਰੋਕ ਐਪ ਇਸ ਦੀਆਂ ਸਟੀਕ ਉਦਾਹਰਨਾਂ ਹਨ।
ਭਾਰਤ ’ਚ ਇਸ ਵੇਲੇ 1 ਕਰੋੜ ਤੋਂ ਵੱਧ ਲੋਕ ਚੈਟ ਜੀਪੀਟੀ ਵਰਤ ਰਹੇ ਹਨ। ਭਾਰਤ ਦੁਨੀਆ ਦੇ ਮੁਕਾਬਲੇ ਇਸ ਦਾ ਦੂਜਾ ਸਭ ਤੋਂ ਵੱਡਾ ਬਾਜ਼ਾਰ ਹੈ। ਮਾਈਕ੍ਰੋਸਾਫਟ ਵੱਲੋਂ ਕੀਤੇ ਗਏ ਸਰਵੇਖਣ ਮੁਤਾਬਕ 65% ਲੋਕ ਏਆਈ ਵਰਤਦੇ ਹਨ। ਏਆਈ ’ਚ ਇਕ ਪਾਸੇ ਭਵਿੱਖ ਨੂੰ ਲੈ ਕੇ ਅਸੀਮ ਸੰਭਾਵਨਾਵਾਂ ਹਨ ਤੇ ਦੂਜੇ ਪਾਸੇ ਇਸ ਦੀ ਗ਼ਲਤ ਵਰਤੋਂ ਚਿੰਤਾ ਦਾ ਵਿਸ਼ਾ ਹੈ। ਕਿਸੇ ਇਕ ਵਿਅਕਤੀ ਦੀ ਦੂਜੇ ਨਾਲ ਗ਼ਲਤ ਫੋਟੋ ਤੇ ਆਵਾਜ਼ ਜੋੜ ਕੇ ਡੀਪਫੇਕ ਡਾਟਾ ਤਿਆਰ ਕਰਨਾ ਹੱਦੋਂ ਵੱਧ ਖ਼ਤਰਨਾਕ ਸਿੱਧ ਹੋ ਸਕਦਾ ਹੈ। ਕੁਝ ਸਾਲਾਂ ’ਚ ਅਜਿਹੇ ਅਨੇਕ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚ ਕੁਝ ਲੋਕਾਂ ਨੇ ਦੂਜਿਆਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰ ਕੇ ਪਰੇਸ਼ਾਨੀਆਂ ਖੜ੍ਹੀਆਂ ਕੀਤੀਆਂ ਹਨ।
ਝੂਠੀਆਂ ਖ਼ਬਰਾਂ ਤੇ ਜਾਣਕਾਰੀਆਂ ਦੇ ਪੋਸਟਰ ਤਿਆਰ ਕਰ ਕੇ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਨਾ ਇਸੇ ਦਾ ਹਿੱਸਾ ਹਨ। ਹਾਲਾਂਕਿ ਏਆਈ ਖੇਤਰ ’ਚ ਨੌਕਰੀਆਂ ਹਾਸਲ ਕਰਨ ਦੇ ਅਸੀਮ ਮੌਕੇ ਹਨ। ਸਾਲ 2025 ’ਚ ਆਈਟੀ, ਬੈਂਕਿੰਗ, ਹੈਲਥਕੇਅਰ, ਰਿਟੇਲ ਅਤੇ ਲੋਜਿਸਟਿਕਸ ਸਬੰਧੀ ਖੇਤਰਾਂ ’ਚ 32 ਫ਼ੀਸਦੀ ਮੰਗ ਵਧੀ ਹੈ। ਇਸ ਦੇ ਨਾਲ ਹੀ 71 ਪ੍ਰਤੀਸ਼ਤ ਵ੍ਹਾਈਟ ਕਾਲਰ ਨੌਕਰੀ ਵਾਲੇ ਕਰਮਚਾਰੀਆਂ ਨੇ ਮੰਨਿਆ ਹੈ ਕਿ ਉਹ ਏਆਈ ਦੀ ਵਰਤੋਂ ਆਪਣੇ ਰੋਜ਼ਾਨਾ ਕਾਰਜਾਂ ’ਚ ਕਰਦੇ ਹਨ। ਇਸ ਵੇਲੇ ਏਆਈ ਦੇ ਖੇਤਰ ’ਚ ਇਸ ਤਰ੍ਹਾਂ ਦੇ ਮੌਕਿਆਂ ’ਤੇ ਭਾਰਤੀ ਨੌਜਵਾਨ ਵਰਗ ਦੀ ਨਜ਼ਰ ਹੋਣੀ ਚਾਹੀਦੀ ਹੈ। ਮਸ਼ੀਨ ਲਰਨਿੰਗ ਇੰਜੀਨੀਅਰਰਿੰਗ, ਡਾਟਾ ਸਾਇੰਟਿਸਟ, ਏਆਈ ਪ੍ਰੋਡਕਟ ਮੈਨੇਜਰ ਤੇ ਪ੍ਰੋਂਪਟ ਇੰਜੀਨੀਅਰਿੰਗ ਟੈਕ ਖੇਤਰ ਨਾਲ ਜੁੜੀਆਂ ਨੌਕਰੀਆਂ ’ਚ ਵੱਡਾ ਮੌਕਾ ਹੋ ਸਕਦੀਆਂ ਹਨ। ਬੈਂਗਲੁਰੂ, ਹੈਦਰਾਬਾਦ, ਜੈਪੁਰ ਤੇ ਇੰਦੌਰ ਵਰਗੇ ਮਹਾਨਗਰਾਂ ਦੀਆਂ ਆਈਟੀ ਕੰਪਨੀਆਂ ਨੂੰ ਪੇਸ਼ੇਵਰਾਂ ਦੀ ਬੇਹੱਦ ਲੋੜ ਹੈ।
Share this content:



Post Comment