ਮੋਹਾਲੀ ਆਪ ਵਿਧਾਇਕ ਦੇ ਸਾਬਕਾ ਪੀਏ ‘ਤੇ 1 ਕਰੋੜ ਦੀ ਧੋਖਾਧੜੀ ਮਾਮਲਾ ਦਰਜ

ਪੰਚਕੁਲਾ : ਪੰਚਕੁਲਾ ਦੇ ਸੈਕਟਰ-26 ਦੇ ਵਸਨੀਕ ਮਲਕੀਤ ਸਿੰਘ ਦੀ ਸ਼ਿਕਾਇਤ ‘ਤੇ, ਚੰਡੀਮੰਦਰ ਪੁਲਿਸ ਸਟੇਸ਼ਨ ਨੇ ਆਮ ਆਦਮੀ ਪਾਰਟੀ ਦੇ ਮੋਹਾਲੀ ਵਿਧਾਇਕ ਕੁਲਵੰਤ ਸਿੰਘ ਦੇ ਸਾਬਕਾ ਨਿੱਜੀ ਸਹਾਇਕ (ਪੀਏ) ਤਰੁਣਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਗੈਰੀ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਦੋਵਾਂ ‘ਤੇ 1 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ।
ਸ਼ਿਕਾਇਤਕਰਤਾ ਮਲਕੀਤ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਸਾਲ 1996-97 ਵਿਚ, ਪੰਚਕੁਲਾ ਦੇ ਸੈਕਟਰ-20 ਵਿਚ ਉਸ ਦੀ 10 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ, ਅਤੇ ਮੁਆਵਜ਼ੇ ਨਾਲ, ਉਸ ਨੇ ਨਾਰਾਇਣਗੜ੍ਹ ਵਿਚ 16 ਏਕੜ ਜ਼ਮੀਨ ਖ਼ਰੀਦੀ ਅਤੇ ਖੇਤੀ ਅਤੇ ਡੇਅਰੀ ਦਾ ਕਾਰੋਬਾਰ ਸ਼ੁਰੂ ਕੀਤਾ। ਮਲਕੀਅਤ ਦਾ ਦੋਸ਼ ਹੈ ਕਿ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (HSVP) ਦੇ ਲੇਖਾਕਾਰ ਸੁਨੀਲ ਬਾਂਸਲ ਨੇ ਉਸ ਦੇ ਬੈਂਕ ਖਾਤਿਆਂ ਦੀ ਦੁਰਵਰਤੋਂ ਕੀਤੀ ਅਤੇ ਪੈਸੇ ਕਢਵਾਏ।
ਇਸ ਤੋਂ ਬਾਅਦ, 23 ਜਨਵਰੀ, 2024 ਨੂੰ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉਸ ਦੇ ਘਰ ਛਾਪਾ ਮਾਰਿਆ ਪਰ ਕੋਈ ਵੀ ਅਪਰਾਧਕ ਦਸਤਾਵੇਜ਼ ਬਰਾਮਦ ਨਹੀਂ ਹੋਏ। ਇਸ ਘਟਨਾ ਤੋਂ ਬਾਅਦ, ਮਲਕੀਅਤ ਸਿੰਘ ਨੇ ਮਦਦ ਲਈ ਵਿਧਾਇਕ ਕੁਲਵੰਤ ਸਿੰਘ ਕੋਲ ਪਹੁੰਚ ਕੀਤੀ।
ਮਲਕੀਤ ਦਾ ਦਾਅਵਾ ਹੈ ਕਿ ਵਿਧਾਇਕ ਦੇ ਕਥਿਤ ਪੀਏ ਤਰੁਣਪ੍ਰੀਤ ਸਿੰਘ ਤੇ ਉਸ ਦੇ ਸਾਥੀ ਗੈਰੀ ਨੇ ਪ੍ਰਭਾਵਸ਼ਾਲੀ ਹੋਣ ਦਾ ਦਾਅਵਾ ਕੀਤਾ ਅਤੇ ਈਡੀ ਨਾਲ ਕੇਸ ਨਿਪਟਾਉਣ ਦੀ ਪੇਸ਼ਕਸ਼ ਕੀਤੀ ਅਤੇ ਬਦਲੇ ਵਿਚ 1 ਕਰੋੜ ਰੁਪਏ ਨਕਦ ਲਏ। ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਨੇ ਇਹ ਰਕਮ ਈਡੀ ਨੂੰ ਨਹੀਂ ਦਿਤੀ ਅਤੇ ਹੁਣ ਉਹ ਮਲਕੀਤ ਤੋਂ 8 ਕਰੋੜ ਰੁਪਏ ਹੋਰ ਮੰਗ ਰਹੇ ਹਨ।
ਇਸ ਮਾਮਲੇ ਵਿਚ, ਵਿਧਾਇਕ ਕੁਲਵੰਤ ਸਿੰਘ ਦੇ ਨਜ਼ਦੀਕੀ ਸਾਥੀਆਂ ਦਾ ਕਹਿਣਾ ਹੈ ਕਿ “ਤਰੁਣ ਨਾਮ ਦਾ ਕੋਈ ਵੀ ਪੀਏ ਵਿਧਾਇਕ ਦੇ ਨਾਲ ਨਹੀਂ ਹੈ। ਤਰਨਜੀਤ ਨਾਮ ਦਾ ਇਕ ਪੀਏ ਸੀ, ਜਿਸ ਨੂੰ ਲਗਭਗ ਇਕ ਸਾਲ ਪਹਿਲਾਂ ਹਟਾ ਦਿਤਾ ਗਿਆ ਸੀ।”
ਫਿਲਹਾਲ ਪੁਲਿਸ ਨੇ ਤਰੁਣਪ੍ਰੀਤ ਸਿੰਘ ਅਤੇ ਗੈਰੀ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
Share this content:



Post Comment