ਪ੍ਰਧਾਨ ਮੰਤਰੀ ਦੀ ਗਿਰਜਾਘਰ ਫੇਰੀ/ਜੋਤੀ ਮਲਹੋਤਰਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕ੍ਰਿਸਮਸ ਵਾਲੇ ਦਿਨ ਸੰਸਦ ਭਵਨ ਅਤੇ ਰਾਸ਼ਟਰਪਤੀ ਭਵਨ ਦੇ ਪਿੱਛੇ ਸਥਿਤ ਸ਼ਾਨਦਾਰ ਕੈਥੇਡ੍ਰਲ ਚਰਚ ਆਫ਼ ਦਿ ਰੀਡੈਂਪਸ਼ਨ, ਜੋ 1931 ਦੇ ਆਸ-ਪਾਸ ਬਣਾਇਆ ਗਿਆ ਸੀ, ਵਿੱਚ ਕ੍ਰਿਸਮਸ ਦੀ ਪ੍ਰਾਰਥਨਾ ਸਭਾ ’ਚ ਸ਼ਾਮਲ ਹੋਏ। ਇਸ ਦੀਆਂ ਵਕਰਦਾਰ ਕਮਾਨਾਂ ਅਤੇ ਸੁੰਦਰ ਗੁੰਬਦਾਂ ਨੇ ‘ਲਾਰਡ ਇਰਵਿਨ ਨੂੰ ਵੀ ਮੋਹਿਤ ਕਰ ਲਿਆ ਸੀ’ ਅਤੇ ਇਸ ਦਾ ਪੁਰਾਣਾ ਹਿੱਸਾ ਹਾਲੇ ਵੀ ਆਪਣੇ ਪਹਿਲੇ ਸਰੂਪ ਵਿੱਚ ਕਾਇਮ ਹੈ। ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੂਜੀ ਵਾਰ ਚਰਚ ਗਏ ਸਨ। ਪਹਿਲਾ ਦੌਰਾ ਉਨ੍ਹਾਂ ਦੋ ਸਾਲ ਪਹਿਲਾਂ ਦਿੱਲੀ ਦੇ ਕੇਂਦਰੀ ਇਲਾਕੇ ’ਚ ਗੋਲ ਮਾਰਕੀਟ ਸਥਿਤ ਸੇਕਰਡ ਹਾਰਟ ਕੈਥੇਡ੍ਰਲ ਦਾ ਕੀਤਾ ਸੀ। ਉੱਥੇ ਪ੍ਰਧਾਨ ਮੰਤਰੀ ਨੇ ਸਤਿਕਾਰਯੋਗ ਪਾਦਰੀ ਪਾਲ ਸਵਰੂਪ ਵੱਲੋਂ ਪ੍ਰਭੂ ਯਸੂ ਮਸੀਹ ਨੂੰ ਕੀਤੀ ਗਈ ਪ੍ਰਾਰਥਨਾ ਸੁਣੀ, ਜਿਸ ਨੇ ਉਨ੍ਹਾਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਸਨ।
ਉਸ ਮੌਕੇ ਉਥੋਂ ਦੇ ਮੁੱਖ ਪਾਦਰੀ ਨੇ ਪ੍ਰਾਰਥਨਾ ਕੀਤੀ ਸੀ, ‘‘ਹੇ ਪਰਮ ਪਿਤਾ ਪਰਮੇਸ਼ਵਰ, ਅਸੀਂ ਜਾਣਦੇ ਹਾਂ ਕਿ ਜਿਸ ਨੂੰ ਤੁਸੀਂ ਕੋਈ ਕਾਰਜ ਸੌਂਪਦੇ ਹੋ, ਉਸ ਨੂੰ ਯੋਗ ਵੀ ਬਣਾਉਂਦੇ ਹੋ ਅਤੇ ਪ੍ਰਭੂ ਅਸੀਂ ਜਾਣਦੇ ਹਾਂ ਕਿ ਤੁਸੀਂ ਉਨ੍ਹਾਂ ਨੂੰ ਸਾਡੇ ਮਹਾਨ ਰਾਸ਼ਟਰ ਦੀ ਅਗਵਾਈ ਕਰਨ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ। ਇਸ ਲਈ ਹੇ, ਪਰਮ ਪਿਤਾ ਪਰਮੇਸ਼ਵਰ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਵੱਲੋਂ ਬਖ਼ਸ਼ੀ ਗਈ ਸੂਝ-ਬੂਝ ਸਦਕਾ ਉਹ ਇਸ ਕੌਮ ਨੂੰ ਸਚਾਈ, ਨਿਆਂ ਅਤੇ ਨੇਕੀ ਦੇ ਮਾਰਗ ’ਤੇ ਅੱਗੇ ਲਿਜਾਣ ’ਚ ਅਗਵਾਈ ਕਰਨ…।’’ ਆਓ, ਇੱਕ ਪਲ ਲਈ ਰੁਕੀਏ ਅਤੇ ਸਮਝੀਏ ਕਿ ਬਿਸ਼ਪ ਕਿਸ ਗੱਲ ਦਾ ਹਵਾਲਾ ਦੇ ਰਹੇ ਸਨ। ਇਸ ਸਾਲ ਦੇ ਸ਼ੁਰੂ ਵਿੱਚ ਯੂਨਾਈਟਿਡ ਕ੍ਰਿਸ਼ਚੀਅਨ ਫੋਰਮ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ 2024 ਵਿੱਚ ਭਾਰਤ ਵਿੱਚ ਈਸਾਈਆਂ ਵਿਰੁੱਧ 834 ਹਿੰਸਾਤਮਕ ਘਟਨਾਵਾਂ ਦਰਜ ਕੀਤੀਆਂ ਗਈਆਂ, ਜਦਕਿ 2014 ਵਿੱਚ ਇਨ੍ਹਾਂ ਦੀ ਗਿਣਤੀ 127 ਸੀ। ਜਦੋਂ ਪ੍ਰੈੱਸ ਨੇ ਬਿਸ਼ਪ ਨੂੰ ਪੁੱਛਿਆ ਕਿ ਕੀ ਉਹ ਪ੍ਰਧਾਨ ਮੰਤਰੀ ਕੋਲ ਇਹ ਮੁੱਦਾ ਉਠਾਉਣਗੇ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕਰਨ ਦਾ ਇਹ ਸਹੀ ਸਮਾਂ ਨਹੀਂ ਹੈ। ਯਕੀਨਨ, ਭਾਰਤ ਦੇ ਈਸਾਈ ਉਮੀਦ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਦੀ ਚਰਚ ਵਿੱਚ ਮੌਜੂਦਗੀ ਇਹ ਸੁਨੇਹਾ ਦੇਵੇਗੀ ਕਿ ਨਿਰਦੋਸ਼ ਲੋਕਾਂ ਵਿਰੁੱਧ ਹੋ ਰਹੀ ਹਿੰਸਾ ਨੂੰ ਰੋਕਣ ਦਾ ਸਮਾਂ ਆ ਗਿਆ ਹੈ।
ਦਿੱਲੀ ਤੋਂ ਪ੍ਰਧਾਨ ਮੰਤਰੀ ਲਖਨਊ ਗਏ ਜਿੱਥੇ ਉਨ੍ਹਾਂ ਨੇ ‘ਪ੍ਰੇਰਣਾ ਸਥਲ’ ਨਾਂ ਦੇ ਪਾਰਕ ਦਾ ਉਦਘਾਟਨ ਕੀਤਾ। ਇਸ ਪਾਰਕ ਵਿੱਚ ਅਟਲ ਬਿਹਾਰੀ ਵਾਜਪਾਈ ਸਮੇਤ ਕਈ ਸ਼ਖ਼ਸੀਅਤਾਂ ਦੀਆਂ ਮੂਰਤੀਆਂ ਸਥਾਪਤ ਹਨ। 2014 ਵਿੱਚ ਉਨ੍ਹਾਂ ਦੇ ਜਨਮ ਦਿਨ ’ਤੇ ਮੋਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ 25 ਦਸੰਬਰ ਨੂੰ ਹੁਣ ਤੋਂ ‘ਸੁਸ਼ਾਸਨ ਦਿਵਸ’ ਕਿਹਾ ਜਾਵੇਗਾ ਅਤੇ ਕ੍ਰਿਸਮਸ ਮੌਕੇ ਹੁਣ ਕੌਮੀ ਛੁੱਟੀ ਨਹੀਂ ਰਹੇਗੀ। ਮੋਦੀ ਦੀ ਚਰਚ ਵਿੱਚ ਮੌਜੂਦਗੀ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਦੋਵੇਂ ਗੱਲਾਂ ਸੰਭਵ ਹਨ। ਭਾਵ, ਤੁਸੀਂ ਹੁਣ ਕ੍ਰਿਸਮਸ ਅਤੇ ਸੁਸ਼ਾਸਨ ਦਿਵਸ ਦੋਵੇਂ ਮਨਾ ਸਕਦੇ ਹੋ।
ਵਿਸ਼ਵ ਹਿੰਦੂ ਪਰਿਸ਼ਦ ਨੇ ਹਰਿਆਣਾ ਦੇ ਹਿਸਾਰ ਵਿੱਚ 160 ਸਾਲ ਪੁਰਾਣੇ ਇੱਕ ਚਰਚ ਦੇ ਸਾਹਮਣੇ ਇਸ ਵਾਰ 25 ਦਸੰਬਰ ਦੇ ਦਿਨ ਨੂੰ ਤੁਲਸੀ ਪੂਜਨ ਦਿਵਸ ਵਜੋਂ ਮਨਾਇਆ ਤੇ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਉਥੇ ਲਗਭਗ 300 ਪੁਲੀਸ ਮੁਲਾਜ਼ਮ ਵੀ ਤਾਇਨਾਤ ਕੀਤੇ। ਵਿਸ਼ਵ ਹਿੰਦੂ ਪਰਿਸ਼ਦ ਦੇ ਹਵਨ ਵਿੱਚ ਇੱਕ ਆਦਮੀ ਨੇ ਜੈਕੇਟ ਪਾਈ ਹੋਈ ਸੀ ਜਿਸ ਉੱਤੇ ਇਤਾਲਵੀ ਡਿਜ਼ਾਈਨਰ ‘ਬਲੈਂਸਿਆਗਾ’ ਦਾ ਨਾਮ ਛਪਿਆ ਹੋਇਆ ਸੀ। ਪਰ ਸ਼ਾਇਦ ਇਸ ਨਾਲ ਕੋਈ ਫ਼ਰਕ ਨਹੀਂ ਪਿਆ ਕਿਉਂਕਿ ਸੱਜੇ-ਪੱਖੀਆਂ ਦੇ ਅਜਿਹੇ ਹਮਲੇ ਭਾਰਤ ਨੂੰ ਗ਼ੁਲਾਮ ਬਣਾਉਣ ਵਾਲੇ ਅੰਗਰੇਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਇਟਾਲੀਅਨਾਂ ਨੂੰ ਨਹੀਂ।
ਚਲੋ ਕੋਈ ਗੱਲ ਨਹੀਂ, ਹਿਸਾਰ ਨੇ ਵਿਅੰਗ ਸਮਝਣ ਦਾ ਇਹ ਮੌਕਾ ਖੁੰਝਾ ਦਿੱਤਾ। ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਹਿਸਾਰ ਦਾ ਸੇਂਟ ਥਾਮਸ ਚਰਚ ਦਿੱਲੀ ਦੇ ਉਸ ਗਿਰਜਾਘਰ ਨਾਲੋਂ ਬਹੁਤ ਪੁਰਾਣਾ ਹੈ, ਜਿੱਥੇ ਪ੍ਰਧਾਨ ਮੰਤਰੀ ਕ੍ਰਿਸਮਸ ਮੌਕੇ ਗਏ ਸਨ। ਇਹ ਚਰਚ 1864 ਵਿੱਚ ਯਸੂ ਮਸੀਹ ਦੇ 12 ਰਸੂਲਾਂ ਵਿੱਚੋਂ ਇੱਕ ਦੇ ਨਾਮ ’ਤੇ ਬਣਾਇਆ ਗਿਆ ਸੀ, ਜੋ 52 ਈਸਵੀ ਵਿੱਚ ਆਪਣੀ ਕਿਸ਼ਤੀ ਵਿੱਚ ਪਰਮਾਤਮਾ ਦਾ ਸੰਦੇਸ਼ ਫੈਲਾਉਣ ਲਈ ਕੇਰਲਾ ਆਇਆ ਸੀ। ਫਿਰ 1800 ਸਾਲ ਬਾਅਦ ਸੇਂਟ ਥਾਮਸ ਨੂੰ ਯਾਦ ਕਰਨ ਲਈ ਹਿਸਾਰ ਦੇ ਇਸ ਦੂਰ-ਦੁਰਾਡੇ ਸ਼ਹਿਰ ਨੂੰ ਕਿਉਂ ਚੁਣਿਆ ਗਿਆ? ਜਵਾਬ ਅਸਪੱਸ਼ਟ ਹੈ, ਸਿਵਾਏ ਇਸ ਦੇ ਕਿ 1864 ਤੱਕ ਬ੍ਰਿਟਿਸ਼ ਰਾਜ ਨੇ ਬਗ਼ਾਵਤ ਨੂੰ ਦਬਾ ਦਿੱਤਾ ਸੀ ਤੇ ਉੱਤਰੀ ਭਾਰਤ ’ਤੇ ਉਸ ਦੀ ਪਕੜ ਹੋਰ ਮਜ਼ਬੂਤ ਹੋ ਗਈ ਸੀ ਅਤੇ ਇਥੇ ਬਹੁਤ ਥੋੜ੍ਹੀ ਗਿਣਤੀ ਵਿੱਚ ਮੌਜੂਦ ਈਸਾਈ ਭਾਈਚਾਰੇ ਨੂੰ ਚਰਚ ਦੀ ਲੋੜ ਸੀ।
ਦਰਅਸਲ, ਸਦੀਆਂ ਤੋਂ ਹਿਸਾਰ ਭਾਰਤ ਵਿੱਚ ਆਪਣੀ ਕਿਸਮਤ ਦੀ ਅਜ਼ਮਾਇਸ਼ ਕਰਨ ਵਾਲਿਆਂ ਨੂੰ ਠਾਹਰ ਦੇਣ ਕਾਰਨ ਬਹੁਤ ਮਹੱਤਵਪੂਰਨ ਸਥਾਨ ਬਣਿਆ ਰਿਹਾ ਹੈ। 1526 ਵਿੱਚ ਪਾਣੀਪਤ ਦੀ ਫ਼ੈਸਲਾਕੁੰਨ ਲੜਾਈ ਲਈ ਜਾਂਦੇ ਹੋਏ ਬਾਬਰ ਨੇ ਆਪਣੇ ਪੁੱਤਰ ਹਮਾਯੂੰ ਨੂੰ ਇਹ ਸ਼ਹਿਰ ਉਦੋਂ ਤੋਹਫ਼ੇ ਵਜੋਂ ਦਿੱਤਾ ਸੀ, ਜਦੋਂ ਉਸ ਨੇ ਹਾਮਿਦ ਖਾਨ ਨੂੰ ਹਰਾਇਆ ਸੀ। ਇਬਰਾਹਿਮ ਲੋਧੀ ਨੂੰ ਸੱਤਾ ਤੋਂ ਹਟਾਉਣ ਮਗਰੋਂ ਬਾਬਰ ਭਾਰਤ ਦਾ ਨਵਾਂ ਬਾਦਸ਼ਾਹ ਬਣਿਆ।
ਸਾਲ ਦਾ ਇਹ ਆਖਰੀ ਹਫ਼ਤਾ ਇਤਿਹਾਸ ਤੋਂ ਸਿੱਖਿਆ ਲੈਣ ਦਾ ਵਧੀਆ ਸਮਾਂ ਹੈ। ਮੁਸਲਮਾਨਾਂ ਨੇ ਮੁਸਲਮਾਨਾਂ ਨਾਲ ਲੜਾਈ ਕੀਤੀ, ਜਦਕਿ ਹਿੰਦੂਆਂ ਨੇ ਸੁਤੰਤਰ ਤੌਰ ’ਤੇ ਵੀ ਲੜਾਈ ਲੜੀ ਅਤੇ ਨਾਲ ਹੀ ਦੂਜੇ ਧਾਰਮਿਕ ਵਿਸ਼ਵਾਸਾਂ ਵਾਲੇ ਲੋਕਾਂ ਦੀਆਂ ਫੌਜਾਂ ਵਿੱਚ ਮੁੱਖ ਜਨਰਲਾਂ ਵਜੋਂ ਵੀ ਅਗਵਾਈ ਕੀਤੀ। ਤਾਕਤ ਬੰਦੂਕ ਦੀ ਨੋਕ ਅਤੇ ਸ਼ਾਸਕ ਨਾਲ ਨੇੜਤਾ ਤੋਂ ਹਾਸਲ ਹੁੰਦੀ ਹੈ ਨਾ ਕਿ ਤੁਹਾਡੇ ਧਾਰਮਿਕ ਅਕੀਦਿਆ ਦੀ ਪਾਲਣਾ ਤੋਂ।
ਆਓ, ਹੁਣ ਇਸ ਹਫ਼ਤੇ ਨਾਲ ਸਬੰਧਤ ਉਸ ਵਿਵਾਦ ਵੱਲ ਮੁੜੀਏ, ਜੋ ਕੇਂਦਰ ਵੱਲੋਂ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਨਾਮਜ਼ਦ ਕਰਨ ਨੂੰ ਲੈ ਕੇ ਸਿੱਖ ਧਰਮ ਦੀ ਸਰਵਉੱਚ ਧਾਰਮਿਕ ਸੰਸਥਾ ਅਕਾਲ ਤਖ਼ਤ ਅਤੇ ਕੇਂਦਰ ਸਰਕਾਰ ਵਿਚਕਾਰ ਤਣਾਅ ਦੇ ਰੂਪ ਵਿੱਚ ਪੈਦਾ ਹੋਇਆ ਹੈ। 1704 ਵਿੱਚ ਇਸ ਦਿਨ ਔਰੰਗਜ਼ੇਬ ਦੇ ਸਭ ਤੋਂ ਜ਼ਾਲਮ ਸ਼ਾਸਕ ਵਜ਼ੀਰ ਖ਼ਾਨ ਨੇ ਸਰਹਿੰਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣਵਾ ਦਿੱਤਾ ਸੀ। ਅਕਾਲ ਤਖ਼ਤ ਦਾ ਮੰਨਣਾ ਹੈ ਕਿ ਇਸ ਦਿਨ ਨੂੰ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਵਜੋਂ ਮਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੋਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਿੱਖ ਕੌਮ ਦਾ ਰੁਤਬਾ ਉੱਚਾ ਚੁੱਕਿਆ ਹੈ। ਉਹ ਕੋਈ ਸਾਧਾਰਨ ਬਾਲ ਨਹੀਂ ਹਨ। ਸਿੱਖ ਸੰਸਦ ਮੈਂਬਰਾਂ ਨੂੰ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣ ਲਈ ਕਿਹਾ ਗਿਆ ਹੈ ਅਤੇ ਸਿੱਖ ਧਾਰਮਿਕ ਆਗੂਆਂ ਦੀ ਮੀਟਿੰਗ ਵੀ ਸੱਦੀ ਗਈ ਹੈ।
ਪੰਜਾਬ ਵੱਲੋਂ 21 ਨਵੰਬਰ 2021 ਨੂੰ ਕੇਂਦਰ ਸਰਕਾਰ ਨੂੰ ਆਪਣੇ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰਨ ਤੋਂ ਸਿਰਫ਼ ਛੇ ਹਫ਼ਤਿਆਂ ਬਾਅਦ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ 9 ਜਨਵਰੀ 2022, ਜੋ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ, ਮੌਕੇ ‘ਵੀਰ ਬਾਲ ਦਿਵਸ’ ਮਨਾਉਣ ਦਾ ਸੱਦਾ ਦਿੱਤਾ ਸੀ। ਕੇਂਦਰ ਦਾ ਇਹ ‘ਕਦੇ ਹਾਰ ਨਾ ਮੰਨੋ’ ਵਾਲਾ ਰਵੱਈਆ ਅੱਜ ਵੀ ਜਾਰੀ ਹੈ। ਭਾਜਪਾ ਵੱਲੋਂ ਪੰਜਾਬ ਯੂਨੀਵਰਸਿਟੀ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਉੱਤੇ ਕੇਂਦਰ ਦਾ ਨਿਯੰਤਰਣ ਵਧਾਉਣ ਦੀਆਂ ਦੋ ਕੋਸ਼ਿਸ਼ਾਂ ਕੀਤੀਆਂ ਗਈਆਂ, ਜੋ ਦੋਵੇਂ ਵਾਰ ਦਿਨਾਂ ਵਿੱਚ ਹੀ ਟਾਲ਼ ਦਿੱਤੀਆਂ ਗਈਆਂ। ਇਹ ਪਾਰਟੀ ਹਾਲੇ ਵੀ ਪੰਜਾਬ ਦੇ ਵੋਟਰਾਂ ਨੂੰ ਭਰਮਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਪ੍ਰਧਾਨ ਮੰਤਰੀ ਦਾ ‘ਵੀਰ ਬਾਲ ਦਿਵਸ’ ਮਨਾਉਣਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਵਾਰ-ਵਾਰ ਪੰਜਾਬ ਆਉਣਾ ਅਤੇ ਪੱਗ ਬੰਨ੍ਹ ਕੇ ਪੰਜਾਬ ਦੇ ਮੁੱਦਿਆਂ ’ਤੇ ਬੋਲਣਾ, ਇਹ ਦੋਵੇਂ ਉਦਾਹਰਣਾਂ ਸਪੱਸ਼ਟ ਕਰਦੀਆਂ ਹਨ ਕਿ 14 ਮਹੀਨਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਭਰਮਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬਿਨਾਂ ਸ਼ੱਕ, ਆਉਣ ਵਾਲਾ ਸਾਲ ਲੰਮਾ, ਔਖਾ ਅਤੇ ਖ਼ਬਰਾਂ ਨਾਲ ਭਰਿਆ ਹੋਵੇਗਾ ਕਿਉਂਕਿ ‘ਭਾਰਤ ਦੇ ਖ਼ਿਆਲ’ (Idea of India) ਲਈ ਸੰਘਰਸ਼ ਹਾਲੇ ਵੀ ਜਾਰੀ ਹੈ। ਇਹ ਵੀ ਯਕੀਨੀ ਹੈ ਕਿ ਇਹ ਸੰਘਰਸ਼ ਸਿਰਫ਼ ਸਿਆਸਤ ਅਤੇ ਪ੍ਰਭਾਵ ਕਾਇਮ ਕਰਨ ਲਈ ਯਤਨਸ਼ੀਲ ਸਿਆਸੀ ਪਾਰਟੀਆਂ ਤੱਕ ਸੀਮਤ ਨਹੀਂ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਪੱਛਮੀਕਰਨ ਵਿਰੋਧੀ ਦਲੀਲ ਦਾ ਤੁਹਾਡੇ ਘਰਾਂ ਵਿੱਚ ਕਿੰਨਾ ਕੁ ਮਹੱਤਵ ਹੈ? ਕੀ ਕੋਈ ਸੁਣ ਰਿਹਾ ਹੈ? ਸ਼ਾਇਦ ਇਸੇ ਲਈ ‘ਵੈਲੇਨਟਾਈਨ ਦਿਵਸ’ ਦਾ ਸਵਦੇਸ਼ੀ ਵਿਕਲਪ ‘ਮਾਤਰੂ-ਪਿਤਰੂ ਪੂਜਨ ਦਿਵਸ’ ਬੁਰੀ ਤਰ੍ਹਾਂ ਅਸਫ਼ਲ ਰਿਹਾ।
ਸਭ ਨੂੰ ਨਵਾਂ ਸਾਲ ਮੁਬਾਰਕ!
*ਲੇਖਕਾ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਹਨ।
Share this content:


Post Comment