Loading Now

ਸਵੈ-ਮੁਲਾਂਕਣ ਕਰੇ ਪਾਕਿਸਤਾਨ

ਸਵੈ-ਮੁਲਾਂਕਣ ਕਰੇ ਪਾਕਿਸਤਾਨ

ਪਾਕਿਸਤਾਨ ਅੱਤਵਾਦ ਨੂੰ ਫੰਡਿੰਗ ਕਰਨ ਦੇ ਮੁੱਦੇ ’ਤੇ ਆਲਮੀ ਚਿੰਤਾ ਦਾ ਕੇਂਦਰ ਹੈ। ਪਾਬੰਦੀਸ਼ੁਦਾ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹਾਫ਼ਿਜ਼ ਸਈਦ ਦੇ ਨੈੱਟਵਰਕ ਵੀ ਇਸੇ ਮੁਲਕ ਨਾਲ ਜੁੜੇ ਹਨ। ਇਨ੍ਹਾਂ ਸਮੂਹਾਂ ਨੂੰ ਆਪਣੀਆਂ ਗਤੀਵਿਧੀਆਂ ਚਲਾਉਣ ਲਈ ਵੱਡੇ ਪੱਧਰ ’ਤੇ ਵਿੱਤੀ ਆਸਰੇ ਦੀ ਲੋੜ ਰਹਿੰਦੀ ਹੈ। ਇਹ ਗੱਲ ਵੀ ਜੱਗ-ਜ਼ਾਹਰ ਹੈ ਕਿ ਅੱਤਵਾਦੀ ਸਮੂਹਾਂ ਨੂੰ ਪਨਾਹ ਦੇਣ ਪਿੱਛੇ ਪਾਕਿਸਤਾਨ ਦੀ ਵੱਡੀ ਭੂਮਿਕਾ ਹੈ। ਇਸੇ ਦੇ ਮੱਦੇਨਜ਼ਰ ਦੁਨੀਆ ’ਚ ਅੱਤਵਾਦ ਦੀ ਫੰਡਿੰਗ ਤੇ ਕਾਲੇ ਧਨ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਨੇ ਪਾਕਿਸਤਾਨ ਨੂੰ ਦੋ ਟੁਕ ਕਿਹਾ ਹੈ ਕਿ ਬੇਸ਼ੱਕ ਉਸ ਦਾ ਨਾਂ ‘ਗ੍ਰੇ ਲਿਸਟ’ ’ਚੋਂ ਹਟਾ ਦਿੱਤਾ ਗਿਆ ਹੈ ਪਰ ਇਸ ਦਾ ਮਤਲਬ ਇਹ ਨਾ ਲਿਆ ਜਾਵੇ ਕਿ ਉਸ ’ਤੇ ਨਿਗਰਾਨੀ ਖ਼ਤਮ ਕਰ ਦਿੱਤੀ ਗਈ ਹੈ। ਇਸ ਲਿਸਟ ’ਚ ਨੇਪਾਲ, ਮਿਆਂਮਾਰ, ਈਰਾਨ, ਉੱਤਰੀ ਕੋਰੀਆ ਸਣੇ 17 ਹੋਰ ਦੇਸ਼ ਵੀ ਹਨ।

ਇਹ ਉਹ ਮੁਲਕ ਹਨ ਜਿੱਥੇ ਅੱਤਵਾਦ ਦੀ ਫੰਡਿੰਗ ਤੇ ਮਨੀ ਲਾਂਡ੍ਰਿੰਗ ਨੂੰ ਰੋਕਣ ਲਈ ਸਿਸਟਮ ਕਮਜ਼ੋਰ ਹੈ। ਅੱਤਵਾਦ ਫੰਡਿੰਗ ਤੇ ਮਨੀ ਲਾਂਡ੍ਰਿੰਗ ਨੂੰ ਲੈ ਕੇ ਪਾਕਿਸਤਾਨ ’ਤੇ ਵਿਸ਼ਵ ਪੱਧਰ ’ਤੇ ਨਜ਼ਰ ਰੱਖਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਪਾਕਿਸਤਾਨ ਦੇ ਵਿੱਤੀ ਹਾਲਾਤ ਪਹਿਲਾਂ ਹੀ ਕਰਜ਼ਿਆਂ ਨਾਲ ਦੱਬੇ ਹੋਏ ਹਨ। ਗ੍ਰੇ ਲਿਸਟ ’ਚੋਂ ਨਾਂ ਹਟਣ ਤੋਂ ਬਾਅਦ ਪਾਕਿਸਤਾਨ ਨੂੰ ਖ਼ੁਸ਼ ਹੋਣ ਦੀ ਲੋੜ ਨਹੀਂ ਹੈ ਸਗੋਂ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਉਸ ’ਤੇ ਨਿਗਰਾਨੀ ਹੋਰ ਤਿੱਖੀ ਕਰ ਦਿੱਤੀ ਗਈ ਹੈ। ਇਸ ਐਲਾਨ ਦੇ ਨਾਲ-ਨਾਲ ਐੱਫਏਟੀਐੱਫ ਦੇ ਪ੍ਰਧਾਨ ਏਲੀਸਾ ਡੀ ਏਂਡਰਾ ਮਾਦਰਾਜੋ ਦੀ ਇਕ ਟਿੱਪਣੀ ਵੀ ਗ਼ੌਰ ਕਰਨ ਵਾਲੀ ਹੈ। ਇਹ ਟਿੱਪਣੀ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨ ਦੇ ਡਿਜੀਟਲ ਵਾਲੇਟ ਤੇ ਲੁਕੇ ਹੋਏ ਨੈੱਟਵਰਕ ਰਾਹੀਂ ਆਪਣੇ ਟ੍ਰੇਨਿੰਗ ਕੈਂਪਾਂ ਲਈ ਫੰਡਿੰਗ ਦਾ ਇੰਤਜ਼ਾਮ ਕਰਨ ਬਾਰੇ ਆਈ ਰਿਪੋਰਟ ਸਬੰਧੀ ਹੈ।

ਇਸ ’ਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੀ ਸਰਕਾਰੀ ਸੰਸਥਾ ਨੈਸ਼ਨਲ ਡਿਵੈਲਪਮੈਂਟ ਕੰਪਲੈਕਸ (ਐੱਨਡੀਸੀ) ਨਾਲ ਜੁੜੇ ਕੁਝ ਸੰਗਠਨ ਅੱਤਵਾਦੀ ਫੰਡਿੰਗ ਨਾਲ ਜੁੜੇ ਹੋਏ ਹਨ। ਪਾਕਿਸਤਾਨ ਨੂੰ ਆਲਮੀ ਪੱਧਰ ’ਤੇ ਅਜਿਹੇ ਦਬਾਅ ਤੇ ਚਿਤਾਵਨੀ ਤੋਂ ਬਾਅਦ ਸਵੈ-ਮੁਲਾਂਕਣ ਕਰਨ ਦੀ ਜ਼ਰੂਰਤ ਹੈ। ਭਾਰਤ ਵਰਗੇ ਗੁਆਂਢੀ ਦੇਸ਼ ਲਈ 1947 ਦੀ ਵੰਡ ਤੋਂ ਬਾਅਦ ਇਹ ਮੁਲਕ ਅੱਤਵਾਦੀ ਗਤੀਵਿਧੀਆਂ ਨਾਲ ਲਗਾਤਾਰ ਸਿਰਦਰਦੀ ਬਣਿਆ ਹੋਇਆ ਹੈ। ਪਹਿਲਗਾਮ ਦੀ ਤਾਜ਼ਾ ਅੱਤਵਾਦੀ ਘਟਨਾ ਇਸ ਗੱਲ ਦੀ ਗਵਾਹ ਹੈ। ਕਸ਼ਮੀਰ ਦੇ ਮੁੱਦੇ ਕਾਰਨ ਪਾਕਿਸਤਾਨ ਨਾਲ ਪਿਛਲੇ 75 ਸਾਲਾਂ ਦਰਮਿਆਨ ਕਦੇ ਵੀ ਦੋਸਤੀ ਤੇ ਚੰਗੇ ਗੁਆਂਢੀ ਵਾਲੇ ਸਬੰਧ ਨਹੀਂ ਬਣ ਸਕੇ। ਪਾਕਿਸਤਾਨ ਦੇ ਨਾਲ ਗ੍ਰੇ ਲਿਸਟ ’ਚ ਸ਼ਾਮਲ ਹੋਰ ਮੁਲਕਾਂ ਨੂੰ ਵੀ ਚੌਕਸ ਹੋਣਾ ਚਾਹੀਦਾ ਹੈ।  ਪਾਕਿਸਤਾਨ ਦੀ ਜੇਕਰ ਅੱਤਵਾਦ ਕਮਜ਼ੋਰੀ ਹੈ ਤਾਂ ਇਸ ਮੁਲਕ ਨੂੰ ਘੱਟੋ-ਘੱਟੋ ਆਪਣੇ ਵਿੱਤੀ ਹਾਲਾਤ ਨੂੰ ਅੱਗੇ ਰੱਖ ਕੇ ਹੀ ਆਤਮ-ਮੰਥਨ ਕਰ ਲੈਣਾ ਚਾਹੀਦਾ ਹੈ ਕਿ ਉਸ ਦੀ ਆਵਾਮ ਮਹਿੰਗਾਈ, ਸਮਾਜਿਕ, ਧਾਰਮਿਕ ਅਤੇ ਵਿਗੜੀਆਂ ਆਰਥਿਕ ਸਥਿਤੀਆਂ ਕਾਰਨ ਕਿੰਨਾ ਔਖਾ ਗੁਜ਼ਾਰਾ ਕਰ ਰਹੀ ਹੈ। ਹੈਰਾਨੀ ਇਹ ਹੈ ਕਿ ਆਲਮੀ ਗੜਬੜੀਆਂ ਲਈ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਾਲੇ ਇਸ ਮੁਲਕ ਦੇ ਖਾਨੇ ਇਹ ਗੱਲ ਨਹੀਂ ਪੈ ਰਹੀ ਕਿ ਇਹੀ ਅੱਤਵਾਦੀ ਸੰਗਠਨ ਉਸ ਨੂੰ ਹਰੇਕ ਪੱਧਰ ’ਤੇ ਵਰਤ ਰਹੇ ਹਨ। ਭਾਰਤ ਵੀ ‘ਨੈਸ਼ਨਲ ਰਿਸਕ ਅਸੈਸਮੈਂਟ ਰਿਪੋਰਟ 2022’ ’ਚ ਇਹ ਗੱਲ ਕਹਿ ਚੁੱਕਾ ਹੈ ਕਿ ਪਾਕਿਸਤਾਨ ਅੱਤਵਾਦ ਦੀ ਫੰਡਿੰਗ ਦਾ ਵੱਡਾ ਕੇਂਦਰ ਹੈ।

Share this content:

Post Comment