ਸਾਵਧਾਨ! ਤੁਹਾਡੀ ਇਹ ਪੇਨਕਿਲਰ ਵਧਾ ਰਹੀ ਹੈ ਬੈਕਟੀਰੀਆ ਦੀ ਉਮਰ
ਨਵੀਂ ਦਿੱਲੀ, 4 ਫਰਵਰੀ – ਐਂਟੀਬਾਇਓਟਿਕਸ ਦਵਾਈਆਂ ਦੇ ਅਸਰ ਤੋਂ ਮੁਕਤ ਖ਼ਤਰਨਾਕ ਕਿਸਮ ਦੇ ਇਨਫੈਕਸ਼ਨ ‘ਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਮਾਹਿਰਾਂ ਅਨੁਸਾਰ, ਤੇਜ਼ੀ ਨਾਲ ਵਧ ਰਿਹਾ ਐਂਟੀਬਾਇਓਟਿਕ ਰੈਜ਼ਿਸਟੈਂਸ ਆਧੁਨਿਕ ਚਿਕਿਤਸਾ ਵਿਗਿਆਨ ਦੇ ਭਵਿੱਖ ਲਈ ਖ਼ਤਰਾ ਬਣ ਚੁੱਕਾ ਹੈ। ਭਾਰਤ ਵਰਗੇ ਦੇਸ਼ਾਂ ਵਿਚ ਜਿੱਥੇ ਇਕ ਵੱਡੀ ਆਬਾਦੀ ਮਿਆਰੀ ਸਿਹਤ ਸੇਵਾਵਾਂ ਤੋਂ ਦੂਰ ਹੈ, ਉੱਥੇ ਦਵਾਈ-ਰੋਧਕ ਇਨਫੈਕਸ਼ਨ ਦਾ ਜੋਖ਼ਮ ਕਿਤੇ ਜ਼ਿਆਦਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਦੱਖਣ ਅਤੇ ਪੂਰਬੀ ਏਸ਼ੀਆ ‘ਚ ਐਂਟੀਬਾਇਓਟਿਕ ਰੈਜ਼ੀਸਟੈਂਸ ਵਿਸ਼ਵਵਿਆਪੀ ਔਸਤ ਦੇ ਮੁਕਾਬਲੇ ਲਗਪਗ ਦੁੱਗਣਾ ਹੋ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ ਦੀ ਨਵੀਂ ਰਿਪੋਰਟ ਅਨੁਸਾਰ, ਐਂਟੀਬਾਇਓਟਿਕ ਰੈਜ਼ੀਸਟੈਂਸ ਵਿੱਚ ਹਰ ਸਾਲ 15 ਫੀਸਦੀ ਦਾ ਵਾਧਾ ਹੋ ਰਿਹਾ ਹੈ।
ਰਿਪੋਰਟ ਮੁਤਾਬਕ, ਸਾਲ 2023 ਵਿੱਚ 6 ਵਿੱਚੋਂ ਇੱਕ ਇਨਫੈਕਸ਼ਨ ‘ਤੇ ਆਮ ਐਂਟੀਬਾਇਓਟਿਕਸ ਬੇਅਸਰ ਸਾਬਤ ਹੋਈਆਂ। ਇਸ ਵਿੱਚ ਪਿਸ਼ਾਬ ਪ੍ਰਣਾਲੀ ਦੇ ਇਨਫੈਕਸ਼ਨ (UTI), ਗੋਨੋਰੀਆ ਅਤੇ ਈ.ਕੋਲਾਈ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ ਹਨ। ਐਂਟੀਬਾਇਓਟਿਕ ਰੈਜ਼ਿਸਟੈਂਸ ਕਾਰਨ ਹਰ ਸਾਲ 10 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਜਦੋਂਕਿ ਦੁਨੀਆ ਭਰ ਵਿਚ ਹਰ ਸਾਲ ਹੋਣ ਵਾਲੀਆਂ 50 ਲੱਖ ਮੌਤਾਂ ਦੇ ਪਿੱਛੇ ਇੱਕ ਮੁੱਖ ਕਾਰਨ ਐਂਟੀਬਾਇਓਟਿਕ ਰੈਜ਼ਿਸਟੈਂਸ ਵੀ ਹੁੰਦਾ ਹੈ। ਦੱਖਣ-ਪੂਰਬੀ ਏਸ਼ਿਆਈ ਤੇ ਪੂਰਬੀ ਭੂਮੱਧ ਸਾਗਰ ਦੇ ਦੇਸ਼ਾਂ ‘ਚ 3 ਵਿੱਚੋਂ ਇਕ ਇਨਫੈਕਸ਼ਨ ਐਂਟੀਬਾਇਓਟਿਕਸ ਦੇ ਪ੍ਰਤੀ ਰੋਧਕ ਹੁੰਦਾ ਹੈ। ਇਹ ਅੰਕੜਾ ਵਿਸ਼ਵਵਿਆਪੀ ਔਸਤ ਨਾਲੋਂ ਦੁੱਗਣਾ ਅਤੇ ਯੂਰਪ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਹੈ।
ਘੱਟ ਆਮਦਨ ਵਾਲੇ ਦੇਸ਼ਾਂ ਸਾਹਮਣੇ ਗੰਭੀਰ ਚੁਣੌਤੀ
ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਵਿਚ ਰੈਜ਼ਿਸਟੈਂਸ (ਦਵਾਈਆਂ ਦੇ ਬੇਅਸਰ ਹੋਣ) ਦੀ ਸਮੱਸਿਆ ਤੁਲਨਾਤਮਕ ਤੌਰ ‘ਤੇ ਬਹੁਤ ਗੰਭੀਰ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਇਨ੍ਹਾਂ ਦੇਸ਼ਾਂ ਵਿਚ ਸਿਹਤ ਸੰਭਾਲ ਦਾ ਢਾਂਚਾ ਕਮਜ਼ੋਰ ਹੈ, ਜਿਸ ਕਾਰਨ ਬਿਮਾਰੀ ਦੀ ਪਛਾਣ ਕਰਨ, ਬਚਾਅ ਅਤੇ ਇਲਾਜ ਕਰਨ ਵਿਚ ਕਾਫ਼ੀ ਮੁਸ਼ਕਲਾਂ ਆਉਂਦੀਆਂ ਹਨ।
ਆਰਥਿਕ ਪ੍ਰਭਾਵ: AMR (ਐਂਟੀ-ਮਾਈਕ੍ਰੋਬੀਅਲ ਰੈਜ਼ੀਸਟੈਂਸ) ਦੇ ਚਲਦਿਆਂ 2050 ਤਕ ਵਿਸ਼ਵਵਿਆਪੀ ਉਤਪਾਦਨ ‘ਚ 1.3 ਖਰਬ ਡਾਲਰ ਦੀ ਕਮੀ ਆ ਸਕਦੀ ਹੈ। ਇਸ ਨਾਲ ਜਿੱਥੇ ਇਲਾਜ ਦੇ ਖਰਚੇ ਵਧਣਗੇ, ਉੱਥੇ ਹੀ ਲੋਕਾਂ ਦੀ ਕੰਮ ਕਰਨ ਦੀ ਸਮਰੱਥਾ ਵਿੱਚ ਵੀ ਗਿਰਾਵਟ ਆਵੇਗੀ।
ਮੌਤਾਂ ਦਾ ਖ਼ਦਸ਼ਾ: ‘ਲਾਂਸੈੱਟ’ ਦੇ ਇਕ ਅਧਿਐਨ ਮੁਤਾਬਕ, ਅਗਲੇ 25 ਸਾਲਾਂ ਵਿੱਚ ਦੁਨੀਆ ਭਰ ‘ਚ ਦਵਾਈ-ਰੋਧਕ ਇਨਫੈਕਸ਼ਨ ਕਾਰਨ 3.9 ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ।
WHO ਦੀ ਪਹਿਲ: 2015 ਵਿੱਚ ਸ਼ੁਰੂ ਕੀਤੇ ਗਏ WHO ਦੇ ਐਂਟੀ-ਮਾਈਕ੍ਰੋਬੀਅਲ ਰੈਜ਼ੀਸਟੈਂਸ ਸਰਵੀਲੈਂਸ ਸਿਸਟਮ ਨਾਲ ਹੁਣ ਤੱਕ 140 ਦੇਸ਼ ਜੁੜ ਚੁੱਕੇ ਹਨ।
ਬੇਅਸਰ ਦਵਾਈਆਂ: ਵਰਤੋਂ ਵਿੱਚ ਆਉਣ ਵਾਲੀਆਂ 40 ਪ੍ਰਤੀਸ਼ਤ ਆਮ ਐਂਟੀਬਾਇਓਟਿਕ ਦਵਾਈਆਂ ਹੁਣ ਇਨਫੈਕਸ਼ਨ ਦੇ ਇਲਾਜ ਵਿੱਚ ਬੇਅਸਰ ਹੋ ਚੁੱਕੀਆਂ ਹਨ।
ਬਚਾਅ ਦੇ ਕਾਰਗਰ ਤਰੀਕੇ
ਸਫਾਈ: ਸਫਾਈ ਦੀ ਆਦਤ ਪਾਓ, ਤਾਂ ਜੋ ਤੁਸੀਂ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਦਾ ਸ਼ਿਕਾਰ ਨਾ ਬਣੋ।
ਡਾਕਟਰੀ ਸਲਾਹ: ਜ਼ਰੂਰਤ ਹੋਣ ‘ਤੇ ਹੀ ਅਤੇ ਸਿਰਫ ਡਾਕਟਰ ਦੀ ਸਲਾਹ ‘ਤੇ ਐਂਟੀਬਾਇਓਟਿਕ ਦੀ ਵਰਤੋਂ ਕਰੋ।
ਟੀਕਾਕਰਨ: ਡਾਕਟਰ ਦੀ ਸਲਾਹ ਅਨੁਸਾਰ ਲੋੜੀਂਦਾ ਟੀਕਾਕਰਨ ਜ਼ਰੂਰ ਕਰਵਾਓ।
ਦਰਦ ਨਿਵਾਰਕ ਦਵਾਈਆਂ ਵੀ ਹਨ ਜ਼ਿੰਮੇਵਾਰ !
ਇਕ ਰਿਪੋਰਟ ਦੀ ਮੰਨੀਏ ਤਾਂ ਦਰਦ ਨਿਵਾਰਕ ਦਵਾਈਆਂ ਵੀ ਐਂਟੀਬਾਇਓਟਿਕ ਰੈਜ਼ੀਸਟੈਂਸ (ਦਵਾਈਆਂ ਦੇ ਬੇਅਸਰ ਹੋਣ) ਦੇ ਵਾਧੇ ਦਾ ਕਾਰਨ ਬਣ ਸਕਦੀਆਂ ਹਨ। ਰਿਸਰਚ ਜਰਨਲ ‘NPJ’ ਮੁਤਾਬਕ, ਆਈਬੂਪ੍ਰੋਫੇਨ ਅਤੇ ਐਸੀਟਾਮਿਨੋਫੇਨ ਈ.ਕੋਲਾਈ ਬੈਕਟੀਰੀਆ ‘ਚ ‘ਮਿਊਟੇਸ਼ਨ’ (ਬਦਲਾਅ) ਨੂੰ ਵਧਾਉਂਦੇ ਹਨ। ਇਸ ਨਾਲ ਆਮ ਬੈਕਟੀਰੀਆ, ਐਂਟੀਬਾਇਓਟਿਕ ਦਵਾਈ ‘ਸਿਪਰੋਫਲੋਕਸਾਸਿਨ’ ਦੇ ਪ੍ਰਤੀ ਵਧੇਰੇ ਰੋਧਕ ਹੋ ਜਾਂਦੇ ਹਨ। ਇਸ ਅਧਿਐਨ ਤੋਂ ਸਪੱਸ਼ਟ ਹੈ ਕਿ ਕਈ ਸਾਰੀਆਂ ਦਵਾਈਆਂ ਦੇ ਇਕੱਠੇ ਇਸਤੇਮਾਲ ਨਾਲ ਜੋਖ਼ਮ ਵਧਦਾ ਹੈ। ਵਧੇਰੇ ਉਮਰ ਦੇ ਲੋਕਾਂ ਨੂੰ ਇੱਕੋ ਸਮੇਂ ਦਰਦ, ਨੀਂਦ ਜਾਂ ਬਲੱਡ ਪ੍ਰੈਸ਼ਰ ਲਈ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਵੀ ਅੰਤੜੀਆਂ ਦੇ ਬੈਕਟੀਰੀਆ ਨੂੰ ਐਂਟੀਬਾਇਓਟਿਕ ਦੇ ਪ੍ਰਤੀ ਰੋਧਕ ਬਣਾਉਂਦੀਆਂ ਹਨ।
Share this content:


Post Comment