Loading Now

ਰੈਗਿੰਗ ਮਾਮਲਾ: ਹਿਮਾਚਲ ਸਰਕਾਰ ਅਤੇ ਯੂਜੀਸੀ ਵੱਲੋਂ ਵੱਖਰੀ ਜਾਂਚ ਦੇ ਹੁਕਮ

ਰੈਗਿੰਗ ਮਾਮਲਾ: ਹਿਮਾਚਲ ਸਰਕਾਰ ਅਤੇ ਯੂਜੀਸੀ ਵੱਲੋਂ ਵੱਖਰੀ ਜਾਂਚ ਦੇ ਹੁਕਮ

3, ਜਨਵਰੀ – ਦਲਿਤ ਵਿਦਿਆਰਥੀ ਦੀ ਰੈਗਿੰਗ ਤੋਂ ਬਾਅਦ ਮੌਤ ਦੇ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਸਰਕਾਰ ਨੇ ਅੱਜ ਕਿਹਾ ਕਿ ਉਨ੍ਹਾਂ ਇੱਕ ਜਾਂਚ ਕਮੇਟੀ ਬਣਾਈ ਹੈ ਜੋ ਸਾਰੇ ਪਹਿਲੂਆਂ ਦੀ ਜਾਂਚ ਕਰੇਗੀ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਯੂਜੀਸੀ ਐਂਟੀ-ਰੈਗਿੰਗ ਹੈਲਪਲਾਈਨ ਵੱਲੋਂ ਖੁਦ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਧਰਮਸ਼ਾਲਾ ਦੇ ਸਰਕਾਰੀ ਡਿਗਰੀ ਕਾਲਜ ਵਿੱਚ ਵਿਦਿਆਰਥੀ ਦੀ ਮੌਤ ਨਾਲ ਸਬੰਧਤ ਘਟਨਾ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਵੀ ਬਣਾ ਦਿੱਤੀ ਹੈ।

ਸੁਖੂ ਨੇ ਕਿਹਾ, ‘ਮ੍ਰਿਤਕਾ ਦੇ ਵੀਡੀਓ ਬਿਆਨ ਦੇ ਆਧਾਰ ’ਤੇ ਜਿਸ ਵਿੱਚ ਉਸ ਨੇ ਇਕ ਪ੍ਰੋਫੈਸਰ ਦਾ ਨਾਮ ਲਿਆ ਸੀ, ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਸੋਲਨ ਜ਼ਿਲ੍ਹੇ ਦੇ ਕੰਡਾਘਾਟ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਵਿਰੁੱਧ ਜਾਂਚ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਜਣਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਵਿਦਿਆਰਥਣ ਦੀ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਾਲਜ ਦੇ ਤਿੰਨ ਵਿਦਿਆਰਥੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਸੀ।

ਪੀੜਤ ਲੜਕੀ ਦੇ ਪਿਤਾ ਵਿਕਰਮ ਕੁਮਾਰ ਨੇ ਸਥਾਨਕ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ 19 ਸਾਲਾ ਬੇਟੀ ਸਰਕਾਰੀ ਡਿਗਰੀ ਕਾਲਜ, ਧਰਮਸ਼ਾਲਾ ਦੀ ਦੂਜੇ ਸਾਲ ਦੀ ਵਿਦਿਆਰਥਣ ਸੀ। ਉਨ੍ਹਾਂ ਦੋਸ਼ ਲਾਇਆ ਕਿ 18 ਸਤੰਬਰ, 2025 ਨੂੰ ਉਸੇ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਨੇ ਉਸ ਦੀ ਬੇਟੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਡਰਾਇਆ-ਧਮਕਾਇਆ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਕਾਲਜ ਦੇ ਇੱਕ ਪ੍ਰੋਫੈਸਰ ਨੇ ਉਨ੍ਹਾਂ ਦੀ ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਸਨ।

ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਕਥਿਤ ਪ੍ਰੇਸ਼ਾਨੀ ਅਤੇ ਡਰਾਉਣ-ਧਮਕਾਉਣ ਤੋਂ ਬਾਅਦ ਉਸ ਦੀ ਬੇਟੀ ਬਹੁਤ ਡਰ ਗਈ ਸੀ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗੀ, ਜਿਸ ਕਾਰਨ ਉਸ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ। ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾਂ ਉਸ ਦਾ ਇਲਾਜ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿੱਚ ਕੀਤਾ ਗਿਆ ਕਿਉਂਕਿ ਉਸਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ। ਇਸ ਤੋਂ ਬਾਅਦ ਲੜਕੀ ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMC), ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ 26 ਦਸੰਬਰ 2025 ਨੂੰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

Share this content:

Post Comment