ਮੌਸਮ ਅਤੇ ਪ੍ਰਦੂਸ਼ਣ/ਐਡਵੋਕੇਟ ਦਰਸ਼ਨ ਸਿੰਘ ਰਿਆੜ
ਮੌਸਮ ਅਤੇ ਪ੍ਰਦੂਸ਼ਣ ਦਾ ਪ੍ਰਕੋਪ ਮਈ ਅਤੇ ਜੂਨ ਦੋ ਮਹੀਨੇ ਸਾਡੇ ਦੇਸ਼ ਵਿੱਚ ਹਰ ਸਾਲ ਭਿਆਨਕ ਲੂ ਦੇ ਮਹੀਨੇ ਹੁੰਦੇ ਹਨ।ਭਾਰਤ ਦੀ ਭੂਗੋਲਿਕ ਸਥਿਤੀ ਕਿਉਂਕਿ ਭੂਮੱਧ ਰੇਖਾ ਦੇ ਨੇੜੇ ਹੈ ਅਤੇ ਇਹਨਾਂ ਦਿਨਾਂ ਦੌਰਾਨ ਇਸ ਖੇਤਰ ਵਿੱਚ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ।ਨਤੀਜੇ ਵਜੋਂ ਗਰਮੀ ਜ਼ਿਆਦਾ ਹੁੰਦੀ ਹੈ।ਇੱਕ ਭਿਆਨਕ ਗਰਮੀ ਤੇ ਦੂਜਾ ਪ੍ਰਦੂਸ਼ਣ ਵੀ ਵਿਸ਼ਵ ਦੀ ਵੱਡੀ ਸਮੱਸਿਆ ਹੈ ਤੇ ਸਾਡਾ ਦੇਸ਼ ਭਾਰਤ ਵੀ ਉਸ ਦਾ ਵੱਡਾ ਸੰਤਾਪ ਹੰਢਾ ਰਿਹਾ ਹੈ। ਲੂ ਦੀ ਗਰਮੀ ਨਾਲ ਚੱਲਣ ਵਾਲੀਆਂ ਗਰਮ ਹਵਾਵਾਂ ਸਮੁੱਚੇ ਵਾਤਾਵਰਣ ਨੂੰ ਭਖਾ ਦੇਂਦੀਆਂ ਹਨ।ਜਿਸ ਨਾਲ ਬਨਸਪਤੀ ,ਪੌਦੇ ਤੇ ਫ਼ਸਲਾਂ ਵੀ ਸੁੱਕਣ ਲੱਗਦੀਆਂ ਹਨ।ਪਾਣੀ ਦੀ ਜ਼ਿਆਦਾ ਲੋੜ ਮਹਿਸੂਸ ਹੁੰਦੀ ਹੈ।ਗਮਲਿਆਂ ਵਿੱਚ ਲਗਾਏ ਹੋਏ ਫਲ਼ਾਂ ਤੇ ਫੁੱਲਾਂ ਦੇ ਪੌਦਿਆਂ ਨੂੰ ਜੇ ਸਵੇਰੇ ਸ਼ਾਮ ਦੋ ਵੇਲੇ ਪਾਣੀ ਨਾ ਦਿੱਤਾ ਜਾਵੇ ਤਾਂ ਉਹਨਾਂ ਦਾ ਜੀਵਤ ਰਹਿਣਾ ਮੁਸ਼ਕਲ ਹੋ ਜਾਂਦਾ ਹੈ।ਜਦੋਂ ਆਲਾ ਦੁਆਲਾ ਅੱਗ ਉਗਲਦਾ ਹੋਵੇ ਤਾਂ ਮਨੁੱਖੀ ਸਰੀਰਾਂ ਤੇ ਹੋਰ ਜੀਵਾਂ ਦਾ ਹਾਲੋਂ ਬੇਹਾਲ ਹੋਣਾ ਵੀ ਕੁਦਰਤੀ ਹੋ ਜਾਂਦਾ ਹੈ।
ਲੋਕ ਕੋਠਿਆਂ ਜਾਂ ਮਕਾਨਾਂ ਦੇ ਬਨੇਰਿਆਂ ਉੱਪਰ ਪਾਣੀ ਦੇ ਬਰਤਨ ਭਰ ਕੇ ਰੱਖਦੇ ਹਨ ਤਾਂ ਜੋ ਪੰਛੀ ਆਪਣੀ ਪਿਆਸ ਬੁਝਾ ਸਕਣ ਤੇ ਗਰਮੀ ਦੀ ਤਪਸ਼ ਤੋਂ ਬਚ ਸਕਣ। ਸਵੇਰ ਸਾਰ ਹੀ ਗਰਮੀ ਦਾ ਪ੍ਰਕੋਪ ਸ਼ੁਰੂ ਹੋ ਜਾਂਦਾ ਹੈ।ਮੀਂਹ ਦੇ ਪਾਣੀ ਦੀ ਸੁਆਂਤੀ ਬੂੰਦ ਲਈ ਪਪੀਹੇ ਤਰਸਣ ਲਗ ਜਾਂਦੇ ਹਨ।ਪਪੀਹੇ ਦੀ ,ਮੀਂਹ ਪਾ ਮੀਂਹ ਪਾ ਦੀ ਸੁਰੀਲੀ ਅਵਾਜ਼ ਵਾਤਾਵਰਣ ਵਿਚ ਗੂੰਜਣ ਲੱਗਦੀ ਹੈ।ਪਪੀਹਾ ਪੰਛੀ ਵੀ ਕੁਦਰਤ ਦਾ ਇੱਕ ਅਜੀਬ ਅਜੂਬਾ ਹੈ ਜਿਸ ਦੇ ਸਿਰ ਤੇ ਉੱਪਰਲੇ ਸੁਰਾਖ ਰਾਂਹੀ ਕੇਵਲ ਮੀਂਹ ਦੇ ਪਾਣੀ ਨਾਲ ਹੀ ਤ੍ਰਿਪਤੀ ਹੁੰਦੀ ਹੈ।ਗੁਰਬਾਣੀ ਦੇ ਮਿੱਠੇ ਤੇ ਸੁਰੀਲੇ ਸ਼ਬਦ-ਬੋਲ ਪਪੀਹਾ ਤੇਰੀ ਹੁਣ ਰੁੱਤ ਆਈ ਆ, ਅਤੇ ਅੰਮ੍ਰਿਤ ਵੇਲੇ ਬੋਲਿਆ ਪਪੀਹਾ(ਬੰਬੀਹਾ) ਤੈਂ ਦਰ ਸੁਣੀ ਪੁਕਾਰ…ਆਦਿ ਵਾਤਾਵਰਣ ਵਿੱਚ ਆਸ ਤੇ ਉਮੀਦ ਨੂੰ ਜਿੰਦਾ ਕਰਦੀ ਪੁਕਾਰ ਨਾਲ ਸਰਸ਼ਾਰ ਕਰ ਦੇਂਦੇ ਹਨ।ਤੇ ਫਿਰ ਜਦੋਂ ਸਮੁੰਦਰੀ ਦਿਸ਼ਾ ਤੋਂ ਆਉਂਦੀਆਂ ਮਾਨਸੂਨ ਪੌਣਾਂ ਮੀਂਹ ਦੀਆਂ ਸੁਹਾਵਣੀਆਂ ਬੂੰਦਾਂ ਨਾਲ ਤਪਦੀ ਧਰਤ ਦਾ ਸੀਨਾ ਠਾਰਨਾ ਸ਼ੁਰੂ ਕਰਦੀਆਂ ਹਨ ਤਾਂ ਪੰਛੀ ਚਹਿ ਚਹਾਉਣ ਲੱਗ ਜਾਂਦੇ ਹਨ ,ਪਪੀਹਿਆਂ ਦੀ ਪਿਆਸ ਵੀ ਸ਼ਾਂਤ ਹੋਣ ਲੱਗਦੀ ਹੈ ਤੇ ਕਿਸਾਨਾਂ ਦੇ ਚਿਹਰੇ ਤੇ ਵੀ ਰੌਣਕ ਪਰਤ ਆਉਂਦੀ ਹੈ।ਪੁਰਾਤਨ ਸਮੇਂ ਵਿੱਚ ਤਾਂ ਖੇਤੀ ਦਾ ਕਾਰੋਬਾਰ ਸਾਰੇ ਦਾ ਸਾਰਾ ਮੀਂਹ ਉੱਪਰ ਹੀ ਨਿਰਭਰ ਕਰਦਾ ਹੁੰਦਾ ਸੀ।ਭਾਵੇਂ ਹੁਣ ਮੀਂਹ ਤੇ ਨਿਰਭਰਤਾ ਓਨੀ ਨਹੀਂ ਰਹੀ ਤੇ ਸਿੰਚਾਈ ਦੇ ਹੋਰ ਬਹੁਤ ਸਾਰੇ ਸਾਧਨ ਈਜਾਦ ਅਤੇ ਪ੍ਰਚੱਲਤ ਹੋ ਗਏ ਹਨ।ਫਿਰ ਵੀ ਕੁਦਰਤ ਦੇ ਵਰੋਸਾਏ ਮੀਂਹ ਦੀ ਆਪਣੀ ਹੀ ਮਹੱਤਤਾ ਤੇ ਮਹਾਨਤਾ ਹੈ।ਕੁਦਰਤ ਬੜੀ ਦਇਆਵਾਨ ਵੀ ਹੈ ਤੇ ਬਿਨਾਂ ਕਿਸੇ ਭਿੰਨ-ਭੇਦ ਸਾਰੇ ਹੀ ਥਾਂਵਾਂ ਤੇ ਪਾਣੀ ਵਰਗੀ ਨਿਆਮਤ ਦੇ ਭੰਡਾਰ ਵਰਸਾ ਦੇਂਦੀ ਹੈ।
“ਮੀਂਹ ਪਿਆ ਪਰਮੇਸ਼ਰ ਪਾਇਆ,ਜੀਅ ਜੰਤ ਸਭ ਸੁਖੀ ਵਸਾਇਆ”।ਇਹ ਸ਼ਬਦ ਮਨੁੱਖਤਾ ਵੱਲੋਂ ਅਕਾਲ ਪੁਰਖ ਦੇ ਸ਼ੁਕਰਾਨੇ ਤੇ ਮੀਂਹ ਦੀ ਸਿਫ਼ਤ ਦਾ ਵਰਣਨ ਕਰਦੇ ਹੋਏ ਮੀਂਹ ਦੀ ਮਹੱਤਤਾ ਵੱਲ ਸੰਕੇਤ ਕਰਦੇ ਹਨ।ਵਿਕਾਸ ਦੇ ਨਾਮ ਉੱਤੇ ਆਧੁਨਿਕ ਮਨੁੱਖ ਨੇ ਆਪਣੀਆਂ ਸਹੂਲਤਾਂ ਅਤੇ ਖ਼ੁਸ਼ਹਾਲੀ ਵਾਸਤੇ ਆਪਣੇ ਰਹਿਣ ਸਹਿਣ ਤੇ ਖਾਣ-ਪੀਣ ਦੇ ਢੰਗ ਤਰੀਕੇ ਏਨੇ ਬਦਲ ਲਏ ਹਨ ਕਿ ਵੱਡੀ ਤਬਦੀਲੀ ਨਾਲ ਸਮੁੱਚਾ ਵਾਤਾਵਰਣ ਹੀ ਬਦਲ ਗਿਆ ਹੈ।ਸੁਭਾਅ ਤੋਂ ਹੀ ਲਾਲਚੀ,ਸਵਾਰਥੀ ਤੇ ਈਰਖਾਲੂ ਮਨੁੱਖ ਨੇ ਕੱਚੇ ਮਕਾਨ ਜੋ ਲੰਬਾ ਸਮਾਂ ਮਨੁੱਖ ਦਾ ਰੈਣ ਬਸੇਰਾ ਰਹੇ ਸਨ ਤੇ ਮੌਸਮ ਅਨੁਸਾਰ ਢਲ ਜਾਂਦੇ ਸਨ,ਭਾਵ- ਗਰਮੀਆਂ ਵਿੱਚ ਠੰਢਕ ਪ੍ਰਦਾਨ ਕਰਦੇ ਸਨ ਤੇ ਸਰਦੀਆਂ ਵਿੱਚ ਨਿੱਘ-ਉਹ ਬਦਲ ਕੇ ਪੱਕੇ,ਉੱਚੇ ਤੇ ਆਧੁਨਿਕਤਾ ਦਾ ਪ੍ਰਗਟਾਵਾ ਕਰਨ ਵਾਲੇ ਬਣਾ ਲਏ ਹਨ।ਇਹ ਮਕਾਨ ਕਈ ਮੰਜਲੇ,ਉੱਪਰ ਅਤੇ ਜ਼ਮੀਨਦੋਜ਼ ਵੀ ਬਣ ਤਾਂ ਗਏ ਹਨ ਪਰ ਇਹਨਾਂ ਨੂੰ ਮੌਸਮ ਅਨੁਸਾਰ ਢਾਲਣ ਲਈ ਬਿਜਲੀ ਨਾਲ ਚੱਲਣ ਵਾਲੇ ਉਪਕਰਨਾਂ ਦੀ ਵਰਤੋਂ ਵੀ ਜ਼ਰੂਰੀ ਹੋ ਗਈ ਹੈ।ਗਰਮੀਆਂ ਵਾਸਤੇ ਏਅਰ-ਕੰਡੀਸ਼ਨਰ ਤੇ ਰੈਫਰੀਜੀਰੇਟਰ ਅਤੇ ਸਰਦੀਆਂ ਵਾਸਤੇ ਹੀਟਰ, ਬਲੋਅਰ ਤੇ ਕਈ ਕੁਝ ਹੋਰ।ਅਮੀਰੀ,ਆਧੁਨਿਕਤਾ ਅਤੇ ਖ਼ੁਸ਼ਹਾਲੀ ਦੇ ਪ੍ਰਤੀਕ ਇਹ ਉਪਕਰਨ ਜਿੱਥੇ ਜ਼ਰੂਰੀ ਹਨ,ਉੱਥੇ ਇਨ੍ਹਾਂ ਲਈ ਲੋੜੀਂਦੀ ਬਿਜਲੀ ਤਿਆਰ ਕਰਨ ਲਈ ਇਕੱਲੀ ਪਣ-ਬਿਜਲੀ ਨਾਲ ਹੁਣ ਗੁਜ਼ਾਰਾ ਨਹੀਂ ਹੁੰਦਾ।ਤਾਪ-ਘਰ ਕੋਲੇ ਦੀ ਗਰਮੀ ਨਾਲ ਬਿਜਲੀ ਤਿਆਰ ਕਰਨ ਲੱਗ ਪਏ,ਪ੍ਰਮਾਣੂ ਸ਼ਕਤੀ ਹਥਿਆਰਾਂ ਦੇ ਨਾਲ ਨਾਲ ਬਿਜਲੀ ਪੈਦਾਵਾਰ ਲਈ ਵੀ ਵਰਤੀ ਜਾਣ ਲੱਗ ਪਈ।
ਪਰ ਇਸ ਨਾਲ ਜਿਹੜਾ ਕਾਰਬਨ ਦਾ ਰਿਸਾਵ ਤੇ ਪਸਾਰਾ ਵਧਿਆ ਹੈ ਉਸ ਨਾਲ ਮਨੁੱਖ ਦਾ ਜੀਵਨ ਹੀ ਦੁੱਭਰ ਹੋ ਗਿਆ ਹੈ। ਪਹਿਲਾਂ ਤਾਂ ਪ੍ਰਮਾਣੂ ਹਥਿਆਰਾਂ ਦੇ ਤਜਰਬਿਆਂ ਨਾਲ ਵਾਤਾਵਰਣ ਦੀ ਫ਼ਿਜ਼ਾ ਵਿੱਚ ਤਬਦੀਲੀ ਆਈ ਸੀ,ਹੁਣ ਸਾਰੇ ਖੇਤਰਾਂ ਦੇ ਰਿਸਾਉ ਮਿਲ ਕੇ ਭਿਆਨਕ ਗਰਮੀ ਤੇ ਪ੍ਰਦੂਸ਼ਣ ਨਾਲ ਵਾਤਾਵਰਣ ਨੂੰ ਏਨਾ ਗੰਧਲਾ ਬਣਾਉਣ ਤੇ ਤੁੱਲ ਗਏ ਹਨ ਕਿ ਮਨੁੱਖੀ ਜ਼ਿੰਦਗੀ ਲਈ ਮੁਸ਼ਕਲਾਂ ਦਾ ਢੇਰ ਲੱਗ ਗਿਆ ਹੈ।ਤਕਨੀਕ ਤੇ ਵਿਗਿਆਨ ਨੇ ਮਨੁੱਖ ਨੂੰ ਇੱਕ ਦੂਜੇ ਦੇਸ਼ਾਂ ਵਿੱਚ ਪ੍ਰਵਾਸ ਨਾਲ ਨੇੜੇ ਤਾਂ ਲਿਆਂਦਾ ਸੀ ਪਰ ਲਾਲਚ,ਲਾਲਸਾ ਤੇ ਸੁਆਰਥ ਭਰੇ ਹੰਕਾਰ ਨਾਲ ਈਗੋ ਦਾ ਭੂਤ ਵੀ ਵੱਡਾ ਹੁੰਦਾ ਗਿਆ ਹੈ।ਲੜਾਈਆਂ,ਝਗੜੇ ਤੇ ਯੁੱਧਾਂ ਦੌਰਾਨ ਵਰਤੇ ਜਾਂਦੇ ਗੋਲੇ ਬਰੂਦ ਦਾ ਗਰਮ ਮਾਦਾ ਤਾਂ ਵਾਤਾਵਰਣ ਵਿੱਚ ਹੀ ਘੁਲਦਾ ਹੈ।ਇਸ ਨਾਲ ਗਲੋਬਲ ਪਿੰਡ ਦਾ ਰੂਪ ਧਾਰਦਾ ਹੋਇਆ ਵਿਸ਼ਵ ਪ੍ਰਦੂਸ਼ਣ ਦੀ ਭਾਰੀ ਪੰਡ ਵਿੱਚ ਬਦਲ ਗਿਆ ਹੈ।ਨਤੀਜਾ ਸਭ ਦੇ ਸਾਹਮਣੇ ਹੈ।ਧਰਤੀ ਦਾ ਤਾਪਮਾਨ ਹਰ ਸਾਲ ਵਧਣ ਲੱਗ ਪਿਆ ਹੈ ਜੋ ਮਨੁੱਖੀ ਜਿੰਦਗੀ,ਬਨਾਸਪਤੀ ਤੇ ਏਥੋਂ ਤੱਕ ਕਿ ਧਰਤੀ ਦੀ ਹੋਂਦ ਲਈ ਵੀ ਵੱਡਾ ਖ਼ਤਰਾ ਬਣ ਸਕਦਾ ਹੈ।ਉਂਜ ਤਾਂ ਮਨੁੱਖ ਨੇ ਸੂਰਜੀ ਤਪਸ਼ ਨੂੰ ਵੀ ਸੋਲਰ ਤਾਪ ਘਰਾਂ ਰਾਹੀਂ ਬਿਜਲੀ ਵਿੱਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਬਹੁਤ ਸਸਤਾ ਵੀ ਹੈ ਤੇ ਲਾਭਦਾਇਕ ਵੀ।ਪਰ ਇੰਜ ਕਰਨ ਨਾਲ ਸੂਰਜ ਦੀ ਤਪਸ਼ ਥੋਹੜੀ ਘੱਟ ਹੋ ਜਾਣੀ ਹੈ।ਉਂਜ ਤਪਸ਼ ਓਨੀ ਹਾਨੀਕਾਰਕ ਨਹੀਂ ਜਿੰਨਾ ਖ਼ਤਰਨਾਕ ਪ੍ਰਦੂਸ਼ਣ ਹੈ।
ਸਦੀਆਂ ਤੋਂ ਧਰੁੱਵਾਂ ਤੇ ਜੰਮੀ ਹੋਈ ਬਰਫ਼ ਦੇ ਗਲੇਸ਼ੀਅਰ ਵੀ ਪਿਘਲਨੇ ਸ਼ੁਰੂ ਹੋ ਗਏ ਹਨ।ਇੰਜ ਸਮੁੰਦਰ ਦਾ ਪਾਣੀ ਉੱਪਰ ਆਉਣਾ ਸ਼ੁਰੂ ਹੋ ਗਿਆ ਹੈ ਜੋ ਸਮੁੰਦਰ ਕੰਢੇ ਵੱਸੇ ਦੇਸ਼ਾਂ ਅਤੇ ਟਾਪੂਆਂ ਦੀ ਹੋਂਦ ਲਈ ਖ਼ਤਰਾ ਬਣ ਸਕਦਾ ਹੈ। ਪ੍ਰਦੂਸ਼ਣ ਤਾਂ ਹੁਣ ਆਲਮੀ ਸਮੱਸਿਆ ਬਣ ਗਈ ਹੈ।ਵੱਖਰੀ ਗੱਲ ਇਹ ਹੈ ਕਿ ਅਮਰੀਕਾ,ਇੰਗਲੈਂਡ ਤੇ ਕੈਨੇਡਾ ਵਰਗੇ ਦੇਸ਼ਾਂ ਨੇ ਆਪਣੀ ਧਰਤੀ ਤੇ ਕੁਦਰਤ ਨਾਲ ਖਿਲਵਾੜ ਬਹੁਤ ਘੱਟ ਕੀਤਾ ਹੈ ਜਾਂ ਕੀਤਾ ਹੀ ਨਹੀਂ।ਇਹੀ ਕਾਰਨ ਹੈ ਕਿ ਉਹਨਾਂ ਦੇਸ਼ਾਂ ਦਾ ਵਾਤਾਵਰਣ ਸਾਡੇ ਏਸ਼ੀਆ ਮਹਾਂਦੀਪ ਨਾਲੋਂ ਕਿਤੇ ਸਾਫ਼ ਸੁਥਰਾ ਹੈ।ਪਰ ਵਿਸ਼ਵ ਦੀਆਂ ਪ੍ਰਮੁੱਖ ਪ੍ਰਮਾਣੂ ਤਾਕਤਾਂ ਆਪ ਤਾਂ ਸੁਪਰੀਮ ਬਣ ਗਈਆਂ ਹਨ।ਦੂਜੇ ਦੇਸ਼ਾਂ ਨੂੰ ਪ੍ਰਮਾਣੂ ਗਿਆਨ ਹਾਸਲ ਕਰਨ ਤੋਂ ਵੀ ਵਰਜਦੀਆਂ ਹਨ।ਖ਼ੁਦ ਦੂਜੇ ਦੇਸ਼ਾਂ ਨਾਲ ਲੰਬੀਆਂ ਲੜਾਈਆਂ ਕਰਕੇ ਵਾਯੂਮੰਡਲ ਵਿੱਚ ਜ਼ਹਿਰ ਘੋਲਣ ਲਈ ਬਜ਼ਿਦ ਹਨ।ਰੂਸ ਤੇ ਯੁਕਰੇਨ ਯੁੱਧ ਕਿੰਨਾ ਲੰਬਾ ਖਿੱਚਦਾ ਚਲਿਆ ਜਾ ਰਿਹਾ ਹੈ?ਇਜ਼ਰਾਈਲ ਤੇ ਫ਼ਲਸਤੀਨ ਦੀ ਖਿੱਚੋਤਾਣ ਹੀ ਨਹੀਂ ਸੀ ਮੁੱਕਦੀ ਹੁਣ ਇਜ਼ਰਾਈਲ ਨੇ ਇਰਾਨ ਤੇ ਹਮਲਾ ਕਰਕੇ ਵਾਯੂ-ਮੰਡਲ ਦੇ ਵਾਤਾਵਰਣ ਦੇ ਨਾਲ ਨਾਲ ਮਨੁੱਖਤਾ ਨੂੰ ਵੀ ਖ਼ਤਰਾ ਪੈਦਾ ਕਰ ਦਿੱਤਾ ਹੈ।ਇਸ ਖ਼ਿੱਤੇ ਵਿੱਚ ਅਜੇ ਭਾਰਤ-ਪਾਕਿ ਦਾ ਮਸਲਾ ਅਜੇ ਠੰਢਾ ਨਹੀਂ ਸੀ ਹੋਇਆ ਕਿ ਇਕ ਹੋਰ ਜੰਗ ਭੜਕ ਪਈ ਹੈ।
ਕੀ ਮਨੁੱਖਤਾ ਤੀਸਰੇ ਵਿਸ਼ਵ ਯੁੱਧ ਵੱਲ ਤਾਂ ਨਹੀਂ ਵੱਧ ਰਹੀ?ਜੇ ਇੰਜ ਹੋਇਆ ਤਾਂ ਮਨੁੱਖਤਾ ਦੇ ਵਣਜਾਰੇ,ਪ੍ਰਮਾਣੂ ਹਥਿਆਰਾਂ ਦੇ ਭੰਡਾਰਾਂ ਵਾਲਿਆਂ ਕੋਲੋਂ ਇਹ ਮਨੁੱਖਤਾ ਨਹੀਂ ਜੇ ਬਚਣੀ?ਵਿਗਿਆਨ ਤੇ ਤਕਨਾਲੋਜੀ ਦੇ ਇਸ ਦੌਰ ਵਿੱਚ ਸਭ ਤੋਂ ਉੱਤਮ ਕਹਾਉਣ ਵਾਲੇ ਮਨੁੱਖ ਨੂੰ ਸਮਝਦਾਰੀ ਤੇ ਸ਼ਾਂਤੀ ਨਾਲ ਖ਼ੁਸ਼ਹਾਲ ਜ਼ਿੰਦਗੀ ਜਿਊਣ ਦੇ ਢੰਗ ਤਰੀਕੇ ਖੋਜਣੇ ਤੇ ਲਾਗੂ ਕਰਨੇ ਚਾਹੀਦੇ ਹਨ ਨਾ ਕਿ ਯੁੱਧਾਂ ਨੂੰ ਸੱਦਾ ਦੇ ਕੇ ਧਰਤੀ ਦੀ ਹਿੱਕ ਨੂੰ ਸਾੜਨਾ ਚਾਹੀਦਾ ਹੈ।ਸਬਰ ਤੇ ਸੰਜਮ ਨਾਲ ਈਗੋ ਤੇ ਹਉਮੈ ਉੱਪਰ ਕਾਬੂ ਪਾਇਆ ਜਾ ਸਕਦਾ ਹੈ ਜੇ ਦ੍ਰਿੜ੍ਹ ਇੱਛਾ ਸ਼ਕਤੀ ਹੋਵੇ ਤਾਂ। ਧਰਤੀ ਹੇਠਲਾ ਪਾਣੀ ਵੀ ਅਸਾਂ ਸਿੰਚਾਈ ਵਾਸਤੇ,ਖੇਤੀ ਉਤਪਾਦਨ ਵਧਾਉਣ ਲਈ ਖਿੱਚ ਲਿਆ ਹੈ।ਉਸ ਦੀ ਮੁਫ਼ਤ ਵਰਤੋਂ ਵੀ ਸਰਕਾਰਾਂ ਦੇ ਗਲੇ ਦੀ ਹੱਡੀ ਬਣ ਗਈ ਹੈ। ਜੇ ਧਰਤੀ ਦੇ ਤੇਜ਼ੀ ਨਾਲ ਵਧ ਰਹੇ ਤਾਪਮਾਨ ਨੂੰ ਰੋਕਣ ਦੇ ਸਾਜ਼ਗਾਰ ਉਪਰਾਲੇ ਨਾ ਕੀਤੇ ਗਏ,ਤਾਂ ਭਵਿਖ ਦੀ ਦੁਨੀਆ ਲਈ ਖਾਧ ਪਦਾਰਥਾਂ ਦੀ ਕਮੀ ਹੋਣੀ ਵੀ ਲਾਜ਼ਮੀ ਹੈ ।ਅਸਲਾ ਬਰੂਦ ਵਰਤ ਕੇ ਵਾਤਾਵਰਣ ਨੂੰ ਨਾਸ ਕਰਨ ਵਾਲੀਆਂ ਲੜਾਈਆਂ ਮਨੁੱਖਤਾ ਨੂੰ ਕਦੇ ਵੀ ਰਾਸ ਨਹੀਂ ਆਈਆਂ।ਪਰ ਹੁਣ ਦੇ ਬਦਲਦੇ ਸਮੀਕਰਨਾਂ ਵਿੱਚ ਜਦੋਂ ਸਮੁੱਚਾ ਵਿਸ਼ਵ ਹੀ ਜਵਾਲਾ ਦੀ ਭੱਠੀ ਉੱਪਰ ਬੈਠਾ ਹੈ ਤੇ ਸੂਰਜ ਵੀ ਅੱਗ ਉਗਲ ਰਿਹਾ ਹੈ ਜੇ ਧਰਤੀ ਦਾ ਸੀਨਾ ਸ਼ਾਂਤ ਕਰਨ ਦੇ ਉਪਰਾਲੇ ਨਾ ਹੋਏ ਤਾਂ ਕੋਵਿਡ-19 ਨਾਲੋਂ ਵੀ ਭੈੜਾ ਹਸ਼ਰ ਹੋ ਸਕਦਾ ਹੈ।ਦੇਸ਼ਾਂ ਦੇ ਮੁਖੀਆਂ ਤੇ ਸ਼ਾਂਤੀ ਦੇ ਪੁਜਾਰੀਆਂ ਨੂੰ ਸਿਰ ਜੋੜ ਕੇ ਬੈਠਣ ਦਾ ਵੇਲਾ ਆ ਗਿਆ ਹੈ ਨਹੀਂ ਤਾਂ ਨਾ ਰਹੇਗਾ ਬਾਂਸ ਤੇ ਨਾ ਹੀ ਵੱਜੇਗੀ ਬਾਂਸੁਰੀ! ਆਮੀਨ!
ਐਡਵੋਕੇਟ ਦਰਸ਼ਨ ਸਿੰਘ ਰਿਆੜ
ਮੋ: 9316311677
Share this content:


Post Comment