ਕੋਡ ਤੋਂ ਕ੍ਰਾਂਤੀ ਤੱਕ ਭਾਰਤੀ ਤਕਨੀਕ ਦਾ ਸਫ਼ਰ/ਕ੍ਰਿਸ਼ਨ ਕੁਮਾਰ ਰੱਤੂ
ਭਾਰਤ ਵਿੱਚ 16 ਤੋਂ 20 ਫਰਵਰੀ ਤੱਕ ਹੋ ਰਹੇ ਆਲਮੀ ‘ਏ ਆਈ ਸੰਮੇਲਨ 2026’ ਵਿੱਚ ਦੁਨੀਆ ਦੇ ਤਿੰਨ ਹਜ਼ਾਰ ਤੋਂ ਜ਼ਿਆਦਾ ਮਾਹਿਰ, ਤਕਨੀਕ ਦੇ ਜਾਣਕਾਰ ਅਤੇ ਸੱਤਰ ਤੋਂ ਵੱਧ ਦੇਸ਼ਾਂ ਦੇ ਰਾਸ਼ਟਰਪਤੀ ਤੇ ਮੰਤਰੀ ਅਤੇ ਦੁਨੀਆ ਭਰ ਦੇ ਤਕਨੀਕੀ ਦਿੱਗਜ ਇਸ ਆਲਮੀ ਸੰਮੇਲਨ ਵਿੱਚ ਇਕੱਠੇ ਹੋ ਰਹੇ ਹਨ। ਭਾਰਤ ਦੀ ਅਗਵਾਈ ਵਿੱਚ ਵਿਸ਼ਵ ਪੱਧਰੀ ਨਵੀਂ ਤਕਨੀਕੀ ਕ੍ਰਾਂਤੀ ਤਹਿਤ ਇਹ ਸੰਮੇਲਨ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਇੰਡੀਆ ਏਆਈ ਇੰਪੈਕਟ ਸਮਿੱਟ 2026 ਨਾਂ ਨਾਲ 16 ਫਰਵਰੀ ਨੂੰ ਸ਼ੁਰੂ ਹੋ ਚੁੱਕਾ ਹੈ। ਇਹ ਦੁਨੀਆ ਦੇ ਇਸ ਖਿੱਤੇ ਵਿੱਚ ਪਹਿਲੀ ਵਾਰ ਆਯੋਜਿਤ ਅਜਿਹਾ ਵੱਡਾ ਕੌਮਾਂਤਰੀ ਏ ਆਈ ਸੰਮੇਲਨ ਹੈ। ਫਰਾਂਸ ਵਿੱਚ ਹੋਏ ਏ ਆਈ ਐਕਸ਼ਨ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਐਲਾਨ ਕੀਤਾ ਸੀ। ਇਹ ਸੰਮੇਲਨ ਨਾ ਸਿਰਫ਼ ਭਾਰਤ ਦੀ ਏ ਆਈ ਖੇਤਰ ਵਿੱਚ ਵਧ ਰਹੀ ਸ਼ਮੂਲੀਅਤ ਨੂੰ ਦਰਸਾਉਂਦਾ ਹੈ, ਸਗੋਂ ਪੂਰੀ ਦੁਨੀਆ ਨੂੰ ‘ਕੋਡ ਤੋਂ ਕ੍ਰਾਂਤੀ’ ਵੱਲ ਲਿਜਾਣ ਵਾਲੇ ਭਾਰਤੀ ਮਾਡਲ ਨੂੰ ਵਿਸ਼ਵ ਪੱਧਰ ’ਤੇ ਪੇਸ਼ ਕਰਨ ਦਾ ਵੱਡਾ ਯਤਨ ਹੈ।
ਇਸ ਸੰਮੇਲਨ ਦਾ ਵਿਜ਼ਨ ਬਹੁਤ ਸਪੱਸ਼ਟ ਅਤੇ ਪ੍ਰੇਰਨਾਦਾਇਕ ਹੈ: ਲੋਕਾਂ ਲਈ, ਧਰਤੀ ਲਈ ਅਤੇ ਵਿਕਾਸ ਲਈ (People, Planet, Progress)। ਇਹ ਤਿੰਨ ਸੂਤਰ ਏ ਆਈ ਨੂੰ ਮਨੁੱਖ ਕੇਂਦਰਿਤ, ਵਾਤਾਵਰਣ ਅਨੁਕੂਲ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਵਿਕਾਸ ਵਾਲੀ ਬਣਾਉਣ ਦਾ ਵਾਅਦਾ ਕਰਦੇ ਹਨ। ਇਸ ਨੂੰ ‘ਸਰਵਜਨ ਹਿਤਾਏ ਸਰਵਜਨ ਸੁਖਾਏ’ (ਸਾਰਿਆਂ ਦੇ ਭਲੇ ਲਈ, ਸਾਰਿਆਂ ਦੇ ਸੁਖ ਲਈ) ਵੀ ਆਖਿਆ ਗਿਆ ਹੈ। ਇਹ ਭਾਰਤੀ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਦਿਵਾਉਣ ਵਾਲੀ ਗੱਲ ਹੈ, ਜੋ ਏ ਆਈ ਨੂੰ ਸਿਰਫ਼ ਤਕਨੀਕ ਨਹੀਂ ਸਗੋਂ ਮਨੁੱਖਤਾ ਦੇ ਭਲੇ ਲਈ ਇੱਕ ਸੰਦੇਸ਼ ਦਰਸਾਉਂਦੀ ਹੈ।
ਇਹ ਸੰਮੇਲਨ ਵਿਸ਼ਵ ਨੂੰ ਦੱਸ ਰਿਹਾ ਹੈ ਕਿ ਏ ਆਈ ਸਿਰਫ਼ ਅਮੀਰ ਦੇਸ਼ਾਂ ਲਈ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਹੈ। ਇਸ ਤੋਂ ਪਹਿਲਾਂ ਯੂ ਕੇ ਦੇ ਬਕਿੰਘਮਸ਼ਾਇਰ ਦੇ ਬਲੈਚਲੇ ਪਾਰਕ (2023), ਦੱਖਣੀ ਕੋਰੀਆ ’ਚ ਸਿਓਲ (2024) ਅਤੇ ਫਰਾਂਸ ’ਚ ਪੈਰਿਸ ਦੇ ਗ੍ਰੈਂਡ ਪੈਲੇ (2025) ’ਚ ਏ ਆਈ ਤਕਨੀਕ ਸਬੰਧੀ ਅਜਿਹੇ ਵੱਡੇ ਸੰਮੇਲਨ ਹੋਏ ਹਨ। ਭਾਰਤ ਵਿੱਚ ਚੱਲ ਰਹੇ ਸੰਮੇਲਨ ਵਿੱਚ ਚਰਚਾ ਏ ਆਈ ਤਕਨੀਕ ਵਰਤਦਿਆਂ ‘ਸੇਫਟੀ’ ਅਤੇ ‘ਐਕਸ਼ਨ’ ਤੋਂ ਅੱਗੇ ਵਧ ਕੇ ਇੰਪੈਕਟ ਯਾਨੀ ਪ੍ਰਭਾਵ ’ਤੇ ਪਹੁੰਚ ਗਈ ਹੈ। ਦਰਅਸਲ, ਤਕਨੀਕ ਨੂੰ ਮਨੁੱਖੀ ਭਲਾਈ ਨਾਲ ਜੋੜ ਕੇ ਹੀ ਅਸਲੀ ਤਰੱਕੀ ਹੋ ਸਕਦੀ ਹੈ। ਭਾਰਤ ਦੇ ਇਸ ਨਜ਼ਰੀਏ ਦਾ ਉਦੇਸ਼ ਆਲਮੀ ਉੱਤਰ ਅਤੇ ਦੱਖਣ ਦਰਮਿਆਨ ਫ਼ਰਕ ਨੂੰ ਘਟਾਉਣਾ ਹੈ ਅਤੇ ਭਾਸ਼ਾਈ ਬੰਦਿਸ਼ਾਂ ਉਲੰਘ, ਗ਼ਰੀਬ ਇਲਾਕਿਆਂ ਤੱਕ ਪਹੁੰਚਾ ਤੇ ਸਾਰਿਆਂ ਲਈ ਉਪਲਬਧ ਬਣਾ ਕੇ ਇਹ ਏ ਆਈ ਨੂੰ ਜਮਹੂਰੀਕ੍ਰਿਤ ਕਰਨ ਦਾ ਸੁਨੇਹਾ ਦਿੰਦਾ ਹੈ। ਭਾਰਤ ਮੰਡਪਮ ਵਿੱਚ ਚੱਲ ਰਿਹਾ ਸੰਮੇਲਨ ਬੜਾ ਵਿਸ਼ਾਲ ਹੈ।
ਓਪਨ ਏ ਆਈ ਦਾ ਸੈਮ ਆਲਟਮੈਨ, ਅਲਫਾਬੈੱਟ (ਗੂਗਲ) ਦਾ ਸੁੰਦਰ ਪਿਚਾਈ, ਐਂਥਰੋਪਿਕ ਦਾ ਡਾਰੀਓ ਅਮਾਡੇਈ ਅਤੇ ਮਾਈਕਰੋਸੌਫਟ ਦਾ ਬਰੈਡ ਸਮਿੱਥ ਵਰਗੇ ਦਿੱਗਜ ਵੀ ਇਸ ਸੰਮੇਲਨ ਦਾ ਹਿੱਸਾ ਹਨ। ਲਗਭਗ 100 ਦੇਸ਼ਾਂ ਦੇ ਨੁਮਾਇੰਦੇ, 300 ਤੋਂ ਵੱਧ ਐਕਸਹਿਬਿਟਰਸ (ਭਾਰਤ ਅਤੇ 30 ਤੋਂ ਵੱਧ ਵਿਦੇਸ਼ੀ), 10 ਤੋਂ ਜ਼ਿਆਦਾ ਥੀਮੈਟਿਕ ਪੈਵਿਲੀਅਨ (ਆਸਟਰੇਲੀਆ, ਜਾਪਾਨ, ਰੂਸ, ਯੂਕੇ, ਫਰਾਂਸ, ਜਰਮਨੀ, ਇਟਲੀ, ਨੈਦਰਲੈਂਡਜ਼, ਸਵਿਟਜ਼ਰਲੈਂਡ, ਸਰਬੀਆ, ਇਸਤੋਨੀਆ, ਤਾਜਿਕਸਤਾਨ ਅਤੇ ਅਫ਼ਰੀਕਾ ਸਮੇਤ), 500 ਤੋਂ ਵੱਧ ਸੈਸ਼ਨਾਂ (ਕੁੱਲ 700 ਤੋਂ ਵੱਧ ਈਵੈਂਟਸ) ਅਤੇ 2.5 ਲੱਖ ਤੋਂ ਵੱਧ ਦਰਸ਼ਕਾਂ ਵਾਲਾ ਇਹ ਇੱਕ ਬਹੁਤ ਵਿਆਪਕ ਮੰਚ ਹੈ। ਇਸ ਦਾ ਸਥਾਨ ਮੁੱਖ ਤੌਰ ’ਤੇ ਭਾਰਤ ਮੰਡਪਮ ਹੈ, ਜਿੱਥੇ ਏ ਆਈ ਇੰਪੈਕਟ ਐਕਸਪੋ ਵੀ ਲੱਗ ਰਿਹਾ ਹੈ ਅਤੇ ਹੋਰ ਸੈਸ਼ਨ ਸੁਸ਼ਮਾ ਸਵਰਾਜ ਭਵਨ ਵਿੱਚ ਵੀ ਹੋ ਰਹੇ ਹਨ।
ਇੰਡੀਆ ਏ ਆਈ ਮਿਸ਼ਨ ਅਧੀਨ ਸਰਕਾਰ ਨੇ 10,372 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਮੁੱਖ ਪ੍ਰਾਪਤੀਆਂ ਵਿੱਚ 38,000 ਤੋਂ ਵੱਧ ਜੀ ਪੀ ਯੂਜ਼ (ਗ੍ਰਾਫਿਕ ਪ੍ਰੋਸੈੱਸਿੰਗ ਯੂਨਿਟਸ) ਨੂੰ ਸਾਂਝੇ ਕੰਪਿਊਟ ਐਕਸੈੱਸ ਲਈ ਔਨਬੋਰਡ ਕੀਤਾ ਗਿਆ ਹੈ। ਮੂਲ ਉਦੇਸ਼ 10,000 ਜੀ ਪੀ ਯੂਜ਼ ਲਗਾਉਣ ਦਾ ਸੀ, ਪਰ ਹੁਣ ਇਹ ਬਹੁਤ ਵਧ ਗਿਆ ਹੈ ਅਤੇ ਇਸ ’ਚ ਹੋਰ ਵਾਧਾ ਕਰਨ ਦੀ ਯੋਜਨਾ ਹੈ। ਏਆਈਕੋਸ਼ ਮੰਚ ’ਤੇ 9,500 ਤੋਂ ਵੱਧ ਡੇਟਾਸੈੱਟਸ ਅਤੇ 273 ਸੈਕਟੋਰਲ ਮਾਡਲਜ਼ ਹੋਸਟ ਹੋ ਰਹੇ ਹਨ। ਬਾਰਾਂ ਭਾਰਤੀ ਫਾਊਂਡੇਸ਼ਨ ਮਾਡਲ ਵਿਕਸਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਸਰਵਮ ਏਆਈ, ਸੌਕੇਟ ਏਆਈ ਲੈਬਜ਼, ਭਾਰਤਜੈੱਨ (ਆਈ ਆਈ ਟੀ, ਬੰਬਈ), ਟੈੱਕ ਮਹਿੰਦਰਾ, ਫਰੈਕਟਲ, ਅਵਤਾਰ ਏਆਈ ਆਦਿ ਸ਼ਾਮਿਲ ਹਨ। ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ ਅਧੀਨ 40 ਤੋਂ ਵੱਧ ਪੇਟਾਫਲੌਪ ਸਿਸਟਮਜ਼ ਓਪਰੇਸ਼ਨਲ ਹਨ, ਜਿਨ੍ਹਾਂ ਵਿੱਚ ਐਰਾਵਤ ਅਤੇ ਪਰਮ ਸਿੱਧੀ- ਏ ਆਈ ਸ਼ਾਮਿਲ ਹਨ। ਏ ਆਈ ਸਟਾਰਟਅੱਪਸ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਅਤੇ ਭਾਰਤ ਦੀ ਡਿਜੀਟਲ ਆਰਥਿਕਤਾ 2025-26 ਵਿੱਚ 1 ਟ੍ਰਿਲੀਅਨ ਡਾਲਰ ਤੱਕ ਪਹੁੰਚਣ ਵਾਲੀ ਹੈ, ਜਿਸ ਵਿੱਚ ਏ ਆਈ ਦਾ ਯੋਗਦਾਨ 15-20 ਫ਼ੀਸਦੀ ਹੋ ਸਕਦਾ ਹੈ।
ਸਾਲ 2035 ਤੱਕ ਏ ਆਈ ਖੇਤਰ ਵਿੱਚ ਜੀ ਡੀ ਪੀ ਯੋਗਦਾਨ ਵਧ ਕੇ 450-500 ਬਿਲੀਅਨ ਡਾਲਰ ਤੱਕ ਹੋ ਸਕਦਾ ਹੈ। ਭਾਸ਼ਿਣੀ ਵਰਗੇ ਟੂਲਜ਼ ਨਾਲ 22 ਅਧਿਕਾਰਕ ਭਾਸ਼ਾਵਾਂ ਵਿੱਚ ਏ ਆਈ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਸੰਮੇਲਨ ਵਿੱਚ ਸੱਤ ਚੱਕਰ ਵੀ ਹਨ: ਹਿਊਮਨ ਕੈਪੀਟਲ, ਇਨਕਲੂਜ਼ਨ ਫਾਰ ਸੋਸ਼ਲ ਐਂਪਾਵਰਮੈਂਟ, ਰੈਜ਼ੀਲੀਐਂਸ ਐਂਡ ਇਨੋਵੇਸ਼ਨ, ਸਾਇੰਟਿਫਿਕ ਕੋਆਪਰੇਸ਼ਨ, ਡੈਮੋਕ੍ਰੇਟਾਈਜ਼ਿੰਗ ਏਆਈ ਰਿਸੋਰਸਿਜ਼, ਏਆਈ ਫਾਰ ਇਕੋਨੋਮਿਕ ਡਿਵੈਲਪਮੈਂਟ ਐਂਡ ਸੋਸ਼ਲ ਗੁੱਡ, ਸੇਫ ਐਂਡ ਟਰੱਸਟਿਡ ਏਆਈ। ਏ ਆਈ ਦੀ ਕ੍ਰਾਂਤੀ ਕੋਡਿੰਗ ਤੋਂ ਸ਼ੁਰੂ ਹੋਈ, ਪਰ ਭਾਰਤ ਇਸ ਨੂੰ ਸਮਾਜਿਕ ਤਬਦੀਲੀ ਵੱਲ ਲਿਜਾਣ ਦਾ ਦਾਅਵਾ ਕਰ ਰਿਹਾ ਹੈ। ਸਿਹਤ ਸੰਭਾਲ ਖੇਤਰ ਵਿੱਚ ਗ਼ਰੀਬ ਇਲਾਕਿਆਂ ਵਿੱਚ ਡਾਕਟਰਾਂ ਦੀ ਕਮੀ ਪੂਰੀ ਕਰਨਾ, ਖੇਤੀ ਵਿੱਚ ਉਪਜ 20 ਤੋਂ 30 ਫ਼ੀਸਦੀ ਤੱਕ ਵਧਾਉਣਾ, ਸਿੱਖਿਆ ਵਿੱਚ ਕਰੋੜਾਂ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣਾ ਇਸ ਦਾ ਟੀਚਾ ਹੈ। ਇਹ ਭਵਿੱਖ ਵਿੱਚ ਭਾਰਤ ਦੇ ਏ ਆਈ ਨੂੰ ਆਲਮੀ ਪੱਧਰ ’ਤੇ ਵਰਤੀ ਜਾ ਸਕਣ ਦੇ ਯੋਗ ਬਣਾਏਗਾ।
Share this content:

Post Comment