ਵਾਂਗਚੁਕ ਦੀ ਮਾਹਰ ਡਾਕਟਰ ਤੋਂ ਜਾਂਚ ਕਰਾਉਣ ਦੇ ਹੁਕਮ
ਨਵੀਂ ਦਿੱਲੀ, 31 ਜਨਵਰੀ – ਸੁਪਰੀਮ ਕੋਰਟ ਨੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ(55) ਦੇ ਮਾਹਿਰ ਡਾਕਟਰ ਤੋਂ ਮੈਡੀਕਲ ਜਾਂਚ ਦੇ ਆਦੇਸ਼ ਦਿੱਤੇ ਹਨ। ਵਾਂਗਚੁਕ ਨੇ ਦੂਸ਼ਿਤ ਪਾਣੀ ਕਰਕੇ ਪੇਟ ਦੀਆਂ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ ਸੀ। ਵਾਂਗਚੁਕ ਕੌਮੀ ਸੁਰੱਖਿਆ ਐਕਟ ਤਹਿਤ ਜੋਧਪੁਰ ਦੀ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਹੈ। ਜਸਟਿਸ ਅਰਵਿੰਦ ਕੁਮਾਰ ਤੇ ਜਸਟਿਸ ਪੀ.ਬੀ.ਵਰਾਲੇ ਦੇ ਬੈਂਚ ਨੇ ਜੇਲ੍ਹ ਪ੍ਰਸ਼ਾਸਨ ਨੂੰ ਵਾਂਗਚੁਕ ਦੀ ਮੈਡੀਕਲ ਰਿਪੋਰਟ ਸੋਮਵਾਰ ਤੱਕ ਸੀਲਬੰਦ ਲਿਫਾਫੇ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਸੁਣਵਾਈ ਦੌਰਾਨ ਵਾਂਗਚੁਕ ਦੀ ਪਤਨੀ ਗੀਤਾਂਜਲੀ ਐਂਗਮੋ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕੋਰਟ ਨੂੰ ਦੱਸਿਆ ਕਿ ਕਾਰਕੁਨ ਦੀ ਫੌਰੀ ਮੈਡੀਕਲ ਜਾਂਚ ਦੀ ਮੰਗ ਨੂੰ ਲੈ ਕੇ ਅਰਜ਼ੀ ਦਾਇਰ ਕੀਤੀ ਗਈ ਹੈ। ਸਿੱਬਲ ਨੇ ਦਾਅਵਾ ਕੀਤਾ, ‘‘ਪਾਣੀ ਕਰਕੇ ਕਾਰਕੁਨ ਨੂੰ ਪੇਟ ਦੀ ਸਮੱਸਿਆ ਹੈ। ਉਸ ਨੂੰ ਚੈਕਅੱਪ ਲਈ ਡਾਕਟਰ ਦੀ ਲੋੜ ਹੈ। ਪਰ ਕੋਈ ਨਹੀਂ ਆਇਆ। ਉਸ ਦਾ ਹਫ਼ਤੇ ’ਚ ਇਕ ਦਿਨ ਚੈਕਅੱਪ ਹੋਵੇ। ਤੇ ਉਸ ਨੂੰ ਸਾਡੇ ਵੱਲੋਂ ਮੁਹੱਈਆ ਪਾਣੀ ਦਿੱਤਾ ਜਾਵੇ।’’ ਹਾਲਾਂਕਿ ਰਾਜਸਥਾਨ ਸਰਕਾਰ ਵੱਲੋਂ ਪੇਸ਼ ਵਕੀਲ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਜੇਲ੍ਹ ਦੇ ਡਾਕਟਰ ਵੱਲੋਂ ਵਾਂਗਚੁਕ ਦੀ 21 ਵਾਰ ਜਾਂਚ ਕੀਤੀ ਗਈ ਹੈ। ਇਸ ’ਤੇ ਸਿਖਰਲੀ ਅਦਾਲਤ ਨੇ ਕਿਹਾ ਕਿ ਵਾਤਾਵਰਨ ਕਾਰਕੁਨ ਨੂੰ ਪੇਟ ਨਾਲ ਜੁੜ ਰੋਗਾਂ ਦੇ ਮਾਹਿਰ ਡਾਕਟਰ ਦੀ ਲੋੜ ਹੈ।
Share this content:



Post Comment