Loading Now

ਕਵਿਤਾ/ਤਾਂ ਤੁਸੀਂ ਕੀ ਕਰੋਗੇ/ਯਸ਼ ਪਾਲ

ਕਵਿਤਾ/ਤਾਂ ਤੁਸੀਂ ਕੀ ਕਰੋਗੇ/ਯਸ਼ ਪਾਲ

*ਜੇ ਤੁਹਾਨੂੰ*
*ਧਕੇਲਕੇ*
*ਕੱਢ ਦਿੱਤਾ ਜਾਏ*
*ਪਿੰਡੋੰ ਬਾਹਰ*
*ਪਾਣੀ ਤੱਕ*
*ਨਾ ਲੈਣ ਦਿੱਤਾ ਜਾਏ*
*ਖੂਹ ਤੋਂ*

*ਦੁਰਕਾਰਿਆ ਜਾਏ*
*ਫਟਕਾਰਿਆ ਜਾਏ*

*ਤਪਦੀ ਦੁਪਹਿਰ ‘ਚ*
*ਕਿਹਾ ਜਾਏ ਤੋੜਨ ਨੂੰ*
*ਰੋੜੇ-ਪੱਥਰ*

*ਕੰਮ ਦੇ ਬਦਲੇ*
*ਖਾਣ ਨੂੰ ਦਿੱਤੀ ਜਾਏ*
*ਜੂਠ-ਪੱਤਲ*

*ਤੇ ਕਿਹਾ ਜਾਏ*
*ਢੋਣ ਨੂੰ*
*ਸਾਰੇ ਪਰਿਵਾਰ ਦਾ ਮੈਲਾ*
*ਤੇ ਪਹਿਨਣ ਨੂੰ*
*ਦਿੱਤੀ ਜਾਏ*
*ਪਾਟੀ-ਉਤਰਨ*

*ਤਾਂ ਤੁਸੀਂ ਕੀ ਕਰੋਗੇ?*

*ਜੇ ਤੁਹਾਨੂੰ*
*ਦੂਰ ਰੱਖਿਆ ਜਾਏ*
*ਕਿਤਾਬਾਂ ਤੋਂ*
*ਨਾ ਜਾਣ ਦਿੱਤਾ ਜਾਏ*
*ਵਿੱਦਿਆ-ਮੰਦਰ ਦੀ*
*ਸਰਦਲ ਤੱਕ*

*ਲਾਲਟੈਨ ਦੀ*
*ਮੰਦ ਰੌਸ਼ਨੀ ‘ਚ*
*ਕਾਲਖ-ਲਿੱਬੜੀਆਂ*
*ਕੰਧਾਂ ‘ਤੇ*
*ਜੇ ਟੰਗ ਦਿੱਤਾ ਜਾਏ*
*ਈਸਾ ਵਾਂਗ*

*ਤਾਂ ਤੁਸੀਂ ਕੀ ਕਰੋਗੇ?*

*ਜੇ ਤੁਹਾਨੂੰ*
*ਰਹਿਣ ਲਈ ਦਿੱਤਾ ਜਾਏ*
*ਘਾਹ-ਫੂਸ ਦਾ ਘਰ*
*ਮੌਕੇ-ਬੇਮੌਕੇ*
*ਜਿਸ ਨੂੰ ਫੂਕ ਕੇ*
*ਕਰ ਦਿੱਤਾ ਜਾਏ ਸੁਆਹ*

*ਬਰਸਾਤ ਦੀਆਂ ਰਾਤਾਂ ‘ਚ*
*ਗੋਡੇ-ਗੋਡੇ ਪਾਣੀ ‘ਚ*
*ਕਿਹਾ ਜਾਏ*
*ਸੌਣ ਨੂੰ*

*ਤਾਂ ਤੁਸੀਂ ਕੀ ਕਰੋਗੇ?*

*ਜੇ ਤੁਹਾਨੂੰ*
*ਚੱਲਣਾ ਪਵੇ*
*ਨਦੀ ਦੇ ਤੇਜ ਵਹਾ ਦੇ*
*ਉਲਟੇ ਰੁਖ*

*ਖੋਲ੍ਹ ਕੇ*
*ਦਰਦ ਦਾ ਬੂਹਾ*
*ਜੂਝਣਾ ਪਵੇ*
*ਭੁੱਖ ਨਾਲ*

*ਤਾਂ ਤੁਸੀਂ ਕੀ ਕਰੋਗੇ?*

*ਭੇਜਣੀ ਪਵੇ*
*ਬਹੂ ਨਵੀਂ-ਨਵੇਲੀ*
*ਪਹਿਲੀ ਰਾਤ*
*ਠਾਕੁਰ ਦੀ ਹਵੇਲੀ*

*ਤਾਂ ਤੁਸੀਂ ਕੀ ਕਰੋਗੇ?*

*ਜੇ ਤੁਹਾਨੂੰ*
*ਨਕਾਰ ਦਿੱਤਾ ਜਾਏ*
*ਆਪਣੇ ਹੀ ਮੁਲਕ ‘ਚ*
*ਮੰਨ ਕੇ ਬੰਧੂਆ-ਗੁਲਾਮ*
*ਖੋਹ ਲਏ ਜਾਣ*
*ਹੱਕ ਤਮਾਮ*

*ਤਾਂ ਤੁਸੀਂ ਕੀ ਕਰੋਗੇ?*

*ਜੇ ਤੁਹਾਡੀ*
*ਸਮੁੱਚੀ ਸਭਿਅਤਾ*
*ਖੁਰਚ-ਖੁਰਚ ਕੇ*
*ਦਿੱਤੀ ਜਾਵੇ ਸਾੜ*

*ਤੁਹਾਡੇ*
*ਗੌਰਵਸ਼ਾਲੀ ਇਤਿਹਾਸ ਦੇ*
*ਪੰਨੇ*
*ਦਿੱਤੇ ਜਾਣ ਪਾੜ*

*ਤਾਂ ਤੁਸੀਂ ਕੀ ਕਰੋਗੇ?*

*ਜੇ ਤੁਹਾਨੂੰ*
*ਰੋਕਿਆ ਜਾਏ*
*ਵੋਟ ਪਾਉਣ ਤੋਂ*
*ਲੋਕਤੰਤਰ ਦੇ ਨਾਂ ‘ਤੇ*
*ਕੁੱਟ-ਮਾਰ ਕੇ*
*ਕਰ ਦਿੱਤਾ ਜਾਵੇ*
*ਲਹੂ-ਲੁਹਾਣ*

*ਕਦਮ ਕਦਮ ‘ਤੇ*
*ਚੇਤੇ ਕਰਾਇਆ ਜਾਏ*
*ਜਾਤੀ-ਮੁਹਾਣ*

*ਤਾਂ ਤੁਸੀਂ ਕੀ ਕਰੋਗੇ?*

*ਦੁਰਗੰਧ ਭਰੀ ਹੋਵੇ*
*ਜਿੰਦਗੀ*
*ਹੱਥਾਂ ‘ਤੇ ਪਏ ਹੋਣ*
*ਛਾਲੇ*
*ਫਿਰ ਵੀ ਕਿਹਾ ਜਾਏ*
*ਖੋਦੋ ਨਦੀ-ਨਾਲੇ*

*ਤਾਂ ਤੁਸੀਂ ਕੀ ਕਰੋਗੇ?*

*ਜੇ ਤੁਹਾਨੂੰ*
*ਸ਼ਰੇਆਮ*
*ਕੀਤਾ ਜਾਏ ਬੇਇੱਜ਼ਤ*
*ਖੋਹ ਲਈ ਜਾਏ*
*ਤੁਹਾਡੀ*
*ਮਾਮੂਲੀ ਪੂੰਜੀ*

*ਧਰਮ ਦੇ ਨਾਂ ‘ਤੇ*
*ਕਿਹਾ ਜਾਏ*
*ਤੁਹਾਡੀਆਂ ਔਰਤਾਂ ਨੂੰ*
*ਬਣਨ ਲਈ ਦੇਵਦਾਸੀ*
*ਕਰਾਈ ਜਾਏ ਉਨ੍ਹਾਂ ਤੋਂ*
*ਵੇਸਵਾਗਿਰੀ*

*ਤਾਂ ਤੁਸੀਂ ਕੀ ਕਰੋਗੇ?*

*ਝੁਲਸ ਕੇ*
*ਸਾਂਵਲਾ ਹੋ ਜਾਏਗਾ*
*ਸਾਫ਼-ਸੁਥਰਾ*
*ਤੁਹਾਡਾ ਰੰਗ*

*ਖੋ ਜਾਏਗੀ*
*ਅੱਖਾਂ ਦੀ ਚਮਕ*
*ਤਾਂ ਤੁਸੀਂ ਨਹੀਂ*
*ਲਿਖ ਪਾਉਗੇ*
*ਕਾਗ਼ਜ਼ ‘ਤੇ*
*ਸਤਿਅਮ ਸ਼ਿਵਮ*
*ਸੁੰਦਰਮ*

*ਦੇਵੀ-ਦੇਵਤਿਆਂ ਦੇ*
*ਤੁਸੀਂ ਵੰਸ਼*
*ਹੋ ਜਾਉਗੇ*
*ਲੂਲੇ-ਲੰਗੜੇ*
*ਤੇ ਅਪਾਹਿਜ*

*ਜੇ ਜਿਉਣਾ ਪੈ ਜਾਏ*
*ਮੇਰੇ ਵਾਂਗ*
*ਯੁੱਗਾਂ-ਯੁੱਗਾਂਤਰਾਂ ਤੱਕ*

*ਤਾਂ ਤੁਸੀਂ ਕੀ ਕਰੋਗੇ?*

*#ਓਮ ਪ੍ਰਕਾਸ਼ ਬਾਲਮੀਕੀ*
(ਉਨ੍ਹਾਂ ਦੀ ਵੀਡੀਓ ਤੋਂ)

ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)

Share this content:

Post Comment