Loading Now

ਕਵਿਤਾ/ਮਿਲਦੇ-ਗਿਲਦੇ ਰਿਹਾ ਕਰੋ/ ਹਰਜਿੰਦਰ ਨਿਆਣਾ

ਕਵਿਤਾ/ਮਿਲਦੇ-ਗਿਲਦੇ ਰਿਹਾ ਕਰੋ/ ਹਰਜਿੰਦਰ ਨਿਆਣਾ

 

 

ਸੱਜਣ ਪਿਆਰੇ ਮਿਲਦੇ ਗਿਲਦੇ ਰਿਹਾ ਕਰੋ..

ਕੁਝ ਮੇਰੀ ਸੁਣ ਆਪਣੀ ਵੀ ਕਿਹਾ ਕਰੋ ,

ਸੱਜਣ ਪਿਆਰੇ ਮਿਲਦੇ ਗਿਲਦੇ ਰਿਹਾ ਕਰੋ ,

 

ਕਦੇ ਕਦੇ ਤਾਂ ਖੁੱਲ ਖੁੱਲ ਕੇ ਹੱਸੋ ਜੀ ,

ਦਿਲ ਦਾ ਹਾਲ ਖੋਲ ਖੋਲ ਕੇ ਦੱਸੋ ਜੀ,

ਸਾਤੋ ਇੰਝ ਨਾ ਦੂਰ ਦੂਰ ਤੁਸੀ ਨੱਸੋ ਜੀ ,

ਹੋ ਨਾ ਜਾਵੇ ਗਮ ਬਾਹਰ ਕਿਤੇ ਵੱਸੋ ਜੀ ,

ਕਰ ਹੀ ਲੋ ਸਾਂਝਾ… ਕੱਲੇ ਨਾ ਸਿਹਾ ਕਰੋ,

ਸੱਜਣ ਪਿਆਰੇ ਮਿਲਦੇ ਗਿਲਦੇ ਰਿਹਾ ਕਰੋ,

ਕੁਝ ਮੇਰੀ ਸੁਣ ਆਪਣੀ ਵੀ ਕਿਹਾ ਕਰੋ…

 

ਕੱਸ ਕੇ ਆਕੜ ਦਾ ਵੱਟਾ ਤੂੰ ਫੜਿਆ ਏ ,

ਕਿਉਂ ਕਮਲਿਆ ਜ਼ਿੱਦ ਤੇ ਤੂੰ ਅੜਿਆ ਏ ,

ਬਿਨਾ ਗੱਲ ਤੋਂ ਨਾਲ ਮੇਰੇ ਤੂੰ ਲੜਿਆ ਏ,

ਆਜਾ ਬਹਿਜਾ ਕੋਲ ਕੱਲਾ ਕਿਉਂ ਖੜਿਆ ਏ,

ਮਿਲਕੇ ਯਾਦ ਸੱਜਰਾ… ਜਾ ਕੁੱਝ ਬੇਹਾ ਕਰੋ ,

ਸੱਜਣ ਪਿਆਰੇ ਮਿਲਦੇ ਗਿਲਦੇ ਰਿਹਾ ਕਰੋ…

ਕੁਝ ਮੇਰੀ ਸੁਣ ਆਪਣੀ ਵੀ ਕਿਹਾ ਕਰੋ

 

ਕਦੇ ਕਦੇ ਜ਼ਰੂਰੀ ਤਾਂ ਭੁੱਲਣਾ ਹੁੰਦਾ ਏ,

ਟੁੱਟ ਜਾਣ ਤੋਂ ਬਿਹਤਰ ਤਾਂ ਡੁੱਲਣਾ ਹੁੰਦਾ ਏ ,

ਜ਼ਿੰਦਗੀ ਦੀ ਤੱਕੜੀ ਚ ਤੁੱਲਣਾ ਹੁੰਦਾ ਏ ,

ਅੰਤ ਤਾਂ ਸੱਭ ਮਿੱਟੀ ਚ ਰੁੱਲਣਾ ਹੁੰਦਾ ਏ,

ਅੱਲੇ ਦਿਲ ਦੇ ਫੱਟਾਂ… ਨੂੰ ਨਾ ਫੇਹਾ ਕਰੋ,

ਸੱਜਣ ਪਿਆਰੇ ਮਿਲਦੇ ਗਿਲਦੇ ਰਿਹਾ ਕਰੋ…

ਕੁਝ ਮੇਰੀ ਸੁਣ ਆਪਣੀ ਵੀ ਕਿਹਾ ਕਰੋ

 

ਮਿਲ ਜਾਵੇ ਜੋ ਚਾਹੋ ਇਹ ਜ਼ਰੂਰੀ ਨੀ,

ਕਿਹੜਾ ਬੰਦਾ ਜਿਸਦੀ ਚਾਹ ਅਧੂਰੀ ਨੀ,

ਕੋਈ ਨੀ ਦਿਸਦਾ ਜਿਸਦੀ ਕੋਈ ਮਜ਼ਬੂਰੀ ਨੀ,

ਬਿਨ ਮਤਲਬ ਨਾ ਹੁੰਦੀ ਜੀ ਹਜ਼ੂਰੀ ਨੀ,

ਨਿੱਕੀ ਨਿੱਕੀ ਗੱਲ ਤੇ… ਨਾ ਲੀਹੋ ਲਿਹਾ ਕਰੋ,

ਸੱਜਣ ਪਿਆਰੇ ਮਿਲਦੇ ਗਿਲਦੇ ਰਿਹਾ ਕਰੋ…

ਕੁਝ ਮੇਰੀ ਸੁਣ ਆਪਣੀ ਵੀ ਕਿਹਾ ਕਰੋ ….

ਅਲਫ਼ਾਜ਼: ਹਰਜਿੰਦਰ ਨਿਆਣਾ

Share this content:

Post Comment